
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
23.12.2025
ਡਾਲਰ ਅੱਗੇ ਢੇਰ ਹੋਇਆ ਰੁਪਿਆ- ਇਕ ਖ਼ਬਰ
ਤੂੰ ਜਿੱਤਿਆ, ਮੈਂ ਹਾਰੀ।
ਜ਼ੇਲੈਂਸਕੀ ਨੇ ਨਾਟੋ ਦੀ ਮੈਂਬਰਸ਼ਿੱਪ ਲੈਣ ਦੀ ਜ਼ਿਦ ਛੱਡੀ- ਇਕ ਖ਼ਬਰ
ਮੱਛੀ ਮੁੜ ਆਈ ਪੱਥਰ ਚੱਟ ਕੇ।
ਇਜ਼ਰਾਇਲੀ ਅਧਿਕਾਰੀਆਂ ਨੇ ਕੈਨੇਡੀਅਨ ਵਫ਼ਦ ਨੂੰ ਗਾਜ਼ਾ ਪੱਟੀ ‘ਚ ਜਾਣੋਂ ਰੋਕਿਆ- ਇਕ ਖ਼ਬਰ
ਕਿੱਧਰ ਨੂੰ ਮੂੰਹ ਚੁੱਕਿਐ ਬਈ, ਮੁੜੋ ਪਿੱਛੇ!
ਗ਼ਰੀਬਾਂ ਅਤੇ ਸੂਬਿਆਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਭਾਜਪਾ- ਭਗਵੰਤ ਮਾਨ
ਸਾਢੇ ਤਿੰਨ ਹੱਥ ਧਰਤੀ ਤੇਰੀ, ਬਾਹਲੀਆਂ ਜਗੀਰਾਂ ਵਾਲਿਆ।
ਮੋਦੀ ਨੂੰ ਸ਼ੁਰੂ ਤੋਂ ਹੀ ਮਨਰੇਗਾ ਲਈ ਡੂੰਘੀ ਨਫ਼ਰਤ ਸੀ- ਰਾਜਾ ਵੜਿੰਗ
ਹੁਣ ਰੱਬ ਡਾਢਾ ਵੀ ਡਰਿਆ, ਠਾਣੇਦਾਰਾਂ ਤੋਂ।
328 ਪਾਵਨ ਸਰੂਪਾਂ ਦੇ ਮਾਮਲੇ ‘ਚ ਅਦਾਲਤ ਵਲੋਂ ਸਭ ਮੁਲਜ਼ਮਾਂ ਦੀਆਂ ਜ਼ਮਾਨਤਾਂ ਰੱਦ- ਇਕ ਖ਼ਬਰ
ਮੈਂ ਤਾਂ ਹੋ ਗਈ ਹਕੀਮ ਜੀ, ਅੱਗੇ ਨਾਲੋਂ ਤੰਗ।
ਭਾਰਤ ‘ਚ ਬਣੀਆਂ 205 ਦਵਾਈਆਂ ਦੇ ਸੈਂਪਲ ਫੇਲ੍ਹ ਹੋਏ- ਇਕ ਖ਼ਬਰ
ਪਾਪੀ ਬੰਦਿਆਂ ਦੇ, ਬੱਚੜੇ ਕਿਉਂ ਨਹੀਂ ਮਰਦੇ।
‘ਆਪ’ ਨੂੰ ਰੋਕਣ ਲਈ ਅਕਾਲੀਆਂ ਅਤੇ ਕਾਂਗਰਸ ਨੇ ਰਲ਼ ਕੇ ਚੋਣਾਂ ਲੜੀਆਂ- ਤਰੁਣਪ੍ਰੀਤ ਸੌਂਦ
ਦੁਸ਼ਮਣ ਦਾ ਦੁਸ਼ਮਣ ਤੀਜੀ ਪਾਰਟੀ ਦਾ ਦੋਸਤ ਹੁੰਦਾ ਬਈ।
ਬਠਿੰਡਾ ‘ਚ ਚਿੱਟਾ ਵੇਚਣ ਵਾਲਿਆਂ ਨੇ ਲੋਕਾਂ ‘ਤੇ ਹਮਲਾ ਕਰ ਦਿਤਾ- ਇਕ ਖ਼ਬਰ
ਸੁਣ ਲੈ ਨਿਹਾਲੀਏ ਚੋਰਾਂ ਦੀਆਂ ਗੱਲਾਂ।
ਪੰਜਾਬੀਆਂ ਨੇ ਭਗਵੰਤ ਮਾਨ ਸਰਕਾਰ ਦੇ ਕੀਤੇ ਕੰਮਾਂ ‘ਤੇ ਮੋਹਰ ਲਗਾਈ- ਕੁਲਦੀਪ ਸਿੰਘ ਧਾਲੀਵਾਲ
ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜਿਊਣ।
ਸੱਤਾਧਾਰੀ ਪਾਰਟੀ ਦਾ ਕਿਸੇ ਧਰਮ ਨਾਲ ਕੋਈ ਵਾਹ ਵਾਸਤਾ ਨਹੀਂ- ਹਰਜਿੰਦਰ ਸਿੰਘ ਧਾਮੀ
ਬਸ ਤੁਹਾਨੂੰ ਹੀ ਧਰਮ-ਪੁੱਤਰ ਬਣਾ ਕੇ ਰੱਬ ਨੇ ਭੇਜਿਆ ਧਰਤੀ ‘ਤੇ।
ਹਿਜਾਬ ਵਾਲ਼ੀ ਡਾਕਟਰ ਨੇ ਬਿਹਾਰ ਸਰਕਾਰ ਦੀ ਠੁਕਰਾਈ ਨੌਕਰੀ- ਇਕ ਖ਼ਬਰ
ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਮੜਕ ਦੇ ਨਾਲ।
ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਸੁਣਵਾਈ ਫਿਰ ਟਲੀ- ਇਕ ਖ਼ਬਰ
ਟਲੀ ਨਹੀਂ ਪਿਆਰਿਓ, ਟਾਲੀ ਗਈ ਕਹੋ।
ਫ਼ੰਡਾਂ ਦੀ ਵੰਡ ਕਰਨ ਲੱਗਿਆਂ ਕੇਂਦਰ ਸੂਬਿਆਂ ਦੇ ਨੁੰਮਾਇੰਦੇ ਸ਼ਾਮਲ ਕਰੇ- ਮੀਤ ਹੇਅਰ
ਮੇਰਾ ਮੋਰਨੀ ਜਿਹੀ ਦਾ ਗਲ਼ ਖਾਲੀ, ਆਪ ਤਾਂ ਜ਼ੰਜੀਰੀ ਰੱਖਦਾ।
ਮੈਂ ਵੀਰ ਸਾਵਰਕਰ ਐਵਾਰਡ ਮੰਨਜ਼ੂਰ ਨਹੀਂ ਕਰਾਂਗਾ- ਸ਼ਸ਼ੀ ਥਰੂਰ
ਤੇਰੇ ਖੁਸ਼ਕ ਮੱਕੀ ਦੇ ਦਾਣੇ, ਮਿੱਤਰਾਂ ਨੇ ਨਹੀਉਂ ਚੱਬਣੇ।
===============================================================