ਪੁਸਤਕ ਰੀਵਿਊ  - ਸਮਾਜਕ ਯਥਾਰਥ ਦਾ ਦਰਪਣ ਹਨ 'ਮਘਦਾ ਸੂਰਜ' ਦੀਆਂ ਗ਼ਜ਼ਲਾਂ

ਪੁਸਤਕ : ਮਘਦਾ ਸੂਰਜ
ਸ਼ਾਇਰ : ਮਹਿੰਦਰ ਸਿੰਘ ਮਾਨ
ਮੁੱਲ : 120 ਰੁਪਏ
ਸਫੇ  : 120
ਪਬਲਿਸ਼ਰ : ਨਵ ਰੰਗ ਪਬਲੀਕੇਸ਼ਨਜ਼ , ਸਮਾਣਾ
ਸੰਪਰਕ : 9915803554
ਗ਼ਜ਼ਲ ਸਾਹਿਤ ਦੀ ਸਭ ਤੋਂ ਉੱਨਤ ਵਿਧਾ ਹੈ, ਖ਼ਿਆਲਾਂ ਨੂੰ ਬੰਦਿਸ਼ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਾ ਆਪਣੇ ਆਪ ਵਿੱਚ ਕਮਾਲ ਹੁੰਦਾ ਹੈ। ਮਹਿੰਦਰ ਸਿੰਘ ਮਾਨ ਪੰਜਾਬੀ ਸ਼ਾਇਰੀ ਵਿੱਚ ਇੱਕ ਮਾਣ ਮੱਤਾ ਨਾਂ ਹੈ। ਉਸ ਦੇ ਪੰਜ ਕਾਵਿ ਸੰਗ੍ਰਹਿਾਂ ਚੜ੍ਹਿਆ ਸੂਰਜ, ਫੁੱਲ ਅਤੇ ਖ਼ਾਰ, ਸੂਰਜ ਦੀਆਂ ਕਿਰਨਾਂ, ਖ਼ਜ਼ਾਨਾ, ਸੂਰਜ ਹਾਲੇ ਡੁੱਬਿਆ ਨਹੀਂ ਉਪਰੰਤ ਨਿਰੋਲ ਗ਼ਜ਼ਲਾਂ ਦਾ ਸੰਗ੍ਰਹਿ'ਮਘਦਾ ਸੂਰਜ'ਪਾਠਕਾਂ ਤੱਕ ਪੁੱਜਾ ਹੈ।ਹੱਥਲੇ ਸੰਗ੍ਰਹਿ ਦੀਆਂ 102 ਗ਼ਜ਼ਲਾਂ ਦੇ ਵਿੱਚੋਂ ਦੀ ਲੰਘਣ ਉਪਰੰਤ ਹਰੇਕ ਸ਼ਿਅਰ ਵਿੱਚ ਜ਼ਿੰਦਗੀ ਅਤੇ ਉਸ ਦੇ ਭਿੰਨ-ਭਿੰਨ ਸਰੋਕਾਰ ਵਿਸ਼ਿਆਂ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ।ਸਮਾਜ ਵਿਚਲੀਆਂ ਵਿਸੰਗਤੀਆਂ, ਵਿਖਮਤਾਵਾਂ, ਤਨਾਵਾਂ, ਦਵੰਦਾਂ, ਸ਼ੋਸ਼ਣ, ਅਨਿਆਂ ਦੀ ਝਲਕ ਵਿਖਾਈ ਦਿੰਦੀ ਹੈ।ਜ਼ਿੰਦਗੀ ਦੇ ਸਾਰੇ ਹੀ ਪੱਖ ਧਾਰਮਿਕ, ਆਰਥਿਕ, ਸਮਾਜਕ,ਰਾਜਨੀਤਕ ,ਭਾਵਨਾਤਮਕ ਵਿਚਲਾ ਅਣਸੁਖਾਵਾਂਪਣ ਤੀਬਰ ਸੁਰ ਵਿੱਚ ਪ੍ਰਗਟ ਹੁੰਦਾ ਹੈ।ਦਰਅਸਲ ਇਸ ਸੱਭ ਕਾਸੇ ਪਿੱਛੇ ਸ਼ਾਇਰ ਦੇ ਦਿਲ ਦਿਮਾਗ ਵਿੱਚ ਅਦਰਸ਼ਕ ਮਾਡਲ ਦੀ ਚਾਹਤ ਕੰਮ ਕਰ ਰਹੀ ਹੁੰਦੀ ਹੈ।ਇਹ ਮਾਡਲ ਹੀ ਹਰ ਤਰ੍ਹਾਂ ਦੇ ਪ੍ਰਬੰਧ ਨੂੰ ਮਾਪਣ , ਤੋਲਣ ਜਾਂ ਵਿਸ਼ਲੇਸ਼ਣ ਕਰਨ ਦਾ ਪੈਰਾਮੀਟਰ ਹੁੰਦਾ ਹੈ।ਇਸ ਵਿੱਚ ਉਸ ਨੂੰ ਜਿਹੜੀ ਵੀ ਝੋਲ ਜਾਂ ਵਿਚਲਨ ਵਿਖਾਈ ਦਿੰਦਾ ਹੈ, ਉਹ ਉਸ ਦੇ ਸ਼ਿਅਰਾਂ ਦਾ ਵਿਸ਼ਾ ਬਣਦਾ ਹੈ ਅਤੇ ਸਮਾਜ ਲਈ ਇਕ ਦਿਸ਼ਾ ਨਿਰਧਾਰਨ ਦਾ ਕੰਮ ਕਰਦਾ ਹੈ।
ਕੁਦਰਤੀ ਸੋਮਿਆਂ ਦੀ ਅੰਨ੍ਹੀ ਵਰਤੋਂ, ਮਾਨਸਿਕ ਦ੍ਰਿੜ੍ਹਤਾ ਦੀ ਕਮੀ, ਵਹਿਮਾਂ-ਭਰਮਾਂ ਦਾ ਪਸਾਰਾ, ਸੁਆਰਥਪਣ, ਝੂਠੀ ਹਮਦਰਦੀ, ਮਨੁੱਖੀ ਈਰਖਾ, ਮਨ ਦੇ ਹਨੇਰੇ, ਨਸ਼ੇ ਦੀ ਸਮੱਸਿਆ, ਬਜ਼ੁਰਗਾਂ ਪ੍ਰਤੀ ਬੇਰੁਖੀ , ਬੇਰੁਜ਼ਗਾਰੀ, ਜ਼ੁਲਮਾਂ ਦੀ ਭੱਠੀ ਵਿੱਚ ਪਿਸਦੇ ਲੋਕ, ਬੇਇਨਸਾਫੀ, ਭ੍ਰਿਸ਼ਟਾਚਾਰੀ ਆਗੂ, ਮਿਹਨਤਕਸ਼ਾਂ ਦੀ ਲੁੱਟ, ਰਿਸ਼ਤਿਆਂ ਵਿੱਚ ਗੁਆਚਦੀ ਨੈਤਿਕਤਾ ਆਦਿ ਤੇ ਸ਼ਾਇਰ ਨੇ ਸੰਜੀਦਾ ਹੋ ਕੇ ਕਲਮ ਚਲਾਈ ਹੈ।ਇਸ ਸਬੰਧ ਵਿੱਚ ਉਸ ਦੇ ਕੁਝ ਸ਼ਿਅਰ ਵੇਖੋ :-
ਊਰਜਾ ਦੇ ਸੋਮੇ ਵਰਤੇ ਜਾ ਰਹੇ ਬੇਰਹਿਮੀ ਨਾ'
ਆਣ ਵਾਲੇ ਖਤਰੇ ਬਾਰੇ ਸੋਚਦਾ ਕੋਈ ਨਹੀਂ।
ਅਜਾਈਂ ਪਾਣੀ ਸੁੱਟਣ ਵਾਲੇ ਨਾ ਮੁੱਲ ਜਾਣਦੇ ਇਸ ਦਾ,
ਇਦ੍ਹਾ ਮੁੱਲ ਜਾਣਦੇ ਜੋ ਰਹਿੰਦੇ ਨੇ ਮਾਰੂਥਲਾਂ ਅੰਦਰ।
ਕਿਸ ਤਰ੍ਹਾਂ ਉਹ ਆਦਮੀ ਅੱਗੇ ਵਧੂ,
ਜਿਸ ਦਾ ਮਨ ਦਾ ਘੋੜਾ ਹੀ ਕਮਜ਼ੋਰ ਹੈ।
ਹਰ ਕਿਸੇ ਨੇ ਉਮਰ ਆਪਣੀ ਹੈ ਬਿਤਾਣੀ,
ਬਦ-ਦੁਆਵਾਂ ਨਾ' ਕੋਈ ਮਰਦਾ ਨਹੀਂ ਹੈ।
ਲੁਆ ਕੇ ਅੱਗ, ਕਰਵਾ ਕੇ ਸੁਆਹ, ਫਿਰ ਨੇਤਾ ਆ ਧਮਕਣ,
ਬੜਾ ਆਵੇ ਉਨ੍ਹਾਂ ਨੂੰ ਤਰਸ ਜਲੀਆਂ ਬਸਤੀਆਂ ਉੱਤੇ।
ਮੇਰੇ ਦਿਲ ਦਾ ਖਿੜਿਆ ਗੁਲਸ਼ਨ ਇਹਨਾਂ ਤੋਂ ਤੱਕ ਨਾ ਹੁੰਦਾ,
ਅੱਜ ਬੇਦਰਦਾਂ ਨੇ ਇਸ ਨੂੰ ਅੱਗ ਲਾਣੀ ਹੈ, ਰੱਬ ਖ਼ੈਰ ਕਰੇ।
'ਮਾਨ'ਮਹਿੰਗੇ ਨਸ਼ਿਆਂ ਨੂੰ ਜੋ ਲੱਗ ਗਏ,
ਉਹ ਗੁਆ ਬੈਠੇ ਜ਼ਮੀਨਾਂ ਘਰ ਦੀਆਂ।
ਬਾਪ ਆਪਣੇ ਪੁੱਤ ਨੂੰ ਬਾਹਰ ਕਦੇ ਨਾ ਭੇਜਦਾ,
ਉਸ ਨੂੰ ਜੇ ਕਰ ਫਿਕਰ ਹੁੰਦਾ ਨਾ ਉਦ੍ਹੇ ਰੁਜ਼ਗਾਰ ਦਾ।
ਪਾ ਕੇ ਜੇਬਾਂ ਵਿੱਚ ਕਮਾਈ ਕਾਮਿਆਂ ਦੀ,
ਹੋ ਗਏ ਨੇ ਥੋੜ੍ਹੇ ਚਿਰ ਵਿੱਚ ਮੋਟੇ ਲੋਕ।                                                                   ਇਹ ਜ਼ਮਾਨਾ ਯਾਰੋ ਕੈਸਾ ਆ ਗਿਆ,
ਤਰਸਦੇ ਮਾਤਾ-ਪਿਤਾ ਸਤਿਕਾਰ ਨੂੰ।
ਜ਼ੁਲਮਾਂ ਦੀ ਚੱਕੀ ਵਿੱਚ ਪਿਸਦੇ ਰਹਿਣੇ ਨੇ ਉਹ ਲੋਕ,
ਜੋ ਆਪਣੇ ਹੱਕਾਂ ਲਈ ਲੜਨਾ ਸਮਝ ਰਹੇ ਨੇ ਪਾਪ।
ਸ਼ਾਇਰ 'ਮਾਨ'ਸਰਲ ਤੇ ਛੋਟੀ ਬਹਿਰ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਸ਼ਬਦ ਚੋਣ ਵਿਸ਼ੇ ਅਤੇ ਵਿਧਾਨ ਦੇ ਅਨੁਕੂਲ ਕਰਦਾ ਹੈ। ਬਿਨਾਂ ਕਿਸੇ ਉਲਝਾਉ ਅਤੇ ਅਲੰਕਾਰਾਂ/ ਪ੍ਰਤੀਕਾਂ/ ਬਿੰਬਾਂ ਦੇ  ਬੋਝ ਦੇ, ਉਸ ਦੇ ਸ਼ਿਅਰ ਸਿੱਧਾ ਸਰਲ ਤੇ ਸਪੱਸ਼ਟ ਸੁਨੇਹਾ ਦੇ ਜਾਂਦੇ ਹਨ ਅਤੇ ਪਾਠਕ ਦਾ ਨਾ ਸਿਰਫ ਧਿਆਨ ਖਿੱਚਦੇ ਹਨ, ਸਗੋਂ ਉਸ ਨੂੰ ਸੋਚਣ ਲਈ ਮਜਬੂਰ ਵੀ ਕਰ ਜਾਂਦੇ ਹਨ।ਬੱਸ ਇਹੋ ਜਾਗਰੂਕਤਾ ਤੇ ਸੋਚਣ ਲਈ ਮਜਬੂਰ ਕਰਨਾ ਹੀ ਇਨ੍ਹਾਂ ਗ਼ਜ਼ਲਾਂ ਦੀ ਪ੍ਰਾਪਤੀ ਹੈ।ਸਾਰੀਆਂ ਗ਼ਜ਼ਲਾਂ ਵਿੱਚ ਇੱਕ ਸਕਾਰਾਤਮਕ ਸੋਚ ਦਾ ਸੰਚਾਰ ਹੋਇਆ ਹੈ।ਸ਼ਾਇਰੀ ਦੇ ਇਸ ਮਘਦੇ ਸੂਰਜ ਦਾ ਸੇਕ, ਜ਼ਿੰਦਗੀ ਦੀ ਸ਼ੀਤ ਨੂੰ ਖਤਮ ਕਰਨ ਵਿੱਚ ਕਾਮਯਾਬ ਹੈ।ਸ਼ਾਇਰ 'ਮਾਨ'ਦੇ ਹੀ ਇੱਕ ਹਾਸਿਲ ਸ਼ਿਅਰ ਨਾਲ ਮੈਂ ਉਸ ਨੂੰ ਮੁਬਾਰਕਬਾਦ ਭੇਂਟ ਕਰਦਾ ਹਾਂ :-
ਜੇ ਕਰ ਕੋਲ ਮੇਰੇ ਧਨ, ਦੌਲਤ ਨ੍ਹੀ ਤਾਂ ਕੀ ਹੋਇਆ,
ਗ਼ਜ਼ਲਾਂ ਰਾਹੀਂ ਆਪਣਾ ਨਾਂ ਰੌਸ਼ਨ ਕਰ ਜਾਵਾਂਗਾ।
ਡਾ: ਧਰਮ ਪਾਲ ਸਾਹਿਲ
ਪੰਚਵਟੀ, ਏਕਤਾ ਇਨਕਲੇਵ-2.
ਬੂਲਾਂ ਬਾੜੀ, ਹੁਸ਼ਿਆਰਪੁਰ।
ਫੋਨ 9876156964