ਦਸ਼ਮੇਸ਼ ਪਿਤਾ ਦਾ ਆਗਮਨ - ਭਾਈ ਹਰਪਾਲ ਸਿੰਘ ਲੱਖਾ
ਸਤਾਰਾਂ ਸੌ ਤੇਈ ਬਿਕਰਮੀ, ਚੜ੍ਹਿਆ ਮਹੀਨਾ ਪੋਖ।
ਆਪ ਨਰਾਇਣ ਕਲਾਧਾਰ, ਪ੍ਰਗਟਿਆ ਮਾਤ ਲੋਕ।
ਬਲ-ਬਲ ਲੋਕੀਂ ਜਾਂਵਦੇ, ਰੂਹਾਂ ਵਿੱਚ ਵਿਗਾਸ।
ਦਸ਼ਮੇਸ਼ ਪਿਤਾ ਗੁਰਦੇਵ ਦਾ, ਹੋਇਆ ਜਦ ਪ੍ਰਕਾਸ਼।
ਦਿਉਤੇ ਫੁੱਲ ਵਰਸਾਂਵਦੇ, ਕਰਦੇ ਜੈ-ਜੈ ਕਾਰ।
ਦੁਨੀਆ ਤਾਰਨ ਵਾਸਤੇ, ਖ਼ੁਦ ਆਇਆ ਕਰਤਾਰ।
ਖੁਸ਼ੀਆਂ ਦੇ ਵਿੱਚ ਪਿਰਥਵੀਂ, ਚੜ੍ਹਿਆ ਰੰਗ ਆਕਾਸ਼,
ਦਸ਼ਮੇਸ਼ ਪਿਤਾ ਗੁਰਦੇਵ ਦਾ, ਹੋਇਆ ਜਦ ਪ੍ਰਕਾਸ਼।
ਤੇਗ ਬਹਾਦਰ ਪਿਤਾ ਜੀ, ਘਰ ਪ੍ਰੀਤਮ ਆਏ।
ਗੁਜਰੀ ਮਾਂ ਦੀ ਕੁੱਖ ਨੂੰ, ਨੇ ਭਾਗ ਲਗਾਏ।
ਬਰਮ੍ਹਾ-ਬਿਸਨ-ਮਹੇਸ ਵੀ, ਆਏ ਬਣ ਕੇ ਦਾਸ।
ਦਸ਼ਮੇਸ਼ ਪਿਤਾ ਗੁਰਦੇਵ ਦਾ, ਹੋਇਆ ਜਦ ਪ੍ਰਕਾਸ਼।
ਕੁਮੇਰ ਭੰਡਾਰੀ ਆਣ ਕੇ, ਲੰਗਰ ਵਰਤਾਉਂਦਾ।
ਕਲਪ ਬਿਰਛ ਵੀ ਆਣ ਕੇ, ਦਰ ਖੜਾ ਸਹਾਉਂਦਾ।
ਖੜੀ ਆਣ ਕੇ ਕਾਮਧੇਨ, ਕਰਦੀ ਅਰਦਾਸ।
ਦਸ਼ਮੇਸ਼ ਪਿਤਾ ਗੁਰਦੇਵ ਦਾ, ਹੋਇਆ ਜਦ ਪ੍ਰਕਾਸ਼।
ਭਾਂਤ-ਭਾਂਤ ਦੇ ਵੱਜਦੇ, ਅਨਹਦ ਧੁਨ ਵਾਜੇ।
ਖੁੱਲੇ ਸਭਨਾਂ ਦੇ ਲਈ, ਚਾਰੇ ਦਰਵਾਜੇ।
ਆਬੇ-ਹੈਯਾਤ ਛਿੜਕਦਾ, ਆਪ ਖੁਆਜਾ ਖ਼ਾਸ।
ਦਸ਼ਮੇਸ਼ ਪਿਤਾ ਗੁਰਦੇਵ ਦਾ, ਹੋਇਆ ਜਦ ਪ੍ਰਕਾਸ਼।
ਦਰ ’ਤੇ ਆਏ ਮੰਗਤੇ, ਨਹੀਂ ਮੋੜੇ ਖਾਲੀ।
ਝੋਲੀਆਂ ਭਰਕੇ ਤੋਰ 'ਤੇ, ਕਰੀ ਦੂਰ ਕੰਗਾਲੀ।
ਜਾਚਿਕ ਸ਼ੋਭਾ ਗਾਂਵਦੇ, ਨੇ ਸਾਸ-ਗਿਰਾਸ।
ਦਸ਼ਮੇਸ਼ ਪਿਤਾ ਗੁਰਦੇਵ ਦਾ ਹੋਇਆ ਜਦ ਪ੍ਰਕਾਸ਼।
ਕੋਇਲਾਂ ਹਰ ਜਸ ਗਾਉਂਦੀਆਂ, ਬੋਲੇ ਮੋਰ ਮਮੋਲੇ।
ਪੌਣਾ ਵਿੱਚ ਸੁਗੰਧੀਆਂ, ਪਏ ਅਤਰ ਨੇ ਡੋਲੇ।
ਫੁੱਲਾਂ ਵਾਂਗੂੰ ਖਿੜ ਗਏ, ਜੋ ਚਿੱਤ ਉਦਾਸ।
ਦਸ਼ਮੇਸ਼ ਪਿਤਾ ਗੁਰਦੇਵ ਦਾ, ਹੋਇਆ ਜਦ ਪ੍ਰਕਾਸ਼।
ਪਾਪ, ਜਬਰ ਤੇ ਕੂੜ ਦੀ, ਢਾਹ ਦਿੱਤੀ ਢੇਰੀ।
ਸੱਚ, ਧਰਮ ਤੇ ਦਇਆ ਨੇ, ਪਾਈ ਹੈ ਫੇਰੀ।
ਹਰਪਾਲ ਸਿੰਘਾ ਹੋਵਣਾ, ਜ਼ਾਲਮ ਦਾ ਨਾਸ਼।
ਦਸ਼ਮੇਸ਼ ਪਿਤਾ ਗੁਰਦੇਵ ਦਾ, ਹੋਇਆ ਜਦ ਪ੍ਰਕਾਸ਼।