
ਛਲੇਡਾ - ਨਿਰਮਲ ਸਿੰਘ ਕੰਧਾਲਵੀ
ਅੱਜ ਦੇ ਡਿਜੀਟਲ ਯੁਗ ਵਿਚ ਹੋਰ ਉਪਕਰਣਾਂ ਦੇ ਨਾਲ ਨਾਲ ਮੋਬਾਈਲ ਫ਼ੂਨ ਤਾਂ ਮਨੁੱਖ ਦੇ ਨਾਲ ਇਉਂ ਚਿੰਬੜ ਗਿਆ ਹੈ ਜਿਵੇਂ ਬਾਂਦਰੀ ਮਰੇ ਹੋਏ ਬੱਚੇ ਨੂੰ ਛਾਤੀ ਨਾਲ ਲਗਾਈ ਫਿਰਦੀ ਹੈ। ਘਰੋਂ ਬਾਹਰ ਜਾਣ ਲੱਗਿਆਂ ਬੰਦਾ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਫ਼ੂਨ ਨੂੰ ਹੀ ਸੰਭਾਲਦਾ ਹੈ। ਫ਼ੂਨ ਕਿਤੇ ਇਧਰ ਉਧਰ ਰੱਖ ਹੋ ਜਾਵੇ ਤਾਂ ਇਉਂ ਘਬਰਾਹਟ ਮਚ ਜਾਂਦੀ ਹੈ ਜਿਵੇਂ ਪਰਲੋ ਆ ਗਈ ਹੋਵੇ। ਬਾਹਰ ਗਲ਼ੀਆਂ ਬਾਜ਼ਾਰਾਂ ‘ਚ ਜਿਧਰ ਵੀ ਨਜ਼ਰ ਮਾਰੋ ਲੋਕ ਕੰਨਾਂ ਨੂੰ ਫ਼ੂਨ ਲਗਾਈ ਬੁੜ ਬੁੜ ਕਰਦੇ ਦਿਸਣਗੇ। ਕਈ ਬੰਦੇ ਬਾਕੀ ਸਾਰੀ ਦੁਨੀਆਂ ਤੋਂ ਬੇਖ਼ਬਰ ਕੰਨਾ ‘ਚ ਟੂਟੀਆਂ (ਹੈੱਡਫ਼ੂਨ) ਅੜਾਈ ਆਪਣੀ ਹੀ ਮਸਤੀ ‘ਚ ਵਿਚਰ ਰਹੇ ਹੁੰਦੇ ਹਨ ਤੇ ਕਈ ਵਾਰੀ ਸੜਕ ਪਾਰ ਕਰਦਿਆਂ ਕਈਆਂ ਨਾਲ ਹਾਦਸੇ ਵੀ ਹੋ ਜਾਂਦੇ ਹਨ। ਬੱਸ, ਗੱਡੀ ‘ਚ ਸਫ਼ਰ ਕਰਦਿਆਂ ਕੁਝ ਲੋਕ ਐਸੇ ਮਿਲਣਗੇ ਜਿਹੜੇ ਫ਼ੂਨ ਉੱਪਰ ਉੱਚੀ ਉੱਚੀ ਗੱਲਾਂ ਕਰ ਕੇ ਬਾਕੀ ਲੋਕਾਂ ਦੇ ਅਮਨ-ਚੈਨ ਨੂੰ ਭੰਗ ਕਰਦੇ ਹਨ, ਉਹ ਇਹ ਵੀ ਖ਼ਿਆਲ ਨਹੀਂ ਰੱਖਦੇ ਕਿ ਉਹ ਆਪਣੀਆਂ ਜ਼ਾਤੀ ਗੱਲਾਂ ਜ਼ਬਰਦਸਤੀ ਲੋਕਾਂ ਦੇ ਕੰਨਾਂ ‘ਚ ਤੁੰਨ ਰਹੇ ਹਨ। ਇਹ ਛੋਟਾ ਜਿਹਾ ਭਲਾਮਾਣਸ ਦਿਸਣ ਵਾਲਾ ਯੰਤਰ ਅੱਜ ਕਲ ਤਲਾਕਾਂ ਦਾ ਕਾਰਨ ਵੀ ਬਣ ਰਿਹਾ ਹੈ। ਪੰਜਾਬੀ ਦੀ ਇਕ ਲੋਕ ਬੋਲੀ ਹੈ ‘ਪਿੰਡ ‘ਚ ਪੁਆੜੇ ਪਾਉਂਦਾ ਨੀਂ ਮਰ ਜਾਣਾ ਅਮਲੀ’ ਹੁਣ ਇਹ ਬੋਲੀ ਵੀ ਪ੍ਰਚਲਤ ਕਰ ਲੈਣੀ ਚਾਹੀਦੀ ਹੈ ‘ ਘਰਾਂ ‘ਚ ਪੁਆੜੇ ਪਾਉਂਦਾ ਨੀਂ ਇਹ ਫ਼ੂਨ ਮਰ ਜਾਣਾ’। ਫ਼ੂਨਾਂ ਵਿਚ ਤਰ੍ਹਾਂ ਤਰ੍ਹਾਂ ਦੀਆਂ ਟਿਊਨਾਂ ਭਰਨ ਦਾ ਵੀ ਲੋਕਾਂ ਦਾ ਆਪਣਾ ਹੀ ਸ਼ੌਕ ਹੈ। ਇਹ ਟਿਊਨਾਂ ਕਈ ਵਾਰੀ ਅਜੀਬ ਸਥਿਤੀ ਵੀ ਬਣਾ ਦਿੰਦੀਆਂ ਹਨ। ਇਕ ਬਜ਼ੁਰਗ਼ ਚਲਾਣਾ ਕਰ ਗਿਆ। ਫਿਊਨਰਲ ਵਾਲੇ ਦਿਨ ਉਸ ਦੇ ਪੋਤਰੇ ਨੇ ਦੂਰ ਦੇ ਕਿਸੇ ਸ਼ਹਿਰੋਂ ਆਉਣਾ ਸੀ। ਬਰਫ਼ ਬਹੁਤ ਪੈਣ ਕਰ ਕੇ ਸੜਕਾਂ ਦੀ ਹਾਲਤ ਵੀ ਖ਼ਰਾਬ ਸੀ। ਘਰ ਵਾਲਿਆਂ ਨੇ ਉਸ ਨੂੰ ਫ਼ੂਨ ‘ਤੇ ਦੱਸਿਆ ਕਿ ਉਹ ਹੁਣ ਸਿੱਧਾ ਸ਼ਮਸ਼ਾਨਘਾਟ ਹੀ ਪਹੁੰਚੇ। ਜਦੋਂ ਉਹ ਉੱਥੇ ਪਹੁੰਚਿਆ ਤਾਂ ਬਕਸਾ ਗੱਡੀ ਵਿਚੋਂ ਕੱਢਿਆ ਜਾ ਰਿਹਾ ਸੀ। ਉਸ ਨੇ ਅੱਗੇ ਵਧ ਕੇ ਬਕਸੇ ਨੂੰ ਮੋਢਾ ਦਿਤਾ। ਬੜਾ ਗ਼ਮਗੀਨ ਮਾਹੌਲ ਸੀ। ਅਚਾਨਕ ਮੁੰਡੇ ਦੀ ਜੇਬ ਵਿਚ ਫ਼ੂਨ ਵੱਜਣਾ ਸ਼ੁਰੂ ਹੋ ਗਿਆ ਤੇ ਫ਼ੂਨ ਉੱਪਰ ਟਿਊਨ ਵੱਜ ਰਹੀ ਸੀ ‘ ਆਜ ਮੇਰੇ ਯਾਰ ਕੀ ਸ਼ਾਦੀ ਹੈ’, ਇਕ ਤਾਂ ਉਸ ਨੇ ਬਕਸਾ ਚੁੱਕਿਆ ਹੋਇਆ ਤੇ ਦੂਜੇ ਉਹ ਘਬਰਾ ਗਿਆ, ਪਤਾ ਨਾ ਲੱਗੇ ਕਿ ਫ਼ੂਨ ਕਿਹੜੀ ਜੇਬ ਵਿਚ ਸੀ ਤੇ ਟਿਊਨ ਵਾਰ ਵਾਰ ਵੱਜ ਕੇ ‘ਸ਼ਾਦੀ’ ਕਰਵਾਈ ਜਾ ਰਹੀ ਸੀ। ਗ਼ਮਗੀਨ ਮਾਹੌਲ ਵਿਚ ਵੀ ਕੁਝ ਲੋਕ ਹੱਸਣੋਂ ਨਾ ਰਹਿ ਸਕੇ। ਆਖਰ ਨੂੰ ਇਕ ਬੰਦੇ ਨੇ ਅੱਗੇ ਵਧ ਕੇ ਮੁੰਡੇ ਦੀਆਂ ਜੇਬਾਂ ਫੋਲ ਕੇ ਫ਼ੂਨ ਕੱਢਿਆ ਤੇ ਬੰਦ ਕੀਤਾ।
ਇਕ ਖੋਜ ਅਨੁਸਾਰ ਪਾਇਆ ਗਿਆ ਹੈ ਕਿ ਮਨੁੱਖ ਹਰ ਰੋਜ਼ 3 ਘੰਟੇ 21 ਮਿੰਟ ਫ਼ੂਨ ਦੀ ਵਰਤੋਂ ਤਾਂ ਜ਼ਰੂਰ ਕਰਦੇ ਹਨ, ਇਸ ਤੋਂ ਵੀ ਵਧੇਰੇ ਸਮਾਂ ਫ਼ੂਨ ‘ਤੇ ਗੁਜ਼ਾਰਨੇ ਵਾਲ਼ੇ ਲੋਕ ਵੀ ਹੋਣਗੇ। ਜਿਵੇਂ ਨਸ਼ੇੜੀਆਂ ਨੂੰ ਡਾਕਟਰੀ ਸਹਾਇਤਾ ਅਤੇ ਮਨੋਵਿਗਿਆਨਕ ਢੰਗ ਵਰਤ ਕੇ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਦਾ ਯਤਨ ਕੀਤਾ ਜਾਂਦਾ ਹੈ। ਇੰਜ ਹੀ ਨਿੱਕੇ ਬੱਚਿਆਂ ਤੋਂ ਦੁੱਧ ਵਾਲ਼ੀ ਬੋਤਲ ਛੁਡਵਾਉਣ ਲਈ ਕਈ ਮਾਵਾਂ ਨਿੱਪਲ ਨੂੰ ਮਿਰਚਾਂ ਲਗਾ ਦਿੰਦੀਆਂ ਹਨ, ਫ਼ੂਨ ਦੀ ਬੇਲੋੜੀ ਵਰਤੋਂ ਘਟਾਉਣ ਲਈ ਇੰਜ ਹੀ ਅਮਰੀਕਾ ਦੀ ‘ਮੈਟਰ ਨਿਊਰੋਸਾਇੰਸ’ ਕੰਪਨੀ ਨੇ ਅਖੀਰ ਹੱਲ ਲੱਭ ਹੀ ਲਿਆ ਹੈ। ਉਨ੍ਹਾਂ ਨੇ ਫ਼ੂਨ ਵਾਸਤੇ ਸਟੇਨਲੈੱਸ ਸਟੀਲ ਦਾ ਇਕ ਛੇ ਪੌਂਡ ਵਜ਼ਨੀ (2.7 ਕਿੱਲੋ) ਕਵਰ ਤਿਆਰ ਕੀਤਾ ਹੈ ਤਾਂ ਕਿ ਲੋਕ ਫ਼ੂਨ ਨੂੰ ਬਹੁਤਾ ਚਿਰ ਹੱਥ ‘ਚ ਨਾ ਫੜ ਕੇ ਰੱਖ ਸਕਣ। ਏਨੇ ਭਾਰੇ ਫ਼ੂਨ ਨੂੰ ਜੇਬ ਵਿਚ ਵੀ ਨਹੀਂ ਪਾਇਆ ਜਾ ਸਕਦਾ। ਹੱਥ ਥੱਕ ਜਾਣ ‘ਤੇ ਆਪੇ ਹੀ ਬੰਦਾ ਫ਼ੂਨ ਨੂੰ ਇੰਜ ਪਰੇ ਸੁੱਟੇਗਾ ਜਿਵੇ ਤਾਈ ਸ਼ਾਮੋ ਨੇ ਛਲੇਡੇ ਨੂੰ ਪਰ੍ਹਾਂ ਵਗਾਹ ਮਾਰਿਆ ਸੀ। ਹੁਣ ਤੁਸੀਂ ਪੁੱਛੋਗੇ ਕਿ ਬਈ ਇਹ ਸ਼ਾਮੋ ਕੌਣ ਐ? ਤਾਇਆ ਕਿਸ਼ਨ ਸਿਉਂ ਛੜਾ-ਛੜਾਂਗ ਸੀ ਤੇ ਖੇਤੀ ਦੇ ਨਾਲ਼ ਨਾਲ਼ ਪਹਾੜਾਂ ਵਲ ਨੂੰ ਗੱਡੇ ‘ਤੇ ਸਾਮਾਨ ਢੋਣ ਦਾ ਕੰਮ ਵੀ ਕਰਦਾ ਸੀ। ਇਕ ਸਫ਼ਰ ‘ਤੇ ਗਿਆ ਹੋਇਆ ਉਹ ਇਕ ਬੇਸਹਾਰਾ ਔਰਤ ਨੂੰ ਆਪਣੇ ਨਾਲ ਲੈ ਆਇਆ ਜਿਸ ਦਾ ਨਾਮ ਸੀ ਸ਼ਾਮੋ। ਭਾਵੇਂ ਉਸ ਦੀ ਬੋਲੀ ਥੋੜ੍ਹੀ ਅਲੱਗ ਸੀ ਪਰ ਉਹ ਭਲੀ ਔਰਤ ਜਲਦੀ ਹੀ ਪਿੰਡ ‘ਚ ਰਚ ਮਿਚ ਗਈ। ਸਾਰਾ ਪਿੰਡ ਹੀ ਸ਼ਾਮੋ ਨੂੰ ਤਾਈ ਕਹਿ ਕੇ ਬੁਲਾਉਂਦਾ ਸੀ। ਸ਼ਾਮੋ ਨਾਲ ਛਲੇਡੇ ਦੀ ਇਕ ਕਹਾਣੀ ਵੀ ਜੁੜੀ ਹੋਈ ਸੀ ਜੋ ਉਹ ਮਸਾਲੇ ਲਾ ਲਾ ਕੇ ਅਜੇ ਵੀ ਲੋਕਾਂ ਨੂੰ ਸੁਣਾਉਂਦੀ ਸੀ। ਇਕ ਦਿਨ ਸਿਖਰ ਦੁਪਹਿਰੇ ਉਹ ਆਪਣੇ ਖੇਤ ਤੋਂ ਆ ਰਹੀ ਸੀ ਕਿ ਰਾਹ ਕੰਢੇ ਉਸ ਨੂੰ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿਤੀ। ਉਸ ਨੇ ਅਗਾਂਹ ਹੋ ਕੇ ਦੇਖਿਆ ਕਿ ਇਕ ਛੋਟਾ ਜਿਹਾ ਬੱਚਾ ਸੀ, ਉਸ ਨੇ ਗੋਦੀ ਚੁੱਕ ਲਿਆ। ਸ਼ਾਮੋਂ ਤੇ ਕਿਸ਼ਨ ਸਿਉਂ ਬੇਔਲਾਦੇ ਸਨ। ਸ਼ਾਮੋ ਸੋਚੇ ਪਈ ਆਹ ਤਾਂ ਉਹ ਗੱਲ ਹੋਈ ਕਿ ਰੱਬ ਨੇ ਦਿਤੀਆਂ ਗਾਜਰਾਂ ਵਿਚੇ ਰੰਬਾ ਰੱਖ, ਬੱਚਾ ਤੇ ਉਹ ਵੀ ਮੁੰਡਾ, ਉਨ੍ਹਾਂ ਨੂੰ ਜਾਇਦਾਦ ਦਾ ਵਾਰਿਸ ਲੱਭ ਪਿਆ ਸੀ। ਪਰ ਜਿਉਂ ਜਿਉਂ ਸ਼ਾਮੋ ਤੁਰੀ ਜਾਵੇ ਬੱਚੇ ਦਾ ਭਾਰ ਵਧੀ ਜਾਵੇ। ਭਾਰ ਏਨਾ ਵਧ ਗਿਆ ਕਿ ਸ਼ਾਮੋ ਲਈ ਉਸ ਨੂੰ ਚੁੱਕਣਾ ਔਖਾ ਹੋ ਗਿਆ। ਤਾਈ ਸਮਝ ਗਈ ਕਿ ਇਹ ਤਾਂ ਛਲੇਡਾ ਸੀ, ਸੋ ਉਸ ਨੇ ਬੱਚੇ ਨੂੰ ਪਰ੍ਹਾਂ ਵਗਾਹ ਮਾਰਿਆ ਤੇ ਚੀਕਾਂ ਮਾਰਦੀ ਪਿੰਡ ਨੂੰ ਦੌੜੀ। ਡਰ ਨਾਲ ਦੋ ਦਿਨ ਉਸ ਨੂੰ ਬੁਖ਼ਾਰ ਚੜ੍ਹਿਆ ਰਿਹਾ। ਸੋ, ਇਸ ਕੰਪਨੀ ਦਾ ਵੀ ਵਿਚਾਰ ਹੈ ਕਿ ਏਨੇ ਭਾਰੇ ਫ਼ੂਨ ਨਾਲ ਹੱਥ ਥੱਕ ਜਾਣ ‘ਤੇ ਲੋਕ ਇਸ ਨੂੰ ਇੰਜ ਹੀ ਪਰ੍ਹਾਂ ਵਗਾਹ ਮਾਰਿਆ ਕਰਨਗੇ ਜਿਵੇਂ ਸ਼ਾਮੋ ਨੇ ਛਲੇਡਾ ਸੁੱਟਿਆ ਸੀ।
ਇਥੇ ਹੀ ਬਸ ਨਹੀਂ ਕੰਪਨੀ ਨੇ ਹੋਰ ਵੀ ਇਕ ‘ਪੰਗਾ’ ਖੜ੍ਹਾ ਕੀਤਾ ਹੈ, ਫ਼ੂਨ ਦੀ ਬੈਟਰੀ ਚਾਰਜ ਕਰਨ ਲਈ ਚਾਰ ਪੇਚ (ਸਕਰੂਅ) ਖੋਲ੍ਹ ਕੇ ਕਵਰ ਅੱਡ ਕਰਨਾ ਪਿਆ ਕਰੇਗਾ। ਕੰਪਨੀ ਦਾ ਵਿਚਾਰ ਹੈ ਕਿ ਇੰਜ ਕਰਨ ਨਾਲ਼ ਲੋਕ ਫ਼ੂਨ ਘੱਟ ਵਰਤਣਗੇ ਤੇ ਬੈਟਰੀ ਘੱਟ ਖ਼ਰਚ ਹੋਵੇਗੀ ਤੇ ਵਾਰ ਵਾਰ ਪੇਚ ਖੋਲ੍ਹਣ ਤੇ ਬੰਦ ਕਰਨ ਦੀ ਜ਼ਹਿਮਤ ਤੋਂ ਬਚਣਗੇ। ਕੰਪਨੀ ਦਾ ਇਕੋ ਹੀ ਮਕਸਦ ਹੈ ਕਿ ਲੋਕ ਫ਼ੂਨ ਦੀ ਵਰਤੋਂ ਘੱਟ ਤੋਂ ਘੱਟ ਕਰਨ। ਅਜੇ ਯਕੀਨ ਨਾਲ ਤਾਂ ਨਹੀਂ ਕਿਹਾ ਜਾ ਸਕਦਾ ਪਰ ਮੈਨੂੰ ਲਗਦੈ ਕਿ ਕੰਪਨੀ ਨੇ ਇਹ ਵੀ ਜ਼ਰੂਰ ਕੀਤਾ ਹੋਵੇਗਾ ਕਿ ਜਿੰਨਾ ਚਿਰ ਕਵਰ ਦੇ ਪੇਚ ਦੁਬਾਰਾ ਨਾ ਕੱਸੇ ਜਾਣ ਉਤਨਾ ਚਿਰ ਫ਼ੂਨ ਚੱਲੇਗਾ ਨਹੀਂ, ਨਹੀਂ ਤਾਂ ਲੋਕ ਕਵਰ ਅਲੱਗ ਕਰ ਕੇ ਚਲਾਈ ਜਾਣਗੇ। ਜਿਵੇਂ ਬਿਜਲਈ ਉਪਕਰਣਾਂ ‘ਚ ਕਈ ਐਸੇ ਭੇਦ ਹੁੰਦੇ ਹਨ ਜੋ ਉਨ੍ਹਾਂ ਨੂੰ ਵਰਤਣ ‘ਤੇ ਹੀ ਪਤਾ ਲਗਦੇ ਹਨ। ਪਾਠਕ ਜਨੋਂ ਤੁਹਾਡਾ ਕੀ ਵਿਚਾਰ ਹੈ?
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਕਵਰ ਨਵੇਂ ਫ਼ੂਨ ਦੇ ਨਾਲ ਹੀ ਮਿਲੇਗਾ? ਕੀ ਇਹ ਕਵਰ ਖ਼ਰੀਦਣਾ ਜ਼ਰੂਰੀ ਹੋਵੇਗਾ ਪਾਠਕ ਜਨੋਂ ਤੁਹਾਡਾ ਕੀ ਵਿਚਾਰ ਹੈ?? ਪਾਠਕ ਜਨੋਂ ਤੁਹਾਡਾ ਕੀ ਵਿਚਾਰ ਹੈ? ਵੈਸੇ ਕੰਪਨੀ ਨੇ ਇਸ ਦੀ ਕੀਮਤ 156 ਪੌਂਡ ਰੱਖੀ ਹੈ। ਕੀ ਇਹ ਕਵਰ ਉਨ੍ਹਾਂ ਲੋਕਾਂ ਦੇ ‘ਇਲਾਜ’ ਲਈ ਸਰਕਾਰ ਵਲੋਂ ਮੁਫ਼ਤ ਦਿਤਾ ਜਾਵੇਗਾ ਜਿਨ੍ਹਾਂ ਨੂੰ ਫ਼ੂਨ ਬਹੁਤ ਜ਼ਿਆਦਾ ਵਰਤਣ ਦੀ ‘ਬਿਮਾਰੀ’ ਹੈ? ਜਾਂ ਕੀ ਲੋੜਵੰਦ ਲੋਕਾਂ ਨੂੰ ਘੱਟ ਕੀਮਤ ‘ਤੇ ਵੀ ਉਪਲਬਧ ਹੋਵੇਗਾ? ਪਿਆਰੇ ਪਾਠਕੋ! ਅਜੇ ਇਨ੍ਹਾਂ ਸਵਾਲਾਂ ਦੇ ਜਵਾਬ ਕਿਸੇ ਕੋਲ ਵੀ ਨਹੀਂ ਹਨ। ਨੇੜੇ ਦੇ ਭਵਿੱਖ ‘ਚ ਸ਼ਾਇਦ ਜਵਾਬ ਮਿਲ ਜਾਣ। ਦੇਖੀਏ, ਇਹ ਇਲਾਜ ਕਿੰਨਾ ਕੁ ਕਾਰਗਰ ਹੁੰਦਾ ਹੈ, ਸਮਾਂ ਹੀ ਦੱਸੇਗਾ। ਇੰਤਜ਼ਾਰ ਕਰੋ।
ਨਿਰਮਲ ਸਿੰਘ ਕੰਧਾਲਵੀ
================================================================