
"ਸਚੋ ਸੱਚ " -ਰਣਜੀਤ ਕੌਰ ਗੁੱਡੀ ਤਰਨ ਤਾਰਨ
ਅੱਜ ਕੁਝ ਫੁੱਲ ਡਾਲੀ ਨਾਲੋਂ ਵੱਖ ਹੋਣਗੇ
ਆਪਣੇ ਆਪਣੇ ਨਸੀਬਾਂ ਦਾ ਲਿਖਿਆ ਢੋਣਗੇ
ਕੁਝ ਫੁੱਲ ਮਜ਼ਾਰ ਦਾ ਸ਼ਿੰਗਾਰ ਬਣਨਗੇ
ਕੁਝ ਫੁੱਲ ਗਲੇ ਦਾ ਹਾਰ ਬਣਨਗੇ
ਤੇ ਕੁਝ ਚਰਨਾਂ ਤੇ ਪ੍ਰਵਾਨ ਚੜ੍ਹਣਗੇ।
ਇਹ ਕਿੱਸੇ ਕੰਨੀ ਸੁਣੇ ਹਨ ਤੇ ਮੇਰੇ ਨੇੜੇ ਤੇੜੇ ਵਾਪਰੇ ਹਨ।
ਰਤਨ ਦੀ ਕਹਾਣੀ ਕਿਥੋਂ ਸ਼ੁਰੂ ਕਰਾਂ,ਨੈਣ ਭਰ ਆਏ.....
ਨਾਂ ਕਿਸੇ ਨੂੰ ਮੁਕੰਮਲ ਜਹਾਨ ਮਿਲਿਆ ਹੈ ਕਦੇ ਤੇ ਨਾਂ ਹੀ ਮੁਕੰਮਲ ਅਸਮਾਨ -ਕੋਈ ਨਾਂ ਕੋਈ ਕਮੀ ਰਹਿ ਹੀ ਜਾਂਦੀ ਹੈ ਜਾਂ ਸ਼ਾਇਦ ਮੁਕੰਮਲ ਹੋਣ ਦੀ ਜਦੋਜਹਿਦ ਹੀ ਜਾਨ ਤੇ ਜਹਾਨ ਹੈ।
ਉਹ ਮੁਸੱਵਰ ਦੇ ਤਸੁਵਰ ਵਰਗੀ ਸੀ ,ਜਿਉਂ ਰੱਬ ਨੂੰ ਵੀ ਵੇਖ ਰਸ਼ਕ ਆ ਗਿਆ ਹੋਵੇ ਤੇ ਉਹਨੇ ਰੰਗਾਂ ਵਿੱਚ ਸਾਹ ਭਰ ਦਿੱਤੇ ਹੋਣ।ਰੂਪਮਤੀ ਨੂੰ,ਸੱਭ ਕੁਝ ਦਿੱਤਾ ਸੀ ਉਪਰ ਵਾਲੇ ਨੇ ।ਉਹ ਆਮ ਨਾਲੋਂ ਵੱਖਰੀ ਸੀ ਹਰ ਪੱਖ ਤੋਂ।ਉਹ ਕਮੀ ਜੋ ਮਾਂ ਬਾਪ ਆਪਣੀ ਕਾਇਨਾਤ ਵਾਰ ਕੇ ਵੀ ਪੂਰੀ ਨਹੀਂ ਸਨ ਕਰ ਸਕਦੇ।ਰਤਨ ਦੀ ਮਾਂ ਇਸ ਨੂੰ ਆਪਣੀ ਪ੍ਰੀਖਿਆ ਸਮਝਦੀ।ਉਹ ਕਹਿੰਦੀ ਪਰਮਾਤਮਾ ਨੇ ਮੈਥੋਂ ਆਪਣਾ ਨਾਮ ਜਪਾਉਣਾ ਸੀ ਇਸ ਵਾਸਤੇ ਉਸਨੇ ਮੈਨੂੰ ਇਹ ਤੱਪ ਦਿੱਤਾ।"ਰੱਬ ਜੀ ਮੇੈਂ ਤੇਰੀ ਮਨਸ਼ਾ ਵਿੱਚ ਪੂਰੀ ਉਤਰਣ ਲਈ ਪੂਰੀ ਵਾਹ ਲਾ ਦਿਆਂਗੀ ,ਬੱਸ ਤੂੰ ਮੇਰੇ ਤੇ ਨਜ਼ਰ ਸਵੱਲੀ ਰੱਖੀ"।ਉਹ ਅਕਸਰ ਦੁਆ ਕਰਦੀ ਰਹਿੰਦੀ।
ਸਕੂਲ ਵਿੱਚ ਸੱਭ ਬਚਿਆਂ ਦੀ ਡਰੈੱਸ ਇਕੋ ਜਿਹੀ ਹੁੰਦੀ ਹੈ ,ਤੇ ਛੁੱਟੀ ਵੇਲੇ ਬੱਚੇ ਹੀ ਲੈਣ ਆਏ ਨੁੰ ਪਛਾਣਦੇ ਹਨ,ਨਹੀਂ ਤਾਂ ਸਾਰੇ ਆਪਣੇ ਹੀ ਦਿਸਦੇ ਹਨ।ਰਤਨ ਨੇ ਆਪਣੇ ਛੋਟੇ ਵੀਰ ਨੂੰ ਉਸਦੇ ਕਮਰੇ ਤੋਂ ਉਂਗਲੀ ਲਾ ਲੈਣਾ,ਤੇ ਆਪਣੀ ਵੈਨ ਵਿੱਚ ਬਠਾ ਕੇ ਘਰ ਲੈ ਆਉਣਾ।ਕੁਝ ਸਮੇਂ ਬਾਦ ਉਹਨਾਂ ਦੇ ਘਰ ਇਕ ਨ੍ਹੰਨੀ ਪਰੀ ਆ ਗਈ।
ਘਰ ਵਿੱਚ ਖੁਸ਼ੀਆਂ ਖੇੜੈ ਖਿੜ ਗਏ।ਰਤਨ ਦਾ ਰੁਝੇਵਾਂ ਹੋਰ ਵੱਧ ਗਿਆ।ਰਤਨ ਨੂੰ ਆਪਣੇ ਪ੍ਰਤੀ ਆਪਣੇ ਪਾਪਾ ਦਾ ਵਰਤਾਓ ਕਦੇ ਕਦੇ ਬਹੁਤ ਅਖਰਦਾ,ਮਾਂ ਨੂੰ ਵੀ ਮਹਿਸੂਸ ਹੋਣ ਲਗਾ ਕਿ ਉਹ ਰਤਨ ਨਾਲ ਵਿਤਕਰਾ ਕਰਦੈ।ਨਿਕੀ ਨਿਕੀ ਗਲ ਤੇ ਉਸਨੂੰ ਬਾਂਹ ਫੜ ਘਰੋਂ ਬਾਹਰ ਕੱਢ ਦੇਂਦਾ।ਮਾਂ ਬਹੁਤ ਪਿਆਰ ਕਰਦੀ ਤੇ ਰਤਨ ਨੂੰ ਸਮਝਾ ਲੈਂਦੀ ਕਿ ਤੇਰੇ ਡੈਡੀ ਦਾ ਆਫਿਸ ਵਿੱਚ ਕੋਈ ਗੰਭੀਰ ਮਸਲਾ ਚਲ ਰਿਹੈ,ਇਸ ਲਈ ਉਹ ਆਪਣੀ ਪਰੇਸ਼ਾਨੀ ਤੇਰੇ ਤੇ ਮੇਰੇ ਤੇ ਕੱਢ ਦੇਂਦੇ।ਮੰਮੀ ਹਹ ਰੋਜ਼ ਹੱਥ ਜੋੜ ਬੇਨਤੀਆਂ ਕਰਦੀ ਕਿ ਉਹ ਆਪਣਾ ਬੱਚਾ ਹੈ ਆਪਾਂ ਹੀ ਉਸਨੂੰ ਪੈਦਾ ਕੀਤਾ ਹੈ ਇਸ ਵਿੱਚ ਉਸਦਾ ਕੀ ਦੋਸ਼?ਪਰ ਡੈਡੀ ਤੇ ਬਜਿਦ ਸੀ ਕਿ ਮੈਂ ਇਸਨੂੰ ਘਰ ਨਹੀਂ ਰਹਿਣ ਦੇਣਾ ਇਸਨੂੰ ਇਸਦੀ ਦੁਨੀਆਂ ਵਿੱਚ ਭੇਜ ਦੇ।ਪਰ ਮੰਮੀ ਨਾਂ ਮੰਨਦੀ।ਉਹ ਕਹਿੰਦੀ ਇਹ ਪੜ੍ਹ ਕੇ ਆਪਣੇ ਸਿਰ ਪੈਰ ਹੋ ਜਾਵੇ ਤਾਂ ਫਿਰ ਘਲ ਦਿਆਂਗੇ,ਇੰਝ ਮੈਂ ਮੰਗਤਾ ਨਹੀਂ ਬਣਨ ਦਿਆਂਗੀ ਆਪਣੇ ਬੱਚੇ ਨੂੰ।
੍ਰਰਤਨ ਨੁੰ ਨੌਂਵੀ ਜਮਾਤ ਵਿੱਚ ਹੋਸਟਲ ਭੇਜਣ ਦੇ ਬਹਾਨੇ ਡੈਡੀ ਰਤਨ ਨੂੰ ਪੁਰਾਣੀ ਹਵੇਲੀ ਦੇ ਬਾਹਰ ਛੱਡ ਕੇ ਮੁੜ ਆਏ।ਸ਼ਾਮ ਹੋ ਗਈ ਰਾਤ ਹੋ ਗਈ।ਅਖਾੜੇ ਵਾਲੇ ਆਪਣਾ ਕਮਾ ਕੇ ਮੁੜੇ ਤੇ ਬੂਹੇ ਤੇ ਰਤਨ ਨੂੰ ਰੋਂਦਿਆਂ ਵੇਖ ਅੰਦਰ ਲੈ ਗਏ।ਸਕੂਲ਼ ਦਾ ਬਸਤਾ ਅਟੈਚੀ ਕੇਸ ਜੋ ਉਸਦੇ ਪਿਛੇ ਪਿਆ ਸੀ ਵੇਖ ਉਹਨਾਂ ਨੂੰ ਹੈਰਾਨੀ ਹੋਈ ਕਿ ਇਸ ਬੱਚੇ ਨਾਲ ਕੀ ਬੀਤੀ ਹੋਵੇਗੀ?ਸਾਰੇ ਜਣੇ ਬਾਰ ਬਾਰ ਪੁਛਣ ਲਗੇ ਕੌਣ ਹੈ ਕਿਥੋਂ ਹੈ ਕਿਉਂ ਹੋੋਇਆ ਕੇੈਸੇ ਹੋਇਆ ਇਹ ਸੱਭ,ਪਰ ਉਸ ਕੋਲੋਂ ਤੇ ਬੋਲਿਆ ਨਹੀਂ ਸੀ ਜਾ ਰਿਹਾ ਉਹਨੂੰ ਖੁਦ ਵੀ ਪਤਾ ਹੁੰਦਾ ਤਾਂ ਸ਼ਾਇਦ ਬੋਲ ਵੀ ਪੈਂਦਾ।ਉਹ ਲੋਕ ਵਾਰੀ ਵਾਰੀ ਬਾਹਰ ਜਾ ਕੇ ਵੇਖਦੇ ਸ਼ਾਇਦ ਕੋਈ ਇਹਨੂੰ ਲੈਣ ਆਇਆ ਹੋਵੇ।
ਉਹਨਾਂ ਨੇ ਉਸਨੂੰ ਗਲ ਨਾਲ ਲਾ ਲਿਆ ਰੋਟੀ ਖਵਾ ਆਪਣੇ ਕੋਲ ਸਵਾਇਆ,ਦਿਨ ਚੜ੍ਹੈ ਰਤਨ ਨੇ ਕਿਹਾ ਮੈਨੂੰ ਸਕੂਲ਼ ਛੱਡ ਆਓ।ਇਕ ਜਣਾ ਬੋਲੀ ਸਾਡੀ ਰੋਟੀ ਮਸਾਂ ਪੂਰੀ ਹੁੰਦੀ ਹੈ,ਤੇਰੀ ਪੜ੍ਹਾਈ ਦਾ ਖਰਚ ਕਿਵੇਂ ਦੇਈਏ,।ਉਹ ਸਾਰੇ ਦਿਨੇ ਆਪਣੇ ਕੰਮ ਤੇ ਨਿਕਲ ਜਾਂਦੇ ਤੇ ਰਾਤ ਘਰ ਆ ਕੇ ਰੱਜ ਕੇ ਖਾਂਦੇ, ਗੀਤ ਗਾਉਂਦੇ ਹੱਸਦੇ ਖੇਡਦੇ ਤੇ ਸੌਂ ਜਾਂਦੇ।ਅਵਾਜ਼ ਰਤਨ ਦੀ ਵੀ ਸੁਰੀਲੀ ਸੀ।ਇਕ ਦਿਨ ਉਹ ਸਾਰੀ ਟੋਲੀ ਮੰਦਿਰ ਗਈ, ਰਤਨਾ ਭਜਨ ਮੰਡਲੀ ਚ ਬੈਠ ਭਜਨ ਗਾਉਣ ਲਗੀ ਉਸਦੀ ਆਵਾਜ਼ ਤੇ ਸੰਗਤ ਨੱਚਣ ਝੁੂਮਣ ਲਗੀ। ਰਤਨਾ ਦਾ ਦਿਲ ਉਥੇ ਹੀ ਟਿਕ ਗਿਆ।ਮੰਦਿਰ ਕਮੇਟੀ ਨੇ ਉਸਨੂੰ ਕੁਟੀਆ ਦੇ ਦਿਤੀ ਤੇ ਉਸ ਪ੍ਰਾਈਵੇਟ ਪੜਾ੍ਹਈ ਕੀਤੀ,ਤੇ ਮੰਦਿਰ ਦੀ ਸ਼ਰਨ ਵਿਚਲੇ ਕਬੀਲੇ ਦੇ ਬਚਿਆਂ ਨੁੰ ਵੀ ਪੜ੍ਹਾਇਆ।ਗੁਰੂ ਨੇ ਉਸਨੂੰ ਆਪਣੀ ਧੀ ਬਣਾ ਲਿਆ ਸੀ ਉਹ ਕਈ ਵਾਰ ਲੈਣ ਆਏ ਪਰ ਉਹ ਨਾਂ ਗਈ ਤੇ ਆਖਿਰ ਗੁਰੂ ਨੇ ਉਥੇ ਨੇੜੇ ਹੀ ਦੋ ਕਮਰੇ ਦਾ ਘਰ ਬਣਾ ਲਿਆ।
ਰਤਨ ਤੋਂ ਰਤਨਾ ਕਿਵੇਂ ਬਣ ਗਈ,ਇਹ ਕੀ ਕਿੱਸਾ ਸੀ ਉਸਨੂੰ ਡੈੇਡੀ ਪਿਆਰ ਕਿਉਂ ਨਹੀਂ ਸੀ ਕਰਦੇ ? ਡੈਡੀ ਉਸਨੂੰ ਇੰਜ ਕਿਉਂ ਛੱਡ ਗਏ,ਉਸਨੂੰ ਮੰਮੀ ਲੈਣ ਕਿਉਂ ਨਹੀਂ ਆਈ,ਵੀਰਾ ਤੇ ਛੁਟਕੀ ਵੀ ਮਿਲਣ ਨਹੀਂ ਆਏ? ਉਹ ਘੰਟਿਆਂ ਬੱਧੀ ਇਹਨਾਂ ਸਵਾਲਾਂ ਦੇ ਜਵਾਬ ਉਹ ਲੱਭਦੀ ਰਹਿੰਦੀ।
ਇਧਰ ਰਤਨਾ ਦੀ ਮੰਮੀ ਸਦਮੇ ਵਿੱਚ ਰੱਬ ਕੋਲ ਚਲੀ ਗਈ ਤੇ ਦੋ ਮਹੀਨੇ ਬਾਦ ਉਸਦੇ ਡੈਡੀ ਨੂੰ ਐੇਸਾ ਝਟਕਾ ਲਗਾ ਕਿ ਉਹਨੂੰ ਅਧਰੰਗ ਹੋ ਗਿਆ।ਬੱਸ ਉਹ ਇਕ ਹੀ ਸ਼ਬਦ ਬੋਲ ਸਕਦਾ ਸੀ ਰਤਨ ਇਕ ਵਾਰ ਆ ਕੇ ਮੈਨੂੰ ਮਾਫ਼ ਕਰ ਦੇ!ਰਤਨਾ ਦਾ ਵੀਰ 'ਰਮਨ'ਉਹਨੂੰ ਤਲਾਸ਼ ਤਾਂ ਪਹਿਲੇ ਦਿਨ ਤੋਂ ਹੀ ਕਰ ਰਿਹਾ ਸੀ ਹੁਣ ਉਹ ਆਪਣੇ ਡੈਡੀ ਦੀ ਖਾਤਰ ਜਿਆਦਾ ਹੀ ਫਿਕਰ ਮੰਦ ਹੋ ਗਿਆ।ਰੋਜ਼ ਸ਼ਾਮ ਉਹ ਮੰਦਿਰ ਜਾ ਕੇ ਦੁਆ ਮੰਗਦਾ।ਇਕ ਦਿਨ ਉਸਨੇ ਰਤਨਾ ਨੂੰ ਬਚਿਆਂ ਨੂੰ ਪੜ੍ਹਾਉਂਦੇ ਦੇਖਿਆ ਤੇ ਉਹ ਵੀ ਉਥੇ ਹੀ ਬੈਠ ਗਿਆ।ਰਤਨਾ ਪੜ੍ਹਾਈ ਦੇ ਨਾਲ ਅਧਿਆਤਮਕ ਉਪਦੇਸ਼ ਦੇ ਰਹੀ ਸੀ।ਰਮਨ ਰੋਜ਼ ਦਫ਼ਤਰ ਤੋਂ ਸਿੱਧਾ ਰਤਨਾ ਦੇ ਕਮਰੇ ਤੇ ਜਾਣ ਲਗਾ।ਰਤਨਾ ਰੋਜ਼ ਮਨ੍ਹਾ ਕਰਦੀ ਕਿ "ਬਾਊ ਤੂੰ ਇਥੇ ਨਾਂ ਬੈਠਿਆ ਕਰ,ਕੋਈ ਇਤਰਾਜ਼ ਕਰੇਗਾ"।ਰਮਨ ਨੇ ਉਸਨੂੰ ਪੁਛਿਆ'ਤੈਨੂੰ ਈਸ਼ਵਰ ਦਾ ਵੈਰਾਗ ਇੰਨੀ ਛੋਟੀ ਉਮਰੇ ਕਿਵੇਂ ਲਗਾ?ਤੇਰੇ ਮਾਂ ਬਾਪ ਕਿਥੇ ਹਨ? ੍ਰਰਤਨਾ ਕਹਿੰਦੀ ਮੇਰਾ ਸੱਭ ਕੁਝ ਈਸਵਰ ਹੀ ਹੈ।ਰਮਨ ਨੂੰ ਉਤੇਜਨਾ ਹੋ ਗਈ ਕਿ ਉਹ ਇਹਦੇ ਬਾਰੇ ਜਾਣ ਕੇ ਰਹੇਗਾ।
ਇਕ ਦਿਨ ਗੁਰੂ ਨੇ ਰਮਨ ਨੂੰ ਸਾਫ਼ ਕਹਿ ਦਿੱਤਾ ਕਿ ਉਹ ਇਥੇ ਨਾਂ ਆਇਆ ਕਰੇ ਇਹ ਬਾਊ ਜਿਹੇ ਲੋਕਾਂ ਦੇ ਸਨਮਾਨ ਦੀ ਜਗਾਹ ਨਹੀਂ ਹੈ।ਪਰ ਰਮਨ ਤਾਂ ਖੋਜਾਰਥੀ ਸੀ,ਪਹਿਲਾਂ ਤਾਂ ਰਤਨਾ ਕੁਝ ਵੀ ਆਪਣੇ ਬਾਰੇ ਦਸਣਾ ਨਹੀਂ ਚਾਹੁੰਦੀ ਸੀ ਪਰ ਇਕ ਸ਼ਾਮ ਰਮਨ ਨੇ ਰੋ ਰੋ ਕੇ ਦਸਿਆ ਕਿ ਉਹ ਆਪਣੇ ਗਵਾਚੇ ਰਤਨ ਨੂੰ ਲੱਭ ਰਹਾ ਹੈ,ਉਸਦੇ ਡੈਡੀ ਦੇ ਸਾਹ ਸਿਰਫ਼ ਉਹਨੂੰ ਵੇਖਣ ਲਈ ਅਟਕੇ ਹੋਏ ਹਨ'। ਰਤਨਾ ਨੂੰ ਤਰਸ ਆਗਿਆ ਤੇ ਉਸ ਆਪਣੀ ਕਹਾਣੀ ਕਹਿ ਦਿੱਤੀ।ਖੁੂਨ ਬੋਲ ਪਿਆ ਸੀ ਦੋਵੇਂ ਗਲ ਲਗ ਕੇ ਜੀਅ ਭਰ ਰੋਏ।ਤੇ ਰਮਨ ਡਾਢਾ ਖੂਸ਼ ਸੀ ਕਿ ਡੈਡੀ ਠੀਕ ਹੋ ਜਾਣਗੇ।ਉਸਨੇ ਰਤਨਾ ਨੂੰ ਅਗਲੀ ਸ਼ਾਮ ਘਰ ਲੈ ਜਾਣ ਲਈ ਸ਼ਰਤ ਕੀਤੀ ਤੇ ਘਰ ਦੌੜ ਕੇ ਜਾਕੇ ਡੈਡੀ ਨੂੰ ਸੱਭ ਕੁਝ ਦਸ ਦਿੱਤਾ।ਸ਼ਾਇਦ ਡੈਡੀ ਰਤਨਾ ਦਾ ਸਾਹਮਣਾ ਕਰਨ ਤੋਂ ਝਿਜਕਦੇ ਸਨ ਇਸ ਲਈ ਉਹ ਸੁੱਤੇ ਹੀ ਸੌਂ ਗਏ।ਰਮਨ ਉਹਨਾਂ ਦੇ ਦਾਹ ਸਸਕਾਰ ਦੇ ਰੁਝੇਵੈਂ ਕਾਰਨ ਕਈ ਦਿਨ ਰਤਨਾ ਕੋਲ ਨਾ ਜਾ ਸਕਿਆ।ਤੇ ਰਤਨਾ ਸਮਝਿਆ,ਵੀਰ ਧੋਖਾ ਦੇ ਗਿਆ।ਉਹ ਫਿਰ ਆਪਣੀ ਕਿਸਮਤ ਨੂੰ ਕੋਸਣ ਲਗੀ।ਉਸਦੇ ਟੋਲੀ ਵਾਲਿਆਂ ਨੇ ਉਸਨੂੰ ਦਿਲਾਸਾ ਦਿਤਾ -ਇਹ ਸਮਾਜ ਸਾਨੂੰ ਆਪਣੇ ਦਿਲਾਂ ਵਿੱਚ ਥਾਂ ਨਹੀਂ ਦੇਂਦਾ,ਰੱਬ ਦੀ ਬੇਨਿਆਂਈ ਹੈ।
ਸੱਤ ਦਿਨਾਂ ਬਾਦ ਰਮਨ ਨੇ ਰਤਨਾ ਦੇ ਗਲ ਲਗ ਸਾਰੀ ਹਾਲਾਤ ਤੋਂ ਜਾਣੂ ਕਰਾਇਆ ਤੇ ਦੋਨੋਂ ਰੱਜ ਕੇ ਰੋਏ,ਸਾਰੀ ਟੋਲੀ ਦਾ ਰੋਣਾ ਥਮ੍ਹਿਆ ਨਹੀਂ ਸੀ ਜਾ ਰਿਹਾ।
ਚਲ ਰਤਨਾ ਘਰ ਚਲੀਏ,ਛੁਟਕੀ ਬਹੁਤ ਉਦਾਸ ਹੈ,ਹੁਣ ਤੂੰ ਹੀ ਸਾਡੀ ਮੰਮੀ,ਤੂੰ ਹੀ ਸਾਡਾ ਡੈਡੀ ਹੈਂ।ਟੋਲੀ ਵਾਲੇ ਉਦਾਸ ਹੋ ਗਏ,ਪਰ ਰਤਨਾ ਤੇ ਆਪਣੀ ਛੁਟਕੀ ਨੂੰ ਵੇਖਣ ਤੇ ਆਪਣੇ ਘਰ ਜਾਣ ਨੂੰ ਲੋਚਦੀ ਸੀ,ਉਸ ਟੋਲੀ ਤੋਂ ਅਲਵਿਦਾ ਮੰਗੀ,ਭਰੇ ਮਨ ਨਾਲ ਟੋਲੀ ਨੇ ਰਤਨਾ ਨੂੰ ਵਿਦਾਇਗੀ ਦਿੱਤੀ,ਗੁਰੂ ਨੇ ਕਿਹਾ," ਸਬਰ ਕਰੋ ਧੀਆਂ ਨੇ ਤੇ ਇਕ ਦਿਨ ਜਾਣਾ ਹੀ ਹੁੰਦਾ ਹੈ,ਅੱਜ ਸਾਡੀ ਧੀ ਵੀ ਬੇਗਾਨੀ ਹੋ ਗਈ"।
ਰਤਨਾ ਵਾਰੀ ਵਾਰੀ ਸੱਭ ਦੇ ਗਲੇ ਲਗ ਮਿਲੀ,ਤੇ ਤੁਰਨ ਵੇਲੇ ਵਚਨ ਕੀਤਾ ਕਿ ਉਹ ਉਹਨਾਂ ਨੁੰ ਮਿਲਣ ਗਾਹੇ ਬਗਾਹੇ ਆਉਂਦੀ ਰਹੇਗੀ।ਗੁਰੂ ਨੇ ਆਪਣੇ ਦਿਲ ਤੇ ਪੱਥਰ ਰੱਖ ਕੇ ਰਤਨਾ ਦੇ ਸਿਰ ਤੇ ਹੱਥ ਰੱਖ ਕਿਹਾ,'ਜਾ ਧੀਏ ਤੇ ਮੁੜ ਇਧਰ ਨੁੰ ਮੁੂੰਹ ਨਾਂ ਕਰੀਂ ਤੇ ਨਾਂ ਕਦੇ ਸਾਨੂੰ ਯਾਦ ਕਰੀਂ"।
2 ਹਰਸ਼ ਸਿੰਘ ਹਿਮਾਚਲ ਦਾ ਰਹਿਣ ਵਾਲਾ ਸੀ,ਪਰ ਸ਼ੁਰੂ ਤੋਂ ਹੀ ਪੰਜਾਬ ਵਿੱਚ 'ਗਾਂਧੀ ਖੱਦਰ ਭੰਡਾਰ ਤੇ ਤੈਨਾਤ ਸੀ।ਉਸਦਾ ਸਾਡੇ ਘਰ ਚੋਖਾ ਆਉਣਾ ਜਾਣਾ ਸੀ ਉਸਦਾ ਲੋਕ ਨਾਮ ਬਾਊ ਸੀ। ਇਕ ਬੇਟੀ ''ਕੁਸਮ' ਪੰਝ ਸਾਲ ਦੀ ਸਾਡੇ ਘਰ ਹੀ ਦਿਨ ਗੁਜਾਰਦੀ ਰਾਤ ਅਪਨੇ ਘਰ ਚਲੀ ਜਾਂਦੀ।ਅਚਾਨਕ ਉਸਦੀ ਮੰਮੀ ਦੁਨੀਆਂ ਛੱਡ ਗਈ,ਉਹ ਵਿਚਾਰੀ ਬੱਚੀ ਬਹੁਤ ਇਕੱਲੀ ਪੈ ਗਈ।ਕੁਝ ਚਿਰ ਬਾਦ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਹਰਸ਼ ਨੂੰ ਆਖਣ ਲਗੇ ਵਿਆਹ ਕਰਾ ਲੈ,ਕੁੜੀ ਦੀ ਰਾਖੀ ਵੀ ਜਰੂਰੀ ਹੈ"। ਤੇ ਏਦਾਂ ਪਤਾ ਨਹੀਂ ਕਿਵੇਂ ਹੋਇਆ,ਉਸਨੇ ਉਹਦੇ ਨਾਲ ਵਿਆਹ ਰਚਾ ਲਿਆ,ਮਾਂ ਬਾਪ ਨੇ ਉਹਦੇ ਨਾਲ ਬੋਲਣਾ,ਵਰਤਣਾ ਬੰਦ ਕਰ ਦਿੱਤਾ।ਪਰ ਉਹ ਤਸੱਲੀ ਵਿੱਚ ਸੀ ਕਿ ਇਸਦੇ ਆਪਣਾ ਬੱਚਾ ਨਹੀਂ ਹੋਵੇਗਾ ਇਹ ਮੇਰੀ ਬੇਟੀ ਨੂੰ ਬਹੁਤ ਪਿਆਰ ਕਰੇਗੀ।ਹੋਇਆ ਵੀ ਇਸ ਤਰਾਂ,ਉਹ ਆਪਣੇ ਸਟਾਇਲ ਦੇ ਸ਼ੋਖ ਵਸਤਰ ਪਹਿਨਦੀ ,ਮਰਦਾਨਾ ਭਾਰੀ ਆਵਾਜ਼,ਸੱਭ ਕੁਝ ਨਿਵੇਕਲਾ ਸੀ ਬੱਸ ਉਹਦੇ ਅੰਦਰ ਇਕ ਪਿਆਰ ਕਰਨ ਵਾਲੀ ਮਾਂ ਤੇ ਘਰ ਵਸਾਉਣ ਵਾਲੀ ਤੀਵੀ ਬਹੁਤ ਤੀਬਰ ਸੀ।ਬਾਊ ਦੇ ਕਿਰਾਏ ਦੇ ਮਕਾਨ ਨੂੰ ਉਸ ਘਰ ਬਣਾ ਲਿਆ ਕੁੜੀ ਨੂੰ ਪਿਆਰੀ ਬੇਟੀ,ਉਹ ਬੇਟੀ ਨੂੰ ਆਪ ਸਕੂਲ ਛੱਡ ਲੈ ਆਉਂਦੀ।ਉਸਦਾ ਬਹੁਤ ਧਿਆਨ ਰੱਖਦੀ।ਸ਼ੁਰੂ ਸ਼ੁਰੂ ਵਿੱਚ ਓਸੀ ਪੜੋਸੀ ਉਂਗਲਾਂ ਕਰਦੇ ਕਿ ਇਹ ਘਰ ਕਿਵੇਂ ਵਸਾਏੇਗੀ ਬਾਊ ਨੂੰ ਨੰਗ ਕਰਕੇ ਆਪਣੇ ਟੋਲੇ ਵਿੱਚ ਮੁੜ ਜਾਏਗੀ।ਪਰ ਉਹਨੂੰ ਤੇ ਰੱਬ ਨੇ ਜਿਵੇਂ ਬਣਾਇਆ ਹੀ ਬਾਊ ਲਈ ਸੀ।ਉਹਦਾ ਚਿਤਰ ਤੇ ਚਰਿਤਰ ਦੋਨੋ ਲਾਇਕ ਸਨ।ਉਹ ਪੂਰੀ ਮਤ੍ਰੇਈ ਮਾਂ ਨਾਲੋਂ ਅਧੂਰੀ ਸਗੀ ਮਾਂ ਸਾਬਤ ਹੋਈ।ਤੇ ਫਿਰ ਸਾਰੇ ਰਿਸ਼ਤੇਦਾਰ ਮਾਂ ਬਾਪ ਉਹਨਾਂ ਨਾਲ ਮਿਲਣ ਵਰਤਣ ਲਗੇ।
3-- ਮੁਹੱਲੇ ਵਿੱਚ ਵਿਆਹ ਸੀ ਮੇਰੇ ਮਾਸੀ ਜੀ ਮੈਨੂੰ ਵਿਆਹ ਵਾਲੇ ਘਰ ਲੇਡੀ ਸੰਗੀਤ ਤੇ ਲੈ ਗਏ।ਅੋਰਤਾਂ ਨੇ ਕਮਾਲ ਦਾ ਰੰਗ ਪੇਸ਼ ਕੀਤਾ।ਲਾੜੇ ਦੀ ਮਾਸੀ ਬੜੀ ਲੰਬੀ ਉਚੀ ਜਵਾਨ ਰਿਸਟ ਪੁਸ਼ਟ ਜੋ ਦਿਲੀ ਤੋਂ ਆਈ ਸੀ,ਅੰਤਾਂ ਦੀ ਸੋਹਣੀ ,ਉਸਦੀ ਅਵਾਜ਼ ਵਿੱਚ ਵਿੱਚ ਸੱਤੇ ਸੁਰਾਂ ਭਰੀਆਂ।ਪਤਾ ਨਹੀਂ ਕਿਉਂ ਉਹਨੇ ਮੈਨੂੰ ਬਹੁਤ ਪਿਆਰ ਕੀਤਾ ਜਿਵੇਂ ਸਦੀਆਂ ਤੋਂ ਜਾਣਦੀ ਹੋਵੇ ਤੇ ਮੈਂ ਵੀ ਭੁੱਖੀ ਸੀ ਮੁਹੱਬਤਾਂ ਦੀ,-'ਲੱਵ ਅੇਟ ਫਸਟ ਸਾਈਟ"। ਅਗਲੇ ਦਿਨ ਉਹ ਬਰਾਤ ਨਾਲ ਵੀ ਮੈਨੂੰ ਨਾਲ ਲੈ ਗਈ ,ਨੱਚਦੇ ਟਪਦੇ ਖਾਂਦੇ ਪੀਂਦੇ ਮੇਰਾ ਹੱਥ ਫੜੀ ਰੱਖਿਆ।ਮਾਸੀ ਜੀ ਨੇ ਦਸਿਆ ਕਿ ਇਸਨੂੰ ਕੈਂਸਰ ਹੈ ਇਸਦੀ ਉਮਰ ਥੋੜੀ ਬਾਕੀ ਹੈ ਇਸੇ ਲਈ ਇਹਨੇ ਵਿਆਹ ਨਹੀ ਕੀਤਾ।ਦਿਲੀ ਨੌਕਰੀ ਕਰਦੀ ਹੈ।ਉਹ ਮੇਰੀ ਛੋਟੀ ਮਾਸੀ ਹੀ ਤੇ ਬਣ ਗਈ ਸੀ,ਜਿੰਨੇ ਦਿਨ ਉਹ ਭੈੇਣ ਦੇ ਘਰ ਰਹੀ,ਦਿਨੇ ਮੈਨੂੰ ਆਪਣੇ ਕੋਲ ਰੱਖਦੀ, ਜਿਸ ਦਿਨ ਉਸ ਦਿੱਲੀ ਮੁੜਨਾ ਸੀ ਉਹ ਜਾਣ ਵੇਲੇ ਮੈਨੂੰ ਮਿਲਣਾ ਤਾਂ ਕੀ ਦਸਿਆ ਵੀ ਨਾਂ।ਵੱਡੀ ਮਾਸੀ ਨੇ ਦਸਿਆ,ਉਹ ਰੋ ਕੇ ਮੈਨੂੰ ਉਦਾਸ ਕਰਨਾ ਨਹੀਂ ਚਾਹੁੰਦੀ ਸੀ ,ਸਾਡੇ ਦੁਬਾਰਾ ਮਿਲਣ ਦੀ ਸੰਭਾਵਨਾ ਜੋ ਨਹੀਂ ਸੀ।ਕਈ ਸਾਲ ਬਾਦ ਮੈਂ ਮਾਸੀ ਕੋਲ ਗਈ ਤਾਂ ਉਹਨਾ ਦਸਿਆ ਕਿ ਤੇਰੀ ਮਤ੍ਰੇਈ ਮਾਸੀ ਨੇ ਵਿਆਹ ਕਰ ਲਿਆ ਸੀ।ਇਕ ਸਖ਼ਸ਼ ਦੇ ਤਿੰਨ ਬੱਚੇ ਤੇ ਬੀਵੀ ਦੀ ਮੌਤ ਹੋ ਗਈ ਸੀ ਉਸ ਅਖਬਾਰ ਵਿੱਚ ਦਿੱਤਾ ਕਿ" ਤਿੰਨ ਨਿਕੇ ਬੱਚਿਆਂ ਨੂੰ ਮਾਂ ਦੀ ਲੋੜ ਹੈ"।ਇਸਨੇ ਸਪੰਰਕ ਕੀਤਾ,ਤੇ ਸੱਭ ਨੇ ਮਿਲ ਕੇ ਵਿਆਹ ਕਰ ਦਿੱਤਾ।ਉਸਨੂੰ ਕੈਂਸਰ ਨਹੀਂ ਸੀ,ਉਹ ਤੇ ਨਾਂਮੁਕੰਮਲ ਮੁਜਸਮਾ ਸੀ,ਜੋ ਸਗੀ ਮਾਂ ਨਾਲੋਂ ਵੀ ਬਿਹਤਰ ਮਾਂ ਬਣੀ।
.,.,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
" ਹਮ ਹਾਦਸੋਂ ਕੀ ਹੀ ਰਾਹੋਂ ਮੇਂ
ਘਾਸ ਕੀ ਮਾਨਿਦ ਬਿਛੇੈ ਹੂਏ ਹੈਂ
ਅੋਰ ਬਰਬਾਦੀ ਸੇ ਸਰ ਉਠਾਨੇ ਕੀ
ਹਮੇਂ ਜਰਾ ਭੀ ਫੁਰਸਤ ਨਹੀਂ"======
ਰਣਜੀਤ ਕੌਰ ਗੁੱਡੀ ਤਰਨ ਤਾਰਨ
.,.,.,.,.,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,