ਤ੍ਰਿਵੈਣੀ ਸਾਹਿਤ ਪ੍ਰੀਸ਼ਦ ਦਾ ਸਮਾਗਮ ਯਾਦਗਾਰੀ ਹੋ ਨਿੱਬੜਿਆ

ਤ੍ਰਿਵੈਣੀ ਸਾਹਿਤ ਪ੍ਰੀਸ਼ਦ ਦਾ ਸਾਹਿਤਕ ਸਮਾਗਮ ਸਾਹਿਤਕਾਰ ਹਰੀ ਸਿੰਘ ਚਮਕ ਦੀ ਪ੍ਰਧਾਨਗੀ ਹੇਠ ਹੋਇਆ।ਪ੍ਰਧਾਨਗੀ ਮੰਡਲ ਚ ਸ਼ਾਮਿਲ ਸ਼ਖਸ਼ੀਅਤਾਂ ਪ੍ਰੋਫੈਸਰ ਜੇ ਕੇ ਮਿਗਲਾਨੀ, ਡਾ. ਜੀ ਐਸ ਆਨੰਦ, ਦੀਦਾਰ ਖਾਨ ਧਬਲਾਨ ਅਤੇ ਸਰਦੂਲ ਸਿੰਘ ਦੀ ਰਹਿਨੁਮਾਈ ਹੇਠ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਦਾ ਗੁਣਗਾਨ ਹੋਇਆ।ਸਮਾਗਮ ਦੀ ਸ਼ੁਰੂਆਤ ਸ਼ਾਮ ਸਿੰਘ ਨੇ ਇੱਕ ਧਾਰਮਿਕ ਗੀਤ ਨਾਲ ਹੋਈ।ਗੀਤਕਾਰ ਅਤੇ ਲੇਖਕ ਸਤਨਾਮ ਸਿੰਘ ਮੱਟੂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੀਤ" ਬੱਚਿਆਂ ਦੇ ਸਿਰ ਸੋਹਣੀ ਕਲਗੀ ਸਜਾ ਕੇ,

ਦਾਦੀ ਮਾਂ ਨੇ ਕਿਹਾ ਪਿਆਰ ਨਾਲ ਗਲ ਲਾਕੇ,
ਡਰਨਾ ਨਹੀਂ ਮੌਤ ਖੜੀ ਦੇਖ ਸਾਹਮਣੇ
ਸੂਬੇ ਅੱਗੇ ਜਾਕੇ ਸ਼ੇਰਾਂ ਵਾਗੂੰ ਗੱਜਣਾ
ਝੁਕ ਸਕਦੈ ਪਹਾੜ ਕਹਿਣੇ ਉਹਨਾਂ ਦੇ
ਤੁਸੀਂ ਨਹੀਂ ਹਕੂਮਤਾਂ ਦੇ ਅੱਗੇ ਝੁਕਣਾ
ਪਾ ਜਿਉ ਸ਼ਹੀਦੀ ਹੱਸ ਹੱਸ ਬੱਚਿਓ

ਸ਼ਹਾਦਤਾਂ ਦਾ ਚਾਹੀਦਾ ਨਹੀਂ ਪੰਧ ਮੁੱਕਣਾ" ਨਾਲ ਆਪਣੀ ਭਰਵੀਂ ਹਾਜਰੀ ਲਵਾਈ।ਸੁਰੀਲੇ ਗਾਇਕ ਮੰਗਤ ਖਾਨ ਨੇ "ਅੱਜ ਕੋਈ ਐਸਾ ਦੀਵਾ ਬਾਲੋ ਨੀ,ਕਿਸੇ ਬੇਮੱਤੇ ਨੂੰ ਮੱਤ ਮਿਲੇ..." ਗੀਤ ਨਾਲ ਮਾਹੌਲ ਨੂੰ ਸੰਗੀਤਕ ਰੰਗ ਨਾਲ ਭਰ ਦਿੱਤਾ।ਅੰਮ੍ਰਿਤਪਾਲ ਸਿੰਘ ਸੈਦਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ " ਮੈਂ ਜੰਗਲ ਸੰਸਿਆਂ ਦਾ ਪਾਰ ਕਰ ਜਾਵਾਂ ਬਹੁਤ ਸੰਭਾਵਨਾ ਹੈ।
ਹਕੀਕਤ ਨਾਲ ਅੱਖੀਆਂ ਚਾਰ ਕਰ ਜਾਵਾਂ ਬਹੁਤ ਸੰਭਾਵਨਾ ਹੈ।" ਆਦਿ ਸਮੇਤ ਸ਼ੇਅਰਾਂ ਨਾਲ ਮਹਿਫਲ ਚ ਚੰਗਾ ਰੰਗ ਬੰਨਿਆ।ਸ੍ਰੀਮਤੀ ਨਿਰਮਲਾ ਗਰਗ ਕਵੀਤਰੀ ਨੇ ਅੰਮ੍ਰਿਤਸਰ ਵਿੱਚ ਦੁਸਿਹਰੇ ਸਮੇਂ ਵਾਪਰੇ ਦਰਦਨਾਕ ਹਾਦਸੇ ਪ੍ਰਤੀ ਕਵਿਤਾ "ਰਾਵਣ ਦੇਖਣ ਆਏ ਨਿਰਦੋਸ਼..." ਨਾਲ ਮਾਹੌਲ ਨੂੰ ਗੰਭੀਰ ਕਰ ਦਿੱਤਾ।ਤੇਜਿੰਦਰ ਸਿੰਘ ਅਨਜਾਣਾ  "ਸੁਲਗਦੇ ਸ਼ਬਦਾਂ ਨੂੰ ਫੁੱਲਾਂ ਜਿਹੇ ਜ਼ਜ਼ਬਾਤਾਂ ਤੇ ਧਰਨਾ ਨਹੀਂ ਚੰਗਾ,ਸੁਬ੍ਹਾ ਦੇ ਕਤਲ ਦਾ ਇਲਜ਼ਾਮ ਰਾਤਾਂ ਤੇ ਧਰਨਾ ਨਹੀਂ ਚੰਗਾ.."  ਨਾਲ ਚੰਗਾ ਸਾਹਿਤਿਕ ਰੰਗ ਵਿਖੇਰ ਗਿਆ।ਗੁਰਦਰਸ਼ਨ ਸਿੰਘ ਗੁਸੀਲ ਆਪਣੀ ਕਵਿਤਾ"ਇਹ ਮਾਨਸ ਜਨਮ ਦੁਰਲੱਭ ਹੈ.." , ਕੈਪਟਨ ਚਮਕੌਰ ਸਿੰਘ ਨੇ " ਦੇਸ਼ ਵਾਸੀਓ ਸੁੱਤੇ ਰਹੋ ਚੰਗੇ ਦਿਨਾਂ ਦੀ ਆਸ ਤੇ ..", ਡਾ.ਜੀ ਐਸ ਆਨੰਦ ਨੇ "ਮੌਕੇ ਦਾ ਉਠਾ ਲੋ ਫਾਇਦਾ, ਧਰਮ ਦੀ ਵਿੱਕਰੀ ਜਾਰੀ ਹੈ.."ਉੱਤਮ ਸਿੰਘ ਆਤਿਸ਼ ਨੇ ਪਿਤਾ ਦੀ ਉਸਤਤਿ ਕਰਦੀ ਕਵਿਤਾ "ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ,ਜਿਹਦੇ ਕਰਕੇ ਘਰ ਆਬਾਦ ਹੁੰਦਾ..", ਨਵੀਨ ਕੁਮਾਰ ਭਾਰਤੀ ਨੇ" ਹਮਾਰੀ ਭੂਖ ਹਿੰਦੂ ਔਰ ਮੁਸਲਿਮ ਹੋ ਨਹੀਂ ਸਕਤੀ..", ਸਰਦੂਲ ਸਿੰਘ ਭੱਲਾ ਨੇ"ਉਜਾੜ ਲਿਆ ਮੈਂ ਆਪਣੇ ਹੱਥੀਂ, ਆਪਣਾ ਲਾਇਆ ਬਾਗ ਮੈਂ..", ਨਾਲ ਆਪਣੀ ਸਾਹਤਿਕ ਪਕੜ ਦਾ ਪ੍ਰਦਰਸ਼ਨ ਕੀਤਾ।ਜੋਗਾ ਸਿੰਘ ਧਨੌਲਾ ਨੇ "ਬਚਾਓ ਵਿੱਚ ਹੀ ਬਚਾਅ ਹੈ" ਨਾਲ ਚੰਗਾ ਸੁਨੇਹਾ ਦਿੱਤਾ।ਗੀਤਕਾਰ ਦੀਦਾਰ ਖਾਨ ਧਬਲਾਨ ਨੇ ਆਪਣੇ ਗੀਤ " ਮੰਦਰ ਮਸਜਿਦ ਦੋਨੋਂ ਢਾਹ ਦੇ
ਉੱਥੇ ਰੜਾ ਮੈਦਾਨ ਬਣਾ ਦੇ
ਉੱਥੇ ਇੱਕ ਸਕੂਲ ਬਣਾਦੇ.." ਨਾਲ ਮੰਦਰ ਮਸਜਿਦ ਦੇ ਝਗੜੇ ਨੂੰ ਖਤਮ ਕਰਨ ਦਾ ਸੁਝਾਅ ਦਿੱਤਾ।ਹੋਰਨਾਂ ਤੋਂ ਇਲਾਵਾ ਬਲਵੀਰ ਜਲਾਲਾਬਾਦੀ,ਮੈਡਮ ਸਜਨੀ, ਹਰਦੀਪ ਕੌਰ ਜੱਸੋਵਾਲ, ਲਵਪ੍ਰੀਤ ਸਿੰਘ,ਸ਼ਾਮ ਸਿੰਘ, ਕ੍ਰਿਸ਼ਨ ਧੀਮਾਨ,ਪ੍ਰੋਫੈਸਰ ਜੇ ਕੇ ਮਿਗਲਾਨੀ,ਗੁਰਪ੍ਰੀਤ ਢਿੱਲੋਂ,ਜਗਦੀਸ਼ ਜੱਗੀ, ਰਵਿੰਦਰ ਰਵੀ ਨੇ ਸਾਹਿਤਕ ਰਚਨਾਵਾਂ ਨਾਲ ਮਹਿਫਲ ਦੀ ਸ਼ੋਭਾ ਵਧਾਈ।ਪ੍ਰੋਫੈਸਰ ਜੇ ਕੇ ਮਿਗਲਾਨੀ ਨੇ ਇਸ ਸਾਹਤਿਕ ਸਮਾਗਮ ਪ੍ਰਤੀ ਆਪਣੇ ਵਿਚਾਰ ਪ੍ਰਗਟਾਉਂਦਿਆਂ ਵਿਗਿਆਨਕ, ਸਾਹਿਤਕ, ਪਰਿਵਾਰਕ, ਸੱਭਿਆਚਾਰਕ, ਧਾਰਮਿਕ ਆਦਿ ਰਚਨਾਵਾਂ ਸੁਣਕੇ ਖੁਸ਼ੀ ਅਤੇ ਤਸੱਲੀ ਜ਼ਾਹਰ ਕੀਤੀ।ਉਹਨਾਂ ਕਿਹਾ ਕਿ ਇਹ ਸਾਹਿਤ ਪ੍ਰੀਸ਼ਦ ਦੇ ਸਥਾਪਤੀ ਵੱਲ ਵਧਦੇ ਕਦਮਾਂ ਦੀ ਨਿਸ਼ਾਨੀ ਹੈ।ਅੰਤ ਵਿੱਚ ਅੰਮ੍ਰਿਤਸਰ ਵਿਖੇ ਹੋਏ ਰੇਲ ਹਾਦਸੇ ਚ ਗਈਆਂ ਨਿਰਦੋਸ਼ ਜਾਨਾਂ ਅਤੇ ਸਾਹਿਤਕਾਰ ਜਸਵੰਤ ਸਿੰਘ ਡਡਹੇਡ਼ੀ ਦੀਆਂ ਵਿੱਛੜੀਆਂ ਰੂਹਾਂ ਲਈ 2 ਮਿੰਟ ਦਾ ਮੌਨ ਧਾਰਕੇ ਸਰਧਾਂਜਲੀ ਦਿੱਤੀ ਗਈ।

ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257