ਚਰਨਜੀਤ ਸਮਾਲਸਰ ਦਾ ਕਾਵਿ ਸੰਗ੍ਰਹਿ ‘ਫ਼ਿਕਰ ਨਾ ਕਰੀਂ’ ਰੁਮਾਂਸਵਾਦ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ -  ਉਜਾਗਰ ਸਿੰਘ

 ‘ਫ਼ਿਕਰ ਨਾ ਕਰੀਂ’ ਚਰਨਜੀਤ ਸਮਾਲਸਰ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਉਹ ਸੰਵੇਦਨਸ਼ੀਲ ਤੇ ਸੂਖ਼ਮਭਾਵੀ ਕਵੀ ਹੈ। ਉਸਦੀਆਂ ਕਵਿਤਾਵਾਂ ਸਮਾਜ ਨੂੰ ਵੰਗਾਰਦੀਆਂ ਹੋਈਆਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇੱਕਮੁਠ ਹੋ ਕੇ ਜਦੋਜਹਿਦ ਕਰਨ ਲਈ ਪ੍ਰੇਰਦੀਆਂ ਹਨ। ਉਹ ਮਾਨਵੀ ਸਰੋਕਾਰਾਂ ਦਾ ਪ੍ਰਤੀਨਿਧ ਤੇ ਪ੍ਰਤੀਬੱਧ ਕਵੀ ਹੈ। ਉਸਦੀ ਖੁਲ੍ਹੀ ਤੇ ਸਰੋਦੀ ਕਵਿਤਾ ਵਿਚਾਰ ਪ੍ਰਧਾਨ ਹੈ। ਆਪਣੇ ਵਿਚਾਰ ਵੀ ਸਹਿਜਤਾ ਨਾਲ ਸਥਿਤੀਆਂ ਅਤੇ ਪ੍ਰਸਿਥਿਤੀਆਂ ਨੂੰ ਮੁੱਖ ਰੱਖਕੇ ਦਿੰਦਾ ਹੈ। ਉਹ ਆਪਣੇ ਵਿਚਾਰਾਂ ਨੂੰ ਕਵਿਤਾ ਦਾ ਰੂਪ ਦਿੰਦਾ ਹੈ। ਉਸਦੀਆਂ ਕਵਿਤਾਵਾਂ ਸਮਾਜ ਨੂੰ ਸੇਧ ਦੇਣ ਵਾਲੀਆਂ ਹਨ। ਚਰਨਜੀਤ ਸਮਾਲਸਰ ਸਹਿਜਤਾ ਨਾਲ ਕਵਿਤਾ ਲਿਖਦਾ ਹੈ। ਕਵੀ ਕਿਰਤੀਆਂ ਦੀ ਵਕਾਲਤ ਕਰਦਾ ਹੋਇਆ ਉਨ੍ਹਾਂ ਨੂੰ ਸਿਆਸਤਦਾਨਾ ਦੀ ਲੁੱਟ ਘਸੁੱਟ ਤੋਂ ਬਚਣ ਲਈ ਲਾਮਬੰਦ ਹੋਣ ਦੀ ਤਾਕੀਦ ਕਰਦਾ ਹੈ। ਉਸਦੀ ਕਵਿਤਾ ਨਾਹਰਾਵਾਦੀ ਤਾਂ ਹੈ, ਪ੍ਰੰਤੂ ਅਰਥ ਭਰਪੂਰ ਹੋਣ ਕਰਕੇ ਰੜਕਦੀ ਨਹੀਂ, ਕਿਉਂਕਿ ਉਹ ਆਪਣੀ ਕਵਿਤਾ ਵਿੱਚ ਸਰੋਦੀ ਸੁਰ ਪਾ ਦਿੰਦਾ ਹੈ। ਉਹ ਕਵਿਤਾ ਨੂੰ ਸਮਰਪਤ ਹੈ, ਲੋਕ ਪੀੜਾ ਨੂੰ ਮਹਿਸੂਸ ਕਰਦਿਆਂ ਕਾਵਿਕ ਰੂਪ ਦਿੰਦਾ ਹੈ। ਸ਼ਾਇਰ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਲੋਕਾਈ ਦੇ ਬਣਾਕੇ ਪੇਸ਼ ਕੀਤਾ ਹੈ, ਇਹੋ ਕਵੀ ਦੀ ਪ੍ਰਾਪਤੀ ਹੈ। ਇਨ੍ਹਾਂ ਵਿੱਚੋਂ ਰੁਮਾਂਸਵਾਦੀ ਕਵਿਤਾਵਾਂ ਵਿੱਚ ਵੀ ਬਹੁਤਾ ਰੋਣਾ ਧੋਣਾ ਨਹੀਂ ਹੈ, ਜਿਵੇਂ ਆਮ ਤੌਰ ‘ਤੇ ਰੁਮਾਂਸਵਾਦੀ ਕਵਿਤਾਵਾਂ ਵਿੱਚ ਭਾਰੂ ਹੁੰਦਾ ਹੈ। ਕਵੀ ਆਪਣੀਆਂ ਕਵਿਤਾਵਾਂ ਰਾਹੀਂ ਧੜੱਲੇਦਾਰੀ ਨਾਲ ਸਰਕਾਰਾਂ ਨਾਲ ਆਡ੍ਹਾ ਵੀ ਲਾਉਂਦਾ ਹੈ। ਧਾਰਮਿਕ ਕੱਟੜਤਾ ਦਾ ਵਿਰੋਧੀ ਹੈ। ਸਰਕਾਰ ਦੀ ਸਾਹਿਤਕਾਰਾਂ, ਕਲਮਕਾਰਾਂ ਅਤੇ ਚਿੰਤਕਾਂ ਨੂੰ ਦਬਾਕੇ ਰੱਖਣ ਦੀ ਨੀਤੀ ਵੰਗਾਰਦਾ, ਕਵੀ ਇਸ ਸੰਗ੍ਰਹਿ ਦੀ ਪਹਿਲੀ ਕਵਿਤਾ ‘ਬੜਾ ਡਰੇ ਹੋਏ ਨੇ ਉਹ’ ਵਿੱਚ ਲਿਖਦਾ ਹੈ:

ਉਹ ਚਾਹੁੰਦੇ ਨੇ

ਮੇਰੀ ਕਲਮ ਦੀ

ਸਿਆਹੀ ਸੁੱਕ ਜਾਵੇ

ਅੱਖਰ-ਕ੍ਰਾਂਤੀ ਰੁਕ ਜਾਵੇ

‘ਲਾਲ’ ਤਾਂ ਜਮ੍ਹਾਂ ਈ ਮੁੱਕ ਜਾਵੇ

ਸਿਆਸਤ ਦੀ ਸੱਪਣੀ

ਮੇਰੀ ਕਲਮ ਦੀ ਨੋਕ ’ਤੇ

ਜ਼ਹਿਰ ਉਗਲ਼ ਜਾਵੇ।

   ਚਰਨਜੀਤ ਸਮਾਲਸਰ ਦੀਆਂ ਕਵਿਤਾਵਾਂ ਕਹਿੰਦੀਆਂ ਹਨ ਕਿ ਹੰਕਾਰੀ ਤੇ ਜ਼ਾਬਰ ਸਰਕਾਰਾਂ ਦੀ ਜ਼ੋਰ-ਜ਼ਬਰਦਸਤੀ ਹਮੇਸ਼ਾ ਨਹੀਂ ਚਲੇਗੀ, ਸਮਾਂ ਬੜਾ ਬਲਵਾਨ ਹੁੰਦੈ। ਜ਼ਾਤ-ਪਾਤ ਤੇ ਊਚ-ਨੀਚ ਦੀਆਂ ਵੰਡੀਆਂ ਪਾ ਕੇ ਲੁੱਟ ਘਸੁੱਟ ਬੰਦ ਕਰਨ ਲਈ ਇਕ-ਨਾ-ਇੱਕ ਦਿਨ ਕਿਰਤੀ ਉਠਣਗੇ। ‘ਕਿਰਤ ਦਾ ਮੁੱਲ’ ਕਵਿਤਾ ਵਿੱਚ ਸ਼ਾਇਰ ਲਿਖਦੈ

ਕਿਰਤ ਤੇਰੀ ਜੋ ਲੁੱਟੀ ਜਾਂਦੇ

ਹਾਕਮ ਚੋਰ ਲੁਟੇਰੇ

ਆ ਇਨ੍ਹਾਂ ਦਾ ਬਣਕੇ ਝੱਖੜ

ਕਰੀਏ ਦੀਵਾ ਗੁਲ

ਊਚ-ਨੀਚ ਦੇ ਬੰਧਨ ਵਾਲੀ

ਢਾਹ ਦਿਉ ਕੰਧ ਉਚੇਰੀ

ਜ਼ਾਤ-ਪਾਤ ਦੀਆਂ ਥੋਹਰਾਂ ਪੁੱਟ ਕੇ

ਬੀਜੋ ਏਕੇ ਦੇ ਫੁੱਲ।

       ‘ਅਜੇ ਤਾਂ.. ..’ ਸਿਰਲੇਖ ਵਾਲੀ ਕਵਿਤਾ ਵਿੱਚ ਸ਼ਾਇਰ ਲਿਖਦਾ ਹੈ ਕਿ ਮਨੁੱਖ ਦਾ ਇਰਾਦਾ ਮਜ਼ਬੂਤ  ਅਤੇ ਨਿਸ਼ਾਨਾ ਨਿਸਚਤ ਹੋਣਾ ਚਾਹੀਦਾ, ਸੰਸਾਰ ਵਿੱਚ ਕੋਈ ਅਜਿਹੀ ਟੀਸੀ ਨਹੀਂ ਜਿਸਨੂੰ ਸਰ ਨਹੀਂ ਕੀਤਾ ਜਾ ਸਕਦਾ। ਹੁਕਮਰਾਨਾ ਦੀਆਂ ਅਥਾਹ ਸ਼ਕਤੀਆਂ ਦੇ ਤੂਫ਼ਾਨਾ ਦਾ ਰਸਤਾ ਮਨੁੱਖਤਾ ਦੀ ਏਕਤਾ ਨਾਲ ਮੋੜਿਆ ਜਾ ਸਕਦਾ ਹੈ। ਗ਼ਰੀਬੀ, ਕਰਜ਼ੇ ਅਤੇ ਜ਼ਿੰਦਗੀ ਦੇ ਰਸਤੇ ਵਿੱਚ ਆਉਣ ਵਾਲੀਆਂ ਹੋਰ ਅਲਾਮਤਾਂ ਨੂੰ ਖ਼ਤਮ ਕਰਕੇ ਸੁੱਖ ਦਾ ਜੀਵਨ ਜੀਵਿਆ ਜਾ ਸਕਦਾ ਹੈ। ਕਵੀ ਆਸ਼ਾਵਾਦੀ ਹੈ। ਇਸੇ ਤਰ੍ਹਾਂ ‘ਮੈਂ ਕਰਾਂਗਾ ਪਿਆਰ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ ਕਿ ਭਾਵੇਂ ਕਿਸਾਨਾ ਦੇ ਰਾਹ ਵਿੱਚ ਅਨੇਕ ਕਿਸਮ ਦੀਆਂ ਮੁਸੀਬਤਾਂ ਪਹਾੜ ਬਣਕੇ ਖੜ੍ਹ ਜਾਂਦੀਆਂ ਹਨ, ਪ੍ਰੰਤੂ ਕਿਸਾਨ ਆਪਣੀ ਮਿਹਨਤ ਨਾਲ ਹਰ ਔਕੜ ਨੂੰ ਦੂਰ ਕਰਕੇ ਸਫ਼ਲਤਾ ਪ੍ਰਾਪਤ ਕਰ ਲੈਂਦਾ ਹੈ। ਸਰਕਾਰਾਂ ਉਸਦੇ ਰਾਹ ਨਹੀਂ ਰੋਕ ਸਕਦੀਆਂ। ਕਵੀ ਕਈ ਵਾਰ ਅਧਿਆਤਮਵਾਦ ਤੇ ਰੁਮਾਂਸਵਾਦ ਦਾ ਸੁਮੇਲ ਵੀ ਕਰ ਦਿੰਦਾ ਹੈ, ਜਿਵੇਂ ‘ਮੇਰੀ ਚੁੱਪ’ ਕਵਿਤਾ ਵਿੱਚ ਲਿਖਦਾ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੈ। ‘ਐ ਮੇਰੇ ਸ਼ਬਦੋ’ ਵਿੱਚ ਸ਼ਾਇਰ ਨੇ ਸਾਫ਼ ਕਰ ਦਿੱਤਾ ਹੈ ਕਿ ਗਿਆਨ ਦੀ ਰੌਸ਼ਨੀ ਹੀ ਗੁਰਬਤ ਨੂੰ ਦੂਰ ਕਰ ਸਕਦੀ ਹੈ, ਮਜ਼ਲੂਮਾ, ਦੱਬੇ ਕੁਚਲੇ ਤੇ ਗ਼ਰੀਬ ਲੋਕਾਂ ਨੂੰ ਆਪਣੇ ਹੱਕ ਲੈਣ ਵਾਸਤੇ ਝੂਠ ਦੇ ਨਕਾਬ ਲਾਹਕੇ ਸਮਾਜ ਅੱਗੇ ਸੁੱਟਣੇ ਪੈਣਗੇ ਤਾਂ ਹੀ ਇਨ੍ਹਾਂ ਭੇੜੀਆਂ ਤੋਂ ਬਚਿਆ ਜਾ ਸਕਦਾ ਹੈ। ਬਲਾਤਕਾਰੀਆਂ ਦਾ ਵਿਰੋਧ ਦ੍ਰਿੜ੍ਹਤਾ ਨਾਲ ਕਰਨਾ ਪਵੇਗਾ। ਇਸੇ ਤਰ੍ਹਾਂ ‘ਕੌਣ ਪੁੱਛਦਾ ਏ.. ..?’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਸਮਾਜ ਨੂੰ ਅਨੇਕ ਸਵਾਲ ਕਰਦਾ ਹੈ ਕਿ ਕੁਰਬਾਨੀਆਂ ਕਰਨ ਵਾਲਿਆਂ, ਗ਼ਰੀਬਾਂ, ਸੱਚ ਬੋਲਣ ਵਾਲਿਆਂ, ਧਾਰਮਿਕ ਲੋਕਾਂ ਦੀਆਂ ਜ਼ਿਆਦਤੀਆਂ ਅਤੇ ਹੋਰ ਅਨੇਕ ਅਲਾਮਤਾਂ ਤੋਂ ਕੌਣ ਖਹਿੜਾ ਛੁਡਾਏਗਾ? ਸ਼ਾਇਰ ਦਾ ਭਾਵ ਹੈ ਕਿ ਲੋਕਾਈ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣਾ ਪਵੇਗਾ। ਰਾਹ ਦਸੇਰਾ ਬਣਨਾ ਪਵੇਗਾ ਤਾਂ ਹੀ ਸਮਾਜ ਦਾ ਭਲਾ ਹੋ ਸਕਦਾ ਹੈ। ਗ਼ਰੀਬ ਅਮੀਰ ਦੇ ਅੰਤਰ ਬਾਰੇ ਵੀ ‘ਅੰਤਰ’ ਸਿਰਲੇਖ ਵਾਲੀ ਕਵਿਤਾ ਵਿੱਚ ਬਾਕਮਾਲ ਉਦਾਹਰਨਾ ਦੇ ਕੇ ਲਿਖਿਆ ਹੈ। ਚਰਨਜੀਤ ਸਮਾਲਸਰ ਨੇ ਮਾਂ ਦੇ ਯੋਗਦਾਨ ਬਾਰੇ ‘ਮਾਏ ਨੀ’, ‘ਗ਼ਰੀਬੜੀ ਮਾਂ’, ‘ਮਾਂ, ਮੰਜ਼ਿਲ ਤੇ ਮੈਂ’ ਅਤੇ ‘ਮਾਂ ਮਹਿਬੂਬ ਤੇ ਕਵਿਤਾ’ ਕਵਿਤਾਵਾਂ ਲਿਖੀਆਂ ਹਨ, ਜੋ ਬਹੁਤ ਹੀ ਭਾਵਪੂਰਤ ਹਨ। ਇਨ੍ਹਾਂ ਕਵਿਤਾਵਾਂ ਵਿੱਚ ਸ਼ਾਇਰ ਨੇ ਦੱਸਿਆ ਹੈ ਕਿ ਮਾਂ ਆਪਣੀ ਔਲਾਦ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੀ ਹੈ, ਮਜ਼ਦੂਰੀ ਕਰਨੀ ਪੈਂਦੀ ਹੈ, ਉਹ ਵੀ ਕਰ ਲੈਂਦੀ ਹੈ, ਭੁੱਖਾ ਰਹਿਣਾ ਪਵੇ ਉਹ ਵੀ ਰਹਿ ਲੈਂਦੀ ਹੈ ਪ੍ਰੰਤੂ ਆਪਣੀ ਔਲਾਦ ਦਾ ਭਵਿਖ ਸੁਨਹਿਰਾ ਚਾਹੁੰਦੀ ਹੈ।

   ਇਸ ਕਾਵਿ ਸੰਗ੍ਰਹਿ ਦਾ ਦੂਜਾ ਪੱਖ ਰੁਮਾਂਸਵਾਦੀ ਕਵਿਤਾਵਾਂ ਦਾ ਹੈ, ਜਿਸ ਵਿੱਚ ਕਵੀ ਨੇ ਲਿਖਿਆ ਹੈ ਕਿ ਇਸ਼ਕ ਜ਼ਿੰਦਗੀ ਦੀ ਰਵਾਨਗੀ ਲਈ ਜ਼ਰੂਰੀ ਵੀ ਹੁੰਦਾ ਹੈ, ਪ੍ਰੰਤੂ ਇਸ਼ਕ- ਮੁਹੱਬਤ ਦਾ ਪੈਂਡਾ ਤਹਿ ਕਰਨਾ ਅਸੰਭਵ ਤਾਂ ਨਹੀਂ, ਔਖਾ ਜ਼ਰੂਰ ਹੁੰਦਾ ਹੈ। ਆਸ਼ਕ-ਮਸ਼ੂਕ ਦੇ ਰਸਤੇ ਵਿੱਚ ਰੁਕਾਵਟਾਂ ਪਹਾੜਾਂ ਤੋਂ ਵੀ ਵੱਡੀਆਂ ਹੁੰਦੀਆਂ ਹਨ। ਇਸ਼ਕ ਕੁਰਬਾਨੀ ਮੰਗਦਾ ਹੈ, ਕਈ ਵਾਰੀ ਮੌਤ ਨਾਲ ਵੀ ਲੜਨਾ ਪੈਂਦਾ ਹੈ। ‘ਪੰਧ ਦਾ ਬਿਰਖ’, ‘ਤੂੰ ਉਹ ਨਹੀਂ ਸੀ’, ਭਟਕਣਾ-1’ ਅਤੇ ‘ਮਹਿੰਗੇ ਮੋਤੀ’ ਕਵਿਤਾਵਾਂ ਵਿੱਚ ਬ੍ਰਿਹਾ ਦੀ ਤ੍ਰਾਸਦੀ ਪ੍ਰਗਟਾਉਂਦਾ ਹੋਇਆ ਕਵੀ ਲਿਖਦਾ ਹੈ:

ਜ਼ਹਿਰ ਪਿਆਲਾ ਹੱਸ ਹੱਸ ਪੀਤਾ

ਪੀਤਾ ਵਾਂਗਰ ਕਾੜ੍ਹੇ।

ਮਹਿੰਗੇ ਪੈਂਦੇ ਇਸ਼ਕ ਯਰਾਨੇ

ਮੰਗਦੇ ਜਾਨ ਦੇ ਭਾੜੇ।

ਅਰਸ਼ੋਂ ਟੁੱਟੀ ਗੁੱਡੀ ਲੋਕੋ

ਕੋਈ ਨਾ ਉਪਰ ਚਾੜ੍ਹੇ।

ਮੌਤ ਮੇਰੀ ਵੀ ਚੜ੍ਹ ਕੇ ਆਈ

ਆਈ ਵਾਂਗਰ ਲਾੜੇ।

   ਉਸ ਦੀਆਂ ਕਵਿਤਾਵਾਂ ਮੁਹੱਬਤ ਦੇ ਗੀਤ ਵੀ ਗਾਉਂਦੀਆਂ ਹਨ, ਜਿਵੇਂ ਕਾਵਿ ਸੰਗ੍ਰਹਿ ਦੇ ਸਿਰਲੇਖ ਵਾਲੀ ਕਵਿਤਾ ‘ਤੂੰ ਫ਼ਿਕਰ ਨਾ ਕਰੀਂ’ ਵਿੱਚ ਵੀ ਸ਼ਾਇਰ ਆਪਣੀ ਮੁਹੱਬਤ ਵਿੱਚ ਸਫ਼ਲ ਹੋਣ ਦਾ ਵਿਸ਼ਵਾਸ ਕਰਦਾ ਹੋਇਆ ਕਹਿੰਦਾ ਹੈ ਕਿ ਹਰ ਹਾਲਤ ਵਿੱਚ ਉਹ ਆਪਣੇ ਨਿਸ਼ਾਨੇ ਤੇ ਪਹੁੰਚੇਗਾ, ਕੋਈ ਵੀ ਉਸਦਾ ਰਸਤਾ ਨਹੀਂ ਰੋਕ ਸਕਦਾ, ਕਿਉਂਕਿ ਉਸਦੀ ਮੁਹੱਬਤ ਪਾਕਿ ਤੇ ਪਵਿਤਰ ਹੈ। ਉਸ ਦੀਆਂ ਰੁਮਾਂਸਵਾਦੀ ਕਵਿਤਾਵਾਂ, , ‘ਰੂਹਾਂ ਦੇ ਰਿਸ਼ਤੇ’, ‘ਮਾਏ ਨੀ’, ‘ਬੇਮੌਸਮਾ ਫੁੱਲ’, ‘ਉਹ ਕੁੜੀ’, ‘ਨਵੀਂ ਪਹਿਚਾਣ’, ‘ਉਮਰ ਦਾ ਪੜਾਅ’, ‘ਇੰਜ ਵੀ ਹੋਣਾ ਸੀ-1’, ‘ਅਤੀਤ’, ‘ਗੈੱਟ-ਲਾਸਟ’, ‘ਪੱਬ’, ‘ਕੀ ਕਰਾਂ?’, ਆਦਿ ਹਨ। ‘ਸਾਨੂੰ ਨਹੀਂ ਆਉਂਦਾ’ ਸਿਰਲੇਖ ਵਾਲੀ ਨਜ਼ਮ ਵਿੱਚ ਲਿਖਦਾ ਹੈ:

ਅਸੀਂ ਤਾਂ

ਮੁਹੱਬਤ ਦੇ ਰੁੱਖਾਂ ‘ਚੋਂ

ਨਿਕਲਦੀ ਖ਼ੁਸ਼ਬੋ ਹਾਂ

ਨਫ਼ਰਤ ਦਾ ਜ਼ਹਿਰ ਫ਼ੈਲਾਉਣਾ

ਸਾਡੇ ਹਿੱਸੇ ਨਹੀਂ ਆਇਆ।

 ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਵਿਤਾਵਾਂ ਆਸ਼ਕ-ਮਾਸ਼ੂਕ ਨੂੰ ਬ੍ਰਿਹਾ ਦੀ ਪੀੜਾ ਵਿੱਚ ਤੜਪਦਿਆਂ ਨੂੰ ਦਰਸਾ ਰਹੀਆਂ ਹਨ। ਦੋ ਕਵਿਤਾਵਾਂ ‘ਅਸੀਂ ਟੁੱਟ ਜਾਣਾ..’ ਅਤੇ ‘ਬਦਵਖ਼ਤੀ ਦਾ ਕੁਹਾੜਾ’ ਨਿਰਾਸ਼ਾਵਾਦੀ ਸੋਚ ਦੀਆਂ ਲਖਾਇਕ ਹਨ। ਭਵਿਖ ਵਿੱਚ ਇਸ ਤੋਂ ਵੀ ਵਧੀਆ ਕਾਵਿ ਸੰਗ੍ਰਹਿ ਦੀ ਕਾਮਨਾ ਕੀਤੀ ਜਾ ਸਕਦੀ ਹੈ।

 80 ਪੰਨਿਆਂ, 180 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ  ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

ਸੰਪਰਕ:ਚਰਨਜੀਤ  ਸਮਾਲਸਰ : 9814400878

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh480yahoo.co