ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

26.01.2026

ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਨਾਲੋਂ ਤੋੜਿਆ ਨਾਤਾ- ਇਕ ਖ਼ਬਰ

ਤੇਰੀ ਮੇਰੀ ਨਹੀਂ ਨਿਭਣੀ, ਮੈਂ ਪਤਲੀ ਤੂੰ ਭਾਰਾ।

ਟਰੰਪ ਨੇ ਮੋਦੀ ਨੂੰ ਗਾਜ਼ਾ ਲਈ ‘ਬੋਰਡ ਆਫ਼ ਪੀਸ’ ਵਿਚ ਸ਼ਾਮਲ ਹੋਣ ਲਈ ਦਿਤਾ ਸੱਦਾ- ਇਕ ਖ਼ਬਰ

ਮਿੱਤਰਾ ਸੈਰ ਕਰਾਵਾਂ, ਚੜ੍ਹ ਮੇਰੇ ਬੋਤੇ ‘ਤੇ।

ਗਰੀਨਲੈਂਡ ਉੱਤੇ ਅਮਰੀਕਾ ਦਾ ਕੰਟਰੋਲ ਜ਼ਰੂਰੀ- ਟਰੰਪ

ਮੈਨੂੰ ਕੱਲੀ ਨੂੰ ਚੁਬਾਰਾ ਪਾ ਦੇ, ਰੋਹੀ ਵਾਲ਼ਾ ਜੰਡ ਵੱਢ ਕੇ।

ਪੰਜਾਬ ਕਾਂਗਰਸ ਦੀ ਪ੍ਰਧਾਨਗੀ ‘ਚ ਕੋਈ ਬਦਲਾਅ ਨਹੀਂ ਹੋਵੇਗਾ- ਕਾਂਗਰਸ ਹਾਈ ਕਮਾਨ

ਜਿਊਣਾ ਮੌੜ ਵੱਢਿਆ ਨਾ ਜਾਵੇ, ਛਵ੍ਹੀਆਂ ਦੇ ਘੁੰਡ ਮੁੜ ਗਏ।

ਫ਼ਰਾਂਸ ਉੱਪਰ 200 ਫ਼ੀਸਦੀ ਟੈਰਿਫ਼ ਲਗਾਵਾਂਗਾ- ਟਰੰਪ

ਕਾਹਨੂੰ ਮਾਰਦੈਂ ਪਤਲਿਆ ਡਾਕੇ, ਔਖੀ ਹੋ ਜੂ ਕੈਦ ਕੱਟਣੀ।

ਅਰਾਵਲੀ ਵਿਚ ਰੋਕ ਦੇ ਬਾਵਜੂਦ ਗ਼ੈਰਕਾਨੂੰਨੀ ਖਣਨ ਜਾਰੀ- ਸੁਪਰੀਮ ਕੋਰਟ

ਅਸਾਂ ਨਿੱਤ ਦੇ ਸ਼ਰਾਬੀ ਰਹਿਣਾ, ਅੱਧ ਵਿਚ ਕੰਧ ਕੱਢ ਲੈ।

ਕੈਨੇਡੀਅਨ ਪ੍ਰਧਾਨ ਮੰਤਰੀ ਦੇ ਬਿਆਨਾਂ ‘ਤੇ ਭੜਕੇ ਟਰੰਪ, ‘ਬੋਰਡ ਆਫ਼ ਪੀਸ’ ਦਾ ਸੱਦਾ ਵਾਪਸ ਲਿਆ- ਇਕ ਖ਼ਬਰ

ਜਦੋਂ ਸੱਚੀਆਂ ਸੁਣਾਈਆਂ ਨੀਂ, ਬੜਾ ਦੁਖ ਲੱਗਿਆ, ਬੜਾ ਦੁਖ ਲੱਗਿਆ।

ਦਲਜੀਤ ਚੀਮਾ 2 ਦਸੰਬਰ 2024 ਦੇ ਫ਼ੈਸਲਿਆਂ ਨੂੰ ਗ਼ਲਤ ਦੱਸਣ ਦੀ ਹਿਮਾਕਤ ਕਰ ਰਿਹੈ- ਗੁਰਜੀਤ ਸਿੰਘ ਤਲਵੰਡੀ, ਤਜਿੰਦਰ ਸਿੰਘ ਪੰਨੂ

ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ।

ਡੈਨਮਾਰਕ ਦੇ ਲੋਕ ਅਮਰੀਕੀ ਸਾਮਾਨ ਦਾ ਕਰ ਰਹੇ ਹਨ ਬਾਈਕਾਟ- ਇਕ ਖ਼ਬਰ

ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਮੁਥਾਜ ਝੱਲਣੀ।

ਭਾਜਪਾ ਦੀ ਸੀਨੀਅਰ ਲੀਡਰਸ਼ਿੱਪ ਸ੍ਰੀ ਨਾਭ ਕੰਵਲ ਮਜਾਰਾ ਸਾਹਿਬ ਵਿਖੇ ਮੱਥਾ ਟੇਕਣ ਜਾਵੇਗੀ- ਇਕ ਖ਼ਬਰ

ਮੱਥਾ ਟੇਕਣ ਨਹੀਂ, ਬਲ਼ਦੀ ‘ਤੇ ਤੇਲ ਪਾਉਣ ਜਾਵੇਗੀ।

ਟਰੰਪ ਦੀ ਟੈਰਿਫ਼ ਧਮਕੀ ‘ਤੇ ਬਰਤਾਨੀਆ ਦਾ ਸਖ਼ਤ ਵਿਰੋਧ- ਇਕ ਖ਼ਬਰ

ਗੱਲ ਸੋਚ ਕੇ ਕਰੀਂ ਜ਼ੈਲਦਾਰਾ, ਅਸਾਂ ਨਹੀਂ ਕਨੌੜ ਝੱਲਣੀ। 

ਮੈਂ ਕਦੇ ਵੀ ਹਾਈ ਕਮਾਨ ਦੇ ਫ਼ੈਸਲਿਆਂ ਵਿਰੁੱਧ ਨਹੀਂ ਗਿਆ- ਸ਼ਸ਼ੀ ਥਰੂਰ

ਕਾਹਨੂੰ ਮਾਰਦੈਂ ਚੰਦਰਿਆ ਛਮਕਾਂ, ਮੈਂ ਕੱਚ ਦੇ ਗਿਲਾਸ ਵਰਗੀ।

ਸੱਤਾ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਭਾਜਪਾ- ਰਾਹੁਲ ਗਾਂਧੀ

ਪੂਣੀਆਂ ਮੈਂ ਤਿੰਨ ਕੱਤੀਆਂ, ਟੁੱਟ ਪੈਣੇ ਦਾ ਤੇਰ੍ਹਵਾਂ ਗੇੜਾ।

ਕੀ ਪਾਠਾਂ ਦੀਆਂ ਲੜੀਆਂ ਗੁਰਮਤਿ ਅਨੁਸਾਰ ਠੀਕ ਹਨ?- ਗਲੋਬਲ ਸਿੱਖ ਕੌਂਸਲ

ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਦਾਦੂਵਾਲ ਅਤੇ ਝੀਂਡਾ ਵਿਚ ਵਿਵਾਦ ਛਿੜਿਆ- ਇਕ ਖ਼ਬਰ

ਕੁੰਢੀਆਂ ਦੇ ਸਿੰਙ ਫ਼ਸ ਗਏ, ਕੋਈ ਨਿੱਤਰੂ ਵੜੇਂਵੇਂ ਖਾਣੀ।

======================================================================================