
ਇੱਧਰ ਕਣਕਾਂ ਉੱਧਰ ਕਣਕਾਂ - ਸੁਖਪਾਲ ਸਿੰਘ ਗਿੱਲ
ਹਾੜ੍ਹੀ ਦੀ ਰਾਣੀ ਕਣਕ ਨੇ ਪੰਜਾਬ ਰਾਹੀਂ ਮੁਲਕ ਦੇ ਭੰਡਾਰ ਭਰ ਕੇ ਦੇਸ਼ ਨੂੰ ਆਤਮ ਨਿਰਭਰਤਾ ਦਿੱਤੀ ਹੈ।ਇਹ ਪੰਜਾਬ ਦੀ ਧਰਤੀ ਤੇ ਲਹਿਰਾਉਂਦੀ ਹੋਈ ਕੁਦਰਤ ਦਾ ਵਰਣਨ ਕਰਦੀ ਰਹਿੰਦੀ ਹੈ। ਜਾਨਸਨ ਦਾ ਵਿਚਾਰ ਹੈ ਕਿ "ਖੇਤੀਬਾੜੀ ਭੰਡਾਰੇ ਭਰਦੀ ਹੈ ਦੇਸ਼ ਇਹਨਾਂ ਭੰਡਾਰਾਂ ਨੂੰ ਹੀ ਆਪਣੇ ਭੰਡਾਰ ਮੰਨ ਸਕਦਾ ਹੈ" ਅਕਤੂਬਰ-ਨਵੰਬਰ ਮਹੀਨੇ ਪੰਜਾਬ ਵਿੱਚ ਪ੍ਰਤੀ ਕਿੱਲਾ 40 ਕਿਲੋ ਬੀਜੀ ਕਣਕ ਹਾੜ੍ਹੀ ਦੀ ਫਸਲ ਵਜੋਂ ਅਪ੍ਰੈਲ ਵਿੱਚ 25-30 ਕੁਇੰਟਲ ਝਾੜ ਕੱਢ ਕੇ "ਮਾਰਦਾ ਦਮਾਮੇ ਜੱਟ ਮੇਲੇ ਆ ਗਿਆ" ਦੀ ਵਿਰਾਸਤ ਲਿਖਦੀ ਹੈ। ਕਣਕ ਦੀ ਫਸਲ ਬੀਜ ਕੇ ਕਿਸਾਨ ਤਰ੍ਹਾਂ-ਤਰ੍ਹਾਂ ਦੇ ਸੁਪਨੇ ਬੁਣਦੇ ਹਨ, ਜਿਸ ਦੇ ਪਿੱਛੇ ਪੇਂਡੂ ਸਮਾਜ ਦਾ ਸਿੱਧਾ ਸਾਦਾ ਜੀਵਨ ਹੁੰਦਾ ਹੈ। ਇਸ ਲਈ ਅਗਲੀ ਛਿਮਾਹੀ ਵੀ ਸੁਹੇਲੀ ਕਰਨ ਲਈ ਸਾਰਾ ਪ੍ਰੀਵਾਰ ਟੀਮ ਵਰਕ ਕਰਕੇ ਹੱਡ-ਭੰਨਵੀਂ ਮਿਹਨਤ ਕਰਦਾ ਹੈ। ਬਾਅਦ ਦਾ ਸਿੱਟਾ ਸਮੇਂ ਦੇ ਗਰਭ ਵਿੱਚ ਹੁੰਦਾ ਹੈ। ਇਸੇ ਲਈ ਅਗਿਆਤ ਨੇ ਵੀ ਕਿਹਾ ਸੀ ਕਿ "ਕਿਸਾਨ ਨੂੰ ਆਸ਼ਾਵਾਦੀ ਹੋਣਾ ਹੀ ਪਵੇਗਾ ਨਹੀਂ ਤਾਂ ਉਹ ਖੇਤੀਬਾੜੀ ਕਰ ਹੀ ਨਹੀਂ ਸਕਦਾ"
ਕਣਕ ਉੱਤੇ ਖੁਸ਼ਹਾਲੀ ਅਤੇ ਮੰਦਹਾਲੀ ਪ੍ਰਤੀ ਬਹੁਤ ਸਾਰਾ ਸਾਹਿਤ ਵੀ ਸਿਰਜਿਆ ਗਿਆ ਹੈ। ਅਸਲ ਵਿੱਚ ਕਣਕ ਦੀ ਫਸਲ ਅੰਦਰ ਪਿੰਡਾਂ ਦਾ ਸਮੁੱਚਾ ਜੀਵਨ ਦੇਖਿਆ ਜਾਦਾ ਹੈ। "ਬੂਰ ਪਿਆ ਕਣਕਾਂ ਨੂੰ ਮਾਂਏ, ਵਿੱਚ ਬਾਗੀਂ ਅੰਬੀਆਂ ਪੱਕੀਆਂ" ਇਸ ਸੱਭਿਆਚਾਰਕ ਸਤਰ ਵਿੱਚ ਮਾਂ-ਧੀ ਦੇ ਮੇਲ-ਜੋਲ ਵਿੱਚੋਂ ਧੀ ਦਾ ਭਵਿੱਖ ਚਿਤਰਿਆ ਗਿਆ ਹੈ। ਹਰੀ ਤੋਂ ਸੁਨਹਿਰੀ ਹੁੰਦੀ ਕਣਕ ਦੇ ਨਾਲ ਹੀ ਅੰਬਾਂ ਨੂੰ ਬੂਰ ਪੈਂਦਾ ਹੈ। ਇਸ ਦੇ ਨਾਲ ਹੀ ਗੁਲਾਬ ਵੀ ਖਿੜ੍ਹ ਜਾਂਦੇ ਹਨ। ਕਿਸਾਨ ਆਪਣੇ ਸੁਪਨੇ ਪੂਰੇ ਹੋਣ ਦੀ ਆਸ ਬੰਨ੍ਹਦਾ ਹੈ। ਕਣਕ ਕਿਸਾਨੀ ਜੀਵਨ ਦੇ ਉਤਸ਼ਾਹ ਨੂੰ ਬਾਖੂਬੀ ਚਿਤਰਦੀ ਹੈ। ਇੱਕ ਲਿਖਾਰੀ ਨੇ ਕਣਕਾਂ ਦਾ ਚਿਤਰਨ ਆਪਣੇ ਅਣਮੁੱਲੇ ਵਿਚਾਰਾਂ ਨਾਲ ਇਉਂ ਪੇਸ਼ ਕੀਤਾ ਹੈ "ਹਰੀਆਂ ਕਣਕਾਂ, ਨੀਲਾ ਅੰਬਰ,ਖਿੜਿਆ ਕੁੱਲ ਜਹਾਨ, ਮਹਿਕਾਂ ਦੱਸਦੀਆਂ ਨੇ ਕਿੰਨੀ ਮਿਹਨਤ ਕਰਦਾ ਕਿਸਾਨ" ਮੁਸ਼ੱਕਤ ਅਤੇ ਸਬਰ ਦੀ ਉਡੀਕ ਤੋਂ ਬਾਅਦ ਹੀ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗਦੇ ਹਨ, ਜਦੋਂ ਵੀ ਕਿਸਾਨ ਮੰਡੀਆਂ ਵਿੱਚ ਬੈਠ ਕੇ ਬਾਦਸ਼ਾਹੀ ਮਹਿਸੂਸ ਕਰਦਾ ਹੁੰਦਾ ਤਾਂ ਕਈ ਵਾਰ ਗਲਤ ਫੈਸਲੇ ਵੀ ਲੈ ਸਕਦਾ ਹੈ। ਜਿਸ ਤੋਂ ਬਚਣਾ ਚਾਹੀਦਾ ਹੈ।ਕਣਕ ਵਿੱਚੋਂ ਪਿੰਡਾਂ ਵਿੱਚ, ਮਨੁੱਖਵਾਦੀ, ਸਰਬ-ਸਾਂਝੀਵਾਲਤਾ ਅਤੇ ਜੀਵਨ ਰਾਗ ਦਾ ਸੁਨੇਹਾ ਮਿਲਣਾ ਚਾਹੀਦਾ ਹੈ।ਬਹੁਤ ਵਾਰੀ ਕੁਦਰਤ ਨਾਲ ਛੇੜਛਾੜ ਕਣਕ ਦੀ ਫਸਲ ਉੱਤੇ ਭਾਰੂ ਪੈ ਜਾਂਦੀ ਹੈ। ਮੌਸਮ ਪੇਸ਼ ਨਹੀਂ ਜਾਣ ਦਿੰਦਾ। ਕਣਕ ਦੀ ਫਸਲ ਤੇ ਗੜੇ ਪੈ ਜਾਂਦੇ ਹਨ। ਸਭ ਕੁਝ ਸਮੇਟਿਆ ਜਾਂਦਾ ਹੈ ਕਿਹਾ ਵੀ ਗਿਆ ਹੈ "ਕਿੱਥੇ ਰੱਖ ਲਾ ਲੁਕੋ ਕੇ ਤੈਨੂੰ ਕਣਕੇ ਨੀਂ ਰੁੱਤ ਬੇਈਮਾਨ ਹੋ ਗਈ"
ਛੇ ਮਹੀਨੇ ਤਰ੍ਹਾਂ ਤਰ੍ਹਾਂ ਦੀ ਨੁਹਾਰ ਵਿੱਚੋਂ ਲੰਘ ਕੇ ਕਣਕਾਂ ਆਪਣੇ ਪਰਛਾਵੇਂ ਪਾਉਂਦੀਆਂ ਰਹਿੰਦੀਆਂ ਹਨ। ਬੂਰ ਪੈਣ ਤੱਕ ਦਾ ਨਜਾਰਾ ਦੇਖਣਯੋਗ ਹੁੰਦਾ ਹੈ। ਬੂਰ ਤੋਂ ਬਾਅਦ ਦੋਧਾ ਦਾਣਾ ਖੁਸ਼ੀ ਦੂਣੀ ਕਰਦਾ ਹੈ।ਚਾਰ-ਚੁਫੇਰੇ ਕਣਕਾਂ ਦੇਖ ਕੇ "ਇੱਧਰ ਕਣਕਾਂ ਉੱੱਧਰ ਕਣਕਾਂ, ਵਿੱਚ ਕਣਕਾਂ ਦੇ ਬੂਰ ਪਿਆ, ਮੁਟਿਆਰੇ ਜਾਣਾ ਦੂਰ ਪਿਆ" ਆਸਾ ਸਿੰਘ ਮਸਤਾਨਾ ਜੀ ਨੇ ਇਸ ਦਾ ਬਾਖੂਬੀ ਚਿਤਰਨ ਕੀਤਾ ਹੈ।ਇਹ ਚਿਤਰਨ ਸਦਾਬਹਾਰ ਰਹੇਗਾ। ਅਜਿਹੇ ਗਾਣੇ ਕਣਕ ਦੇ ਇਤਿਹਾਸ ਨਾਲ ਸ਼ੁਰੂ ਤੋਂ ਚਲਦੇ ਆਉਂਦੇ ਹਨ। ਹਰੀ ਕ੍ਰਾਂਤੀ ਤੋਂ ਬਾਅਦ1970-80 ਤੱਕ ਕੇਂਦਰੀ ਪੂਲ ਚ ਪੰਜਾਬ ਦਾ ਹਿੱਸਾ40.45 ਰਿਹਾ,2009 ਤੱਕ ਇਹ ਹਿੱਸਾ 43.73 ਹੋ ਗਿਆ। ਪੰਜਾਬ ਵਿੱਚ ਕਣਕ ਹੇਠ 34.90ਲੱਖ ਹੈਕਟੇਅਰ ਰਕਬਾ ਹੈ। 1970-71 ਵਿੱਚ 3.90 ਲੱਖ ਹੈਕਟੇਅਰ ਅਤੇ 2023-24 ਵਿੱਚ31.79ਲੱਖ ਹੈਕਟੇਅਰ ਰਕਬਾ ਸੀ। ਔਸਤ ਝਾੜ 27.70 ਰਹਿੰਦਾ ਹੈ। ਕਣਕ ਹੀ ਘਰੇਲੂ ਮੁਸ਼ਕਲਾਂ ਦਾ ਸਹਾਰਾ ਬਣਦੀ ਹੈ। ਇਸ ਤੋਂ ਪਹਿਲਾਂ ਤਾਂ ਘਰ ਚਲਾਉਣਾ ਕੱਪੜੇ ਲੀੜੇ ਅਤੇ ਜ਼ਮੀਨਾਂ ਦਾ ਮਾਮਲਾ ਦੇਣਾ ਵੀ ਮੁਸ਼ਕਿਲ ਹੋ ਜਾਂਦਾ ਸੀ। ਉਸ ਸਮੇਂ ਦਾ ਵਰਤਾਰਾ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ। "ਅਸੀਂ ਮਰ ਗਏ ਕਮਾਈਆਂ ਕਰਦੇ, ਅਜੇ ਤੇਰੇ ਬੰਦ ਨਾ ਬਣੇ, ਪਾਟੀ ਘੱਗਰੀ ਤੇ ਬਗੜ ਦਾ ਨਾਲਾ, ਤੇਰਾ ਦੱਸ ਕੀ ਵੇਖਿਆ?ਇਸੇ ਤਰ੍ਹਾਂ ਕਣਕ ਦੀ ਫਸਲ ਦੇ ਜ਼ਰੀਏ ਕਿਸਾਨੀ ਜੀਵਨ ਸੱਭਿਆਚਾਰਕ ਤੇ ਸਮਾਜਿਕ ਚਿਤਰਨ ਅਤੇ ਆਰਥਿਕ ਲਚਾਰੀ ਦੇ ਦਰਸ਼ਨ ਵੀ ਕਰਦੇ ਹਾਂ। ਇਸ ਦੇ ਨਾਲ ਹੀ ਕਹਾਵਤ ਵੀ ਹੈ ਜੋ ਬਿਨਾਂ ਪਾਣੀ ਤੋਂ ਮੌਜੇ ਖੋਲਣ ਦੇ ਬਰਾਬਰ ਹੁੰਦੀ ਹੈ "ਕਣਕ ਖੇਤ ਵਿੱਚ, ਕੁੜੀ ਪੇਟ ਵਿੱਚ ਆ ਜਵਾਈਆ ਮੰਡੇ ਖਾਹ"
ਸੁਨਹਿਰੀ ਹੋਈ ਕਣਕ ਪੰਜਾਬ ਨੂੰ ਖੁਸ਼ਹਾਲੀ ਦਾ ਪ੍ਰਤੀਕ ਦਿਸਣ ਲੱਗ ਜਾਂਦੀ ਹੈ। ਇਸ ਸਮੇਂ ਦਾ ਨਜ਼ਾਰਾ ਸੱਭਿਆਚਾਰਕ ਪੱਖੋਂ ਕਿਸਾਨ ਦੀ ਮਿਹਨਤ ਪੱਖੋਂ ਅਤੇ ਪ੍ਰਕਿਰਤੀ ਧਰਤੀ ਦੀ ਸੁੰਦਰਤਾ ਪੱਖੋਂ ਕਵੀਆਂ ਨੂੰ ਸਾਹਿਤ ਰਚਣ ਦਾ ਹੁਲਾਰਾ ਦਿੰਦੀ ਹੈ। ਪੱਕੀਆਂ ਕਣਕਾਂ ਦੀ ਸੋਨੇ ਨਾਲ ਤੁਲਨਾ ਕੀਤੀ ਜਾਂਦੀ ਹੈ।ਗੱਲ ਕੀ ਇਸ ਦੀ ਬਿਜਾਈ ਕਟਾਈ ਸਮੇਂ ਦੀ ਸੰਭਾਲ ਹੈ। ਕੱਤਕ ਦੀ ਬੀਜੀ ਕਣਕ ਦੀ ਫਸਲ ਅਤੇ ਜੇਠਾ ਪੁੱਤ ਇੱਕ ਨਿਆਮਤ ਮੰਨੇ ਜਾਂਦੇ ਹਨ। ਇਹ ਫਸਲ ਜਿੰਨੀ ਵੀ ਪੁਰਾਣੀ ਹੋਵੇ ਬੇਸੁਆਦ ਨਹੀਂ ਹੁੰਦੀ। ਸਦਾ ਬਹਾਰ ਹੀ ਖਾਧੀ ਜਾਂਦੀ ਹੈ। ਇਸੇ ਲਈ ਇਹ ਛਿਮਾਹੀ ਭਰ ਆਪਣੀ ਆਮਦ ਲਈ ਚਾਰ ਚੁਫੇਰੇ ਖੇਤਾਂ ਵਿੱਚ ਲਹਿਰਾ ਕੇ ਜੀਵਨ ਨੂੰ ਟੁੰਬਦੀ ਰਹਿੰਦੀ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445