ਦੀਵਾਲੀ ਦੇ ਦੀਵੇ, ਪਟਾਕੇ ਅਤੇ ਸਿੱਖਾਂ ਦੀ ਮਾਇਆ - ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣੇ ਵਾਲੇ

ਦੀਵਾਲੀ ਦੀ ਰਾਤ ਨੂੰ ਤਕਰੀਬਨ ਹਰ ਗੁਰਦੁਆਰਾ ਸਾਹਿਬ ਵਿਚ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਹੋਈ ਇਕ ਖਾਸ ਪਉੜੀ ਦਾ ਕੀਰਤਨ ਜ਼ਰੂਰ ਕੀਤਾ ਜਾਂਦਾ ਹੈ, ਉਹ ਹੈ- ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਭਾਈ ਗੁਰਦਾਸ ਜੀ ਨੇ ਇਸ ਪਉੜੀ ਨੂੰ ਦੀਵਾਲੀ ਦੇ ਦਿਨ ਲਈ ਵਿਸ਼ੇਸ਼ ਤੌਰ 'ਤੇ ਉਚਾਰਨ ਕੀਤਾ ਹੈ। ਇਸ ਸ਼ਬਦ ਵਿਚ ਲਫ਼ਜ਼ 'ਦੀਵਾਲੀ' ਆਉਣ ਕਾਰਨ ਇਸ ਨੂੰ ਦੀਵਾਲੀ ਨਾਲ ਜੋੜ ਦਿੱਤਾ ਗਿਆ, ਹਾਲਾਂਕਿ ਇਹ ਮੌਤ ਨਾਲ ਸੰਬੰਧਤ ਸ਼ਬਦ ਹੈ। ਇਸ ਸ਼ਬਦ ਦਾ ਮਤਲਬ ਇਹ ਨਹੀਂ ਹੈ ਕਿ ਸਿੱਖ ਨੂੰ ਦੀਵਾਲੀ ਦੀ ਰਾਤ ਨੂੰ ਦੀਵੇ ਜਗਾਉਣ। ਆਉ ਪਹਿਲਾਂ ਇਸ ਸ਼ਬਦ ਦੇ ਅਰਥ ਵੀਚਾਰੀਏ।

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ॥
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ॥
ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ॥
ਹਰਿਚੰਦਉਰੀ ਝਾਤਿ ਵਸਾਇ ਉਚਾਲੀਅਨਿ॥
ਗੁਰਮੁਖ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ॥
(ਵਾਰ ੬ / ਪਉੜੀ ੧੯)

ਅਰਥ: ਦੀਵਾਲੀ ਦੀ ਰਾਤ ਨੂੰ ਘਰੋ-ਘਰੀ ਦੀਵੇ ਬਾਲੇ ਜਾਂਦੇ ਹਨ ਪਰ ਉਹ ਸਦਾ ਜਗਦੇ ਨਹੀਂ ਰਹਿੰਦੇ। ਸਵੇਰ ਤੱਕ ਬੁੱਝ ਜਾਂਦੇ ਹਨ। ਰਾਤ ਨੂੰ ਅਸਮਾਨ ਵਿਚ ਚਮਕਣ ਵਾਲੇ ਵੱਡੇ-ਛੋਟੇ ਤਾਰੇ ਵੀ ਸਵੇਰ ਤੱਕ ਲੱਭਦੇ ਨਹੀਂ ਹਨ। ਫੁੱਲਾਂ ਦੀਆਂ ਬਗੀਚੀਆਂ ਵਿਚ ਖਿੜੇ ਹੋਏ ਫੁੱਲ ਵੀ ਥੋੜ੍ਹਾ ਸਮਾਂ ਹੀ ਕੱਢਦੇ ਹਨ ਅਤੇ ਉਹਨਾਂ ਨੂੰ ਵੀ ਚੁਣ ਕੇ ਤੋੜ ਲਿਆ ਜਾਂਦਾ ਹੈ। ਕਿਸੇ ਮੇਲੇ ਨੂੰ ਮਨਾਉਣ ਲਈ ਯਾਤਰੀ ਤੀਰਥਾਂ 'ਤੇ ਜਾਂਦੇ ਹਨ ਪਰ ਉਹ ਭੀੜ ਵੀ ਮੇਲਾ ਮੁੱਕਣ ਤੋਂ ਬਾਅਦ ਖਤਮ ਹੋ ਜਾਂਦੀ ਹੈ। ਬੱਦਲਾਂ ਦਾ ਬਣਿਆ ਹੋਇਆ ਮਹਿਲ 'ਹਰਿਚੰਦਉਰੀ' ਵੀ ਹਵਾ ਦੇ ਬੁੱਲੇ ਨਾਲ ਕੁੱਝ ਸਮੇਂ ਵਿਚ ਹੀ ਉੱਜੜ ਜਾਂਦਾ ਹੈ। ਭਾਵ ਕਿ ਉਪਰਲੀਆਂ ਸਾਰੀਆਂ ਚੀਜ਼ਾਂ ਥੋੜ੍ਹੇ ਚਿਰ ਲਈ ਹੀ ਹਨ। ਉਹ ਸਭ ਕੁੱਝ ਸਮੇਂ ਬਾਅਦ ਹੀ ਮਰ-ਮੁੱਕ ਜਾਂਦੀਆਂ ਹਨ। ਇਕ ਗੁਰੂ ਦਾ ਸ਼ਬਦ ਜੀ ਹੈ ਜੋ ਗੁਰਮੁਖਾਂ ਨੂੰ ਹਮੇਸ਼ਾਂ ਆਤਮਿਕ ਸੁਖਾਂ ਦੇ ਫਲ ਦੀ ਦਾਤ ਦਿੰਦਾ ਰਹਿੰਦਾ ਹੈ।
ਮੌਤ ਨਾਲ ਸੰਬੰਧਤ ਸ਼ਬਦ ਨੂੰ ਦੀਵਾਲੀ ਮੌਕੇ ਪੜ੍ਹਨ ਦੀ ਕੋਈ ਅਰਥ ਹੀ ਨਹੀਂ ਬਣਦਾ। ਅਸਲ ਵਿਚ ਦੀਵਾਲੀ ਹਿੰਦੂ ਮੱਤ ਲਈ ਅੱਗ ਦੀ ਪੂਜਾ ਦਾ ਤਿਉਹਾਰ ਹੈ। ਇਸ ਦਿਨ ਉਹ ਲੋਕ ਦੀਵੇ ਬਾਲ ਕੇ ਧਨ ਦੀ ਦੇਵੀ ਲੱਛਮੀ ਦੀ ਪੂਜਾ ਕਰਦੇ ਹਨ। ਬਾਹਰੋਂ ਤਾਂ ਖੂਬ ਰੌਸ਼ਨੀ ਕੀਤੀ ਜਾਂਦੀ ਹੈ ਪਰ ਅੰਦਰ ਅਗਿਆਨਤਾ ਦਾ ਹਨੇਰਾ ਟਿਕਿਆ ਹੀ ਰਹਿੰਦਾ ਹੈ। ਦੀਵੇ ਤਾਂ ਬਹੁਤ ਛੋਟੀ ਗੱਲ ਹੈ, ਜੇ ਬਾਹਰੋਂ ਸੌ ਸੂਰਜ ਵੀ ਚੜ੍ਹ ਆਉਣ ਤੇ ਹਜ਼ਾਰ ਚੰਦ੍ਰਮਾਂ ਵੀ ਚੜ੍ਹ ਜਾਣ ਤਾਂ ਵੀ ਗੁਰੂ ਦੇ ਗਿਆਨ ਤੋਂ ਬਿਨਾਂ ਅੰਦਰ ਆਤਮਿਕ ਤੌਰ 'ਤੇ ਹਨੇਰਾ ਬਣਿਆ ਹੀ ਰਹਿੰਦਾ ਹੈ।

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥੨॥
(੪੬੩)

ਬਾਹਰਲੇ ਦੀਵੇ ਨੂੰ ਤਾਂ ਹਰ ਪਲ ਮੌਤ ਤੋਂ ਖਤਰਾ ਹੈ। ਪਤਾ ਨਹੀਂ ਕਦੋਂ ਹਵਾ ਦਾ ਬੁੱਲ੍ਹਾ ਜਾਏ ਤੇ ਬੁੱਝ ਜਾਏ। ਐਸਾ ਦੀਵਾ ਹੋਵੇ, ਜਿਹੜਾ ਤੇਜ਼ ਹਵਾ ਚੱਲਣ ਨਾਲ ਵੀ ਨਾ ਬੁੱਝੇ, ਜਿਹੜਾ ਉਸ ਉੱਤੇ ਪਾਣੀ ਡੋਲ੍ਹਣ ਨਾਲ ਵੀ ਨਾ ਬੁੱਝੇ। ਜਿਸ ਦੀ ਜੋਤ ਸਦਾ ਇਕ ਰਸ ਟਿਕੀ ਰਹੇ।

ਪਾਣੀ ਮਰੈ ਨ ਬੁਝਾਇਆ ਜਾਇ॥
ਐਸਾ ਦੀਵਾ ਨੀਰਿ ਤਰਾਇ॥੩॥…
ਡੋਲੈ ਵਾਉ ਨ ਵਡਾ ਹੋਇ॥
ਜਾਪੈ ਜਿਉ ਸਿੰਘਾਸਣਿ ਲੋਇ॥
(੮੭੮)

ਐਸਾ ਵੀ ਕੋਈ ਦੀਵਾ ਹੋ ਸਕਦਾ ਹੈ? ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਣ ਹੈ ਕਿ ਐਸਾ ਦੀਵਾ ਹੈ ਪ੍ਰਭੂ ਦਾ ਨਾਮ, ਜੋ ਕਦੀ ਨਹੀਂ ਬੁੱਝਦਾ। ਜਿਵੇਂ ਦੀਵੇ ਵਿਚ ਤੇਲ ਪਾ ਕੇ ਜਗਾਉਣ ਨਾਲ ਤੇਲ ਸੜ੍ਹ ਜਾਂਦਾ ਹੈ ਅਤੇ ਰੌਸ਼ਨੀ ਫੈਲ ਜਾਂਦੀ ਹੈ। ਇਸੇ ਤਰ੍ਹਾਂ ਮੈਂ ਪ੍ਰਭੂ ਦੇ ਨਾਮ ਨੂੰ ਦੀਵਾ ਬਣਾ ਲਿਆ। ਇਸ ਵਿਚ ਦੁੱਖਾਂ ਦਾ ਤੇਲ ਪਾ ਦਿੱਤਾ। ਜਿਵੇਂ-ਜਿਵੇਂ ਰੌਸ਼ਨੀ ਫੈਲਦੀ ਗਈ, ਉਵੇਂ-ਉਵੇਂ ਮੇਰੇ ਦੁੱਖਾਂ ਦਾ ਤੇਲ ਖਤਮ ਹੁੰਦਾ ਗਿਆ।

ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥੧॥
(੩੫੮)

ਭਗਤ ਰਵਿਦਾਸ ਜੀ ਦਾ ਬਚਨ ਹੈ ਕਿ ਮੈਂ ਪ੍ਰਭੂ ਦੇ ਨਾਮ ਦੀਵਾ, ਨਾਮ ਦੀ ਬੱਤੀ, ਨਾਮ ਦਾ ਤੇਲ ਲੈ ਕੇ ਹੀ ਨਾਮ ਰੂਪੀ ਜੋਤ ਜਗਾ ਲਈ ਹੈ। ਦੁਨੀਆਵੀ ਦੀਵੇ ਤਾਂ ਇਕ ਕਮਰੇ ਵਿਚ ਹੀ ਰੌਸ਼ਨੀ ਦਿੰਦੇ ਹਨ ਪਰ ਪ੍ਰਭੂ ਦੇ ਨਾਮ ਦਾ ਦੀਵਾ ਕੁੱਲ ਕਾਇਨਾਤ ਨੂੰ ਰੌਸ਼ਨ ਕਰ ਦਿੰਦਾ ਹੈ।

ਨਾਮੁ ਤੇਰੋ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ॥
ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ॥੨॥
(੬੯੪)

ਲੋਕ ਦੀਵਾਲੀ ਨੂੰ ਦੀਵੇ ਜਗਾ ਕੇ ਦਰਵਾਜ਼ੇ ਖੁੱਲ੍ਹੇ ਰੱਖਦੇ ਹਨ ਤਾਂ ਕਿ ਰਾਤ ਨੂੰ ਲੱਛਮੀ ਘਰ ਆ ਸਕੇ। ਇਕ ਝੋਂਪੜੀ ਵਿਚ ਰਹਿਣ ਵਾਲੀ ਬੱਚੀ ਨੇ ਆਪਣੀ ਮਾਂ ਨੂੰ ਬੜੀ ਮਸੂਮੀਅਤ ਨਾਲ ਕਿਹਾ ਕਿ ਮਾਂ! ਲੋਕ ਲੱਛਮੀ ਦੇ ਘਰ ਆਉਣ ਲਈ ਦੀਵਾਲੀ ਦੀ ਰਾਤ ਨੂੰ ਦਰਵਾਜ਼ੇ ਖੁੱਲ੍ਹੇ ਰੱਖਦੇ ਹਨ। ਸਾਡੀ ਝੋਂਪੜੀ ਨੂੰ ਤਾਂ ਦਰਵਾਜ਼ੇ ਵੀ ਨਹੀਂ ਲੱਗਿਆ, ਫਿਰ ਲੱਛਮੀ ਸਾਡੇ ਘਰ ਕਿਉਂ ਨਹੀਂ ਆਉਂਦੀ? ਮਾਂ ਕੋਲ ਕੋਈ ਜਵਾਬ ਨਹੀਂ ਸੀ।
ਗੁਰੂ ਸਾਹਿਬ ਜੀ ਨੇ ਸਿੱਖ ਨੂੰ ਹੁਕਮ ਕੀਤਾ ਹੈ ਕਿ ਐ ਸਿੱਖਾ! ਤੂੰ ਆਪਣੇ ਅੰਦਰ ਸ਼ਬਦ ਦਾ ਦੀਵਾ ਜਗਾ। ਜਦੋਂ ਤੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਮੁੱਕ ਜਾਏਗਾ ਤਾਂ ਅੰਦਰੋਂ ਹੀ ਆਤਮਿਕ ਗੁਣਾਂ ਦੇ ਰਤਨ-ਜਹਾਵਰ ਲੱਭ ਜਾਣਗੇ।

ਸਤਿਗੁਰ ਸਬਦਿ ਉਜਾਰੋ ਦੀਪਾ॥
ਬਿਨਸਿਉ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲੀ ਅਨੂਪਾ॥੧॥
(੮੨੧)

ਇਹਨਾਂ ਹੀ ਦਿਨਾਂ ਵਿਚ ਕਰੋੜਾਂ ਰੁਪਏ ਦੀਆਂ ਆਤਿਸ਼ਬਾਜ਼ੀਆਂ ਅਤੇ ਪਟਾਕੇ ਚਲਾਏ ਜਾਂਦੇ ਹਨ। ਵੱਡੇ-ਵੱਡੇ ਗੁਰਦੁਆਰਿਆਂ ਵਿਚ ਵਿਸ਼ੇਸ਼ ਟੀਮਾਂ ਕਰੋੜਾਂ ਰੁਪਇਆਂ ਦੇ ਪਟਾਕੇ ਕੁੱਝ ਮਿੰਟਾਂ ਵਿਚ ਵਜਾ ਕੇ ਅਹੁ ਜਾਂਦੇ ਹਨ। ਸਿੱਖ ਪਹਿਲਾਂ ਆਪਣੀ ਦਸਾਂ ਨਹੁੰਆਂ ਦੀ ਕਮਾਈ ਭੇਟ ਕਰਕੇ, ਫਿਰ ਦਸਵੰਧ ਦੀ ਮਾਇਆ ਗੁਰਦੁਆਰੇ ਦੀ ਗੋਲਕ ਵਿਚੋਂ ਕੱਢ ਕੇ ਅੱਗ ਵਿਚ ਸਾੜਦੇ ਹਨ ਅਤੇ ਖੁਸ਼ ਹੋ ਕੇ ਜੈਕਾਰੇ ਛੱਡਦੇ ਹਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰਬਾਣੀ ਦੇ ਮਨੋਹਰ ਕੀਰਤਨ ਦੀਆਂ ਧੁਨਾਂ ਬਿਖਰੀਆਂ ਹੁੰਦੀਆਂ ਹਨ ਤੇ ਅਚਾਨਕ ਬੰਬਾਂ-ਪਟਾਕਿਆਂ ਦੇ ਚਲਦਿਆਂ ਹੀ ਠਾਹ-ਠੂਹ ਤੇ ਧੜਾਂਮ-ਘੜਾਂਮ ਦੀਆਂ ਆਵਾਜ਼ਾਂ ਨਾਲ ਸਾਰਾ ਮਾਹੌਲ ਸ਼ੋਰ ਨਾਲ ਭਰ ਜਾਂਦਾ ਹੈ। ਸੰਗਤਾਂ ਤ੍ਰਾਹ-ਤ੍ਰਾਹ ਕਰ ਉਠਦੀਆਂ ਹਨ। ਆਤਿਸ਼ਬਾਜ਼ੀਆਂ, ਬੰਬਾਂ ਤੇ ਪਟਾਕਿਆਂ ਦੇ ਧੂੰਏ ਨਾਲ ਸਾਰਾ ਵਾਤਾਵਰਣ ਜ਼ਹਿਰੀਲਾ ਹੋ ਜਾਂਦਾ ਹੈ। ਬੰਬਾਂ ਦੇ ਗੰਧਕ ਤੇ ਪੋਟਾਸ਼ ਨਾਲ ਦਰਬਾਰ ਸਾਹਿਬ ਦੇ ਫ਼ਰਸ਼ ਭਰ ਜਾਂਦੇ ਹਨ। ਨੋਆਇਸ ਪੋਲਿਊਸ਼ਨ ਤੇ ਏਅਰ ਪੋਲਿਊਸ਼ਨ ਫੈਲਾ ਕੇ ਕਿਹੜਾ ਮਨੁੱਖਤਾ ਦੇ ਭਲੇ ਦਾ ਕੰਮ ਕਰ ਰਹੇ ਹਾਂ?

ਸਾਡੇ ਕੋਲ ਖੁਸ਼ੀ ਦੀ ਖਬਰ ਹੀ ਕੀ ਹੈ ਜੋ ਅਸੀਂ ਹਰ ਸਾਲ ਇੰਨੀਆਂ ਖੁਸ਼ੀਆਂ ਮਨਾਉਂਦੇ ਹਾਂ। ਸਾਡੇ ਸਿੱਖ ਇਤਿਹਾਸ ਵਿਚ ਅਨੇਕਾਂ ਖੂਨੀ ਦੀਵਾਲੀਆਂ ਆਈਆਂ, ਜਿਹਨਾਂ ਵਿਚ ਹਜ਼ਾਰਾਂ ਸਿੱਖ ਸ਼ਹੀਦ ਹੋਏ ਹਨ। ਜਿਹਨਾਂ ਇਤਿਹਾਸਿਕ ਖੂਨੀ ਦੀਵਾਲੀਆਂ ਵਿਚ ਸਾਡੇ ਬਜ਼ੁਰਗਾਂ ਨੇ ਆਪਣੇ ਖੂਨ ਦੇ ਦਰਿਆ ਤਰੇ ਅਤੇ ਆਪਣੀਆਂ ਖੋਪੜੀਆਂ ਦੇ ਮੀਨਾਰ ਖੜੇ ਕਰ ਦਿੱਤੇ, ਉਸ ਦੀਵਾਲੀ 'ਤੇ ਅਸੀਂ ਮਠਿਆਈਆਂ ਅਤੇ ਫ਼ਲੂਦੇ ਖਾ ਰਹੇ ਹੁੰਦੇ ਹਾਂ। ਉਹਨਾਂ ਖੂਨੀ ਦੀਵਾਲੀਆਂ ਮੁਤਾਬਿਕ ਤਾਂ ਸਾਨੂੰ ਹਰ ਸਾਲ ਕਾਲਾ ਦਿਵਸ ਜਾਂ ਸ਼ਾਂਤੀ ਦਿਵਸ ਮਨਾਉਣਾ ਚਾਹੀਦਾ ਹੈ।

ਅਜੋਕੇ ਇਤਿਹਾਸ ਵਿਚ ਵੀ ਨਵੰਬਰ 1984 ਦੀ ਖੂਨੀ ਦੀਵਾਲੀ ਨੂੰ ਕੌਣ ਭੁੱਲ ਸਕਦਾ ਹੈ? ਜਦੋਂ ਭਾਰਤ ਦੇ ਲੋਕ ਆਪਣੇ ਘਰਾਂ ਵਿਚ ਦੀਵੇ ਬਾਲ ਰਹੇ ਸਨ, ਉਦੋਂ ਸਿੱਖਾਂ ਦੇ ਘਰ ਸੜ ਰਹੇ ਸਨ। ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਜਾ ਰਿਹਾ ਸੀ। ਸਿੱਖਾਂ ਦੇ ਗੁਰਦੁਆਰੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਾੜੇ ਜਾ ਰਹੇ ਸਨ। ਇੱਥੇ ਹੀ ਬੱਸ ਨਹੀਂ, 1984 ਤੋਂ ਲੈ ਕੇ 1994 ਤੱਕ ਪੰਜਾਬ ਦੇ ਪਿੰਡਾਂ ਵਿਚ ਕਿਸੇ ਸਿੱਖ ਦੇ ਘਰ ਵਿਚ ਦੀਵਾਲੀ ਦੀਵਾ ਨਹੀਂ ਬਲਿਆ। 15 ਤੋਂ 35 ਸਾਲ ਦੇ ਸਵਾ ਦੋ ਲੱਖ ਦੇ ਕਰੀਬ ਸਿੱਖ ਨੌਜਵਾਨਾਂ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਤੇ ਲਾਵਾਰਸ ਲਾਸ਼ਾਂ ਕਹਿ ਕੇ ਸਾੜ ਦਿੱਤਾ ਗਿਆ। ਇਕੱਲੇ ਅੰਮ੍ਰਿਤਸਰ ਸਾਹਿਬ ਵਿਚ ਹੀ ਸ: ਜਸਵੰਤ ਸਿੰਘ ਖਾਲੜਾ ਨੇ 25,000 ਲਾਵਾਰਸ ਲਾਸ਼ਾਂ ਦੀ ਨਿਸ਼ਾਨਦੇਹੀ ਕੀਤੀ ਪਰ ਬਾਅਦ ਉਸ ਨੂੰ ਵੀ ਤਸੀਹੇ ਦੇ ਕੇ ਲਾਵਾਰਸ ਲਾਸ਼ ਬਣਾ ਦਿੱਤਾ ਗਿਆ।

ਹੁਣ ਤੱਕ ਦੀ ਸਾਡੀ ਪ੍ਰਾਪਤੀ ਹੀ ਕੀ ਹੈ? ਅਸੀਂ ਕਿਸ ਮੂੰਹ ਨਾਲ ਦੀਵਾਲੀ 'ਤੇ ਪਟਾਕੇ ਵਜਾ ਕੇ ਖੁਸ਼ੀਆਂ ਮਨਾਉਂਦੇ ਹਾਂ? ਨਾ ਸਾਡੇ ਕੋਲ ਦਰਿਆਵਾਂ ਦਾ ਪਾਣੀ, ਨਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਚੰਡੀਗੜ੍ਹ, ਨਾ ਬਿਜਲੀ, ਨਾ ਹਾਈਕੋਰਟ, ਨਾ ਹੀ ਪੰਜਾਬੀ ਬੋਲਦੇ ਇਲਾਕੇ ਹਨ। ਹਾਂ, ਸਾਡੀ ਪ੍ਰਾਪਤੀ ਨਸ਼ਿਆਂ ਵਿਚ ਗਲਤਾਨ ਸਾਡੀ ਕੌਮ ਦੇ ਨੌਜਵਾਨ, ਪਤਿਤਪੁਣਾ, ਅਨਪੜ੍ਹਤਾ, ਬੇਰੁਜ਼ਗਾਰੀ, ਗਰੀਬੀ, ਵਹਿਮ-ਭਰਮ ਤੇ ਪਖੰਡੀ ਸਾਧ-ਬਾਬੇ ਹਨ, ਜਿਹਨਾਂ ਵਿਚ ਸਾਡੀ ਕੌਮ ਰੋਜ਼ਾਨਾ ਹੀ ਸੜ ਕੇ ਆਪਣੇ ਭਵਿੱਖ ਦਾ ਦੀਵਾਲਾ ਕੱਢ ਰਹੀ ਹੈ।

ਅੱਜ ਵੀ ਅਨੇਕਾਂ ਨੌਜਵਾਨ ਆਪਣੀ ਪ੍ਰਾਣਾਂ ਤੋਂ ਪਿਆਰੀ ਜਨਮ ਭੂਮੀ ਛੱਡ ਵਿਦੇਸ਼ਾਂ ਵਿਚ ਭਟਕ ਰਹੇ ਹਨ। ਕਰਜ਼ੇ ਵਿਚ ਡੁੱਬੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਸਿੱਖਾਂ ਦੇ ਬੱਚਿਆਂ ਦੀਆਂ ਦਸਤਾਰਾਂ ਗਵਾਚ ਗਈਆਂ। ਉਹ ਕੇਸ ਕਤਲ ਕਰਾ ਕੇ ਸਿੱਖੀ ਨੂੰ ਤਿਲਾਂਜਲੀ ਦੇ ਰਹੇ ਹਨ। ਸ਼ਰਾਬ, ਹੈਰੋਇਨ, ਕਈ ਤਰ੍ਹਾਂ ਦੀ ਡਰੱਗ ਤੇ ਚਿੱਟੇ ਵਰਗੇ ਖਤਰਨਾਕ ਨਸ਼ਿਆਂ ਨੇ ਸਾਡੀ ਬੱਚਿਆਂ ਨੂੰ ਜਵਾਨੀ ਤੋਂ ਪਹਿਲਾਂ ਹੀ ਖਾ ਲਿਆ। ਗੱਦੀਆਂ ਲਗਾ ਕੇ ਬੈਠੇ ਪਖੰਡੀ ਬਾਬੇ ਸਾਨੂੰ ਆਪਣੇ ਪੈਰਾਂ ਵਿਚ ਬਿਠਾ ਕੇ ਮਾਨਸਿਕ ਤੌਰ 'ਤੇ ਗੁਲਾਮ ਕਰੀ ਬੈਠੇ ਹਨ। ਉਹਨਾਂ ਨੇ ਸਾਡੀ ਮਾਇਆ 'ਤੇ ਆਪਣੇ ਆਲੀਸ਼ਾਨ ਸਾਮਰਾਜ ਉਸਾਰ ਲਏ ਅਤੇ ਅਸੀਂ ਗੁਰਪੁਰਬ ਤੇ ਸਿੱਖ ਦਿਹਾੜੇ ਭੁੱਲ ਕੇ ਬਾਬਿਆਂ ਦੀਆਂ ਬਰਸੀਆਂ ਮਨਾ ਰਹੇ ਹਾਂ। 'ਗੁਰ ਮੂਰਤਿ ਗੁਰੁ ਸ਼ਬਦੁ ਹੈ' ਨੂੰ ਭੁੱਲ ਕੇ ਤਸਵੀਰਾਂ ਦੀ ਪੂਜਾ ਕਰ ਰਹੇ ਹਾਂ। ਗੁਰਬਾਣੀ ਨਾਲੋਂ ਟੁੱਟ ਕੇ ਕੱਚੀਆਂ ਧਾਰਨਾਵਾਂ ਨਾਲ ਜੁੜੀ ਜਾ ਰਹੇ ਹਾਂ।

ਅਸੀਂ ਡੇਢ ਕਰੋੜ ਤੋਂ ਵੀ ਘੱਟ ਤਾਂ ਹੋ ਗਏ ਹਾਂ ਕਿਉਂਕਿ ਅਸੀਂ ਆਪਣੇ 12 ਕਰੋੜ ਭਰਾਵਾਂ ਨੂੰ ਵੀ ਭੁਲਾ ਦਿੱਤਾ ਹੈ। ਕਰਨਲ ਡਾ: ਦਲਵਿੰਦਰ ਸਿੰਘ ਗਰੇਵਾਲ ਨੇ ਰਿਪੋਰਟ ਦਿੱਤੀ ਹੈ ਕਿ ਕਰਨਾਟਕ, ਦਿੱਲੀ, ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਉੜੀਸਾ, ਬਿਹਾਰ, ਤਾਮਿਲਨਾਡੂ, ਮਹਾਂਰਾਸ਼ਟਰ, ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਛਤੀਸਗੜ੍ਹ, ਝਾਰਖੰਡ, ਤੇ ਪੱਛਮੀ ਬੰਗਾਲ ਆਦਿ ਸੂਬਿਆਂ ਵਿਚ 4 ਕਰੋੜ ਸਿਕਲੀਗਰ ਵੀਰ, 5 ਕਰੋੜ ਵਣਜਾਰੇ ਤੇ 1 ਕਰੋੜ ਸਤਿਨਾਮੀਏ ਵੀਰ, ਬਾਕੀ ਜੌਹਰੀ ਆਸਾਮੀ ਆਦਿਕ 2 ਕਰੋੜ, ਕੁੱਲ 12 ਕਰੋੜ ਸਿੱਖ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਨੇ। ਸਕੂਲਾਂ ਦੀ ਫ਼ੀਸ ਨਾ ਦੇਣ ਕਾਰਨ ਉਹਨਾਂ ਦੇ ਬੱਚਿਆਂ ਨੂੰ ਸਕੂਲ ਤੋਂ ਕੱਢ ਦਿੱਤਾ ਜਾਂਦਾ ਹੈ। ਉਹਨਾਂ ਨੂੰ 2 ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਸਿੱਖਾਂ ਦੇ ਆਪਣੇ ਹੀ ਕਿੰਨੇ ਬੱਚੇ ਸੰਸਾਰ ਵਿਚ ਭੁੱਖੇ ਸੌਂ ਰਹੇ ਹਨ ਤੇ ਬੇਲੋੜੇ ਲੰਗਰ ਲਗਾਉਣ ਵਾਲਾ ਸਿੱਖ ਆਪਣੇ ਹੀ ਬੱਚਿਆਂ ਨੂੰ ਦੋ ਵਕਤ ਦੀ ਰੋਟੀ ਨਹੀਂ ਪਹੁੰਚਾ ਰਿਹਾ। ਉਹਨਾਂ ਕੋਲ ਨਾ ਗੁਰਦੁਆਰਾ, ਨਾ ਘਰ, ਨਾ ਸਕੂਲ, ਨਾ ਹਸਪਤਾਲ, ਨਾ ਡਾਕਟਰ, ਨਾ ਪੀਣ ਲਈ ਸਾਫ਼ ਪਾਣੀ ਹੈ। ਭੁੱਖਮਰੀ ਦਾ ਸ਼ਿਕਾਰ ਹੋਣ ਕਰਕੇ ਹੋਰ ਮਜ਼ਹਬਾਂ ਦੇ ਲੋਕ ਉਹਨਾਂ ਨੂੰ ਵਰਗਲਾ ਰਹੇ ਨੇ। ਅਸੀਂ ਧਾਰਮਿਕ ਅਸਥਾਨਾਂ 'ਤੇ ਸੰਗਮਰਮਰ ਪੱਥਰ ਤੇ ਸੋਨਾ ਲਾਉਣ ਵਿਚ ਮਸਤ ਹਾਂ ਅਤੇ ਉਹ ਲੋਕ ਛੱਪੜਾਂ ਦਾ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ। ਉਹਨਾਂ ਦੇ ਬੱਚੇ ਬਿਮਾਰੀ ਕਾਰਨ ਤੜਫ਼ ਕੇ ਦਮ ਤੋੜ ਰਹੇ ਹਨ। ਅਫ਼ਸੋਸ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲਾ ਸਿੱਖ ਅੱਜ ਆਪਣਾ ਭਲਾ ਨਹੀਂ ਕਰ ਰਿਹਾ। ਅੱਜ ਲੋੜ ਹੈ ਕਿ ਅਸੀਂ ਆਪਣੀ ਅਕਲ ਨੂੰ ਵਰਤ ਕੇ ਮਾਇਆ ਦੀ ਯੋਗ ਥਾਂ 'ਤੇ ਵਰਤੋਂ ਕਰੀਏ।

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥
(੧੨੪੫)

ਅੱਜ ਪ੍ਰਣ ਕਰੋ ਕਿ ਅਸੀਂ ਆਪਣੀ ਕਮਾਈ ਵਿਅਰਥ ਨਹੀਂ ਲੁਟਾਵਾਂਗੇ। ਫ਼ੋਕਟ ਕਰਮਕਾਂਡ ਬੰਦ ਕਰਕੇ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਕਿਸੇ ਗਰੀਬ ਬੱਚੇ ਦੀ ਵਿੱਦਿਆ ਦਾ ਪ੍ਰਬੰਧ ਕਰ ਕਰਾਂਗੇ। ਹਰ ਦੀਵਾਲੀ ਨੂੰ ਪਟਾਕੇ ਖਰੀਦਣ ਦੀ ਥਾਂ ਉਸ ਪੈਸਿਆਂ ਨਾਲ 2 ਜਾਂ 3 ਪਰਿਵਾਰ ਰਲ ਕੇ ਇਕ ਗਰੀਬ ਸਿੱਖ ਪਰਿਵਾਰ ਦੀ ਮਦਦ ਕਰਾਂਗੇ। ਜੇ ਯੋਗ ਥਾਂ 'ਤੇ ਮਾਇਆ ਨੂੰ ਖਰਚਾਂਗੇ ਤਾਂ ਹੀ ਸਾਡੀ ਮਾਇਆ ਸਫ਼ਲੀ ਹੋਵੇਗੀ।

-ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣੇ ਵਾਲੇ।
Email: gianiamritpalsingh@gmail.com

06 Nov. 2018