
ਚੁੰਝਾਂ-ਪ੍ਹੌਂਚੇ
ਸਰਕਾਰੀ ਸਕੂਲਾਂ ‘ਚ ਭਰੋਸਾ ਕਾਇਮ ਕਰਨਾ ਸਮੇਂ ਦੀ ਮੁੱਖ ਲੋੜ- ਰਾਜਿੰਦਰ ਗੁਪਤਾ
ਅਧਿਆਪਕ, ਸਿਆਸਤਦਾਨ ਅਤੇ ਵੱਡੇ ਅਫ਼ਸਰ ਆਪਣੇ ਬੱਚੇ ਉੱਥੇ ਦਾਖ਼ਲ ਕਰਵਾਉਣ, ਭਰੋਸਾ ਤਾਂ ਸਕੂਲਾਂ ਵਲ ਭੱਜਿਆ ਆਏਗਾ।
ਜਿਨ੍ਹਾਂ ਨੂੰ ਬੱਲਾ ਫੜਨਾ ਨਹੀਂ ਆਉਂਦਾ, ਉਹ ਕ੍ਰਿਕਟ ਐਸੋਸੀਏਸ਼ਨਾਂ ਵਿਚ- ਸੁਪਰੀਮ ਕੋਰਟ
ਸੁਪਰੀਮ ਕੋਰਟ ਜੀ ਕਿੱਥੇ ਛਿੱਕਾ ਮਾਰ ਦਿਤਾ, ਹੁਣ ਬਚ ਕੇ ਰਹਿਓ।
ਕੁਰਬਾਨੀਆਂ ਦੇਣ ‘ਚ ਪੰਜਾਬ ਹਮੇਸ਼ਾ ਮੋਹਰੀ ਰਿਹਾ- ਭਗਵੰਤ ਮਾਨ
ਖਾਣ ਪੀਣ ਨੂੰ ਬਾਂਦਰੀ ਤੇ ਧੌਣ ਭੰਨਾਉਣ ਨੂੰ ਜੁੰਮਾ।
‘ਆਪ’ ਅਤੇ ਕਾਂਗਰਸ ਦੋਵੇਂ ਕੇਂਦਰ ਦੇ ਬਜਟ ਦੀ ਮੂਲ ਭਾਵਨਾ ਨੂੰ ਸਮਝਣ ਦੇ ਅਸਮਰੱਥ- ਜਾਖੜ
ਇਸ ਬਜਟ ਦੀ ਮੂਲ ਭਾਵਨਾ ਦੀ ਸਮਝ ਭਾਜਪਾ ‘ਚ ਜਾਣ ਨਾਲ ਹੀ ਆਉਂਦੀ ਹੈ।
ਰਾਹੁਲ ਗਾਂਧੀ ਦੇ ਬਿਆਨ ਉੱਤੇ ਲੋਕ ਸਭਾ ‘ਚ ਹੰਗਾਮਾ- ਇਕ ਖ਼ਬਰ
ਹੰਗਾਮਾ ਹੈ ਕਿਉਂ ਬਰਪਾ, ਕੁਛ ਗ਼ਲਤ ਨਹੀਂ ਬੋਲਾ ਹੈ।
ਸ੍ਰੀ ਦਰਬਾਰ ਸਾਹਿਬ ਦੇ ਮੁਲਾਜ਼ਮਾਂ ਦੀ ਵਰਦੀ ਬਦਲੀ- ਇਕ ਖ਼ਬਰ
ਇਕੱਲੀ ਵਰਦੀ ਨਹੀਂ, ਇਨ੍ਹਾਂ ਦੀ ਬੋਲ-ਬਾਣੀ ਸੁਧਾਰਨ ਲਈ ਸਿਖਲਾਈ ਵੀ ਦੇਵੋ।
ਪੰਜਾਬ ਕਾਂਗਰਸ ਸਪਸ਼ਟ ਕਰੇ ਕਿ ਉਹ ਨਸ਼ਾ ਵਿਰੋਧੀ ਮੁਹਿੰਮ ਦੇ ਹੱਕ ਵਿਚ ਹੈ ਜਾਂ ਵਿਰੁੱਧ- ਬਲਤੇਜ ਪੰਨੂੰ
ਦਿਨੇ ਹੱਕ ਵਿਚ ਅਤੇ ਰਾਤ ਨੂੰ ਵਿਰੁੱਧ।
ਕਾਂਗਰਸ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਵਿਖਾਇਆ- ਇਕ ਖ਼ਬਰ
ਨਿੰਮ ਦਾ ਤੂੰ ਮਾਣ ਨਾ ਕਰੀਂ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।
ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਦਸਿਆ ਜਾਖੜ ਨੂੰ ਗ਼ਦਾਰ ਤੇ ਮੌਕਾਪ੍ਰਸਤ- ਇਕ ਖ਼ਬਰ
ਗੱਲ ਕੰਮ ਦੀ ਨਾ ਕਰਦੇ ਕੋਈ, ਰੰਨਾਂ ਵਾਂਗ ਮਿਹਣੇ ਮਾਰਦੇ।
ਭਾਰਤ ਦੇ ਸੰਸਦ ਮੈਂਬਰਾਂ ਦੀ ਜਾਇਦਾਦ ਵਿਚ ਛੜੱਪੇਮਾਰ 110 ਫ਼ੀਸਦੀ ਦਾ ਵਾਧਾ- ਇਕ ਖ਼ਬਰ
ਤੇਲੀ ਕਰੀਏ ਤੇ ਰੁੱਖਾ ਖਾਈਏ, ਇਹ ਨਹੀਂ ਪੁੱਗਦਾ ਸਾਨੂੰ।
ਵਿਰੋਧੀ ਧਿਰ ਦੇ ਹੰਗਾਮੇ ਕਾਰਨ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਨ ਮੁਲਤਵੀ- ਇਕ ਖ਼ਬਰ
ਭਲਾ ਹੋਇਆ ਮੇਰਾ ਚਰਖ਼ਾ ਟੁੱਟਾ, ਜਿੰਦ ਅਜਾਬੋਂ ਛੁੱਟੀ।
ਖਿਲਰੀ ਸਿੱਖ ਲੀਡਰਸ਼ਿੱਪ ਕਾਰਨ ਪੰਥ ਵਿਰੋਧੀ ਪੰਜਾਬ ‘ਤੇ ਰੱਖ ਰਹੇ ਹਨ ਮੈਲ਼ੀ ਅੱਖ- ਇਕ ਖ਼ਬਰ
ਛੜੇ ਜੇਠ ਦੀ ਮੈਂ ਅੱਖ ਵਿਚ ਰੜਕਾਂ, ਕੰਧ ਉੱਤੋਂ ਰਹੇ ਝਾਕਦਾ।
ਭਾਜਪਾ ਯੂਰੀਆ ਥੈਲਿਆਂ ਦਾ ਭਾਰ ਘਟਾ ਕੇ ਕਿਸਾਨਾਂ ਨੂੰ ਲੁੱਟ ਰਹੀ ਹੈ- ਭੂਪਿੰਦਰ ਸਿੰਘ ਹੁੱਡਾ
ਬਾਣੀਆਂ ਨੇ ਅੱਤ ਚੁੱਕ ਲਈ, ਸਾਰੇ ਜੱਟ ਕਰਜ਼ਾਈ ਕੀਤੇ।
ਸੀਚੇਵਾਲ ਵਲੋਂ ‘ਚੋਣ ਮੈਨੀਫੈਸਟੋ’ ਨੂੰ ਕਾਨੂੰਨੀ ਮਾਨਤਾ ਦੇਣ ਲਈ ਸੋਧ ਬਿੱਲ ਰਾਜ ਸਭਾ ‘ਚ ਪੇਸ਼- ਇਕ ਖ਼ਬਰ
ਸੀਚੇਵਾਲ ਜੀ ਅੱਖੀਂ ਦੇਖ ਕੇ ਮੱਖੀ ਕਿਸੇ ਨੇ ਨਹੀਂ ਨਿਗ਼ਲਣੀ।
ਸੁਖਬੀਰ ਬਾਦਲ ਦੇ ਪ੍ਰਧਾਨ ਰਹਿੰਦਿਆਂ ਅਕਾਲੀ ਦਲ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ- ਗਿਆਨੀ ਹਰਪ੍ਰੀਤ ਸਿੰਘ
ਕਾਲ਼ੇ ਕੋਲ਼ ਮੰਜਾ ਨਹੀਂ ਡਾਹੁਣਾ, ਲਿਸ਼ਕੇ ਤਾਂ ਪੈ ਜੂ ਬਿਜਲੀ।
===============================================================================