ਡਾ.ਮੇਘਾ ਸਿੰਘ ਦੀ ਪੁਸਤਕ 'ਜੇ ਬਸਰੇ ਦੀ ਲਾਮ ਟੁੱਟ ਜਾਏ' ਅਮਨ ਦੀ ਪੁਕਾਰ - ਉਜਾਗਰ ਸਿੰਘ

ਡਾ.ਮੇਘਾ ਸਿੰਘ ਸੁਦ੍ਰਿੜ੍ਹ, ਬੁੱਧੀਮਾਨ ਤੇ ਸੰਜੀਦਾ ਸਾਹਿਤਕਾਰ ਹੈ। ਇਸ ਲਈ ਉਸਦੀਆਂ ਪੁਸਤਕਾਂ ਦੇ ਵਿਸ਼ੇ ਲੋਕ ਹਿੱਤਾਂ 'ਤੇ ਪਹਿਰਾ ਦੇਣ ਵਾਲੇ ਹੁੰਦੇ ਹਨ। ਉਸ ਦੀਆਂ ਹੁਣ ਤੱਕ 13 ਮੌਲਿਕ ਅਤੇ ਚਾਰ ਸੰਪਾਦਿਤ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਚਰਚਾ ਅਧੀਨ ਉਸਦੀ ਸੰਪਾਦਿਤ ਪੁਸਤਕ 'ਜੇ ਬਸਰੇ ਦੀ ਲਾਮ ਟੁੱਟ ਜਾਏ' (ਜੰਗ ਵਿਰੁੱਧ ਅਮਨ ਦੀ ਕਵਿਤਾ) ਉਸਦੀ ਚੌਧਵੀਂ ਪੁਸਤਕ ਤੇ ਡਾ.ਮੇਘਾ ਸਿੰਘ ਦੀ ਸੋਚ ਦਾ ਪ੍ਰਤੀਕ ਹੈ। ਇਸ ਪੁਸਤਕ ਦਾ ਨਾਮ ਵੀ ਪੰਜਾਬੀ ਕਵਿਤਾ 'ਤੇ ਅਧਾਰਤ ਹੈ, ਜਿਸਦਾ ਅਰਥ ਬਸਰੇ ਦੀ ਜੰਗ ਵਿੱਚ ਇੱਕ ਸਿਪਾਹੀ ਦੇ ਜਾਣ ਕਰਕੇ ਉਸਦੀ ਪਤਨੀ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੈ। ਸੰਤ ਰਾਮ ਉਦਾਸੀ ਦੀ ਕਵਿਤਾ ਦੇ ਸ਼ਬਦ ਹਨ, 'ਬਸਰੇ ਦੀ ਲਾਮ ਟੁੱਟ ਜਾਏ, ਮੈਂ ਰੰਡੀਓਂ ਸੁਹਾਗਣ ਹੋਵਾਂ . . .।' ਭਾਵ ਜੇਕਰ ਜੰਗ ਨੂੰ ਜਾਣਾ ਰੁਕ ਜਾਵੇ ਤਾਂ ਮੇਰਾ ਪਤੀ ਮੇਰੇ ਕੋਲ ਹੋਵੇਗਾ, ਮੈਂ ਸੁਹਾਗਣ ਹੋਵਾਂਗੀ। ਪੁਸਤਕ ਦਾ ਇਹ ਸਿਰਲੇਖ ਹੀ ਪੁਸਤਕ ਵਿਚਲੀ ਸਾਰੀ ਕਵਿਤਾ ਦਾ ਭਾਵ ਅਰਥ ਪ੍ਰਗਟ ਕਰਦਾ ਹੈ। ਪੰਜਾਬੀ ਦੇ ਅਨੇਕਾਂ ਸਾਹਿਤਕਾਰਾਂ/ਸ਼ਾਇਰਾਂ ਨੇ ਅਨੇਕਾਂ ਅਮਨ ਦੀ ਸਥਾਪਤੀ ਲਈ ਗੀਤ, ਗ਼ਜ਼ਲਾਂ ਅਤੇ ਕਵਿਤਾਵਾਂ ਲਿਖੀਆਂ ਹਨ। ਇਸ ਪੁਸਤਕ ਵਿੱਚ 103 ਨਵੇਂ ਤੇ ਪੁਰਾਣੇ ਕਵੀਆਂ ਦੀਆਂ 161 ਕਵਿਤਾਵਾਂ, ਗ਼ਜ਼ਲਾਂ ਤੇ ਗੀਤ ਹਨ। ਇਹ ਖੋਜ ਭਰਪੂਰ ਪੁਸਤਕ ਡਾ. ਮੇਘਾ ਸਿੰਘ ਦੀ ਵਿਦਵਤਾ, ਸੰਜੀਦਗੀ, ਦ੍ਰਿੜ੍ਹਤਾ, ਮਿਹਨਤ ਅਤੇ ਸਿਰੜ੍ਹ ਦਾ ਨਮੂਨਾ ਹੈ। ਡਾ.ਮੇਘਾ ਸਿੰਘ ਦੀ ਪੁਸਤਕ ਦਾ ਵਿਸ਼ਾ ਮਨੁੱਖੀ ਮਨਾਂ ਦੀਆਂ ਭਾਵਨਾਵਾਂ/ਤਰੰਗਾਂ ਦੀ ਹੂਕ ਦਾ ਪ੍ਰਗਟਾਵਾ ਹੈ। ਸੰਸਾਰ ਵਿੱਚ ਵਿਕਾਸ ਤਾਂ ਹੀ ਸੰਭਵ ਹੋ ਸਕਦਾ, ਜੇਕਰ ਵਾਤਾਵਰਨ ਸ਼ਾਂਤਮਈ ਹੋਵੇਗਾ। ਸੰਸਾਰ ਦੇ ਇਤਿਹਾਸ 'ਤੇ ਨਿਗਾਹ ਮਾਰਿਆਂ ਪਤਾ ਲੱਗਦਾ ਹੈ ਕਿ ਅਮਨ ਦੇ ਹਾਮੀ ਹਮੇਸ਼ਾ ਸਾਹਿਤਕਾਰ/ਸ਼ਾਇਰ ਹੀ ਬਣਦੇ ਆ ਰਹੇ ਹਨ। ਰਾਜ ਕਰਨ ਵਾਲੇ ਸਿਆਸਤਦਾਨ ਹਮੇਸ਼ਾ ਜੰਗਾਂ ਰਾਹੀਂ ਰਾਜ ਕਰਨ ਦੀ ਭੁੱਖ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਸੰਸਾਰ ਦੀਆਂ ਦੋਵੇਂ ਜੰਗਾਂ ਅਤੇ ਹੁਣ ਵਰਤਮਾਨ ਜੰਗਾਂ ਦੇ ਹਾਲਾਤ ਬਾਰੇ  ਸਾਹਿਤਕਾਰਾਂ/ਸ਼ਾਇਰਾਂ ਨੇ ਹੀ ਲਾਮਬੰਦ ਹੋ ਕੇ ਆਵਾਜ਼ ਬੁਲੰਦ ਕੀਤੀ ਸੀ। ਅਸਲ ਵਿੱਚ ਖੱਬੇ-ਪੱਖੀ ਵਿਚਾਰਧਾਰਾ ਵਾਲੇ ਸਾਹਿਤਕਾਰ/ਸ਼ਾਇਰ ਹੀ ਅਮਨ ਦੇ ਹੱਕ ਵਿੱਚ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕਰਦੇ ਹਨ। ਪੰਜਾਬੀ ਦੇ ਸਾਹਿਤਕਾਰਾਂ/ਸ਼ਾਇਰਾਂ ਨੇ ਹਮੇਸ਼ਾ ਹੀ ਅਮਨ ਦੀ ਬਾਤ ਪਾਈ ਹੈ। ਇਹ ਸਾਰਾ ਕੁਝ ਇਸ ਪੁਸਤਕ ਦੀਆਂ ਕਵਿਤਾਵਾਂ/ਗੀਤਾਂ ਅਤੇ ਗ਼ਜ਼ਲਾਂ ਰਾਹੀਂ ਲੋਕਾਈ ਨੂੰ ਦੱਸਣਾ ਹੀ ਡਾ.ਮੇਘਾ ਸਿੰਘ ਦੀ ਭਾਵਨਾ ਹੈ। ਡਾ.ਮੇਘਾ ਸਿੰਘ ਦੀ ਇਸ ਪੁਸਤਕ ਦਾ ਮੰਤਵ ਵੀ ਇਹੋ ਹੈ ਕਿ ਸਰਮਾਏਦਾਰ ਲੋਕਾਂ ਵੱਲੋਂ ਜੰਗਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ, ਇਸ ਲਈ ਉਸਨੇ ਭਵਿਖ ਦੀਆਂ ਜੰਗਾਂ ਨੂੰ ਰੋਕਣ ਲਈ ਸਾਹਿਤਕਾਰਾਂ ਖਾਸ ਤੌਰ 'ਤੇ ਸ਼ਾਇਰਾਂ ਨੂੰ ਅਮਨ ਦੇ ਹੱਕ ਵਿੱਚ ਲਾਮਬੰਦ ਕਰਨ ਦਾ ਉਪਰਾਲਾ ਕੀਤਾ ਹੈ। ਅਜਿਹਾ ਸਿਰੜ੍ਹੀ ਕੰਮ ਡਾ.ਮੇਘਾ ਸਿੰਘ ਹੀ ਕਰ ਸਕਦਾ ਹੈ, ਕਿਉਂਕਿ ਸਮੁੱਚੇ ਪੁਰਾਣੇ ਅਤੇ ਨਵੇਂ ਵੱਡੇ-ਛੋਟੇ ਅਣਗਿਣਤ ਸ਼ਾਇਰਾਂ ਦੀਆਂ ਅਮਨ ਸੰਬੰਧੀ ਕਵਿਤਾਵਾਂ ਖੱਲਾਂ ਖ਼ੂੰਜਿਆਂ ਵਿੱਚੋਂ ਲੱਭ ਕੇ, ਉਨ੍ਹਾਂ ਵਿੱਚੋਂ ਛਾਂਟਕੇ ਚੋਣ ਕਰਨਾ ਬੜਾ ਸ਼ਿੱਦਤ, ਧੀਰਜ, ਸਿਰੜ੍ਹ, ਸੰਜੀਦਗੀ ਅਤੇ ਦ੍ਰਿੜ੍ਹਤਾ ਨਾਲ ਕਰਨ ਵਾਲਾ ਕੰਮ ਹੈ। ਡਾ.ਮੇਘਾ ਸਿੰਘ ਨੇ ਅਮਨ ਦੀ ਗੁਹਾਰ ਲਾਉਣ ਵਾਲੀਆਂ ਕਵਿਤਾਵਾਂ/ਗੀਤਾਂ ਅਤੇ ਗ਼ਜ਼ਲਾਂ ਨੂੰ ਸਮੁੰਦਰ ਵਿੱਚੋਂ ਮੋਤੀ ਲੱਭਣ ਵਾਲਾ ਕੰਮ ਕੀਤਾ ਹੈ। ਇੱਕ ਸੰਸਥਾ ਜਿਤਨਾ ਕੰਮ ਡਾ.ਮੇਘਾ ਸਿੰਘ ਨੇ ਕਰਕੇ ਮਿਸਾਲ ਪੈਦਾ ਕਰ ਦਿੱਤੀ ਹੈ। ਕਵਿਤਾਵਾਂ ਇਕੱਠੀਆਂ ਕਰਨਾ ਤੇ ਫਿਰ ਉਨ੍ਹਾਂ ਦੇ ਲੇਖਕਾਂ ਤੋਂ ਪ੍ਰਕਾਸ਼ਤ ਕਰਨ ਦੀ ਇਜ਼ਾਜ਼ਤ ਲੈਣਾ, ਬਹੁਤ ਹੀ ਮੁਸ਼ਕਲ ਕੰਮ ਹੁੰਦਾ ਹੈ। ਉਨ੍ਹਾਂ ਸਾਰੇ ਲੇਖਕਾਂ ਨਾਲ ਸੰਪਰਕ ਕਰਨਾ, ਖਾਸ ਤੌਰ 'ਤੇ ਜਿਹੜੇ ਸ਼ਾਇਰ ਸਵਰਗਵਾਸ ਹੋ ਚੁੱਕੇ ਹਨ, ਉਨ੍ਹਾਂ ਦੇ ਵਾਰਸਾਂ ਤੋਂ ਪ੍ਰਵਾਨਗੀ ਲੈਣੀ ਕਠਨ ਕਾਰਜ਼ ਸੀ, ਪ੍ਰੰਤੂ ਡਾ.ਮੇਘਾ ਸਿੰਘ ਨੇ ਸ਼ਿਦਤ ਨਾਲ ਖੋਜ ਕਰਕੇ ਸਾਰਿਆਂ ਨੂੰ ਲੱਭਿਆ ਤੇ ਫਿਰ ਉਨ੍ਹਾਂ ਤੋਂ ਪ੍ਰਵਾਨਗੀ ਲੈ ਕੇ ਪ੍ਰਕਾਸ਼ਤ ਕੀਤਾ ਹੈ। ਇਸਤੋਂ ਡਾ.ਮੇਘਾ ਸਿੰਘ ਦੀ ਲਗਨ ਅਤੇ ਅਮਨ ਸਥਾਪਤ ਕਰਨ ਦੀ ਸੋਚ ਦਾ ਪਤਾ ਲੱਗਦਾ ਹੈ। ਡਾ.ਮੇਘਾ ਸਿੰਘ ਹਰ ਉਸਾਰੂ ਤੇ ਸਮਾਜ ਦੇ ਹਿੱਤਾਂ 'ਤੇ ਪਹਿਰਾ ਦੇਣ ਵਾਲੀ ਸਾਹਿਤਕ ਰਚਨਾ ਕਰਦਾ ਹੈ। ਉਹ ਆਮ ਬਹੁਤੇ ਸਾਹਿਤਕਾਰਾਂ ਦੀ ਤਰ੍ਹਾਂ ਰੁਮਾਂਸਵਾਦੀ ਸਾਹਿਤ ਦਾ ਵਿਰੋਧ ਤੇ  ਪ੍ਰੋੜ੍ਹਤਾ ਵੀ ਨਹੀਂ ਕਰਦਾ, ਸਗੋਂ ਅਜਿਹਾ ਸਾਹਿਤ ਰਚਦਾ ਹੈ, ਜਿਹੜਾ ਮਾਨਵਤਾ ਦੇ ਹਿੱਤਾਂ 'ਤੇ ਪਹਿਰਾ ਦਿੰਦਾ ਹੋਵੇ। ਉਸਦੀ ਇਹ ਪੁਸਤਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀ ਹੈ। ਡਾ.ਮੇਘਾ ਸਿੰਘ ਚੇਤੰਨ, ਵਿਦਵਾਨ ਚਿੰਤਕ ਹੈ, ਜਿਹੜਾ ਮਨੁੱਖੀ ਭਾਵਨਾਵਾਂ ਦੀ ਕਵਿਤਾ ਰਾਹੀਂ ਤਰਜਮਾਨੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਪੁਸਤਕ ਵਿੱਚ ਸ਼ਾਮਲ ਕਵਿਤਾਵਾਂ ਅਜਿਹੀਆਂ ਹਨ, ਜਿਹੜੀਆਂ ਇਨਸਾਨੀਅਤ ਦੀ ਮਾਨਸਿਕਤਾ ਦੀ ਤਰਜਮਾਨੀ ਕਰਦੀਆਂ ਹੋਈਆਂ ਜੰਗ ਦੇ ਕਰੂਰ ਪ੍ਰਭਾਵਾਂ ਦਾ ਦ੍ਰਿਸ਼ਟਾਂਤਿਕ ਪ੍ਰਗਟਾਵਾ ਕਰਦੀਆਂ ਹਨ।
ਡਾ.ਮੇਘਾ ਸਿੰਘ ਨੇ ਸਭ ਤੋਂ ਪਹਿਲਾਂ ਜਿਹੜੀਆਂ ਬਸਰੇ ਦੀ ਲਾਮ ਨਾਲ ਸੰਬੰਧਤ ਕਵਿਤਾਵਾਂ ਦੀਆਂ 20 ਟੂਕਾਂ ਦਿੱਤੀਆਂ ਹਨ, ਉਹ ਇੱਕ ਕਿਸਮ ਨਾਲ ਇਨਸਾਨੀਅਤ ਦੇ ਮਨ ਮਸਤਕ ਵਿੱਚੋਂ ਨਿਕਲੀਆਂ ਅਮਨ ਦੀਆਂ ਹੂਕਾਂ ਹਨ। ਇਸੇ ਤਰ੍ਹਾਂ ਪੁਸਤਕ ਦੇ ਅਖ਼ੀਰ ਵਿੱਚ  ਜੰਗ ਸੰਬੰਧੀ ਸੰਸਾਰ ਦੇ ਪ੍ਰਤਿਸ਼ਟ ਵਿਅਕਤੀਆਂ ਦੇ ਵਿਚਾਰ ਦਿੱਤੇ ਹਨ, ਜਿਨ੍ਹਾਂ ਵਿੱਚ ਦਰਸਾਇਆ ਗਿਆ ਹੈ ਕਿ ਵਿਦਵਾਨ ਲੋਕਾਂ ਦਾ ਜੰਗ ਬਾਰੇ ਕੀ ਦ੍ਰਿਸ਼ਟੀਕੋਣ ਹੈ। ਸਾਰੀ ਪੁਸਤਕ ਪੜ੍ਹਨ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਜੰਗ ਦੇ ਸਮਾਜਿਕ ਤਾਣੇ-ਬਾਣੇ 'ਤੇ ਬਹੁ-ਪੱਖੀ ਪ੍ਰਭਾਵ ਪੈਂਦੇ ਹਨ, ਜਿਨ੍ਹਾਂ ਵਿੱਚ ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਮਾਨਸਿਕ ਸ਼ਾਮਲ ਹਨ। ਮਾਵਾਂ ਪੁਤਾਂ, ਭੈਣਾਂ ਭਰਾਵਾਂ, ਔਰਤਾਂ ਪਤੀਆਂ, ਬੱਚੇ ਤੋਂ ਵਾਂਝੇ ਹੀ ਨਹੀਂ ਹੋ ਜਾਂਦੇ, ਸਗੋਂ ਉਸਤੋਂ ਬਾਅਦ ਜਿਹੜੇ ਹਾਲਾਤ ਵਿੱਚੋਂ ਉਨ੍ਹਾਂ ਨੂੰ ਗੁਜ਼ਰਨਾ ਪੈਂਦਾ ਹੈ, ਉਹ ਬਹੁਤ ਹੀ ਹਿਰਦੇਵੇਦਿਕ ਹੁੰਦੇ ਹਨ। ਜੰਗ ਤੋਂ ਪ੍ਰਭਾਵਤ ਲੋਕਾਂ ਦਾ ਜੀਣਾ ਦੁੱਭਰ ਹੋ ਜਾਂਦਾ ਹੈ। ਜ਼ਿੰਦਗੀ ਬਸਰ ਕਰਨ ਦੀ ਤ੍ਰਾਸਦੀ ਭਿਆਨਕ ਹੁੰਦੀ ਹੈ। ਵੈਸੇ ਤਾਂ ਪੁਸਤਕ ਦੀਆਂ ਸਾਰੀਆਂ ਹੀ ਕਵਿਤਾਵਾਂ ਦਿਲਾਂ ਨੂੰ ਟੁੰਬਦੀਆਂ ਹੋਈਆਂ ਅਮਨ ਦੀ ਆਵਾਜ਼ ਬੁਲੰਦ ਕਰਦੀਆਂ ਹਨ, ਪ੍ਰੰਤੂ ਕੁਝ ਕੁ ਜਿਵੇਂ ਅਰਜਨ ਸਿੰਘ ਗੜਗੱਜ ਦੀ ਕਵਿਤਾ 'ਦਰਵਾਜ਼ੇ ਬੰਦ ਕਰੋ ਖ਼ੂਨੀ ਸੌਦਾਗਰ ਔਂਦਾ ਹੈ' ਆਪਣੇ ਆਪ ਹੀ ਇੱਕ ਸਤਰ ਵਿੱਚ ਡੂੰਘੀ ਗੱਲ ਕਰ ਜਾਂਦੀ ਹੈ। ਖ਼ੂਨੀ ਸੌਦਾਗਰ ਸ਼ਬਦ ਦੁੱਖਾਂ ਦੀ ਪਟਾਰੀ ਖੋਲ੍ਹਕੇ ਰੱਖ ਦਿੰਦਾ ਹੈ, ਕਿਉਂਕਿ ਸੌਦਾਗਰ ਲੋਕ ਹਿਤ ਦੀ ਗੱਲ ਨਹੀਂ ਕਰਦੇ, ਸਗੋਂ ਉਹ ਆਪਣਾ ਲਾਭ ਵੇਖਦੇ ਹਨ। ਲਗਪਗ ਹਰ ਕਵਿਤਾ ਵਿੱਚ ਜੰਗ ਨਾਲ ਹੋਣ ਵਾਲੇ ਵਿਨਾਸ਼ ਦੀ ਜਾਣਕਾਰੀ ਦਿੰਦੀ ਹੈ। ਸਰਮਾਏਦਾਰ ਦੇਸ਼ਾਂ ਦੀ ਹਓਮੈ ਅਤੇ ਖੁਦਗਰਜ਼ੀ ਨਿੱਜੀ ਮੁਫਾਦਾਂ ਨੂੰ ਪੂਰਾ ਕਰਨ ਦੀਆਂ ਤਿਗੜਮਬਾਜ਼ੀਆਂ, ਇਨਸਾਨੀ ਕਦਰਾਂ ਕੀਮਤਾਂ ਦਾ ਨਿਰਾਦਰ ਕਰਦੀਆਂ ਹਨ। ਅਮੋਲਕ ਸਿੰਘ 'ਫ਼ਲਸਤੀਨ ਦੀ ਆਵਾਜ਼' ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ:
ਜਿਥੇ ਵਰਖਾ ਬਰੂਦ ਦੀ ਨਿੱਤ ਹੋਏ
ਜੇ ਜ਼ੁਲਮ ਰਹੇ ਤਾਂ ਅਮਨ ਦੱਸੋ
ਭਲਾ ਧਰਤ 'ਤੇ ਕਿੱਧਰੋਂ ਭਾਲਦੇ ਹੋ।
ਤੇਲ ਪੀਣ ਲਈ ਸਾਡਾ ਉਹ ਖ਼ੂਨ ਪੀਂਦੇ
ਫੇਰ ਵੀ ਨਾ ਉਨ੍ਹਾਂ ਦੀ ਪਿਆਸ ਮੁੱਕੀ।
ਇਸ ਕਵਿਤਾ ਦੀ ਚੀਸ ਸਹਿਣੀ ਮੁਸ਼ਕਲ ਹੋ ਜਾਂਦੀ ਹੈ। ਬਿਲਕੁਲ ਇਸੇ ਤਰ੍ਹਾਂ ਈਸ਼ਵਰ ਚਿਤਰਕਾਰ ਦੀ ਕਵਿਤਾ 'ਲੋਹੇ ਦੇ ਪੰਛੀ' ਸਾਮਰਾਜੀਆਂ ਦੀ ਭੁੱਖ ਦਾ ਪ੍ਰਗਟਾਵਾ ਇਸ ਪ੍ਰਕਾਰ ਕਰਦੀ ਹੈ:
ਹਰ ਜੀਵਨ ਦੇ ਖੇਤਰ ਅੰਦਰ ਭੁੱਖ ਦਿਸੇ ਪਰਧਾਨ!
ਥਾਂ-ਥਾਂ ਲੜਦਾ ਦਿਸੇ ਵਪਾਰ
'ਸਾਮਰਾਜ ਦਾ ਕਲਸ ਸੁਨਹਿਰੀ ਕਿਵੇਂ ਬਚੇਗਾ?'
ਸੋਚ ਰਹੇ ਸਰਮਾਏਦਾਰ।
'ਬਸਰੇ ਦੀ ਲਾਮ ਟੁੱਟ ਜਾਏ' ਪੁਸਤਕ ਦੀਆਂ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ, ਜੰਗਾਂ ਦੇ ਦੁਖਾਂਤ, ਅਮਨ ਬਰਕਰਾਰ ਰੱਖਣ ਤੱਕ ਹੀ ਸੀਮਤ ਨਹੀਂ, ਸਗੋਂ ਸਮਾਜਿਕ ਕੁਰੀਤੀਆਂ ਜਿਹੜੀਆਂ ਸਮਾਜ ਨੂੰ ਘੁਣ ਦੀ ਤਰ੍ਹਾਂ ਲੱਗਕੇ ਖੋਖਲਾ ਕਰ ਰਹੀਆਂ ਹਨ, ਬਾਰੇ ਵੀ ਪਾਠਕਾਂ ਨੂੰ ਲਾਮਬੰਦ ਹੋਣ ਦੀ ਪ੍ਰੇਰਨਾ ਦਿੰਦੀਆਂ ਹਨ, ਜਿਨ੍ਹਾਂ ਵਿੱਚ ਜ਼ਾਤ-ਪਾਤ, ਨਸਲਵਾਦ, ਊਚ-ਨੀਚ, ਅਮੀਰ-ਗ਼ਰੀਬ, ਧਾਰਮਿਕ ਕੱਟੜਤਾ, ਰੰਗ-ਭੇਦ, ਨਸ਼ਿਆਂ ਦੇ ਸੌਦਾਗਰ ਅਤੇ ਮਖੌਟਾਧਾਰੀ ਵੀ ਸ਼ਾਮਲ ਹਨ। ਗਮਦੂਰ ਰੰਗੀਲਾ ਦੀ ਲੰਬੀ ਕਵਿਤਾ 'ਮੈਂ ਸਰਹੱਦ ਬੋਲਦੀ ਹਾਂ' ਵਿੱਚ ਕਵੀ ਨੇ ਕੋਈ ਅਜਿਹਾ ਪੱਖ ਨਹੀਂ ਛੱਡਿਆ, ਜਿਸਦਾ ਜੰਗ ਨਾਲ ਹੋਏ ਤੇ ਹੋਣ ਵਾਲੇ ਨੁਕਸਾਨ ਦੀ ਤਸਵੀਰ ਖਿੱਚ ਕੇ ਨਾ ਰੱਖੀ ਹੋਵੇ। ਇਸ ਕਵਿਤਾ ਦਾ ਹਰ ਸ਼ਿਅਰ ਦਿਲ ਨੂੰ ਟੁੰਬਦਾ ਹੋਇਆ ਅਜਿਹੀ ਤਕਲੀਫ ਦਿੰਦਾ ਹੈ, ਜਿਸਨੂੰ ਸਹਿਣਾ ਬਹੁਤ ਹੀ ਔਖਾ ਹੋ ਜਾਂਦਾ ਹੈ। ਬਾਬਾ ਨਜਮੀ ਦਾ ਜੰਗ ਦੇ ਪ੍ਰਭਾਵ ਨੂੰ ਦਰਸਾਉਣ ਦਾ ਆਪਣਾ ਨਜ਼ਰੀਆ ਹੈ, ਉਸਦੀ  ਗ਼ਜ਼ਲ ਕੁਝ ਸ਼ਿਅਰਾਂ ਵਿੱਚ ਦੱਸਣ ਦੀ ਕੋਸ਼ਿਸ਼ ਇਸ ਪ੍ਰਕਾਰ ਹੈ :
ਲਹੂ ਤੇ ਤੇਰਾ ਮੇਰਾ ਲੱਗਦਾ, ਤੇਰੇ ਮੇਰੇ ਖ਼ੰਜਰ ਨੂੰ।
ਡੁੱਬੇ ਵਿੱਚ ਸਮੁੰਦਰ ਬੇੜੇ, ਸਾਥੋਂ ਹਾਲੇ ਨਿਕਲੇ ਨਈਂ,
ਵੇਖੋ ਢੋਲ ਵਜਾ ਕੇ ਚੱਲੇ, ਫੋਲਣ ਉਹਦੇ ਅੰਬਰ ਨੂੰ।
ਕਦੇ-ਕਦੇ ਤੇ ਏਹੋ ਜਹੀ ਵੀ, ਬੰਦਾ ਹਰਕਤ ਕਰਦਾ ਏ,
ਆਪਣਾ ਮੂੰਹ ਲੁਕਾਉਣਾ ਔਖਾ, ਹੋ ਜਾਂਦਾ ਏ ਡੰਗਰ ਨੂੰ।
ਮਨਜੀਤ ਸਿੰਘ ਮਾਨ ਦੀ ਕਵਿਤਾ 'ਬੰਬ ਕਦੇ ਨਾ ਕਿਸੇ ਨੂੰ ਦੇਣ ਜੀਵਨ' ਜੰਗਾਂ ਦੇ ਕਰੂਰ ਪ੍ਰਭਾਵ ਬਾਰੇ ਲਿਖਦੇ ਹਨ:
ਬੰਬ ਕਦੇ ਨਾ ਕਿਸੇ ਨੂੰ ਦੇਣ ਜੀਵਨ,
ਇਹ ਬਣਦੇ ਹੀ ਨੇ ਲੋਥਾਂ ਵਿਛਾਉਣ ਦੇ ਲਈ।
ਜੈਵ-ਜੀਵਨ ਤੇ ਜੰਗਲਾਂ ਦਾ ਨਾਸ ਕਰਦੇ,
ਖ਼ਤਰਨਾਕ ਨੇ ਪਾਣੀ ਤੇ ਪੌਣ ਲਈ।
ਵੱਡ ਆਕਾਰੀ ਪੁਸਤਕ ਦੀ ਪੜਚੋਲ ਸੰਖੇਪ ਵਿੱਚ ਕਰਨੀ ਅਸੰਭਵ ਹੁੰਦੀ ਹੈ, ਪ੍ਰੰਤੂ ਫਿਰ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਪੱਖ ਬਾਰੇ ਦੱਸਿਆ ਜਾਵੇ। ਡਾ.ਮੇਘਾ ਸਿੰਘ ਦੀ ਇਹ ਪੁਸਤਕ ਸਲਾਹਣਯੋਗ ਦਸਤਵੇਜ ਬਣ ਗਈ ਹੈ, ਜੋ ਸਾਹਿਤ ਦੇ ਖੋਜੀ ਵਿਦਿਆਰਥੀਆਂ ਲਈ ਲਾਭਦਾਇਕ ਸਾਬਤ ਹੋਵੇਗੀ।
318 ਪੰਨਿਆਂ, 500 ਰੁਪਏ ਕੀਮਤ ਵਾਲੀ ਇਹ ਪੁਸਤਕ  ਨਵਯੁਗ ਪਬਲਿਸ਼ਰਜ਼ ਨਵੀਂ ਦਿੱਲੀ ਨੇ ਪ੍ਰਕਾਸ਼ਤ ਕੀਤੀ ਹੈ।

ਸੰਪਰਕ ਡਾ.ਮੇਘਾ ਸਿੰਘ :9780036137
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com