ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

15.01.2026

ਮਨਰੇਗਾ ਕਾਨੂੰਨ ‘ਚ ਬਦਲਾਅ ਵਿਰੁੱਧ ਪੰਜਾਬ ਵਿਚ ਖੇਤ ਮਜ਼ਦੂਰ ਸੜਕਾਂ ‘ਤੇ ਉਤਰੇ- ਇਕ ਖ਼ਬਰ

ਉੱਚਾ ਹੋ ਗਿਆ ਅੰਬਰ ਦਾ ਤਾਰਾ, ਜਲ ਵਿਚ ਰੋਣ ਮੱਛੀਆਂ।

ਸੌਦਾ ਸਾਧ ਨੂੰ ਪੈਰੋਲ ਦੇ ਕੇ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ- ਗਿਆਨੀ ਰਾਮ ਸਿੰਘ

ਸੁੱਤੀ ਪਈ ਦੀ ਜ਼ੰਜੀਰੀ ਛਣਕੇ, ਗੱਭਰੂ ਦਾ ਮਚੇ ਕਾਲਜਾ।

ਟਰੰਪ ਨੇ ਖੁਦ ਨੂੰ ਐਲਾਨਿਆ ਵੈਂਨਜ਼ੁਏਲਾ ਦਾ ਕਾਰਜਕਾਰੀ ਰਾਸ਼ਟਰਪਤੀ- ਇਕ ਖ਼ਬਰ

ਜੱਗੇ ਜੱਟ ਦੇ ਕਬੂਤਰ ਚੀਨੇ, ਨਦੀਉਂ ਪਾਰ ਚੁਗਦੇ।

328 ਪਾਵਨ ਸਰੂਪਾਂ ਦੇ ਮਾਮਲੇ ‘ਚ ਅਕਾਲ ਤਖ਼ਤ ਵਲੋਂ ਜਾਂਚ ਵਿਚ ਸਹਿਯੋਗ ਕਰਨ ਦੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼- ਇਕ ਖ਼ਬਰ

ਗੋਰੇ ਰੰਗ ਨੇ ਸਦਾ ਨਹੀਂ ਰਹਿਣਾ, ਭਰ ਭਰ ਵੰਡ ਮੁੱਠੀਆਂ।

ਬਠਿੰਡਾ ਦੀ ਅਦਾਲਤ ਨੇ ਕੰਗਨਾ ਦੀ ਹਾਜ਼ਰੀ ਮੁਆਫ਼ੀ ਅਰਜ਼ੀ ਕੀਤੀ ਰੱਦ- ਇਕ ਖ਼ਬਰ

ਜੁੱਤੀ ਡਿਗ ਪਈ ਸਿਤਾਰਿਆਂ ਵਾਲੀ, ਨਿੱਜ ਤੇਰੇ ਬੋਤੇ ‘ਤੇ ਚੜ੍ਹੀ।

ਮੋਦੀ ਨੇ ਫ਼ੋਨ ਨਹੀਂ ਕੀਤਾ, ਇਸ ਲਈ ਰੁਕਿਆ ਵਪਾਰਕ ਸਮਝੌਤਾ- ਅਮਰੀਕਾ

ਲੱਡੂ ਮੁੱਕ ਗਏ ਯਾਰਾਨੇ ਟੁੱਟ ਗਏ, ਕੱਚੀ ਯਾਰੀ ਲੱਡੂਆਂ ਦੀ।

ਕਾਂਗਰਸ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜੇਗੀ- ਬਘੇਲ, ਵੜਿੰਗ

 ਕੰਨੀ ਨੱਤੀਆਂ ਸੰਧੂਰੀ ਸਿਰ ਸਾਫ਼ਾ, ਉਹ ਮੇਰਾ ਵੀਰ ਕੁੜੀਓ।

ਫਰੀਦਾਬਾਦ ‘ਚ ਐਂਬੂਲੈਂਸ ਅੰਦਰ ਔਰਤ ਨਾਲ ਸਮੂਹਿਕ ਬਲਾਤਕਾਰ- ਪੁਲਿਸ

ਸੁਣਦੇ ਸਾਂ ਕਿ ਐਂਬੂਲੈਂਸਾਂ ਰਾਹੀਂ ਸਮਗਲਿੰਗ ਹੁੰਦੀ ਐ, ਹੁਣ ਬਲਾਤਕਾਰ ਵੀ ਤੌਬਾ, ਤੌਬਾ.....

‘ਜੀ ਰਾਮ ਜੀ’ ਕਾਨੂੰਨ ਵਿਚ ਕੋਈ ਕਮੀ ਨਹੀਂ- ਜਾਖੜ

ਸਉਣ ਦੇ ਅੰਨ੍ਹਿਆਂ ਨੂੰ ਸਭ ਕੁਝ ਹਰਾ ਹਰਾ ਹੀ ਦਿਸਦਾ ਹੈ।

ਬਲਾਤਕਾਰਾਂ ਦੇ ਦੋਸ਼ੀ ਸਾਧ ਨੂੰ ਹਰੇਕ ਤੀਜੇ ਦਿਨ ਪੈਰੋਲ ਕਿਵੇਂ ਮਿਲ ਰਹੀ ਹੈ- ਜਥੇਦਾਰ ਪੰਜੋਲੀ

ਸੱਦੀ ਹੋਈ ਮਿੱਤਰਾਂ ਦੀ, ਨੀ ਮੈਂ ਪੈਰ ਜੁੱਤੀ ਨਾ ਪਾਵਾਂ।

ਸੁਖਬੀਰ ਬਾਦਲ ਸਿਰਫ਼ ਗਿੱਦੜਬਾਹਾ ਤੋਂ ਹੀ ਮੇਰੇ ਨਾਲ ਚੋਣ ਲੜ ਕੇ ਦੇਖ ਲਵੇ-ਰਾਜਾ ਵੜਿੰਗ

ਜੇ ਤੂੰ ਚੁੰਘੀਆਂ ਬੂਰੀਆਂ ਤਾਂ ਵਿਚ ਮੈਦਾਨੇ ਆ। 

ਗਰੀਨਲੈਂਡ ਲੈਣ ਲਈ ਕੁਝ ਵੀ ਕਰਾਂਗੇ- ਟਰੰਪ

ਲਾਈ ਲੱਗ ਨਾ ਹੋਵੇ ਘਰ ਵਾਲ਼ਾ, ਚੰਦਰਾ ਗੁਆਂਢ ਬੁਰਾ।

ਹਾਲੇ ਪਾਕਿ ਸਰਕਾਰ ਦੀ ਦੇਖ ਰੇਖ ਵਿਚ ਹੀ ਰਹੇਗੀ ਸਰਬਜੀਤ ਕੌਰ- ਇਕ ਖ਼ਬਰ

ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

ਪੁਲਿਸ ਪ੍ਰਸ਼ਾਸਨ ਨੂੰ ਨਾ ਸਹਿਯੋਗ ਅਤੇ ਨਾ ਹੀ ਕੋਈ ਰਿਕਾਰਡ ਦਿਤਾ ਜਾਵੇਗਾ- ਸ਼੍ਰੋਮਣੀ ਕਮੇਟੀ

ਮੇਰੀ ਚੱਪਣੀ ਵਗਾਹ ਕੇ ਮਾਰੀ, ਛੜਿਆਂ ਦੇ ਗਈ ਅੱਗ ਨੂੰ।

ਮੋਦੀ ਜੀ ਆਪਣੇ ਗ੍ਰਹਿ ਮੰਤਰੀ ਨੂੰ ਕਾਬੂ ਵਿਚ ਰੱਖੋ- ਮਮਤਾ ਬੈਨਰਜੀ

ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।

----------------------------------------------------------------------------------------------------------------------------------