ਭਾਰਤ ਦੀ ਰਾਜਨੀਤੀ ਜਨਮ ਕੁੰਡਲੀਆਂ ਖੋਲ੍ਹਣ ਦੇ ਦਬਕੇ ਤੋਂ ਪ੍ਰਹੇਜ਼ ਕਰ ਲਵੇ ਤਾਂ ਚੰਗਾ ਰਹੇਗਾ -ਜਤਿੰਦਰ ਪਨੂੰ

ਪੰਜ ਰਾਜਾਂ ਲਈ ਚੱਲ ਰਹੇ ਵਿਧਾਨ ਸਭਾ ਚੋਣਾਂ ਦੇ ਚਲੰਤ ਦੌਰ ਵਿੱਚ ਹਾਲੇ ਮਸਾਂ ਦੋ ਰਾਜਾਂ ਪੰਜਾਬ ਅਤੇ ਗੋਆ ਵਿੱਚ ਵੋਟਾਂ ਪੈਣ ਦਾ ਕੰਮ ਸਿਰੇ ਚੜ੍ਹਿਆ ਹੈ, ਤਿੰਨ ਰਾਜਾਂ ਉੱਤਰਾ ਖੰਡ, ਉੱਤਰ ਪ੍ਰਦੇਸ਼ ਅਤੇ ਮਨੀਪੁਰ ਵਿੱਚ ਚੋਣਾਂ ਦਾ ਅਮਲ ਜਾਰੀ ਹੈ। ਉੱਤਰਾ ਖੰਡ ਲਈ ਸਿਰਫ ਇੱਕ ਦਿਨ ਪੰਦਰਾਂ ਫਰਵਰੀ ਅਤੇ ਮਨੀਪੁਰ ਲਈ ਚਾਰ ਤੇ ਅੱਠ ਮਾਰਚ ਵਾਲੇ ਦੋ ਗੇੜ ਰੱਖਣ ਨਾਲ ਉੱਤਰ ਪ੍ਰਦੇਸ਼ ਇਕੱਲੇ ਵਾਸਤੇ ਸੱਤ ਗੇੜ ਹੋਣੇ ਹਨ, ਜਿਹੜੇ ਅੱਠ ਮਾਰਚ ਨੂੰ ਮਨੀਪੁਰ ਦੇ ਦੂਸਰੇ ਗੇੜ ਦੇ ਨਾਲ ਸਿਰੇ ਲੱਗਣਗੇ। ਗਿਣਤੀ ਸਭ ਦੀ ਗਿਆਰਾਂ ਮਾਰਚ ਨੂੰ ਹੋਣੀ ਹੈ। ਅਸੀਂ ਪੰਜਾਬ ਦੇ ਲੋਕ ਇੱਕ ਗੱਲ ਵੱਲੋਂ ਖੁਸ਼-ਕਿਸਮਤ ਹਾਂ ਕਿ ਏਥੇ ਚੋਣ ਲੜਾਈ ਵਿੱਚ ਕੁੜੱਤਣ ਭਾਵੇਂ ਬੜੀ ਸੀ, ਫਿਰ ਵੀ ਚੋਣ-ਜੰਗ ਦੇ ਆਖਰ ਤੱਕ ਨਿੱਜੀ ਪੱਧਰ ਦੀਆਂ ਗੱਲਾਂ ਉਛਾਲਣ ਵੱਲੋਂ ਇੱਕ ਹੱਦ ਰਹਿ ਗਈ। ਦੂਸ਼ਣਬਾਜ਼ੀ ਜਿੰਨੀ ਵੀ ਸੁਣਨੀ ਪਈ ਸੀ, ਉਹ ਬੁਰੀ ਤਾਂ ਲੱਗਦੀ ਸੀ, ਪਰ ਹੋਰਨੀਂ ਥਾਂਈਂ ਇਸ ਤੋਂ ਬਹੁਤ ਦੂਰ ਤੱਕ ਗੱਲ ਜਾਂਦੀ ਦਿੱਸਦੀ ਹੈ।
ਸੰਸਾਰ ਦੀ ਮਹਾਂਸ਼ਕਤੀ ਕਹੇ ਜਾਂਦੇ ਅਮਰੀਕਾ ਵਾਲਿਆਂ ਦੇ ਰਾਸ਼ਟਰਪਤੀ ਦੀ ਚੋਣ ਲਈ ਮੁਹਿੰਮ ਪਿਛਲੇ ਸਾਲ ਬੜਾ ਲੰਮਾ ਸਮਾਂ ਚੱਲਦੀ ਰਹੀ ਸੀ। ਓਦੋਂ ਅਮਰੀਕਾ ਦੇ ਲੀਡਰਾਂ ਵੱਲੋਂ ਨੀਵਾਣਾਂ ਛੋਹਣ ਦੀਆਂ ਚਟਕਾਰੇ ਲੈਣ ਵਾਲੀਆਂ ਖਬਰਾਂ ਸੁਣ ਕੇ ਵੀ ਭੈੜਾ ਲੱਗਾ ਸੀ। ਡੋਨਾਲਡ ਟਰੰਪ ਦੀ ਪਤਨੀ ਮਿਲੇਨਿਆ ਬਾਰੇ ਬੜੀ ਨੀਵੀਂ ਹੱਦ ਛੋਂਹਦੀਆਂ ਗੱਲਾਂ ਪ੍ਰਚਾਰੀਆਂ ਗਈਆਂ ਸਨ ਤੇ ਇਸ ਵਿੱਚ ਮੀਡੀਏ ਦਾ ਇੱਕ ਹਿੱਸਾ ਵੀ ਪੂਰੀ ਤਰ੍ਹਾਂ ਸਰਗਰਮ ਰਿਹਾ ਸੀ। ਜਿੱਤ ਜਾਣ ਤੋਂ ਬਾਅਦ ਵੀ ਮੀਡੀਏ ਵੱਲ ਟਰੰਪ ਦੀ ਹਾਲੇ ਤੱਕ ਕੌੜ ਬਣੀ ਹੋਈ ਹੈ। ਸਾਡੇ ਭਾਰਤ ਵਿੱਚ ਵੀ ਮੀਡੀਏ ਦਾ ਇੱਕ ਹਿੱਸਾ ਮੁੱਦਿਆਂ ਦੀ ਬਜਾਏ ਆਗੂਆਂ ਤੇ ਉਨ੍ਹਾਂ ਦੇ ਪਰਵਾਰਾਂ ਦੇ ਜੀਆਂ ਬਾਰੇ ਬੜੇ ਨੀਵੇਂ ਪੱਧਰ ਦੀਆਂ ਰਿਪੋਰਟਾਂ ਪੇਸ਼ ਕਰਨ ਲੱਗ ਜਾਂਦਾ ਹੈ। ਇਹ ਰਿਪੋਰਟਾਂ ਬਹੁਤੀ ਵਾਰੀ ਮੀਡੀਏ ਦੀ ਆਪਣੀ ਲੱਭਤ ਨਹੀਂ ਹੁੰਦੀਆਂ, ਇੱਕ ਜਾਂ ਦੂਸਰੀ ਧਿਰ ਨੇ ਬਣਿਆ-ਬਣਾਇਆ ਮਸਾਲਾ ਪੈਸੇ ਖਰਚ ਕੇ ਪੇਸ਼ ਕਰਵਾਇਆ ਹੁੰਦਾ ਹੈ। ਜਦੋਂ ਏਦਾਂ ਦਾ ਭੱਦਾ ਜਿਹਾ ਮਾਹੌਲ ਬਣਦਾ ਪਿਆ ਹੋਵੇ ਤਾਂ ਆਮ ਲੋਕਾਂ ਨੂੰ ਸੀਨੀਅਰ ਆਗੂਆਂ ਤੋਂ ਕਿਸੇ ਸੇਧ ਦੀ ਆਸ ਹੋ ਸਕਦੀ ਹੈ, ਪਰ ਭਾਰਤ ਦੀ ਰਾਜਨੀਤੀ ਜਿਸ ਲੀਹ ਉੱਤੇ ਚੱਲ ਪਈ ਹੈ, ਓਥੇ ਖੁਦ ਵੱਡੇ-ਵੱਡੇ ਆਗੂ ਕਿਸੇ ਸਾਊ ਸੇਧ ਤੋਂ ਸੱਖਣੇ ਵਗਦੇ ਹਨ।
ਇਸ ਵਕਤ ਬੀਬੀ ਜੈਲਲਿਤਾ ਜ਼ਿੰਦਾ ਨਹੀਂ ਤੇ ਉਸ ਬਾਰੇ ਬਹੁਤੀ ਚਰਚਾ ਕਰੀ ਜਾਣ ਦੀ ਲੋੜ ਵੀ ਹੁਣ ਨਹੀਂ ਰਹਿ ਗਈ, ਪਰ ਉਸ ਦੀ ਉਠਾਣ ਦੇ ਦਿਨਾਂ ਵਿੱਚ ਜੋ ਕੁਝ ਤਾਮਿਲ ਨਾਡੂ ਵਿੱਚ ਹੋਇਆ ਸੀ, ਉਸ ਨੂੰ ਚੇਤੇ ਕਰ ਲਿਆ ਜਾਵੇ ਤਾਂ ਮੌਜੂਦਾ ਚੋਣਾਂ ਵਿਚਲੀ ਸ਼ਬਦਾਵਲੀ ਦਾ ਭਵਿੱਖ ਸਮਝ ਆ ਸਕਦਾ ਹੈ। ਇੱਕ ਵੇਲੇ ਅੰਨਾ ਡੀ ਐੱਮ ਕੇ ਪਾਰਟੀ ਦੇ ਮੁਖੀ ਐੱਮ ਜੀ ਰਾਮਾਚੰਦਰਨ ਦੇ ਬਹੁਤ ਨੇੜੇ ਰਹੀ ਜੈਲਲਿਤਾ ਨੂੰ ਰਾਮਾਚੰਦਰਨ ਦੀ ਮੌਤ ਮਗਰੋਂ ਉਸ ਦੀ ਪਤਨੀ ਜਾਨਕੀ ਨੇ ਲਾਸ਼ ਦੇ ਕੋਲੋਂ ਬੇਇੱਜ਼ਤ ਕਰ ਕੇ ਉਠਾ ਦਿੱਤਾ ਸੀ। ਫਿਰ ਸਿਆਸੀ ਜੰਗ ਹੋਈ ਤਾਂ ਜੈਲਲਿਤਾ ਜਿੱਤ ਗਈ ਤੇ ਜਾਨਕੀ ਚੋਣਾਂ ਵਿੱਚ ਹਾਰਨ ਪਿੱਛੋਂ ਸਿਆਸਤ ਤੋਂ ਬਾਹਰ ਹੋ ਗਈ ਤੇ ਜਲਿਲਤਾ ਦਾ ਆਪਣੇ ਸਭ ਤੋਂ ਵੱਡੇ ਵਿਰੋਧੀ ਕਰੁਣਾਨਿਧੀ ਨਾਲ ਆਢਾ ਲੱਗ ਗਿਆ। ਓਦੋਂ ਦੋਵਾਂ ਨੇ ਇਸ ਆਢੇ ਵਿੱਚ ਇੱਕ-ਦੂਜੇ ਦੇ ਚਾਲ-ਚੱਲਣ ਬਾਰੇ ਉਹ ਗੱਲਾਂ ਕਹੀਆਂ ਸਨ, ਜਿਨ੍ਹਾਂ ਦਾ ਜ਼ਿਕਰ ਕਰਨਾ ਵੀ ਸ਼ੋਭਦਾ ਨਹੀਂ। ਬੜੀ ਮੁਸ਼ਕਲ ਨਾਲ ਉਹ ਬਹਿਸ ਬੰਦ ਹੋਈ ਸੀ।
ਉਂਜ ਇਸ ਤੋਂ ਪਹਿਲਾਂ ਜਦੋਂ ਐਮਰਜੈਂਸੀ ਦੇ ਬਾਅਦ ਇੰਦਰਾ ਗਾਂਧੀ ਚੋਣਾਂ ਵਿੱਚ ਹਾਰ ਗਈ ਅਤੇ ਜਗਜੀਵਨ ਰਾਮ ਵਰਗੇ ਸਾਰੀ ਉਮਰ ਦੇ ਨਹਿਰੂ-ਗਾਂਧੀ ਪਰਵਾਰ ਦੇ ਭਗਤ ਸਾਥ ਛੱਡ ਗਏ ਸਨ, ਓਦੋਂ ਵੀ ਬਹੁਤ ਬਦ-ਮਜ਼ਗੀ ਵੇਖੀ ਗਈ ਸੀ। ਇੱਕ ਅੰਗਰੇਜ਼ੀ ਰਸਾਲੇ ਵਿੱਚ ਜਗਜੀਵਨ ਰਾਮ ਦੇ ਪੁੱਤਰ ਦੀਆਂ ਜਿਹੜੀਆਂ ਤਸਵੀਰਾਂ ਓਦੋਂ ਛਾਪਣ ਦਾ ਕੰਮ ਹੋਇਆ ਸੀ, ਉਨ੍ਹਾਂ ਨੇ ਭਾਰਤੀ ਰਾਜਨੀਤੀ ਦੇ ਨਾਲ ਭਾਰਤੀ ਸਮਾਜ ਨੂੰ ਵੀ ਹਿਲਾ ਦਿੱਤਾ ਸੀ। ਕਾਰਨ ਸਿਰਫ ਇਹ ਸੀ ਕਿ ਨਹਿਰੂ-ਗਾਂਧੀ ਪਰਵਾਰ ਨੂੰ ਜਗਜੀਵਨ ਰਾਮ ਦੇ ਪਾਸਾ ਵੱਟਣ ਤੋਂ ਕੌੜ ਸੀ, ਪਰ ਜਿਹੜੀਆਂ ਤਸਵੀਰਾਂ ਛਾਪਣ ਦਾ ਕੰਮ ਹੋਇਆ, ਉਨ੍ਹਾਂ ਬਾਰੇ ਚਰਚਾ ਸੀ ਕਿ ਕਿਸੇ ਖੁਫੀਆ ਏਜੰਸੀ ਨੇ ਲੀਕ ਕੀਤੀਆਂ ਸਨ। ਸਰਕਾਰ ਦੀ ਅਗਵਾਈ ਮੋਰਾਰਜੀ ਡਿਸਾਈ ਦੇ ਹੱਥ ਸੀ। ਜਗਜੀਵਨ ਰਾਮ ਉਸ ਦੇ ਨਾਲ ਖੜੋਤਾ ਸੀ ਤੇ ਗ੍ਰਹਿ ਮੰਤਰੀ ਚਰਨ ਸਿੰਘ ਨੂੰ ਇਹ ਸਾਥ ਪਸੰਦ ਨਹੀਂ ਸੀ, ਜਿਸ ਕਾਰਨ ਖੁਫੀਆ ਏਜੰਸੀਆਂ ਨੇ ਇਹ ਤਸਵੀਰਾਂ ਕਾਂਗਰਸ ਤੱਕ ਪੁਚਾਈਆਂ ਸਨ। ਇਸ ਤੋਂ ਇਹ ਸਮਝਣਾ ਔਖਾ ਨਹੀਂ ਕਿ ਸਰਕਾਰੀ ਅਫਸਰ ਵੀ ਹਰ ਕੰਮ ਸਰਕਾਰ ਦੀ ਮਰਜ਼ੀ ਦੇ ਮੁਤਾਬਕ ਨਹੀਂ ਕਰਦੇ, ਉਹ ਕਿਸੇ ਵਕਤ ਕਿਸੇ ਹੋਰ ਨਾਲ ਅੱਖ ਮਿਲਾ ਕੇ ਕੋਈ ਝਟਕਾ ਦੇਣ ਤੱਕ ਵੀ ਜਾ ਸਕਦੇ ਹਨ। 
ਜਿਹੜੀ ਬੇਹੂਦਗੀ ਇਸ ਵੇਲੇ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਹੁੰਦੀ ਵੇਖੀ ਜਾ ਰਹੀ ਹੈ, ਇਹ ਵੀ ਪਿਛਲੇ ਦਿਨਾਂ ਵਿੱਚ ਹੱਦਾਂ ਪਾਰ ਕਰਦੀ ਮਹਿਸੂਸ ਕੀਤੀ ਗਈ ਹੈ। ਸਿਆਸੀ ਜੰਗ ਹੁਣ ਨਿੱਜੀ ਆਢਾ ਲਾਉਣ ਵਾਲੀ ਲੀਹ ਉੱਤੇ ਪੈਂਦੀ ਜਾਪਦੀ ਹੈ। ਪਾਰਲੀਮੈਂਟ ਦੇ ਦੋ ਅਜਲਾਸ, ਪਹਿਲਾਂ ਮੌਨਸੂਨ ਅਜਲਾਸ ਤੇ ਫਿਰ ਸਰਦ ਰੁੱਤ ਦਾ ਅਜਲਾਸ ਬਿਨਾਂ ਕੋਈ ਕੰਮ ਕੀਤੇ ਲੰਘ ਗਏ ਹਨ। ਵਿਰੋਧੀ ਧਿਰ ਕਈ ਗੱਲਾਂ ਨਾਲ ਨਾਰਾਜ਼ ਹੋਈ ਪਈ ਸੀ। ਪ੍ਰਧਾਨ ਮੰਤਰੀ ਮੋਦੀ ਨੂੰ ਇਸ ਮਾਮਲੇ ਵਿੱਚ ਪਹਿਲ ਕਰ ਕੇ ਅਜਲਾਸ ਚਲਾਉਣ ਦਾ ਕੋਈ ਰਾਹ ਕੱਢਣਾ ਚਾਹੀਦਾ ਸੀ, ਪਰ ਉਹ ਏਧਰ ਮੂੰਹ ਕਰਨ ਦੀ ਥਾਂ ਸਗੋਂ ਵਿਰੋਧੀ ਧਿਰ ਨੂੰ ਠਿੱਠ ਕਰਨ ਵਾਲੇ ਲਫਜ਼ਾਂ ਦੀ ਚੋਣ ਕਰਨ ਲੱਗੇ ਰਹੇ ਸਨ। ਹੁਣ ਜਦੋਂ ਬੱਜਟ ਸੈਸ਼ਨ ਚੱਲ ਰਿਹਾ ਹੈ ਤਾਂ ਫਿਰ ਉਹੀ ਕਹਾਣੀ ਦੁਹਰਾਈ ਜਾ ਰਿਹੀ ਹੈ। ਵਿਰੋਧੀ ਧਿਰ ਪਹਿਲਾਂ ਤੋਂ ਗੁੱਸੇ ਦੇ ਉਬਾਲੇ ਮਾਰ ਰਹੀ ਸੀ ਤੇ ਪ੍ਰਧਾਨ ਮੰਤਰੀ ਨੇ ਇਸ ਨੂੰ ਠੱਲ੍ਹਣ ਦੀ ਥਾਂ ਆਪਣੇ ਭਾਸ਼ਣ ਵਿੱਚ ਡਾਕਟਰ ਮਨਮੋਹਨ ਸਿੰਘ ਉੱਤੇ ਚਾਂਦਮਾਰੀ ਕਰ ਦਿੱਤੀ। ਰਾਹੁਲ ਗਾਂਧੀ ਆਪਣੇ ਬਚਪਨੇ ਵਾਲੇ ਜਨਤਕ ਭਾਸ਼ਣਾਂ ਅਤੇ ਪਾਰਲੀਮੈਂਟ ਦੇ ਵਿੱਚ ਆਪਣੇ ਸਲਾਹਕਾਰਾਂ ਦੀਆਂ ਰਟਾਈਆਂ ਹੋਈਆਂ ਗੱਲਾਂ ਕਹਿਣ ਜੋਗਾ ਹੈ ਤੇ ਉਸ ਬਾਰੇ ਪ੍ਰਧਾਨ ਮੰਤਰੀ ਮੋਦੀ ਕੁਝ ਵੀ ਕਹੀ ਜਾਣ ਤਾਂ ਬਹੁਤਾ ਰੱਫੜ ਨਹੀਂ ਪੈ ਸਕਦਾ, ਪਰ ਮਨਮੋਹਨ ਸਿੰਘ ਬਾਰੇ ਕਹੀਆਂ ਗੱਲਾਂ ਨਾਲ ਦੇਸ਼ ਵਿੱਚ ਨਵੀਂ ਕੁੜੱਤਣ ਦਾ ਮਾਹੌਲ ਬਣ ਗਿਆ ਹੈ। ਇਸ ਮਾਹੌਲ ਵਿੱਚ ਵਿਰੋਧੀ ਧਿਰ ਵੀ ਕੁਝ ਨਾ ਕੁਝ ਕਹੇਗੀ। ਹੁਣ ਜਦੋਂ ਓਧਰ ਤੋਂ ਵੀ ਕੁਝ ਗੱਲਾਂ ਕਹੀਆਂ ਗਈਆਂ ਤਾਂ ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਕਿ ਉਸ ਕੋਲ ਸਾਰਿਆਂ ਦੀ ਜਨਮ-ਕੁੰਡਲੀ ਪਈ ਹੈ ਤੇ ਉਹ ਆਪਣੀ ਆਈ ਉੱਤੇ ਆ ਗਿਆ ਤਾਂ ਸਾਰਿਆਂ ਨੂੰ ਬੇਪਰਦ ਕਰ ਦੇਵੇਗਾ। ਇਹ ਸਿੱਧਾ ਤੇ ਸਪੱਸ਼ਟ ਦਬਕਾ ਹੈ ਕਿ ਵਿਰੋਧੀ ਧਿਰ ਚੁੱਪ ਹੋ ਕੇ ਬੈਠ ਜਾਵੇ, ਵਰਨਾ ਮੈਂ ਸਾਰਿਆਂ ਦਾ ਜਲੂਸ ਕੱਢ ਦਿਆਂਗਾ।
ਕਿਸੇ ਆਗੂ ਨੇ ਦੇਸ਼ ਦੇ ਹਿੱਤਾਂ ਦੇ ਖਿਲਾਫ ਕੁਝ ਕੀਤਾ ਹੈ ਤਾਂ ਲੋਕਾਂ ਅੱਗੇ ਰੱਖਣਾ ਚਾਹੀਦਾ ਹੈ ਤੇ ਅਜਿਹੇ ਕੰਮ ਲਈ ਇਹ ਸ਼ਰਤ ਲਾਉਣ ਦੀ ਲੋੜ ਨਹੀਂ ਕਿ ਜੇ ਤੁਸੀਂ ਚੁੱਪ ਨਾ ਕੀਤੇ ਤਾਂ ਇਹ ਵਿਖਾਲਾ ਪਾਊਂਗਾ। ਭਾਰਤ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਫਲਾਣੇ ਲੀਡਰ ਨੇ ਦੇਸ਼ ਦਾ ਆਹ ਨੁਕਸਾਨ ਕੀਤਾ ਹੈ। ਜਿਹੜਾ ਭਾਸ਼ਣ ਇਸ ਵਾਰੀ ਪ੍ਰਧਾਨ ਮੰਤਰੀ ਨੇ ਕੀਤਾ ਹੈ, ਉਹ ਦੇਸ਼ ਹਿੱਤ ਵਾਲੇ ਕਿਸੇ ਭੇਦ ਤੋਂ ਪਰਦਾ ਚੁੱਕਣ ਦੀ ਥਾਂ ਵਿਰੋਧੀ ਧਿਰ ਵਾਲੇ ਆਗੂਆਂ ਦੇ ਨਿੱਜ ਬਾਰੇ ਕੋਈ ਗੱਲ ਪਤਾ ਹੋਣ ਦਾ ਇਸ਼ਾਰਾ ਕਰਦਾ ਹੈ। ਭਾਜਪਾ ਕਈ ਵਾਰੀ ਇਹ ਕਹਿ ਚੁੱਕੀ ਹੈ ਕਿ ਰਾਹੁਲ ਗਾਂਧੀ ਫਲਾਣੇ ਦੇਸ਼ ਵਿੱਚ ਵਾਰ-ਵਾਰ ਜਾਂਦਾ ਹੈ, ਸ਼ਾਇਦ ਨਰਿੰਦਰ ਮੋਦੀ ਵੀ ਉਸ ਤਰ੍ਹਾਂ ਦੀ ਗੱਲ ਦਾ ਸੰਕੇਤ ਕਰਦੇ ਹੋ ਸਕਦੇ ਹਨ। ਜੇ ਉਨ੍ਹਾਂ ਦਾ ਇਸ਼ਾਰਾ ਸੱਚਮੁੱਚ ਇਸ ਤਰ੍ਹਾਂ ਦਾ ਹੋਵੇ ਤਾਂ ਇਹ ਰਾਜਨੀਤੀ ਦਾ ਬੜਾ ਨੀਵਾਂ ਪੱਧਰ ਛੋਹਣ ਦੀ ਗੱਲ ਹੈ। ਏਦਾਂ ਦੀਆਂ ਗੱਲਾਂ ਕਿਸੇ ਬਾਰੇ ਵੀ ਨਿਕਲ ਸਕਦੀਆਂ ਹਨ। ਉਂਜ ਏਦਾਂ ਦੀਆਂ ਗੱਲਾਂ ਨਿਕਲਣ ਦੀ ਉਡੀਕ ਕਰਨ ਦੀ ਲੋੜ ਵੀ ਅੱਜ-ਕੱਲ੍ਹ ਨਹੀਂ ਰਹੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੇ ਕੇਸ ਵਿੱਚ ਸਾਬਤ ਹੋ ਚੁੱਕਾ ਹੈ ਕਿ ਕਿਸੇ ਦੇ ਬਾਰੇ ਕੋਈ ਉਚੇਚੀ ਚੀਜ਼ ਕਿਸੇ ਮਾਹਰ ਦੀ ਮਦਦ ਨਾਲ ਬਣਵਾਈ ਵੀ ਜਾ ਸਕਦੀ ਹੈ। ਹੁਣੇ ਜਿਹੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਇੱਕ ਅਕਾਲੀ ਪਾਰਲੀਮੈਂਟ ਮੈਂਬਰ ਬਾਰੇ ਏਦਾਂ ਦੀ ਕੋਈ ਵੀਡੀਓ ਘੁੰਮਾਈ ਜਾ ਚੁੱਕੀ ਹੈ, ਜਿਸ ਦੇ ਬਾਰੇ ਉਸ ਦਾ ਕਹਿਣਾ ਹੈ ਕਿ ਸਾਰੀ ਝੂਠ ਹੈ। ਉਹ ਝੂਠੀ ਹੈ ਜਾਂ ਸੱਚੀ, ਇਸ ਵਿੱਚ ਜਾਏ ਬਿਨਾਂ ਵੱਡਾ ਸਵਾਲ ਇਹ ਹੈ ਕਿ ਕੀ ਭਾਰਤੀ ਰਾਜਨੀਤੀ ਦਾ ਪੱਧਰ ਹੁਣ ਇਹ ਆ ਜਾਵੇਗਾ ਕਿ ਦੇਸ਼ ਦੇ ਹਿੱਤਾਂ ਦੀ ਚਰਚਾ ਛੱਡ ਕੇ ਇਹੋ ਜਿਹਾ ਗੰਦ-ਮੰਦ ਪਰੋਸਿਆ ਜਾਵੇਗਾ?
ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰੀ ਜਦੋਂ ਲਾਲ ਕਿਲ੍ਹੇ ਤੋਂ ਤਿਰੰਗਾ ਝੰਡਾ ਝੁਲਾਇਆ ਤਾਂ ਕਿਹਾ ਸੀ ਕਿ ਮੈਂ ਭਾਰਤ ਦਾ ਪ੍ਰਧਾਨ ਮੰਤਰੀ ਨਹੀਂ, ਭਾਰਤੀ ਲੋਕਾਂ ਦਾ ਪ੍ਰਧਾਨ ਸੇਵਕ ਹਾਂ। ਉਨ੍ਹਾ ਨੂੰ ਉਹ ਹੀ ਸ਼ਬਦ ਯਾਦ ਕਰ ਕੇ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਰਨਾ ਕੀ ਚਾਹੁੰਦੇ ਹਨ? ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਨੀਤ ਹੋਵੇ ਤਾਂ ਮੁੱਦੇ ਰਾਜਸੀ ਖੇਤਰ ਵਿੱਚ ਵੀ ਬਥੇਰੇ ਹਨ। ਉੱਤਰਾ ਖੰਡ ਦੇ ਮੁੱਖ ਮੰਤਰੀ ਜਾਂ ਸੰਸਾਰ ਪ੍ਰਸਿੱਧ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜਾਂ ਫਿਰ ਪਹਿਲੀ ਵਾਰੀ ਪਾਰਲੀਮੈਂਟ ਮੈਂਬਰ ਬਣੇ ਭਗਵੰਤ ਮਾਨ ਨੂੰ ਤੀਸਰੇ ਦਰਜੇ ਦੀ ਚੋਭ ਲਾਉਣ ਦੀ ਲੋੜ ਨਹੀਂ ਰਹਿ ਜਾਂਦੀ। ਕਿਸੇ ਆਗੂ ਨੂੰ ਉਸ ਦੀ ਜਨਮ-ਕੁੰਡਲੀ ਖੋਲ੍ਹਣ ਦਾ ਡਰਾਵਾ ਦੇਣਾ ਤੇ ਉਸ ਡਰਾਵੇ ਨਾਲ ਚੁੱਪ ਕਰ ਕੇ ਬੈਠ ਜਾਣ ਲਈ ਕਹਿ ਦੇਣਾ ਪ੍ਰਧਾਨ ਮੰਤਰੀ ਦੇ ਰੁਤਬੇ ਵਾਲੇ ਆਗੂ ਦਾ ਕੰਮ ਨਹੀਂ। ਪੰਜਾਬੀ ਮੁਹਾਵਰਾ ਹੈ ਕਿ 'ਭੱਜਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ ਹੈ' ਤੇ ਜਿਸ ਪਾਸੇ ਨੂੰ ਭਾਰਤੀ ਰਾਜਨੀਤੀ ਇਸ ਵੇਲੇ ਜਾਂਦੀ ਪਈ ਹੈ, ਜਾਂ ਲਿਜਾਈ ਜਾ ਰਹੀ ਹੈ, ਉਸ ਵਿੱਚ ਜਦੋਂ ਇੱਕ ਪਾਸੇ ਤੋਂ ਕੁਝ ਕੀਤਾ ਜਾਵੇਗਾ ਤੇ ਫਿਰ ਦੂਸਰੇ ਪਾਸਿਓਂ ਵੀ ਭਾਜੀ ਮੋੜਨ ਦੀ ਗੱਲ ਹੋ ਗਈ ਤਾਂ ਜਲੂਸ ਇਸ ਦੇਸ਼ ਦਾ ਨਿਕਲੇਗਾ। ਜ਼ਰੂਰੀ ਨਹੀਂ ਕਿ ਦੂਸਰੇ ਲੋਕ ਸਿੱਧਾ ਮੋਦੀ ਵੱਲ ਨੂੰ ਨਿਸ਼ਾਨਾ ਸੇਧਣ ਦਾ ਸਾਮਾਨ ਲੱਭੀ ਜਾਣ, ਇਹੋ ਜਿਹੀ ਟੱਕਰ ਵਿੱਚ ਨਾਲ ਦੇ ਆਗੂਆਂ ਵਿੱਚੋਂ ਵੀ ਕਿਸੇ ਵੱਲ ਚਾਂਦਮਾਰੀ ਕੀਤੀ ਗਈ ਤਾਂ ਸਿਆਸੀ ਮਾਹੌਲ ਬਹੁਤ ਗੰਧਲਾ ਹੋ ਜਾਵੇਗਾ। ਉਹ ਨੌਬਤ ਨਾ ਆਵੇ ਤਾਂ ਚੰਗਾ ਹੋਵੇਗਾ।

12 Feb 2017