ਮੀਤ ਅਨਮੋਲ ਦੀ ਪੁਸਤਕ ‘ਰਹਾਉ’ ॥ ਬੋਧ ਕਥਾਵਾਂ॥ ਗੁਣਾਂ ਦੀ ਗੁੱਥਲੀ - ਉਜਾਗਰ ਸਿੰਘ

ਮੀਤ ਅਨਮੋਲ ਨੇ ਲੋਕਾਂ ਨੂੰ ਆਪਣੀ ਜ਼ਿੰਦਗੀ ਬਿਹਤਰੀਨ ਢੰਗ ਨਾਲ ਬਸਰ ਕਰਨ ਲਈ ਵਿਲੱਖਣ ਕਿਸਮ ਦੀ ‘ਰਹਾਉ’ ਨਾਂ ਦੀ ਪੁਸਤਕ ਪ੍ਰਕਾਸ਼ਤ ਕਰਵਾਈ ਹੈ, ਜਿਸ ਵਿੱਚ 51 ਛੋਟੀਆਂ-ਛੋਟੀਆਂ ਬੋਧ ਕਥਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਇਹ ਬੋਧ ਕਥਾਵਾਂ ਇਕੱਤਰ ਕਰਕੇ ਉਸਨੇ ਸਮਾਜ ਨੂੰ ਮਾਰਗ ਦਰਸ਼ਨ ਦੇਣ ਦਾ ਉਪਰਾਲਾ ਕੀਤਾ ਹੈ, ਕਿਉਂਕਿ ਵਰਤਮਾਨ ਸਮਾਜਕ ਤਾਣਾ-ਬਾਣਾ ਬਹੁਤ ਸਾਰੀਆਂ ਸਮਾਜਿਕ ਅਲਾਮਤਾਂ ਦਾ ਸ਼ਿਕਾਰ ਹੋਇਆ ਪਿਆ ਹੈ। ਲੋਕ ਸਿਰਫ ਤੇ ਸਿਰਫ਼ ਆਪਣਾ ਜੀਵਨ ਬਿਹਤਰੀਨ ਬਣਾਉਣ ਤੇ ਅਮੀਰ ਹੋਣ ਲਈ ਸ਼ਾਰਟ ਕੱਟ ਮਾਰ ਰਹੇ ਹਨ। ਕਾਨੂੰਨ ਅਨੁਸਾਰ ਪ੍ਰਫ਼ੁਲਤ ਹੋਣ ਨੂੰ ਤਰਜ਼ੀਹ ਨਹੀਂ ਦੇ ਰਹੇ। ਅਜਿਹੇ ਮਾਹੌਲ ਵਿੱਚ ਇਹ ਬੋਧ ਕਥਾਵਾਂ ਸਾਰਥਿਕ ਸਾਬਤ ਹੋ ਸਕਦੀਆਂ ਹਨ। ਮੀਤ ਅਨਮੋਲ ਨੇ ਇਹ ਬੋਧ ਕਥਾਵਾਂ ਇਕੱਤਰ ਤੇ ਅਨੁਵਾਦ ਕਰਕੇ ਲਿਖੀਆਂ ਹਨ। ਇਨ੍ਹਾਂ ਨੂੰ ਪੜ੍ਹਨ ਤੋਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਸਦੀਆਂ ਮੌਲਿਕ ਕਹਾਣੀਆਂ ਹਨ। ਲੋਕ ਲੋਭ, ਲਾਲਚ, ਹਓਮੈ, ਧੋਖੇਬਾਜ਼ੀ ਅਤੇ ਹੋਰ ਕਈ ਤਰ੍ਹਾਂ ਦੇ ਅਜਿਹੇ ਕੰਮ ਕਰ ਰਹੇ ਹਨ, ਜਿਨ੍ਹਾਂ ਕਰਕੇ ਸਮਾਜ ਵਿੱਚ ਅਸਥਿਰਤਾ ਅਤੇ ਆਪੋਧਾਪੀ ਦਾ ਰਾਮ ਰੌਲਾ ਪਿਆ ਹੋਇਆ ਹੈ। ਆਮ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ, ਖਾਸ ਲੋਕ ਬੇਇਨਸਾਫੀਆਂ ਕਰ ਰਹੇ ਹਨ। ਸਹਿਨਸ਼ੀਲਤਾ, ਆਪਸੀ ਪਿਆਰ, ਸਹਿਯੋਗ ਤੇ ਸਹਿਹੋਂਦ ਨੂੰ ਖ਼ੋਰਾ ਲੱਗ ਰਿਹਾ ਹੈ। ਮੀਤ ਅਨਮੋਲ ਨੇ ਅਜਿਹੀਆਂ ਬੋਧ ਕਥਾਵਾਂ ਪ੍ਰੱਸਤਤ ਕੀਤੀਆਂ ਹਨ, ਜੇਕਰ ਸਮਾਜ ਦਾ ਹਰ ਪ੍ਰਾਣੀ ਉਨ੍ਹਾਂ ‘ਤੇ ਅਮਲ ਕਰੇਗਾ ਤਾਂ ਸਮਾਜ ਵਿੱਚ ਸੁਖ ਸ਼ਾਂਤੀ ਅਤੇ ਸਦਭਾਵਨਾ ਦਾ ਵਾਤਵਰਨ ਬਣ ਜਾਵੇਗਾ ਤੇ ਲੋਕ ਆਪਣੀ ਜ਼ਿੰਦਗੀ ਸਬਰ ਸੰਤੋਖ ਨਾਲ ਬਤੀਤ ਕਰ ਸਕਣਗੇ। ਇਨ੍ਹਾਂ ਬੋਧ ਕਥਾਵਾਂ ਵਿੱਚ ਇੱਕ ਕਿਸਮ ਨਾਲ ਜ਼ਿੰਦਗੀ ਜਿਉਣ ਦੇ ਨੁਕਤੇ ਦੱਸੇ ਗਏ ਹਨ। ਸਮਾਜ ਵਿੱਚ ਇਨਸਾਨ ਨੂੰ ਵਿਚਰਦਿਆਂ ਕਿਹੜੇ ਅਸੂਲਾਂ ‘ਤੇ ਚਲਣਾ ਚਾਹੀਦਾ ਹੈ, ਕਿਵੇਂ ਇੱਕ ਦੂਜੇ ਦੀ ਬਾਂਹ ਬਣਕੇ  ਵਿਚਰਨਾ ਚਾਹੀਦਾ ਹੈ ਆਦਿ। ਇੱਕ ਤਰ੍ਹਾਂ ਇਹ 51 ਨੁਕਤੇ ਹਨ, ਜਿਨ੍ਹਾਂ ਨੂੰ ਉਦਾਹਰਨਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਹਿਲੀ ਬੋਧ ਕਥਾ ‘ਠੰਡਾ ਤੇ ਮਿੱਠਾ ਪਾਣੀ’ ਸਿਰਲੇਖ ਵਾਲੀ ਵਿੱਚ ਦੱਸਿਆ ਗਿਆ ਹੈ ਕਿ ਹਰ ਬੁਰਿਆਈ ਵਿੱਚੋਂ ਚੰਗਿਆਈ ਲੱਭੀ ਜਾ ਸਕਦੀ ਹੈ। ਲਿਖਣ ਦਾ ਭਾਵ ਹੈ ਕਿ ਕਿਸੇ ਦੀ ਬੁਰਿਆਈ ਨਾ ਕੀਤੀ ਜਾਵੇ। ਜੇ ਜਾਣੇ ਅਣਜਾਣੇ ਬੁਰਾਈ ਹੋ ਗਈ ਹੋਵੇ ਤਾਂ ਬੁਰਾਈ ਦਾ ਦ੍ਰਿੜ੍ਹਤਾ ਨਾਲ ਪ੍ਰਾਸਚਿਤ ਕਰਨ ਨਾਲ ਦੂਰ ਕੀਤੀ ਜਾ ਸਕਦੀ ਹੈ, ਹਰ ਬੋਧ ਕਥਾ ਦਾ ਸਾਰੰਸ਼ ਮੈਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਜੋ ਇਸ ਪ੍ਰਕਾਰ ਹੈ : ਇੱਕ ਆਦਤ ‘ਤੇ ਚਲਦਿਆਂ ਸਮੇਂ ਸੋਚਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਸਫ਼ਲਤਾ ਦੇ ਰਾਹ ਬੰਦ ਤਾਂ ਨਹੀਂ ਹੋ ਰਹੇ, ਸਾਕਾਰਾਤਮਕ ਸੋਚ ਜ਼ਿੰਦਗੀ ਬਦਲ ਸਕਦੀ ਹੈ, ਇਸ ਲਈ ਨਾਕਾਰਤਮਿਕ ਸੋਚ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ, ਮਨ ਨੂੰ ਸ਼ਾਂਤ ਰੱਖੋ ਤੇ ਆਪੇ ਦੀ ਪਛਾਣ ਕਰੋ, ਆਪੇ ਦੀ ਪਛਾਣ ਕਰਨ ਨਾਲ ਪਰਮ ਪਰਮਾਤਮਾ ਮਿਲ ਸਕਦਾ ਹੈ, ਸ਼ਾਂਤੀ ਤੁੁਹਾਡੇ ਅੰਦਰ ਹੀ ਹੈ, ਆਲੇ ਦੁਆਲੇ ਹੱਥ ਪੱਲੇ ਮਾਰਨ ਦੀ ਕੋਸ਼ਿਸ਼ ਨਾ ਕਰੋ,  ਸਾਦਗੀ ਇੱਕ ਗਹਿਣਾ ਹੈ, ਜਿਸ ਨਾਲ ਇਛਾਵਾਂ ‘ਤੇ ਕਾਬੂ ਪਾਇਆ ਜਾ ਸਕਦਾ ਹੈ, ਸਾਦਗੀ ਵਾਲੇ ਇਨਸਾਨ ਵਿੱਚ ਇਛਾਵਾਂ ਪੈਦਾ ਹੀ ਨਹੀਂ ਹੁੰਦੀਆਂ। ਅਹੁਦਿਆਂ ਨਾਲ ਮੁਸੀਬਤਾਂ ਤੇ ਸਾਧਾਰਣਤਾ ਨਾਲ ਸੰਤੁਸ਼ਟੀ ਮਿਲਦੀ ਹੈ, ਵੱਡੀ ਆਫ਼ਤ ਸਮੇਂ ਆਪਣੇ ਲਾਭ ਦੀ ਥਾਂ ਦੂਜਿਆਂ ਦੇ ਲਾਭ ਦਾ ਧਿਆਨ ਰੱਖੋ, ਪ੍ਰੇਮ, ਰਹਿਮ ਅਤੇ ਨੇਕੀ ਜਿਉਂਦੇ ਰੱਖਣਾ ਮਨੁੱਖ ਦਾ ਅਸਲੀ ਧਰਮ ਹੈ, ਦੂਜਿਆਂ ਲਈ ਝੀਲ ਬਣ ਜਾਓ, ਫਲ ਦੀ ਉਮੀਦ ਸੱਚੇ ਦਿਲੋਂ ਕੋਸ਼ਿਸ਼ ਕਰਨ ਨਾਲ ਪੂਰੀ ਹੁੰਦੀ ਹੈ, ਲੋਭ, ਲਾਲਚ, ਵਾਸਨਾਵਾਂ ਛੁੱਟ ਜਾਣ ਤਾਂ ਇਨਸਾਨ ਸਹਿਜ ਹੋ ਜਾਂਦਾ ਹੈ, ਲਾਲਸਾ ਤੋਂ ਬਿਨਾ ਭਗਤੀ ਸਾਰਥਿਕ ਹੋ ਸਕਦੀ ਹੈ। ਮੀਤ ਅਨਮੋਲ ਨੇ ਬੋਧ ਕਥਾਵਾਂ ਵਿੱਚ ਸ਼ਬਦਾਵਲੀ ਸਰਲ ਤੇ ਠੇਠ ਲਿਖੀ ਹੈ ਤਾਂ ਜੋ ਪਾਠਕ ਸੌਖੇ ਤਰੀਕੇ ਨਾਲ ਕਥਾ ਦੀ ਭਾਵਨਾ ਨੂੰ ਸਮਝ ਸਕੇ। ਇਹ ਕਥਾਵਾਂ ਅਟੱਲ ਸਚਾਈਆਂ ਹਨ।  ਇਨ੍ਹਾਂ ਬੋਧ ਕਥਾਵਾਂ ਦੀਆਂ ਅਟੱਲ ਸਚਾਈਆਂ ਦੀ ਭਾਵਨਾ ਨੂੰ ਗ੍ਰਹਿਣ ਕਰਕੇ ਜ਼ਿੰਦਗੀ ਸੌਖੇ ਢੰਗ ਨਾਲ ਬਿਤਾਈ ਜਾ ਸਕਦੀ ਹੈ, ਜਿਵੇਂ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ, ਪ੍ਰੰਤੂ ਕੋਸ਼ਿਸ਼ ਜ਼ਾਰੀ ਰੱਖਣੀ ਚਾਹੀਦੀ ਹੈ, ਕਿਸੇ ਵੱਲੋਂ ਤੁਹਾਨੂੰ ਬੁਰਾ ਭਲਾ ਕਹਿਣ ਨਾਲ ਤੁਸੀਂ ਬੁਰੇ ਨਹੀਂ ਹੋ ਜਾਂਦੇ, ਤੁਸੀਂ ਕਿਸੇ ਵੱਲੋਂ ਕੀਤੀ ਬੁਰਾਈ ਨੂੰ ਪ੍ਰਵਾਨ ਹੀ ਨਾ ਕਰੋ, ਸੰਸਕਾਰ ਆਤਮਾ ਨਹੀਂ ਬਣ ਸਕਦੇ, ਸਾਕਾਰਾਤਮਿਕ ਸੋਚ ਲਾਭਦਾਇਕ ਹੁੰਦੀ ਹੈ, ਇਨਸਾਨ ਦਾ ਕਿਰਦਾਰ ਉਸਦੇ ਵਿਵਹਾਰ ਤੋਂ ਪਤਾ ਚਲਦਾ ਹੈ, ਦੂਸਰਿਆਂ ਦੇ ਹੰਝੂ ਪੂੰਝੋ, ਚੰਗਿਆਈ ਕਰਦੇ ਰਹੋ, ਪ੍ਰੇਮ ਵੱਡਾ ਹਥਿਆਰ ਹੈ, ਬੰਦੇ ਨੂੰ ਧੋਖਾ ਦੇਣਾ ਰੱਬ ਨੂੰ ਧੋਖਾ ਦੇਣ ਦੇ ਬਰਾਬਰ  ਹੈ, ਸੰਤੁਲਿਤ ਵਿਚਾਰ ਰੱਖੋ, ਨੇਕੀ ਕਰੋ, ਬੁਰੇ ਨੂੰ ਸਿੱਧੇ ਰਸਤੇ ਪਾਉਣ ਦੀ ਕੋਸ਼ਿਸ਼ ਕਰੋ, ਇਨਸਾਨੀਅਤ ਦੀ ਕਦਰ ਕਰੋ, ਇਨਸਾਨ ਦਾ ਜੀਵਨ ਕੀਮਤੀ ਹੈ, ਹਿੰਸਾ ਤੋਂ ਦੂਰ ਰਹੋ, ਹਿੰਸਾ ਕਰਕੇ ਮੌਤ ਦੇ ਸੌਦਾਗਰ ਨਾ ਬਣੋ, ਸਾਡੀ ਖ਼ੁਸ਼ੀ ਦੂਜਿਆਂ ਦੀ ਖ਼ੁਸ਼ੀ ਵਿੱਚ ਛੁਪੀ ਹੁੰਦੀ ਹੈ, ਦੂਜੇ ਨੂੰ ਦੁਖੀ ਕਰਕੇ ਤੁਸੀਂ ਸੁਖੀ ਨਹੀਂ ਰਹਿ ਸਕਦੇ, ਕਿਸੇ ਨਾਲ ਬੇਇਨਸਾਫ਼ੀ ਨਾ ਕਰੋ, ਹੰਕਾਰ ਮੂਧੇ ਮੂੰਹ ਗਿਰਦਾ ਹੈ, ਇਨਸਾਨ ਗ਼ਲਤੀ ਦਰ ਗ਼ਲਤੀ ਕਰਦਾ ਰਹਿੰਦਾ ਹੈ, ਪ੍ਰੰਤੂ ਗ਼ਲਤੀ ਤੋਂ ਖਹਿੜਾ ਛੁਡਾਉਣਾ ਜ਼ਰੂਰੀ ਹੁੰਦਾ ਹੈ, ਸਚਾਈ ਜੀਵਨ ਬਦਲ ਸਕਦੀ ਹੈ, ਗੁੱਸਾ ਆਪਣਾ ਤੇ ਦੂਜੇ ਦਾ ਨੁਕਸਨ ਕਰਦਾ ਹੈ, ਜਲਦਬਾਜ਼ੀ ਦਾ ਫ਼ੈਸਲਾ ਵੀ ਗ਼ਲਤ ਹੁੰਦਾ ਹੈ, ਰੁੱਖ ਜੀਵਨ ਦਾਨੀ ਹਨ, ਵਾਤਵਰਨ ਸਵੱਛ ਰੱਖਦੇ ਹਨ, ਚੰਗਿਆਈ ਹਰ ਇੱਕ ਤੋਂ ਗ੍ਰਹਿਣ ਕੀਤੀ ਜਾ ਸਕਦੀ ਹੈ, ਔਰਤ ਸਤਿਕਾਰ ਦੀ ਪਾਤਰ ਹੈ, ਬਰਾਬਰਤਾ ਜ਼ਰੂਰੀ ਹੈ ਆਦਿ। ਮੀਤ ਅਨਮੋਲ ਦੀ ਇੱਕ-ਇੱਕ ਕਥਾ ਵਿੱਚ ਅਨੇਕ ਸੰਦੇਸ਼ ਮਿਲਦੇ ਹਨ, ਜਿਵੇਂ ਖ਼ੁਸ਼ੀ ਪੈਸੇ ਨਾਲ ਨਹੀਂ ਮਿਲਦੀ, ਹੰਕਾਰ ਨੁਕਸਾਨਦਾਇਕ ਹੁੰਦਾ ਹੈ, ਸੰਗੀਤ ਰੂਹ ਦੀ ਖ਼ੁਰਾਕ ਹੈ, ਇਸ ਨੂੰ ਅਪਣਾਵੋ, ਦੁਨੀਆਂ ਵਿੱਚ ਕੋਈ ਵੱਡਾ ਛੋਟਾ ਨਹੀਂ, ਸਾਰੇ ਬਰਾਬਰ ਹਨ, ਪ੍ਰੰਤੂ ਕਿਸੇ ਨਾਲ ਤੁਲਨਾ ਨਾ ਕਰੋ, ਜੇ ਤੁਲਨਾ ਕਰੋਗੇ ਤਾਂ ਅਸੰਤੁਸ਼ਟਤਾ ਪੈਦਾ ਹੋਵੇਗੀ, ਕਿਤਾਬੀ ਗਿਆਨ ਨਾਲੋਂ ਅਨੁਭਵ ਕੀਮਤੀ ਹੁੰਦਾ ਹੈ, ਮਖੌਟੇ ਪਾ ਕੇ ਨਾ ਰੱਖੋ, ਸੱਚੋ ਸੱਚ ਬਿਆਨ ਕਰੋ, ਕਲਪਨਾਂ ਸੱਚ ਤੋਂ ਕੋਹਾਂ ਦੂਰ ਹੁੰਦੀ ਹੈ,  ਤਿਆਗ ਬੰਧਨ ਦੇ ਸਿੱਕੇ ਦਾ ਦੂਜਾ ਪਾਸਾ ਹੈ, ਤਿਆਗ ਸੰਤੁਸ਼ਟੀ ਦਿੰਦਾ ਹੈ, ਵਹਿਮਾਂ ਭਰਮਾ ਤੋਂ ਦੂਰ ਤੇ ਸਹਿਜ ਅਵਸਥਾ ਵਿੱਚ ਰਹੋ ਆਦਿ ਕੀਮਤੀ ਵਿਚਾਰ ਹਨ। ਇਸ ਪੁਸਤਕ ਨੂੰ ਸਮੁੱਚੇ ਰੂਪ ਵਿੱਚ ਸਫਲਤਾ ਦੀ ਕੁੰਜੀ ਕਿਹਾ ਜਾ ਸਕਦਾ ਹੈ। ਪੁਸਤਕ ਦੀਆਂ ਬੋਧ ਕਥਾਵਾਂ ਹਰ ਇੱਕ ਲਈ ਲਾਭਦਾਇਕ ਹਨ, ਪ੍ਰੰਤੂ ਬੱਚਿਆਂ ਅਤੇ ਨੌਜਵਾਨਾ ਲਈ ਮਾਰਗ ਦਰਸ਼ਕ ਬਣ ਸਕਦੀਆਂ ਹਨ। ਇਸ ਲਈ ਪੰਜਾਬ ਸਰਕਾਰ ਨੂੰ ਸੁਝਾਆ ਦਿੱਤਾ ਜਾਂਦਾ ਹੈ ਕਿ ਇਸ ਪੁਸਤਕ ਨੂੰ ਸਕੂਲਾਂ ਦੇ ਸਲੇਬਸ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਬਾਲ ਮਨ ਇਨ੍ਹਾਂ ਨੁਕਤਿਆਂ ਨੂੰ ਗ੍ਰਹਿਣ ਕਰਕੇ ਭਵਿਖ ਵਿੱਚ ਸਫਲ ਹੋ ਸਕਣ। ਮੀਤ ਅਨਮੋਲ ਇਸ ਕਾਰਜ ਲਈ ਵਧਾਈ ਦਾ ਪਾਤਰ ਹੈ।
160 ਪੰਨਿਆਂ, 300 ਰੁਪਏ ਕੀਮਤ ਵਾਲੀ ਇਹ ਪੁਸਤਕ ਅੰਬਰ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ।
 ਸੰਪਰਕ: ਮੀਤ ਅਨਮੋਲ: 8558908727
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh480yahoo.com