ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

30.12.2025

ਨਵਜੋਤ ਕੌਰ ਸਿੱਧੂ ਕਾਰਨ ਹੁਣ ਕਾਂਗਰਸ ਤੋਂ ਬਾਅਦ ਹੁਣ ਭਾਜਪਾ ਵਿਚ ਵੀ ਘਮਸਾਣ- ਇਕ ਖ਼ਬਰ

ਲੱਡੂ ਖਾ ਕੇ ਚੁਬਾਰਿਉਂ ਨਿਕਲੀ, ਮੱਖੀਆਂ ਨੇ ਪੈੜ ਨੱਪ ਲਈ।

ਦਿੱਲੀ ‘ਚ ਹੁਣ ਅਧਿਆਪਕ ਕਰਨਗੇ ਆਵਾਰਾ ਕੁੱਤਿਆਂ ਦੀ ਗਿਣਤੀ- ਇਕ ਖ਼ਬਰ

ਨਾਲ ਲਗਦਿਆਂ ਹੀ ਖੱਸੀ ਵੀ ਕਰਵਾ ਲਉ, ਇਕ ਪੰਥ ਦੋ ਕਾਜ।

ਦਸ ਲੱਖ ਦੀ ਗਰਾਂਟ ਖੁਰਦ –ਬੁਰਦ ਕਰਨ ਵਾਲੇ ਪਾਸਟਰਾਂ ਦੀ ਸ਼ਿਕਾਇਤ ਪਹੁੰਚੀ ਡੀ.ਸੀ.ਪਾਸ- ਇਕ ਖ਼ਬਰ

ਭੁੱਖ ਨੰਗ ਦੀ ਕੋਈ ਪ੍ਰਵਾਹ ਨਾਹੀਂ, ਹੁਕਮ ਹੋਵੇ ਤਾਂ ਦੇਗ਼ਾਂ ਨੂੰ ਚੱਟੀਏ ਜੀ।

328 ਸਰੂਪਾਂ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਨੇ ਆਪ ਹੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਸੀ- ਭਗਵੰਤ ਮਾਨ

ਹੁਣ ਤੂੰ ਮੁਕਰ ਗਈ, ਜੇਠ ਬੋਲੀਆਂ ਮਾਰੇ।

ਤਖ਼ਤਾਂ ਦੇ ਜਥੇਦਾਰ ਸਿੱਖ ਸਿਧਾਂਤਾਂ ਦੇ ਅਨੁਸਾਰ ਹੀ 328 ਸਰੂਪਾਂ ਦੇ ਮਾਮਲੇ ‘ਚ ਫ਼ੈਸਲਾ ਸੁਣਾਉਣ- ਨਿਆਮੀਵਾਲਾ

ਝੋਟਿਆਂ ਵਾਲੇ ਘਰੋਂ ਲੱਸੀ ਭਾਲ਼ਦੇ ਹੋ ਨਿਆਮੀਵਾਲਾ ਜੀ।

ਇਟਲੀ ‘ਚ ਭਾਰਤੀ ਵਿਅਕਤੀ ਕੋਲੋਂ 54 ਕਿੱਲੋ ਡੋਡੇ, ਅਫ਼ੀਮ ਅਤੇ ਨਕਦੀ ਫੜੀ ਗਈ- ਇਕ ਖ਼ਬਰ

ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ।

ਪਰਮਜੀਤ ਸਿੰਘ ਸਰਨਾ ਨੇ ਵੀਰ ਬਾਲ ਦਿਵਸ ਨੂੰ ਬਦਲਣ ਦੀ ਮੰਗ ਦਾ ਕੀਤਾ ਸਮਰਥਨ- ਇਕ ਖ਼ਬਰ

ਦੇਖ ਲਉ ਸਰਨਾ ਸਾਹਿਬ ਆਪਣੇ ਮਾਲਕਾਂ ਦੀ ਕੀਤੀ ਦੇ ਉਲਟ ਜਾ ਰਹੇ ਹੋ!

ਅਮਰੀਕਾ ਨੇ ਫਿਰ ਗ੍ਰੀਨਲੈਂਡ ਨੂੰ ਹਥਿਆਉਣ ਦੀ ਆਪਣੀ ਗੱਲ ਦੁਹਰਾਈ- ਇਕ ਖ਼ਬਰ

ਕੋਈ ਟਿਕ ਕੇ ਬੈਠ ਨਾ ਜਾਵੇ, ਅਸੀਂ ਟਿੰਡ ਵਿਚ ਕਾਨਾ ਪਾਈ ਰੱਖਣਾ।

ਚੌਦਾਂ ਸਾਲ ਬੀਤ ਜਾਣ ਬਾਅਦ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ- ਇਕ ਖ਼ਬਰ

ਕੁੱਤੀ ਚੋਰਾਂ ਨਾਲ਼ ਰਲ਼ੀ ਹੋਈ ਐ ਭਾਈ।

ਅਮਰੀਕਾ ਨੇ ਚੀਨ ਬਾਰੇ ਭਾਰਤ ਨੂੰ ਦਿਤੀ ਚਿਤਾਵਨੀ- ਇਕ ਖ਼ਬਰ

ਨਾ ਜਾਈਂ ਮਸਤਾਂ ਦੇ ਵਿਹੜੇ, ਮਸਤ ਬਣਾ ਦੇਣਗੇ ਬੀਬਾ।

ਟਰੰਪ ਨੇ ਇਕ ਸਾਲ ‘ਚ 2 ਅਰਬ ਡਾਲਰ ਦਾ ਦਾਨ ਲਿਆ ਤੇ ਬਦਲੇ ‘ਚ ਕਰੋੜਾਂ ਦਾ ਲਾਭ ਵੀ ਦਿਤਾ- ਇਕ ਖ਼ਬਰ

ਇਹਨੂੰ ਕਹਿੰਦੇ ਨੇ, ਇਕ ਹੱਥ ਦੇਵੋ ਇਕ ਹੱਥ ਲਉ

ਡੇਰਾ ਬਾਬਾ ਨਾਨਕ ਦੇ ਰੇਲਵੇ ਸਟੇਸ਼ਨ ਨੂੰ ਢਾਉਣ ਦੀ ਬਜਾਇ ਵਿਰਾਸਤੀ ਦਰਜਾ ਦੇ ਕੇ ਅਜਾਇਬ ਘਰ ਬਣਾਉ- ਗੁਰਭਜਨ ਗਿੱਲ

ਗਿੱਲ ਸਾਹਿਬ ਬੁਲਡੋਜ਼ਰਾਂ ਵਾਲਿਆਂ ਦੇ ਖਾਨੇ ਨਹੀਂ ਇਹ ਗੱਲ ਪੈਣੀ।

‘ਵੀਰ ਬਾਲ ਦਿਵਸ’ ਵਿਵਾਦ ‘ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸਰਕਾਰ ਦਾ ਬਚਾਅ- ਇਕ ਖ਼ਬਰ

ਜਿਸ ਦੀ ਖਾਈਏ ਬਾਜਰੀ, ਉਹਦੀ ਭਰੀਏ ਹਾਜ਼ਰੀ।

ਨਵਜੋਤ ਕੌਰ ਸਿੱਧੂ ਨੇ ਹੁਣ ਅਮਿਤ ਸ਼ਾਹ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ, ਭਾਜਪਾ ‘ਚ ਜਾਣ ਦੀ ਚਰਚਾ- ਇਕ ਖ਼ਬਰ

ਨੀ ਮੈਂ ਜਾਣਾ ਜੋਗੀ ਦੇ ਨਾਲ, ਕੰਨੀਂ ਮੁੰਦਰਾਂ ਪਾ ਕੇ।

ਕੀ ਸਿਆਸਤਦਾਨ ਲੋਕਾਂ ਦੀ ਸੇਵਾ ਲਈ ਹੀ ਰਾਜਨੀਤੀ ‘ਚ ਆਉਂਦੇ ਹਨ?- ਇਕ ਸਵਾਲ

ਇਕ ਲਾ ਕੇ ਸੌ ਨੇ ਬਣਾਉਂਦੇ, ਕਹਾਉਂਦੇ ਸੇਵਾਦਾਰ ਲੋਕਾਂ ਦੇ

====================================================================================