ਫੌਜ ਮੁਖੀ ਰਾਵਤ ਦੇ ਬਿਆਨ ਚੋਂ ਸਿੱਖਾਂ ਪ੍ਰਤੀ ਨਫਰਤ ਦੀ ਬੋ ਆਉਂਦੀ ਹੈ

ਜੂਨ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਤੋ ਲੈ ਕੇ ਮੌਜੂਦਾ ਸਮੇ ਤੱਕ ਲਗਾਤਾ੍ਰ ਹੋਈਆਂ ਬੇਅਦਬੀਆਂ ਅਤੇ ਦੋ ਸਿੱਖ ਨੌਜਵਾਨਾਂ ਦੀਆਂ ਸ਼ਹੀਦੀਆਂ ਦਾ ਇਨਸਾਫ ਨਾ ਮਿਲਣ ਕਾਰਨ ਸਿੱਖ ਮਨਾਂ ਵਿੱਚ ਇਹ ਰੋਸ ਜਰੂਰ ਵਧਦਾ ਜਾ ਰਿਹਾ ਹੈ,ਕਿਉਂਕਿ ਪਿਛਲੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਸਰਕਾਰ ਵੱਲੋਂ ਬੇਅਦਬੀਆਂ ਦਾ ਖੁਰਾਖੋਜ ਲੱਭਣ ਦੀ ਵਜਾਏ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ,ਅਤੇ ਮੌਜੂਦਾ ਕਾਂਗਰਸ ਸਰਕਾਰ ਵੀ ਕੇਂਦਰ ਦੇ ਦਬਾਅ ਕਾਰਨ ਇਨਸਾਫ ਦੇਣ ਤੋ ਆਹਨਾ ਕਾਹਨੀ ਕਰ ਰਹੀ ਹੈ,ਪ੍ਰੰਤੂ ਇਸ ਦਾ ਇਹ ਮਤਲਬ ਹਰਗਿਜ ਨਹੀ ਕਿ ਪੰਜਾਬ ਦੇ ਹਾਲਾਤ ਬਿਗੜ ਰਹੇ ਹਨ।ਕੀ ਭਾਰਤ ਦੇ ਕਿਸੇ ਹੋਰ ਸੂਬੇ ਵਿੱਚ ਕੋਈ ਸਮੱਸਿਆ ਨਹੀ ? ਕੀ ਹੋਰ ਸੂਬਿਆਂ ਵਿੱਚ ਹੁੰਦਾ ਰੋਸ ਪ੍ਰਦਰਸ਼ਨ ਸਾਂਤੀ ਦਾ ਪਰਤੀਕ ਹੈ ? ਜੰਮੂ ਕਸ਼ਮੀਰ,ਅਸਾਮ ਅਤੇ ਪੰਜਾਬ ਦੇ ਮਹੌਲ ਨੂੰ ਸਾਂਤ ਕਰਨ ਲਈ ਹੀ ਫੌਜਂ ਐਨੀ ਕਾਹਲ ਅਤੇ ਉਤਸੁਕਤਾ ਕਿਉਂ ਦਿਖਾ ਰਹੀ ਹੈ,ਜਦੋਂ ਕਿ ਗੁਆਂਢੀ ਸੂਬੇ ਹਰਿਆਣੇ ਦੇ ਜਾਟਾਂ ਵੱਲੋਂ ਜਦੋਂ ਵੀ ਕੋਈ ਅੰਦੋਲਨ ਕੀਤਾ ਗਿਆ,ਉਹ ਹਮੇਸਾਂ ਹੀ ਹਿੰਸਕ ਰਿਹਾ ਹੈ,ਉਹਨਾਂ ਦੀ ਹਿੰਸਾ ਦਾ ਸ਼ਿਕਾਰ ਵੀ ਬਗੈਰ ਵਜਾਹ ਤੋਂ ਸਿੱਖਾਂ ਨੂੰ ਬਣਾਇਆ ਜਾਂਦਾ ਰਿਹਾ ਹੈ,ਕੀ ਉਦੋਂ ਕਦੇ ਵੀ ਭਾਰਤੀ ਫੌਜ ਨੂੰ ਇਹ ਚੇਤਾ ਨਹੀ ਆਇਆ ਕਿ ਹਰਿਆਣੇ ਦੇ ਹਾਲਾਤ ਬਿਗੜ ਰਹੇ ਹਨ,ਉਹਨਾਂ ਨੂੰ ਕਾਬੂ ਵਿੱਚ ਰੱਖਣ ਲਈ ਭਾਰਤੀ ਫੌਜ ਦੀ ਜਰੂਰਤ ਹੈ। ਅਜਿਹਾ ਕਦੇ ਵੀ ਨਹੀ ਹੋਵੇਗਾ,ਕਿਉਕਿ ਪੰਜਾਬ ਨੂੰ ਭਾਰਤ ਨੇ ਕਦੇ ਆਪਣਾ ਸਮਝਿਆ ਹੀ ਨਹੀ।ਕੱਲ ਦੇ ਅਖਬਾਰਾਂ ਵਿੱਚ ਭਾਰਤੀ ਫੌਜ ਦੇ ਮੁਖੀ ਵਿਪਨ ਕੁਮਾਰ ਰਾਵਤ ਦਾ ਪੰਜਾਬ ਸੂਬੇ ਦੇ ਹਾਲਾਤਾਂ ਸਬੰਧੀ ਇੱਕ ਤਰਕ ਵਿਹੂਣਾ ਬਿਆਨ ਆਇਆ ਹੈ,ਜਦੋ ਉਹ ਇਹ ਵੀ ਸਾਫ ਲਫਜਾਂ ਵਿੱਚ ਕਹਿੰਦੇ ਹਨ ਕਿ ਭਾਂਵੇਂ ਸੂਬੇ ਦਾ ਮਹੌਲ ਸਾਂਤ ਹੈ ਪਰ ਖਰਾਬ ਹੋ ਸਕਦਾ ਹੈ,ਇਸ ਲਈ ਪਹਿਲਾਂ ਹੀ ਕਾਬੂ ਕਰਨ ਚ ਦੇਰੀ ਨਹੀ ਕਰਨੀ ਚਾਹੀਦੀ,ਫੌਜ ਮੁਖੀ ਦੇ ਇਸ ਨਫਰਤ ਭਰੇ ਬਿਆਨ ਤੇ ਗੰਭੀਰਤਾ ਨਾਲ ਵਿਚਾਰ ਕਰਨੀ ਬਣਦੀ ਹੈ। ਜਦੋਂ ਪੰਜਾਬ ਵਿੱਚ ਕੋਈ ਗੜਬੜ ਹੋਣ ਦਾ ਨਾ ਹੀ ਤਾਂ ਕੋਈ ਖਦਸਾ ਹੈ ਅਤੇ ਨਾ ਹੀ ਕੋਈ ਅਜਿਹੇ ਹਾਲਾਤ ਹੀ ਬਣੇ ਹੋਏ ਹਨ,ਜਿਸ ਤੋ ਇਹ ਅੰਦਾਜਾ ਲਾਇਆ ਜਾ ਸਕੇ ਕਿ ਪੰਜਾਬ ਦੇ ਅਮਨ ਅਮਾਨ ਨੂੰ ਕੋਈ ਖਤਰਾ ਬਣਿਆ ਹੋਇਆ ਹੈ ,ਫਿਰ ਅਜਿਹੇ ਸਮੇ ਤੇ ਫੌਜ ਮੁਖੀ ਦਾ ਇਹ ਬਿਆਨ ਆਉਣਾ ਕਿ ਭਾਂਵੇਂ ਪੰਜਾਬ ਦੇ ਹਾਲਾਤ ਸੁਖਾਂਵੇਂ ਹਨ,ਪਰ ਫਿਰ ਵੀ ਇੱਥੋਂ ਦੀ ਸਾਂਤੀ ਨੂੰ ਬਾਹਰੀ ਸਕਤੀਆਂ ਤੋਂ ਖਤਰਾ ਪੈਦਾ ਹੋ ਸਕਦਾ ਹੈ,ਉਹਨੇ ਚਿਤਾਵਨੀ ਭਰੇ ਲਹਿੰਜੇ ਵਿੱਚ ਕਿਹਾ ਹੈ ਕਿ ਜੇਕਰ ਸਮੇ ਸਿਰ ਧਿਆਨ ਨਾ ਦਿੱਤਾ ਤਾਂ ਬਹੁਤ ਦੇਰ ਹੋ ਜਾਵੇਗੀ,ਉਹਨਾਂ ਦਾ ਇਹ ਬਿਆਨ ਸਪੱਸਟ ਕਰਦਾ ਹੈ ਕਿ ਜਰੂਰ ਭਾਰਤੀ ਸਟੇਟ ਇੱਕ ਵਾਰ ਫਿਰ ਸਿੱਖ ਨੌਜਵਾਨਾਂ ਦਾ ਸ਼ਿਕਾਰ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਬਿਆਨ ਪੰਜਾਬ ਲਈ ਕਦੇ ਵੀ ਸ਼ੁਭ ਨਹੀ ਮੰਨਿਆ ਜਾ ਸਕਦਾ।ਅਜਿਹੇ ਬਿਆਨ ਜਿੱਥੇ ਭਾਰਤੀ ਸਟੇਟ ਦੀ ਘੱਟ ਗਿਣਤੀਆਂ ਪ੍ਰਤੀ ਸੋਚ ਦਾ ਖੁਲਾਸਾ ਕਰਦੇ ਹਨ,ਓਥੇ ਸਿੱਖਾਂ ਅੰਦਰ ਦਹਿਸਤ ਦਾ ਮਹੌਲ ਸਿਰਜਣ ਵਿੱਚ ਵੀ ਜਮੀਨ ਤਿਆਰ ਕਰਨ ਦਾ ਸੁਨੇਹਾ ਦੇ ਰਹੇ ਹਨ। ਪੰਜਾਬ ਵਿੱਚ ਲੰਘੀ ਇੱਕ ਜੂਨ ਤੋਂ ਬੇਅਦਬੀ ਦਾ ਇਨਸਾਫ,ਦੋ ਸਿੱਖ ਨੌਜਵਾਨਾਂ ਦੇ ਕਤਲਾਂ ਦਾ ਇਨਸਾਫ ਅਤੇ ਪਿਛਲੇ ਤੀਹ ਤੀਹ ਸਾਲਾਂ ਤੋ ਜੇਲਾਂ ਵਿੱਚ ਗੈਰਕਨੂੰਨੀ ਢੰਗ ਨਾਲ ਬੰਦ ਰੱਖੇ ਸਿੱਖ ਬੰਦੀਆਂ ਦੇ ਇਨਸਾਫ ਲਈ ਸਿੱਖਾਂ ਵੱਲੋਂ ਮੋਰਚਾ ਲਾਇਆ ਹੋਇਆ ਹੈ,ਜਿਸ ਨੂੰ ਜਿੱਥੇ ਸਿੱਖ ਪੰਥ ਦੇ ਹਰ ਵਰਗ ਵੱਲੋਂ ਭਰਪੂਰ ਸਮੱਰਥਨ ਮਿਲ ਰਿਹਾ ਹੈ,ਓਥੇ ਹਿੰਦੂ ਭਾਈਚਾਰੇ,ਮੁਸਲਮਾਨ ਭਾਈਚਾਰੇ ਅਤੇ ਭਾਰਤ ਦੇ ਮੂਲ ਨਿਵਾਸੀ ਭਾਈਚਾਰੇ ਵੱਲੋਂ ਵੀ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ।ਜਿਸ ਮੋਰਚੇ ਵਿੱਚ ਸਾਂਤੀ ਨੂੰ ਬਣਾਈ ਰੱਖਣ ਲਈ ਸਖਤੀ ਨਾਲ ਸਿੱਖ ਪੰਥ ਵੱਲੋਂ ਹੀ ਹਦਾਇਤਾਂ ਕੀਤੀਆਂ ਹੋਈਆਂ ਹੋਣ ਅਤੇ ਕਿਸੇ ਵਿਸ਼ੇਸ਼ ਭਾਈਚਾਰੇ ਨਾਲ ਟਕਰਾ ਦਾ ਕੋਈ ਰੱਤੀ ਮਾਤਰ ਵੀ ਖਦਸ਼ਾ ਨਾ ਹੋਵੇ,ਫਿਰ ਭਾਰਤੀ ਫੌਜ ਦੇ ਮੁਖੀ ਨੂੰ ਪੰਜਾਬ ਵਿੱਚ ਅਜਿਹਾ ਕਿਹੜਾ ਖਤਰਾ ਸਤਾਉਣ ਲੱਗ ਪਿਆ,ਜਿਸ ਕਰਕੇ ਉਹਨੂੰ ਅਜਿਹਾ ਬਿਆਨ ਦੇਣ ਦੀ ਲੋੜ ਪੈ ਗਈ? ਇਹਦਾ ਸਿੱਧਾ ਤੇ ਸਪੱਸਟ ਉੱਤਰ ਇਹ ਹੀ ਹੈ ਕਿ ਘੱਟ ਗਿਣਤੀਆਂ ਦੀ ਦੁਸ਼ਮਣ ਨਾਗਪੁਰ ਦੀ ਸ਼ਕਤੀਸਾਲੀ ਕੱਟੜਵਾਦੀ ਸੰਸਥਾ ਆਰ ਐਸ ਐਸ ਭਾਰਤੀ ਫੋਰਸਾਂ ਤੇ ਪੂਰੀ ਤਰਾਂ ਆਪਣੀ ਪਕੜ ਬਣਾ ਚੁੱਕੀ ਹੈ,ਜਿਹੜੀ ਆਪਣੇ ਚਹੇਤੇ ਫੌਜ ਮੁਖੀ ਤੋਂ ਪੰਜਾਬ ਦੇ ਸਿੱਖਾਂ ਨੂੰ ਮੁੜ ਤੋ ਸਬਕ ਸਿਖਾਉਣ ਦੇ ਮਨਸੇ ਨਾਲ ਅਜਿਹੇ ਬਿਆਨ ਦਿਵਾ ਕੇ ਇੱਕ ਵਾਰ ਫਿਰ ਸਿੱਖਾਂ ਨੂੰ ਬਾਹਰੀ ਤਾਕਤਾਂ ਦਾ ਨਾਮ ਬਰਤ ਕੇ ਬਦਨਾਮ ਕਰਨਾ ਚਾਹੁੰਦੀ ਹੈ।ਸਚਾਈ ਇਹ ਵੀ ਹੈ ਕਿ ਪੰਜਾਬ ਵਿੱਚ ਸਾਂਤੀ ਨੂੰ ਤਾਂ ਕੋਈ ਖਤਰਾ ਨਹੀ,ਪਰ ਭਾਰਤੀ ਜਨਤਾ ਪਾਰਟੀ ਦੀ ਵਫਾਦਾਰ ਭਾਈਵਾਲ ਪਾਰਟੀ ਅਕਾਲੀ ਦਲ ਬਾਦਲ ਦੀ ਹਾਲਤ ਜਰੂਰ ਤਰਸਯੋਗ ਬਣੀ ਹੋਈ ਹੈ,ਜਿਸ ਲਈ ਉਹ ਪੰਜਾਬ ਦੇ ਆਮ ਸਿੱਖਾਂ ਨੂੰ ਦੋਸ਼ੀ ਸਮਝਦੇ ਹਨ ਅਤੇ ਇਸ ਗੱਲ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਕੇਂਦਰੀ ਏਜੰਸੀਆਂ ਕੋਈ ਅਜਿਹੀ ਗੜਬੜ ਨੂੰ ਅੰਜਾਮ ਦੇ ਸਕਦੀਆਂ ਹਨ,ਜਿਸ ਨਾਲ ਅਮਨ ਅਮਾਨ ਨਾਲ ਵਸਦੇ ਪੰਜਾਬ ਉੱਤੇ ਕੇਂਦਰੀ ਫੋਰਸਾਂ ਦੇ ਜਬਰ ਦਾ ਕੁਹਾੜਾ ਚਲਾਉਣ ਦਾ ਰਾਹ ਪੱਧਰਾ ਕੀਤਾ ਜਾ ਸਕੇ। ਫੌਜ ਮੁਖੀ ਦੇ ਬਿਆਂਨ ਨੂੰ ਧਿਆਨ ਨਾਲ ਪੜ੍ਹਨ ਤੋਂ ਸੌਖਿਆਂ ਹੀ ਇਹ ਸਮਝ ਪੈ ਜਾਂਦੀ ਹੈ ਕਿ ਹੁਣ ਇੱਕ ਵਾਰ ਫਿਰ ਪੰਜਾਬ ਦੀ ਸਾਂਤੀ ਨੂੰ ਲਾਂਬੂ ਲਾਉਣ ਲਈ ਜਮੀਨ ਤਿਆਰ ਕੀਤੀ ਜਾ ਰਹੀ ਹੈ,ਜਿਸ ਦਾ ਵਿਰੋਧ ਪੰਜਾਬ ਦੇ ਹਰ ਅਮਨ ਪਸੰਦ ਇਨਸਾਨ ਨੂੰ,ਇਨਸਾਫ ਪਸੰਦ ਜਥੇਬੰਦੀਆਂ ਨੂੰ, ਰਾਜਨੀਤਕ ਜਥੇਬੰਦੀਆਂ ਅਤੇ ਹਰ ਉਸ ਧਿਰ ਨੂੰ ਕਰਨਾ ਚਾਹੀਦਾ ਹੈ,ਜਿਹੜੀ ਪੰਜਾਬ ਅਤੇ ਪੰਜਾਬੀਅਤ ਦੀ ਮੁਦਈ ਹੈ।ਜਿਹੜੇ ਲੋਕ ਪੰਜਾਬ ਦੀ ਸਾਂਤੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਦਿਲੋਂ ਸੁਹਿਰਦ ਅਤੇ ਫਿਕਰਮੰਦ ਹਨ,ਉਹਨਾਂ ਨੂੰ ਫੌਜ ਮੁਖੀ ਵਿਪਨ ਕੁਮਾਰ ਰਾਵਤ ਦੇ ਉਸ ਤਰਕ ਦਾ ਪੁਰਜੋਰ ਵਿਰੋਧ ਕਰਨਾ ਚਾਹੀਦਾ ਹੈ,ਜਿਸ ਚੋ ਸਿੱਖਾਂ ਅਤੇ ਪੰਜਾਬ ਪ੍ਰਤੀ ਨਫਰਤ ਝਲਕਦੀ ਹੈ।

ਬਘੇਲ ਸਿੰਘ ਧਾਲੀਵਾਲ
99142-58142

05 Nov. 2018