ਮੈਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦਾ ਮੁਲਾਜ਼ਮ ਹਾਂ।ਬੀਹ ਕੁਝ ਸਾਲ ਪੁਰਾਣੀ ਗੱਲ ਹੈ।ਮੇਰੀ ਡਿਊਟੀ ਪੰਚਾਇਤਾਂ ਦੀਆਂ ਵੋਟਾਂ ਬਣਵਾਉਣ ਲਈ ਚੰਡੀਗੜ੍ਹ ਲੱਗ ਗਈ। ਵੋਟਾਂ ਦੇ ਕੰਮ ਤੋਂ ਵਿਹਲਾ ਸਮਾਂ ਮਿਲਿਆ। ਮੈਂ ਸਾਥੀ ਚੌਧਰੀ ਸੁਰਜੀਤ ਕੁਮਾਰ ਨਾਲ ਗੱਲ ਕੀਤੀ ਕਿ ਯਾਰ ਮੈਂ ਸਰਕਾਰੀ ਕਾਲਜ ਰੋਪੜ ਦੇ ਇੱਕ ਸਾਥੀ ਨੂੰ ਜਾਣਦਾ ਹਾਂ ਉਹ ਦੇਸ਼ ਸੇਵਕ ਅਖ਼ਬਾਰ ਦਾ ਐਡੀਟਰ ਜਸਵੀਰ ਸ਼ਮੀਲ ਹੈ।ਹੁਣ ਉਹ ਸ਼ਾਇਦ ਮੈਨੂੰ ਨਾ ਜਾਣਦਾ ਹੋਵੇ,ਪਰ ਮੈਂ ਉਸ ਨੂੰ ਜਾਣਦਾ ਹਾਂ।ਇੱਕ ਹੋਰ ਵੀ ਸੀ ਮੇਰੀ ਮਾਸੀ ਵੀ ਉਹਨਾਂ ਦੇ ਪਿੰਡ ਠੌਣਾਂ ਰੂਪਨਗਰ ਵਿਆਹੀ ਹੋਈ ਹੈ।ਉਹ ਮੇਰੇ ਘਰ ਮੇਰੀ ਮਾਸੀ ਦੇ ਮੁੰਡੇ ਨਾਲ ਆਇਆ ਵੀ ਸੀ। ਗੱਲ ਪੁਰਾਣੀ ਹੋਣ ਕਰਕੇ ਯੱਕਾਂ-ਤੱਕਾਂ ਵਿੱਚ ਅਸੀਂ ਉਹਨਾਂ ਨੂੰ ਦੇਸ ਸੇਵਕ ਦੇ ਦਫ਼ਤਰ ਮਿਲਣ ਦਾ ਹੌਸਲਾ ਕਰ ਲਿਆ।
ਦਫ਼ਤਰ ਪਹੁੰਚ ਕੇ ਅਸੀਂ ਉਹਨਾਂ ਨੂੰ ਮਿਲਣ ਲਈ ਕਾਰਵਾਈ ਪੂਰੀ ਕੀਤੀ। ਉਹਨਾਂ ਕੋਲ ਪਹੁੰਚ ਕੇ ਜਾਣ ਪਛਾਣ ਕਰਵਾਈ,ਉਹ ਪਛਾਣ ਦੇ ਨੇੜੇ ਤੇੜੇ ਪਹੁੰਚ ਗਏ। ਬੜੇ ਸਲੀਕੇ ਨਾਲ ਮਿਲੇ।ਉਹਨਾਂ ਚਾਹ ਪਾਣੀ ਦਾ ਪ੍ਰਬੰਧ ਕੀਤਾ,ਨਾਲ ਹੀ ਕਿਹਾ ਕਿ ਮੇਰੇ ਕੋਲ ਟਾਈਮ ਨਹੀਂ ਹੈ।ਇੱਕ ਵਾਰ ਤਾਂ ਅਸੀਂ ਅਚੰਭਾ ਮਹਿਸੂਸ ਕੀਤਾ।ਸਾਨੂੰ ਆਪਣੇ ਕਮਰੇ ਵਿੱਚ ਬੈਠਾ ਕੇ ਇਹ ਕਹਿ ਕੇ ਚਲੇ ਗਏ ਕਿ ,"ਤੁਸੀਂ ਬੈਠੋ ਬਈ,ਮੇਰਾ ਟਾਈਮ ਹੋ ਗਿਆ ਮੈਂ ਆਪਣੇ ਬੱਚੇ ਸਕੂਲ ਤੋਂ ਘਰ ਛੱਡਣ ਜਾਣਾ,ਆ ਕੇ ਅਖ਼ਬਾਰੀ ਕੰਮ ਨਿਬੇੜਨ ਦਾ ਸਮਾਂ ਤੈਅ ਹੈ, ਚੰਗਾ ਹੁੰਦਾ ਤੁਸੀਂ ਫੋਨ ਕਰਕੇ ਆਉਂਦੇ"ਅਸੀਂ ਚਾਹ ਪੀ ਕੇ ਵਾਪਸ ਵੋਟਾਂ ਬਣਵਾਉਣ ਦੇ ਕੰਮ ਵਿੱਚ ਰੁੱਝ ਗਏ। ਉਹਨਾਂ ਦੇ ਉਹ ਸ਼ਬਦ ਮੈਨੂੰ ਜ਼ਿੰਦਗੀ ਵਿੱਚ ਵਿਚਰਦੇ ਸਮੇਂ ਉਹਨਾਂ ਦੀ ਅਤੇ ਸਮੇਂ ਦੀ ਕਦਰ ਕਰਨ ਦੀ ਯਾਦ ਦਿਵਾਉਂਦੇ ਰਹਿੰਦੇ ਹਨ।
ਸ਼ਾਇਦ ਮੈਨੂੰ ਪਹਿਲੀ ਵਾਰ ਸਮੇਂ ਦੀ ਕੀਮਤ ਅਤੇ ਵਰਤੋਂ ਪਤਾ ਚੱਲੀ। ਅਸੀਂ ਗੁਰਬਾਣੀ ਦੇ ਕਥਨ ਅਨੁਸਾਰ ਸਕੂਲਾਂ ਵਿੱਚ 'ਸਮੇਂ ਦੀ ਕਦਰ ਕਰੋ' ਪੜ੍ਹ ਲਿਖ ਅਤੇ ਸੁਣ ਕੇ ਗੱਡੇ ਲੱਦ ਦਿੱਤੇ ਪਰ ਮੇਰੇ ਪੱਲੇ ਸਕੂਲੀ ਗਿਆਨ ਨਾਲ 'ਸਮੇਂ ਦੀ ਕਦਰ ਕਰੋ' ਕੁਝ ਵੀ ਨਹੀਂ ਪਿਆ। ਜੋ ਸ਼ਮੀਲ ਦੇ ਕਹਿਣ ਤੇ ਪਿਆ।ਦੂਜੇ ਬੰਨੇ ਮੈਨੂੰ ਪਿਤਾ ਜੀ ਦੀ ਗੱਲ ਸਮਝ ਲੱਗਣ ਲੱਗੀ ਕਹਿੰਦੇ ਹੁੰਦੇ ਸਨ ਕਿ ਸਮਾਂ ਬਰਬਾਦ ਨਾ ਕਰੋ ਇਹ ਨਹੀਂ ਹੱਥ ਆਉਣਾ।ਇਸ ਤੋਂ ਇਲਾਵਾ ਅਗਿਆਤ ਦਾ ਕਥਨ ਵੀ ਯਾਦ ਆਇਆ ਜਿਸ ਤੋਂ ਸਪੱਸ਼ਟ ਹੋਇਆ ਕਿ ਸੰਪਾਦਕ ਸ਼ਮੀਲ ਵਰਗੇ ਲੋਕ ਇੱਕ ਪਲ ਵੀ ਸਮਾਂ ਬਰਬਾਦ ਨਹੀਂ ਕਰਦੇ,"ਜੋ ਪਲ ਅਸੀਂ ਵਿਅਰਥ ਗੁਆ ਦਿੰਦੇ ਹਾਂ,ਉਹ ਸਾਡੀ ਬਦਕਿਸਮਤੀ ਦੇ ਖਜ਼ਾਨੇ ਵਿੱਚ ਜਮ੍ਹਾਂ ਹੋ ਜਾਂਦੇ ਹਨ"ਮੈਂ ਆਪਣੇ ਆਪ ਵਿੱਚ ਗਵਾਚ ਗਿਆ ਕਿ ਅਸੀਂ ਸਮੇਂ ਦੀ ਕੋਈ ਸਾਰਨੀ ਨਹੀਂ ਬਣਾਈ ਹੋਈ ਇਸ ਲਈ ਸਾਡੇ ਜੀਵਨ ਦੀ ਚਾਲ ਹਨੇਰੇ ਵਿੱਚ ਭਟਕੇ ਪੰਛੀ ਵਰਗੀ ਹੈ।
ਹੁਣ ਮੈਨੂੰ ਲਾਰਡ ਬਾਈਡਨ ਦੇ ਕਥਨ ਨਾਲ ਤਸੱਲੀ ਹੋਣੀ ਸ਼ੁਰੂ ਹੋਈ ਜੋ ਮੈਂ ਸ਼ਮੀਲ ਜੀ ਦੇ ਦਫ਼ਤਰ ਤੋਂ ਲੈ ਕੇ ਆਇਆ ਸਾਂ,"ਬੀਤਿਆ ਸਮਾਂ ਅਸੀਂ ਕਦੇ ਵਾਪਸ ਨਹੀਂ ਬੁਲਾ ਸਕਦੇ,ਆਉਣ ਵਾਲੇ ਸਮੇਂ ਬਾਰੇ ਸਾਨੂੰ ਕੋਈ ਯਕੀਨ ਨਹੀਂ ਹੈ,ਕੇਵਲ ਵਰਤਮਾਨ ਹੀ ਤੁਹਾਡੀ ਸਮਰੱਥਾ ਵਿੱਚ ਹੈ,ਇਸ ਲਈ ਹੁਣ ਵਰਤਮਾਨ ਸਮੇਂ ਨੂੰ ਹੀ ਸੁਧਾਰ ਲਓ"ਮੈਂ ਅੱਜ ਵੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ਕਿ ਹਕੀਕਤ ਵਿੱਚ ਸਮੇਂ ਦੀ ਸਾਰਣੀ ਬਣਾ ਕੇ ਚੱਲਿਆ ਜਾਵੇ, ਚੱਲਦਾ ਵੀ ਹਾਂ। ਸਮੇਂ ਦੀ ਕਦਰ ਅਤੇ ਸਮੇਂ ਦੀ ਪਾਬੰਦੀ ਵਿੱਚ ਵੱਖਰੀ ਕਿਸਮ ਦਾ ਸਵਾਦ ਹੈ। ਅੱਗੇ ਵਾਲੇ ਵੀ ਪਾਬੰਦ ਹੋਣ ਤਾਂ ਚੰਗਾ ਹੈ। ਸਿੱਖੀ ਸਮੇਂ ਦੀ ਕਦਰ ਅਨੁਸਾਰ ਸਮੇਂ ਦੀ ਸਾਰਣੀ ਬਣਾ ਕੇ ਮੇਰੇ ਵੱਲੋਂ ਚੱਲਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਸਮੇਂ ਤੇ ਕੀਤਾ ਕੰਮ ਬਾਕੀਆਂ ਨਾਲੋਂ ਅੱਗੇ ਲੈ ਜਾਂਦਾ ਹੈ।ਸ਼ਮੀਲ ਦੇ ਸਬਕ ਨੂੰ ਵਿਧਾਤਾ ਸਿੰਘ ਤੀਰ ਦੀਆਂ ਕਾਵਿ ਸਤਰਾਂ ਅਨੁਸਾਰ ਗੁਣ ਗੁਣਾਉਂਦਾ,"ਰਹੀ ਵਾਸਤੇ ਘੱਤ 'ਸਮੇਂ' ਨੇ ਇੱਕ ਨਾ ਮੰਨੀ,ਫੜ ਫੜ ਰਹੀ ਧਰੀਕ 'ਸਮੇਂ' ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਤਿੱਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ "ਕੰਮ ਸਮੇਂ ਤੇ ਕਰਨ ਲਈ ਆਪਣੀ ਆਦਤ ਨੂੰ ਅੱਜ ਤੱਕ ਹੋਰ ਵੀ ਪਕੇਰੀ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦਾ ਹਾਂ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ