
ਕੁੱਤਿਆਂ ਦੀ ਸਮੱਸਿਆ ਲਈ ਠੋਸ ਨੀਤੀ ਬਣੇ -ਸੁਖਪਾਲ ਸਿੰਘ ਗਿੱਲ
ਨਿਤ ਦਿਨ ਅਖਬਾਰ ਦੀਆਂ ਸੁਰਖੀਆਂ ਕੁੱਤਿਆਂ ਦੇ ਕੱਟਣ ਦੀਆਂ ਹੁੰਦੀਆਂ ਹਨ। ਇਹਨਾਂ ਪਿੱਛੇ ਵੱਡਾ ਕਾਰਨ ਇਹ ਹੈ,ਕਿ ਕੁੱਤੇ ਅਵਾਰਾ ਕਿਉਂ ਹੁੰਦੇ ਹਨ? ਇਹ ਹੈ ਕਿ ਇਹਨਾਂ ਬਾਰੇ ਸਾਡੇ ਮੁਲਕ ਵਿੱਚ ਕੋਈ ਖਾਸ ਨੀਤੀ ਨਹੀਂ ਹੈ, ਜੇ ਨੀਤੀ ਬਣਦੀ ਹੈ ਤਾਂ ਧਾਰਮਿਕ ਤੇ ਪਾਪ ਪੁੰਨ ਦੇ ਫਲਸਫੇ਼ ਵਿੱਚ ਫਸ ਜਾਂਦੀ ਹੈ। ਮਨੁੱਖ ਤੋਂ ਬਾਅਦ ਹਰ ਸਾਹ ਵਾਲੀ ਚੀਜ਼ ਨੂੰ ਜੀਉਣ ਦਾ ਅਧਿਕਾਰ ਹੈ। ਪਰ "ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ"। ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਮਨੁੱਖ, ਮਨੁੱਖ ਹੈ, ਕੁੱਤਾ, ਕੁੱਤਾ ਹੈ। ਹੈਰਾਨੀ ਹੁੰਦੀ ਹੈ ਜਦ ਸੋਸ਼ਲ ਮੀਡੀਆ ਤੇ ਕੁੱਤਿਆਂ ਨਾਲ ਨਿਵੇਕਲੀ ਕਿਸਮ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ, ਜੋ ਘਟਨਾਵਾਂ ਬਣ ਜਾਦੀਆਂ ਹਨ।
ਭਾਰਤ ਚ 6 ਕਰੋੜ ਦੇ ਲਗਭਗ ਅਵਾਰਾ ਕੁੱਤੇ ਹਨ। ਭਾਰਤ ਚ ਹਰ ਸਾਲ 2 ਕਰੋੜ ਲੋਕ ਜਾਨਵਰਾਂ ਦੀ ਹਿੰਸਾ ਵਿੱਚ ਗ੍ਰਸਤ ਹੁੰਦੇ ਹਨ, ਜਿਨਾਂ ਵਿੱਚ 92% ਕੁੱਤਿਆਂ ਰਾਹੀਂ ਹੁੰਦੇ ਹਨ। ਸੰਸਾਰ ਸਿਹਤ ਸੰਸਥਾ ਅਨੁਸਾਰ ਹਲਕਾਅ ਕਾਰਨ ਦੁਨੀਆਂ ਦੀਆਂ ਕੁਲ ਮੌਤਾਂ ਵਿੱਚੋਂ 36% ਮੌਤਾਂ ਭਾਰਤ ਵਿੱਚ ਹੁੰਦੀਆਂ ਹਨ। 2018 ਵਿੱਚ ਲੁਧਿਆਣਾ ਵਿੱਚ 15324, ਜਲੰਧਰ ਵਿੱਚ 9839 ਅਤੇ ਹੁਸ਼ਿਆਰਪੁਰ ਵਿੱਚ 9260 ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਹੋਈਆਂ ਸਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ 1 ਜਨਵਰੀ 2025 ਤੋਂ ਜੂਨ 2025 ਤੱਕ 24601 ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਹੋਈਆਂ।ਭਾਰਤ ਚ ਹਲਕਾਅ ਕਾਰਨ 2023 ਵਿੱਚ 50 ਮੌਤਾਂ ਅਤੇ 2024 ਵਿੱਚ 54 ਮੌਤਾਂ ਹੋਈਆਂ ਸਨ। ਦਿੱਲੀ ਵਿੱਚ ਪਿਛਲੇ ਦਿਨੀ ਹਲਕਾਅ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋਈ ਸੀ।
ਭਾਰਤ ਚ ਪਸ਼ੂ ਜਨਮ ਨਿਯੰਤਰਣ ਨਿਯਮ 2023 ਅਵਾਰਾ ਪਸ਼ੂਆਂ ਦੇ ਪ੍ਰਬੰਧਨ ਲਈ ਲਾਗੂ ਕੀਤੇ ਗਏ ਹਨ। ਇਸੇ ਤਹਿਤ ਅਵਾਰਾ ਕੁੱਤਿਆਂ ਦੀ ਗਿਣਤੀ ਕੰਟਰੋਲ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਪਰ ਮਾਨਯੋਗ ਸੁਪਰੀਮ ਕੋਰਟ ਨੇ ਇਸ ਨੂੰ ਬੇਤੁਕਾ ਕਰਾਰ ਦਿੱਤਾ ਹੈ। ਵੱਖ-ਵੱਖ ਦੇਸ਼ਾਂ ਵਿੱਚ ਕੁੱਤਿਆਂ ਦੀ ਸਾਂਭ ਸੰਭਾਲ ਲਈ ਵੱਖ-ਵੱਖ ਨਿਯਮ ਹਨ। ਇੰਗਲੈਂਡ ਵਿੱਚ ਸਥਾਨਕ ਪ੍ਰਸ਼ਾਸਨ ਅਵਾਰਾ ਕੁੱਤਿਆਂ ਦੀ ਸੰਭਾਲ ਕਰਦਾ ਹੈ। ਵੱਖ-ਵੱਖ ਦੇਸ਼ਾਂ ਵਿੱਚ ਕੁੱਤਿਆਂ ਦੇ ਮਾਈਕਰੋ ਚਿੱਪਾਂ ਵੀ ਲਗਾਈਆਂ ਗਈਆਂ ਤਾਂ ਜੋ ਕੁੱਤੇ ਦੀ ਪਛਾਣ ਹੋ ਸਕੇ। ਦੂਜੇ ਪਾਸੇ ਕੁੱਤੇ ਮਨੁੱਖ ਦੇ ਸਾਥੀ ਅਤੇ ਵਫਾਦਾਰ ਵੀ ਹੁੰਦੇ ਹਨ ਇਸ ਪ੍ਰਤੀ ਬਾਬਾ ਬੁੱਲੇ ਸ਼ਾਹ ਦਾ ਕਲਾਮ ਸਾਂਝਾ ਕਰਨਾ ਬਣਦਾ ਹੈ:- "ਰਾਤੀ ਜਾਗਣ ਕੁੱਤੇ, ਕਰੇ ਇਬਾਦਤ, ਰਾਤੀ ਜਾਗਣ ਕੁੱਤੇ,
ਤੈਥੋਂ ਉੱਤੇ, ਭੌਂਕਣੋ ਬੰਦ ਮੂਲ ਨਾ ਹੁੰਦੇ,
ਜਾ ਰੂੜੀ ਤੇ ਸੁੱਤੇ ਤੈਥੋਂ ਉੱਤੇ,
ਖਸਮ ਆਪਣੇ ਦਾ ਦਰ ਨਾ, ਛੱਡਦੇ ਭਾਵੇਂ ਵੱਜਣ ਜੁੱਤੇ,
ਤੈਥੋਂ ਉੱਤੇ, ਬੁੱਲੇ ਸ਼ਾਹ ਕੋਈ ਰਖਤ ਵਿਹਾਜ ਲੈ,
ਨਹੀਂ ਤੇ ਬਾਜੀ ਲੈ ਗਏ ਕੁੱਤੇ, ਤੈਥੋਂ ਉੱਤੇ"
ਪਾਲਤੂ ਕੁੱਤਿਆਂ ਨੂੰ ਭੋਜਨ ਮਿਲਦਾ ਹੈ, ਪਰ ਆਜ਼ਾਦੀ ਅਤੇ ਜੈਵਿਕ ਲੋੜਾਂ ਪੂਰੀਆਂ ਨਾ ਹੋਣ ਕਾਰਨ ਇਹ ਵੀ ਹਿੰਸਾ ਕਰਦੇ ਹਨ। ਇਹਨਾ ਪਾਲਤੂ ਕੁਤਿਆਂ ਦੇ ਸੌਂਕੀਆਂ ਲਈ ਵੀ ਸਖਤ ਨਿਯਮ ਅਤੇ ਜਿੰਮੇਵਾਰੀ ਬਣੇ।ਜਦਕਿ ਅਵਾਰਾ ਕੁੱਤੇ ਆਜ਼ਾਦੀ ਅਤੇ ਜੈਵਿਕ ਲੋੜਾਂ ਪੂਰੀਆਂ ਕਰਦੇ ਹਨ, ਪਰ ਭੋਜਨ ਨਾ ਮਿਲਣ ਕਾਰਨ ਇਹ ਵੀ ਹਿੰਸਾ ਕਰਦੇ ਹਨ।ਅਵਾਰਾ ਕੁੱਤੇ ਦੁਰਘਟਨਾਵਾਂ ਵੀ ਕਰਾਉਂਦੇ ਹਨ। ਸਕੂਟਰ ਮੋਟਰਸਾਈਕਲਾਂ ਵਿੱਚ ਵੱਜਦੇ ਹਨ। ਜਦੋਂ ਕੋਈ ਵਾਹਣ ਲੰਘਦਾ ਹੈ ਤਾਂ ਉਸਦੇ ਅੱਗੇ-ਪਿੱਛੇ ਦੌੜਦੇ ਹਨ ਤਾਂ ਵੀ ਘਟਨਾਵਾਂ ਨੂੰ ਜਨਮ ਮਿਲਦਾ ਹੈ। ਕੁੱਤੇ ਦੀ ਸਰੀਰਕ ਭਾਸ਼ਾ ਸਮਝਣੀ ਵੀ ਚਾਹੀਦੀ ਹੈ। ਅਵਾਰਾ ਕੁੱਤਿਆਂ ਦੀ ਸਾਂਭ ਸੰਭਾਲ ਹਿੱਤ ਇੱਕ ਵਿਸਥਾਰਤ ਨੀਤੀ ਦੀ ਲੋੜ ਹੈ ਤਾਂ ਜੋ ਕੁੱਤਿਆਂ ਦੀ ਵਜਹਾ ਤੇ ਹੁੰਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਡੀ ਰਾਹਤ ਮਿਲੇ। ਇਸ ਨਾਲ ਹੀ ਕੁੱਤਿਆਂ ਨਾਲ ਹੁੰਦੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445