ਗਲਾਸੀ ਭਰ ਗਲਾਸੀ ਪੀ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਗਲਾਸੀ ਭਰ ਗਲਾਸੀ ਪੀ, ਭਾਵੇਂ ਮਰ ‘ਤੇ ਭਾਵੇਂ ਜੀ,
ਮੈਨੂੰ ਹੈ ਤੇਰੇ ਨਾਲ਼ ਕੀ, ਕਾਹਨੂੰ ਮੈਂ ਤੜਪਾਵਾਂ ਜੀਅ?
 ਹੁਣ ਕੋਲ਼ ਤੇਰੇ ਕੋਈ ਖੜ੍ਹਦਾ ਨਹੀਂ,
ਤੇਰਾ ਦਰਦ ਹੁਣ ਕੋਈ ਜਰਦਾ ਨਹੀਂ,
ਤੇਰੀ ਹਾਮੀ ਹੁਣ ਕੋਈ ਭਰਦਾ ਨਹੀਂ,
ਤੇਰੇ ਰੋਅਬ ਤੋਂ ਹੁਣ ਕੋਈ ਡਰਦਾ ਨਹੀਂ।
ਐਵੇਂ ਆਕੜ ਕੇ ਕਰੇਂਗਾ ਕੀ?
ਗਲਾਸੀ ਭਰ ਗਲਾਸੀ ਪੀ, ਭਾਵੇਂ ਮਰ ‘ਤੇ ਭਾਵੇਂ ਜੀ,
ਮੈਨੂੰ ਹੈ ਤੇਰੇ ਨਾਲ਼ ਕੀ, ਕਾਹਨੂੰ ਮੈਂ ਤੜਪਾਵਾਂ ਜੀਅ?
 
ਤੈਨੂੰ ਸਾਰੇ ਸਮਝਾ ਕੇ ਥੱਕੇ ਨੇ,
ਤੇਰੀ ਆਦਤ ਤੋਂ ਸਭ ਅੱਕੇ ਨੇ,
ਤੇਰੇ ਰਿਸ਼ਤੇ ਸਾਰੇ ਹੁਣ ਕੱਚੇ ਨੇ,
ਕੋਈ ਰਹੇ ਨਾ ਤੇਰੇ ਸਕੇ ਨੇ।
ਹੁਣ ਆਪਣਾ ਕਿਸੇ ਨੂੰ ਕਹੇਂਗਾ ਕੀ?
ਗਲਾਸੀ ਭਰ ਗਲਾਸੀ ਪੀ, ਭਾਵੇਂ ਮਰ ‘ਤੇ ਭਾਵੇਂ ਜੀ,
ਮੈਨੂੰ ਹੈ ਤੇਰੇ ਨਾਲ਼ ਕੀ, ਕਾਹਨੂੰ ਮੈਂ ਤੜਪਾਵਾਂ ਜੀਅ?
 
ਤੇਰੇ ਫੇਫੜੇ ਸਾਰੇ ਹੁਣ ਗਲ਼ ਗਏ ਨੇ,
ਤੇਰੇ ਗੁਰਦੇ ਕੰਮ ਕਰਨੋ ਟਲ਼ ਗਏ ਨੇ,
ਹੱਥ ਤੇਰੇ ਕੰਬਣ ਲੱਗ ਗਏ ਨੇ,
ਅੰਗ ਕਹਿਣਾ ਮੰਨਣੋ ਹਟ ਗਏ ਨੇ।
ਹੁਣ ਗਲਾਸੀ ਤੂੰ ਫੜੇਂਗਾ ਕੀ?
ਗਲਾਸੀ ਭਰ ਗਲਾਸੀ ਪੀ, ਭਾਵੇਂ ਮਰ ‘ਤੇ ਭਾਵੇਂ ਜੀ,
ਮੈਨੂੰ ਹੈ ਤੇਰੇ ਨਾਲ਼ ਕੀ, ਕਾਹਨੂੰ ਮੈਂ ਤੜਪਾਵਾਂ ਜੀਅ?
 
ਹੈ ਸਮਾਂ ਅਜੇ ਵੀ ਮੰਨਣ ਦਾ,
ਹੱਥੋਂ ਕਿਰਦੀ ਜਾਨ ਨੂੰ ਥੰਮ੍ਹਣ ਦਾ,
ਧੀਵੇਂ ਪਾਣੀ ਨੂੰ ਲੰਘਣ ਦਾ,
ਟੁੱਟਦੇ ਬੇੜੇ ਨੂੰ ਬੰਨ੍ਹਣ ਦਾ।
ਜੇ ਡੁੱਬ ਗਿਆ ਤਾਂ ਕਰੇਂਗਾ ਕੀ?
ਗਲਾਸੀ ਭਰ ਗਲਾਸੀ ਪੀ, ਭਾਵੇਂ ਮਰ ‘ਤੇ ਭਾਵੇਂ ਜੀ,
ਮੈਨੂੰ ਹੈ ਤੇਰੇ ਨਾਲ਼ ਕੀ, ਕਾਹਨੂੰ ਮੈਂ ਤੜਪਾਵਾਂ ਜੀਅ?

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ