ਸੀਸ਼ੇ ਦੇ ਚਮਕਦੇ ਸੋਅ ਕੇਸਾਂ ਵਿਚ ਤਿਉਹਾਰਾਂ ਤੇ ਵੇਚਿਆ ਜਾਂਦਾ ਮਿੱਠਾ ਜ਼ਹਿਰ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਕੁਝ ਦਹਾਕੇ ਪਹਿਲਾ ਦੀ ਗੱਲ ਹੈ ਕਿ ਤਿਉਹਾਰਾਂ ਦਾ ਇੰਤਜ਼ਾਰ ਬੜੀ ਬੇਸ਼ਬਰੀ ਨਾਲ ਕੀਤਾ ਜਾਂਦਾ ਸੀ। ਜਦ ਤਿਉਹਾਰ ਵਿੱਚ ਚਾਰ-ਪੰਜ ਦਿਨ ਰਹਿ ਜਾਂਦੇ ਤਾਂ ਪਿਤਾ ਨਾਲ ਸ਼ਹਿਰ ਜਾਣ ਦਾ ਚਾਅ ਵੀ ਵੱਖਰਾ ਹੁੰਦਾ ਸੀ,ਕਿਉਂਕਿ ਉਸ ਸਮੇਂ ਜੁਵਾਕਾਂ ਨੂੰ ਸ਼ਹਿਰ ਜਾਣ ਦਾ ਮੌਕਾ ਤਿੱਥ-ਤਿਉਹਾਰਾਂ ਤੇ ਹੀ ਮਿਲਦਾ ਸੀ। ਫਿਰ ਸ਼ਹਿਰ ਜਾ ਕੇ ਹੋਟਲ ਤੇ ਚਾਹ ਨਾਲ ਮਠਿਆਈ ਖਾ ਕੇ ਦਿਲ ਬੜਾ ਖੁਸ਼ ਹੁੰਦਾ ਸੀ ਪਰ ਹੁਣ ਨਾ ਤਾਂ ਕਿਸੇ ਬੱਚੇ ਨੂੰ ਤਿਉਹਾਰ ਦਾ ਸ਼ੌਂਕ ਹੈ ਅਤੇ ਨਾ ਹੀ ਆਪਣੇ ਪਿਤਾ ਨਾਲ ਸ਼ਹਿਰ ਜਾ ਕੇ ਨਵੇਂ ਨਵੇਂ ਪਕਵਾਨ ਖਾਣ ਦਾ। ਬੱਸ ਹੁਣ ਤਾਂ ਤਿਉਹਾਰਾਂ ਮੌਕੇ ਬੱਚਿਆਂ ਨੂੰ ਨਵੇਂ ਮੋਬਾਇਲ ਜਾਂ ਫਿਰ ਹੋਰ ਵੱਡੇ ਵੱਡੇ ਤੋਹਫੇ ਦੇਣ ਦਾ ਰਿਵਾਜ਼ ਹੀ ਚੱਲ ਪਿਆ ਹੈ। ਕੋਈ ਵਕਤ ਸੀ ਜਦੋਂ ਤਿਹਾਉਰਾਂ ਦੇ ਨੇੜੇ ਆਉਦਿਆਂ ਹੀ ਤਰਾਂ-ਤਰਾਂ ਦੀਆਂ ਮਠਿਆਈਆਂ ਤੇ ਹੋਰ ਪਕਵਾਨ ਖਾਣ ਨੂੰ ਮਨ ਲਲਚਾ ਜਾਂਦਾ ਸੀ। ਘਰਾਂ ਵਿੱਚ ਸੁਆਣੀਆਂ ਬੱਚਿਆਂ ਤੇ ਹੋਰ ਪਰਿਵਾਰਿਕ ਮੈਂਬਰਾਂ ਦੀਆਂ ਲੋੜਾਂ ਅਨੁਸਾਰ ਕਈ ਕਿਸ਼ਮ ਦੇ ਦੁੱਧ,ਬਾਜ਼ਰੇ,ਮੱਕੀ ਆਦਿ ਦੇ ਖਾਣ ਪਦਾਰਥ ਤਿਆਰ ਕਰ ਲੈਂਦੀਆਂ ਸਨ ਜੋ ਸਵਾਦ ਅਤੇ ਪੌਸ਼ਟਿਕਤਾ ਦੇ ਪੱਖ ਤੋਂ ਉਤਮ ਦਰਜੇ ਦੇ ਹੁੰਦੇ ਸਨ। ਘਰਾਂ ਚ ਬਣਦੀ ਖੀਰ,ਮਾਲ ਪੂੜੇ, ਕੜਾਹ,ਲੋਹੜੀ ਵੇਲੇ ਮੱਕੀ ਬਾਜਰੇ,ਕਣਕ ਦੇ ਭੂਤ ਪਿੰਨੇ ਯਾਦ ਕਰਕੇ ਅੱਜ ਵੀ ਮੂੰਹ ਸੁਆਦ ਨਾਲ ਭਰ ਜਾਂਦਾ ਹੈ ਅਤੇ ਰੂਹ ਤ੍ਰਿਪਤ ਹੋ ਜਾਂਦੀ ਹੈ ਪਰ ਅੱਜਕੱਲ ਦੀ ਨੌਜਵਾਨਾਂ ਪੀੜੀ ਨੇ ਹੋ ਸਕਦਾ ਇੰਨ੍ਹਾਂ ਸੁਆਦਲੇ ਤੇ ਗੁਣ ਭਰਪੂਰ ਪਦਾਰਥਾਂ ਦੇ ਨਾਅ ਹੀ ਨਹੀਂ ਸੁਣੇ ਹੋਣਗੇ, ਇਨ੍ਹਾਂ ਦਾ ਸੁਆਦ ਚੱਖਣਾ ਤਾਂ ਦੂਰ ਦੀ ਗੱਲ ਹੈ। ਹੋਰ ਤਾਂ ਹੋਰ ਉਸ ਸਮੇਂ ਬਜ਼ਾਰਾਂ ਵਿੱਚ ਵਿਕਣ ਵਾਲੀਆਂ ਮਠਿਆਈਆਂ ਵੀ ਅੱਜ ਜਿੰਨੀਆਂ ਮਿਲਾਵਟੀ ਨਹੀਂ ਸੀ ਹੁੰਦੀਆਂ। ਉਸ ਸਮੇਂ ਮਨੁੱਖੀ ਸਰੀਰ ਨਾਲ ਧੋਖਾ ਕਰਨ ਤੋਂ ਲੋਕ ਰੱਬ ਦਾ ਖੌਫ ਖਾਂਦੇ ਸਨ, ਪ੍ਰੰਤੂ ਬਦਲੇ ਸਮੇਂ ਤੇ ਪੈਸ਼ਾ ਪ੍ਰਾਪਤੀ ਦੀ ਦੌੜ ਵਿੱਚ ਲੱਗਿਆ ਮਨੁੱਖ ਸਾਰੀਆਂ ਨੈਤਿਕ ਤੇ ਸਦਾਚਾਰਕ ਕਦਰਾਂ-ਕੀਮਤਾਂ ਨੂੰ ਭੁੱਲ ਕੇ ਰਾਤੋ-ਰਾਤ ਅਮੀਰ ਹੋਣ ਦੇ ਚੱਕਰਾਂ ਵਿੱਚ ਪੈ ਗਿਆ ਹੈ ਅਤੇ ਪੈਸ਼ਾ ਕਮਾਉਣ ਦੀ ਅੰਨੀ ਦੌੜ ਨੇ ਸਮਾਜਿਕ ਰਿਸਤਿਆਂ ਨੂੰ ਤਹਿਸ਼-ਨਹਿਸ਼ ਕਰਕੇ ਰੱਖ ਦਿੱਤਾ ਹੈ । ਮਿਲਾਵਟਖੋਰੀ ਰਾਹੀ ਧਨ ਇੱਕਠਾ ਕਰਨ ਦੀ ਦੌੜ ਨੇ ਖਾਣ-ਪੀਣ ਦੀਆਂ ਵਸਤਾਂ ਅੰਦਰ ਮਿਲਾਵਟ ਦੇ ਰੁਝਾਨ ਨੂੰ ਹੋਰ ਵਧਾਇਆ ਹੈ। ਅਜਿਹੇ ਗੈਰ-ਮਨੁੱਖੀ ਵਰਤਾਰੇ ਨੇ ਤਿਉਹਾਰਾਂ ਦੀਆਂ ਖੁਸ਼ੀਆਂ ਦੇ ਰੰਗ ਬਦਰੰਗ ਕਰਕੇ ਰੱਖ ਦਿੱਤੇ ਹਨ,ਕਿਉਂਕਿ ਅੱਜਕੱਲ ਬਜ਼ਾਰਾਂ 'ਚ ਸ਼ੀਸਿਆਂ ਵਿੱਚ ਸਜੀਆਂ ਪਈਆਂ ਮਠਿਆਈਆਂ ਦੀ  ਤਿਆਰ ਹੋਣ ਵਾਲੀਆਂ ਅਸਲੀਅਤ ਜਾਣ ਲਈਏ ਤਾਂ ਪੜ-ਸੁਣ ਕੇ ਰੌਂਗਟੇ ਖੜੇ ਹੁੰਦੇ ਹਨ। ਕਿ ਕਿਵੇਂ ਕੁਝ ਲੋਕ ਆਪਣੇ ਸੌੜੇ ਨਿੱਜੀ ਮੁਫਾਦ ਲਈ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰਨ ਲੱਗੇ ਭੋਰਾ ਵੀ ਸ਼ਰਮ ਮਹਿਸੂਸ ਹੀ ਨਹੀਂ ਕਰਦੇ। ਦਿਵਾਲੀ ਮੌਕੇ ਮਠਿਆਈਆਂ ਦੀ ਵਧੀ ਮੰਗ ਨਕਲੀ ਦੁੱਧ, ਖੋਆ,ਪਨੀਰ,ਘਿਓ ਆਦਿ ਨਾਲ ਪੂਰੀ ਕੀਤੀ ਜਾਂਦੀ ਹੈ। ਜ਼ਹਿਰੀਲੇ ਅਤੇ ਨਾ-ਖਾਣਯੋਗ ਤੱਤਾਂ ਨਾਲ ਤਿਆਰ ਕੀਤੇ ਜਾਂਦੇ ਨਕਲੀ ਦੁੱਧ ਨੂੰ ਤੇਜ਼ਾਬ ਪਾ ਕੇ ਪਾੜਿਆ ਜਾਂਦਾ ਹੈ। ਜਿਸ ਨਾਲ ਗੁਲਾਬ ਜਾਮਣ,ਰਸਗੁਲੇ,ਕਲਾਕੰਦ,ਬਰਫੀ ਆਦਿ  ਤਿਆਰ ਕੀਤੀ ਜਾਂਦੀ ਹੈ। ਇਹੋ ਜਿਹੀਆਂ ਮਠਿਆਈਆਂ ਖਾਣ ਨਾਲ ਗਲੇ ਦੇ ਕੈਂਸਰ ਅਤੇ ਪੇਟ ਦੇ ਰੋਗ ਮਨੁੱਖ ਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਂਦੇ ਹਨ। ਧਨ ਕਮਾਉਣ ਦੇ ਲਾਲਚੀ ਲੋਕਾਂ ਵੱਲੋਂ ਗਾਹਕਾਂ ਦੇ ਅੱਖੀ ਘੱਟਾ ਪਾਉਣ ਲਈ ਅਜਿਹੀ ਮਠਿਆਈ ਨੂੰ ਸ਼ੀਸੇ ਦੇ ਚਮਕਦੇ ਸ਼ੋਅ-ਕੇਸਾਂ ਵਿੱਚ ਸਜਾ ਕੇ ਰੱਖਿਆ ਜਾਂਦਾ ਹੈ। ਮਠਿਆਈਆਂ ਵਿੱਚ ਵਰਤੇ ਜਾਂਦੇ ਰੰਗ ਅਤੇ ਚਾਂਦੀ ਰੰਗੇ ਵਰਕ ਵੀ ਖਾਣ ਯੋਗ ਨਹੀਂ ਹੁੰਦੇ। ਦਿਵਾਲੀ ਮੌਕੇ ਹੀ ਉਬਲੇ ਹੋਏ ਘਟੀਆ ਦਰਜੇ ਦੇ ਆਲੂਆਂ ਦੀ ਵਰਤੋ ਨਾਲ ਰਸਗੁਲੇ,ਗੁਲਾਬ ਜਾਮਣ,ਬਰਫੀ ਆਦਿ ਤਿਆਰ ਕੀਤੀ ਜਾਂਦੀ ਹੈ। ਜੋ ਦਿਵਾਲੀ ਦੇ ਦਿਨਾਂ ਦੌਰਾਨ ਬਜਾਰਾਂ ਵਿੱਚ ਉੱਚੀ-ਉੱਚੀ ਅਵਾਜ਼ਾਂ ਦੇ ਕੇ ਵੇਚ ਦਿੱਤੀ ਜਾਂਦੀ ਹੈ। ਜੇਕਰ ਅਜਿਹੀ ਮਠਿਆਈ 48 ਘੰਟੇ ਪਈ ਰਹੇ ਤਾਂ ਇਸ ਨੂੰ ਕੁਦਰਤੀ ਰੂਪ ਵਿੱਚ ਉੱਲੀ ਲੱਗ ਜਾਂਦੀ ਹੈ,ਪਰ ਸ਼ਾਤਰ ਦਿਮਾਗ ਲੋਕ ਇਸ ਨੂੰ ਉੱਲੀ ਲੱਗਣ ਤੋਂ ਪਹਿਲਾ ਹੀ ਲੋਕਾਂ ਦੇ ਪੇਟ ਵਿੱਚ ਪਾ ਕੇ ਆਪਣੀਆਂ ਜੇਬਾਂ ਭਰ ਲੈਂਦੇ ਹਨ। ਇਸ ਕਰਕੇ ਹੀ ਮਾਹਿਰ ਡਾਕਟਰ ਲੋਕਾਂ ਨੂੰ ਤਿਉਹਾਰਾਂ ਮੌਕੇ ਮਠਿਆਈਆਂ ਖਾਣ ਤੋਂ ਪ੍ਰਹੇਜ਼ ਕਰਨ ਦੀ ਨਸ਼ੀਅਤ ਦਿੰਦੇ ਰਹਿੰਦੇ ਹਨ,ਪਰ ਅਸੀਂ ਉਨ੍ਹਾਂ ਚਿਰ ਕਿਸੇ ਨਸ਼ੀਅਤ ਨੂੰ ਮੰਨਣ ਦੇ ਆਦੀ ਨਹੀਂ ਹਾਂ ਜਿਨ੍ਹਾਂ ਚਿਰ ਆਪ ਬਿਮਾਰ ਹੋ ਕੇ ਨਾ ਵੇਖੀਏ। ਚੰਗਾ ਹੋਵੇ ਦਿਵਾਲੀ ਮੌਕੇ ਡਰਾਈ ਫਰੂਟ,ਫਲ ਜਾਂ ਘਰ ਵਿੱਚ ਤਿਆਰ ਕੀਤੇ ਪਕਵਾਨ ਹੀ ਬੱਚਿਆਂ ਨੂੰ ਖਵਾਏ ਜਾਣ। ਸਾਨੂੰ ਪਤਾ ਹੈ ਕਿ ਉੱਚੀਆਂ ਦੁਕਾਨਾਂ ਵਾਲਿਆਂ ਦੇ ਪਕਵਾਨ ਹਮੇਸ਼ਾ ਫਿਕੇ ਹੁੰਦੇ ਹਨ। ਇਹ ਇਲਮ ਸਾਨੂੰ ਸਾਡੇ ਵਡੇਰਿਆਂ ਨੇ ਦਿੱਤਾ ਹੈ,ਜਿਸ ਉੱਪਰ ਸਾਨੂੰ ਅਮਲ ਕਰਨਾ ਚਾਹੀਦਾ ਹੈ। ਸਰਕਾਰ ਵੱਲੋਂ ਭਾਂਵੇ ਖਾਣ-ਪੀਣ ਦੀਆਂ ਵਸਤਾਂ ਵਿਚ ਕੀਤੀ ਜਾ ਰਹੀ ਮਿਲਾਵਟ ਨੂੰ ਰੋਕਣ ਅਤੇ ਲੋਕਾਂ ਦੀ ਤੰਦਰੁਸ਼ਤ ਸਿਹਤ ਨੂੰ ਯਕੀਨੀ ਬਣਾਉਣ ਲਈ 'ਮਿਸ਼ਨ ਤੰਦਰੁਸ਼ਤ ਪੰਜਾਬ' ਸ਼ੁਰੂ ਕੀਤਾ ਹੈ। ਇਸ ਮੁਹਿੰਮ ਦੇ ਬੜੇ ਸਾਰਥਿਕ ਨਤੀਜੇ ਵੀ ਸਾਹਮਣੇ ਆਏ ਹਨ ਪਰ ਅਜੇ ਵੀ ਇਸ ਮਾਮਲੇ ਵਿਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਖਾਣ-ਪੀਣ ਦੀਆਂ ਵਸਤਾਂ ਦੁੱਧ,ਖੋਆ,ਪਨੀਰ,ਮਠਿਆਈ,ਤੇਲ ਆਦਿ ਵਿਚ ਮਿਲਾਵਟ ਕਰਨ ਦਾ ਸਿਲਸਿਲਾ ਜਿਉਂ ਦਾ ਤਿਉਂ ਜਾਰੀ ਹੈ। ਸਰਕਾਰ ਦੀ ਸਖਤੀ ਦੇ ਬਾਵਜੂਦ ਮਿਲਾਵਟਖੋਰ ਅਜੇ ਵੀ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਬਾਜ਼ ਨਹੀਂ ਆ ਰਹੇ।  ਦਿਵਾਲੀ ਸਮੇਂ ਸਿਹਤ ਮਹਿਕਮੇ ਦੀਆਂ ਟੀਮਾਂ ਵੀ ਪਤਾ ਨਹੀਂ ਕਿੱਥੇ ਹੁੰਦੀਆਂ ਹਨ ਜੋ ਇਹੋ ਜਿਹੀ ਮਠਿਆਈ ਸ਼ਰੇਆਮ ਵੇਚ ਕੇ ਮਨੁੱਖੀ ਸਰੀਰ ਨਾਲ ਖਿਲਾਵੜ ਕਰਨ ਵਾਲੇ ਧਨਾਢਾਂ ਨਾਲ ਸਖਤੀ ਨਾਲ ਪੇਸ਼ ਆਉਣ ਤਾਂ ਹੋ ਸਕਦਾ ਹੈ ਕੁਝ ਬਚਾਅ ਹੋ ਜਾਵੇ ਪਰ ਇਥੇ ਇਹ ਕਹਾਵਤ 'ਤਕੜੇ ਦਾ ਸੱਤੀ ਵੀਹੀ ਸੌ' ਸੱਚ ਹੁੰਦੀ ਹੈ। ਇਸ ਦਾ ਕਾਰਨ ਵੱਡੀ ਪੱਧਰ ਤੇ ਫੈਲੀ ਭ੍ਰਿਸ਼ਟਾਚਾਰ ਅਤੇ ਕਿਸੇ ਮਿਲਾਵਟਖੋਰ ਨੂੰ ਅਜੇ ਤੱਕ ਕੋਈ ਮਿਸ਼ਾਲੀ ਸਜਾ ਨਾ ਮਿਲਣਾ ਹੈ।

ਲੇਖਕ
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435
ਮੇਲ : jivansidhus@gmail.com