ਸਾਡੀ ਸਰਕਾਰ ਨੂੰ ਕਾਇਰ, ਕੰਗਰੋੜਹੀਣ ਹੋਈ ਦੇਖਕੇ ਮੈਨੂੰ ਸ਼ਰਮ ਆ ਰਹੀ ਹੈ - ਅਰੁੰਧਤੀ ਰਾਏ

ਜਾਹਨਵੀ ਸੇਨ

ਪੇਸ਼ਕਸ਼: ਬੂਟਾ ਸਿੰਘ ਮਹਿਮੂਦਪੁਰ

[ਦਿੱਲੀ ਦੇ ਕਮਾਨੀ ਸਭਾਗਾਰ ਵਿੱਚ ਵਿਸ਼ਵ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਨੇ ਆਪਣੀ ਕਿਤਾਬ ‘ਮਦਰ ਮੇਰੀ ਕਮਜ਼ ਟੂ ਮੀ’ ਬਾਰੇ ਚਰਚਾ ਤੋਂ ਬਾਅਦ ਈਰਾਨ ਉੱਤੇ ਅਮਰੀਕਾ-ਇਜ਼ਰਾਇਲ ਹਮਲੇ ਨੂੰ ਲੈ ਕੇ ਕਈ ਮਹੱਤਵਪੂਰਨ ਗੱਲਾਂ ਕੀਤੀਆਂ। ਨਾਲ ਹੀ ਮੌਜੂਦਾ ਸਮੇਂ ਵਿੱਚ ਚੱਲ ਰਹੇ ਪੱਛਮੀ ਏਸ਼ੀਆ ਦੇ ਸੰਘਰਸ਼ ਦੌਰਾਨ ਭਾਰਤ ਸਰਕਾਰ ਦੀ ਚੁੱਪ ’ਤੇ ਵੀ ਸਵਾਲ ਉਠਾਏ। ਲੇਖਿਕਾ ਨੇ ਕਿਹਾ ਕਿ ਜੋ ਕੁਝ ਹੋ ਰਿਹਾ ਹੈ ਉਹ ਗਾਜ਼ਾ ਵਿੱਚ ਅਮਰੀਕੀ-ਇਜ਼ਰਾਇਲੀ ਕਤਲੇਆਮ ਦੀ ਹੀ ਲੜੀ ਦਾ ਹਿੱਸਾ ਹੈ, ਪਰ ਈਰਾਨ ਗਾਜ਼ਾ ਨਹੀਂ ਹੈ।]

 

ਨਵੀਂ ਦਿੱਲੀ: ‘ਮੈਂ ਕੁਝ ਕਹਿਣਾ ਹੈ ਕਿਉਂਕਿ ਮੈਂ ਆਪਣੀ ਮਾਂ ਦੀ ਧੀ ਹਾਂ ਅਤੇ ਮੈਨੂੰ ਹੌਸਲਾ ਜੁਟਾ ਕੇ ਇਹ ਕਹਿਣਾ ਹੀ ਪਵੇਗਾ। ਇਹ ਉਸ ਜੰਗ ਬਾਰੇ ਛੋਟਾ ਜਿਹਾ ਬਿਆਨ ਹੈ ਜੋ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਸਕਦੀ ਹੈ।’

ਇਹ ਗੱਲ 9 ਮਾਰਚ ਨੂੰ ਦਿੱਲੀ ਦੀ ਕਮਾਨੀ ਸਭਾਗਾਰ ਵਿੱਚ ਲੇਖਿਕਾ ਅਰੁੰਧਤੀ ਰਾਏ ਨੇ ਆਪਣੀ ਕਿਤਾਬ ‘ਮਦਰ ਮੇਰੀ ਕਮਜ਼ ਟੂ ਮੀ’ ਉੱਪਰ ਚਰਚਾ ਤੋਂ ਬਾਅਦ ਕਹੀ। ਉਨ੍ਹਾਂ ਨੇ ਈਰਾਨ ਉੱਤੇ ਅਮਰੀਕਾ-ਇਜ਼ਰਾਇਲ ਹਮਲੇ ਨੂੰ ਲੈ ਕੇ ਕਈ ਮਹੱਤਵਪੂਰਨ ਗੱਲਾਂ ਰੱਖੀਆਂ। ਨਾਲ ਹੀ ਮੌਜੂਦਾ ਸਮੇਂ ਵਿੱਚ ਚੱਲ ਰਹੇ ਪੱਛਮੀ ਏਸ਼ੀਆ ਸੰਘਰਸ਼ ਦੌਰਾਨ ਭਾਰਤ ਸਰਕਾਰ ਦੀ ਚੁੱਪ ਉੱਪਰ ਵੀ ਸਵਾਲ ਉਠਾਏ।

ਉਨ੍ਹਾਂ ਨੇ ਕਿਹਾ, ‘ਮੈਨੂੰ ਪਤਾ ਹੈ ਕਿ ਅਸੀਂ ਅੱਜ ਇੱਥੇ ‘ਮਦਰ ਮੇਰੀ ਕਮਜ਼ ਟੂ ਮੀ’ ਬਾਰੇ ਗੱਲ ਕਰਨ ਲਈ ਜੁੜੇ ਹਾਂ। ਪਰ ਉਨ੍ਹਾਂ ਖ਼ੂਬਸੂਰਤ ਸ਼ਹਿਰਾਂ – ਤੇਹਰਾਨ, ਇਸਫ਼ਹਾਨ ਅਤੇ ਬੇਰੂਤ – ਬਾਰੇ ਗੱਲ ਕੀਤੇ ਬਿਨਾਂ ਅਸੀਂ ਇਹ ਗੱਲਬਾਤ ਕਿਵੇਂ ਖ਼ਤਮ ਕਰ ਸਕਦੇ ਹਾਂ ਜੋ ਅੱਗ ਦੀਆਂ ਲਾਟਾਂ ਵਿੱਚ ਘਿਰੇ ਹੋਏ ਹਨ?’

ਅਰੁੰਧਤੀ ਰਾਏ ਨੇ ਅੱਗੇ ਕਿਹਾ, ‘ਆਪਣੀ ਮਾਂ ਮੇਰੀ ਦੀ ਸਾਫ਼ਗੋਈ ਅਤੇ ਬੇਬਾਕੀ ਦੇ ਅਨੁਸਾਰ, ਮੈਂ ਇਸ ਮੰਚ ਦਾ ਇਸਤੇਮਾਲ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਈਰਾਨ ਉੱਪਰ  ਬਿਨਾਂ ਕਿਸੇ ਕਾਰਨ ਕੀਤੇ ਗਏ ਗੈਰਕਾਨੂੰਨੀ ਹਮਲੇ ਬਾਰੇ ਕੁਝ ਕਹਿਣ ਲਈ ਕਰਨਾ ਚਾਹੁੰਦੀ ਹਾਂ। ਇਹ ਨਿਸ਼ਚਿਤ ਤੌਰ ’ਤੇ ਗਾਜ਼ਾ ਵਿੱਚ ਅਮਰੀਕਾ-ਇਜ਼ਰਾਇਲ ਵੱਲੋਂ ਕੀਤੇ ਜਾ ਰਹੇ ਕਤਲੇਆਮ ਦੀ ਲੜੀ ਦੀ ਹੀ ਕੜੀ ਹੈ। ਇਹ ਉਹੀ ਪੁਰਾਣੇ ਕਤਲੇਆਮ ਕਰਨ ਵਾਲੇ ਹਨ ਜੋ ਉਹੀ ਪੁਰਾਣੀ ਯੁੱਧਨੀਤੀ ਵਰਤ ਰਹੇ ਹਨ—ਔਰਤਾਂ ਅਤੇ ਬੱਚਿਆਂ ਦੇ ਕਤਲ ਕਰਨਾ, ਹਸਪਤਾਲਾਂ ’ਤੇ ਬੰਬਾਰੀ ਕਰਨਾ, ਸ਼ਹਿਰਾਂ ’ਤੇ ਅੰਧਾਧੁੰਦ ਹਮਲੇ ਕਰਨਾ ਅਤੇ ਫਿਰ ਆਪਣੇ ਆਪ ਨੂੰ ਪੀੜਤ ਦਿਖਾਉਣਾ।’

‘ਈਰਾਨ ਗਾਜ਼ਾ ਨਹੀਂ ਹੈ, ਇਹ ਜੰਗ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਸਕਦੀ ਹੈ’ ਉਨ੍ਹਾਂ ਨੇ ਅੱਗੇ ਕਿਹਾ, ‘ਪਰ ਈਰਾਨ ਗਾਜ਼ਾ ਨਹੀਂ ਹੈ। ਇਸ ਨਵੀਂ ਜੰਗ ਦਾ ਦਾਇਰਾ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਹੈ। ਅਸੀਂ ਪਰਮਾਣੂ ਤਬਾਹੀ ਅਤੇ ਆਰਥਕ ਪਤਨ ਦੇ ਕੰਢੇ ’ਤੇ ਖੜੇ ਹਾਂ। ਜਿਸ ਮੁਲਕ ਨੇ ਹੀਰੋਸ਼ਿਮਾ ਅਤੇ ਨਾਗਾਸਾਕੀ ਉੱਤੇ ਬੰਬ ਵਰਾਏ ਸਨ, ਉਹੀ ਦੁਨੀਆ ਦੀਆਂ ਸਭ ਤੋਂ ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਇੱਕ ਉੱਤੇ ਬੰਬਾਰੀ ਕਰਨ ਦੀ ਤਿਆਰੀ ਕਰ ਰਿਹਾ ਹੋ ਸਕਦਾ ਹੈ।

ਇਸ ਵਿਸ਼ੇ ’ਤੇ ਹੋਰ ਵੀ ਮੌਕੇ ਆਉਣਗੇ ਜਦੋਂ ਵਿਸਤਾਰ ਨਾਲ ਗੱਲ ਹੋਵੇਗੀ। ਇਸ ਲਈ ਅਜੇ ਮੈਂ ਸਿਰਫ਼ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਈਰਾਨ ਦੇ ਨਾਲ ਖੜੀ ਹਾਂ—ਪੂਰੀ ਤਰ੍ਹਾਂ। ਅਮਰੀਕਾ, ਇਜ਼ਰਾਇਲ ਅਤੇ ਸਾਡੀ ਸਰਕਾਰ ਸਮੇਤ ਜਿਨ੍ਹਾਂ ਵੀ ਹਕੂਮਤਾਂ ਨੂੰ ਬਦਲਣ ਦੀ ਲੋੜ ਹੈ, ਉਹ ਲੋਕਾਂ ਵੱਲੋਂ ਬਦਲੀਆਂ ਜਾਣੀਆਂ ਚਾਹੀਦੀਆਂ ਹਨ, ਨਾ ਕਿ ਕਿਸੇ ਹੰਕਾਰੀ, ਝੂਠੇ, ਧੋਖੇਬਾਜ਼, ਲਾਲਚੀ, ਸਰੋਤਾਂ ਨੂੰ ਲੁੱਟਣ ਵਾਲੇ, ਬੰਬ ਵਰਸਾਉਣ ਵਾਲੇ ਸਾਮਰਾਜੀ ਅਤੇ ਉਸਦੇ ਸੰਗੀਆਂ ਵੱਲੋਂ।’

ਅਰੁੰਧਤੀ ਰਾਏ ਦੇ ਅਨੁਸਾਰ, ‘ਈਰਾਨ ਇਨ੍ਹਾਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰ ਰਿਹਾ ਹੈ, ਜਦਕਿ ਭਾਰਤ ਡਰਪੋਕ ਬਣਿਆ ਹੋਇਆ ਹੈ। ਮੈਨੂੰ ਸ਼ਰਮ ਆਉਂਦੀ ਹੈ ਕਿ ਸਾਡੀ ਸਰਕਾਰ ਕਿੰਨੀ ਕਾਇਰ ਅਤੇ ਕੰਗਰੋੜਹੀਣ ਹੋ ਗਈ ਹੈ। ਬਹੁਤ ਸਮਾਂ ਪਹਿਲਾਂ ਅਸੀਂ ਇੱਕ ਗ਼ਰੀਬ ਮੁਲਕ ਸਾਂ, ਜਿੱਥੇ ਬਹੁਤ ਗ਼ਰੀਬ ਲੋਕ ਰਹਿੰਦੇ ਸਨ। ਪਰ ਸਾਨੂੰ ਮਾਣ ਸੀ, ਸਾਡੇ ਕੋਲ ਸਨਮਾਨ ਸੀ।

ਅੱਜ ਅਸੀਂ ਇੱਕ ਖ਼ੁਸ਼ਹਾਲ ਦੇਸ਼ ਹਾਂ, ਜਿੱਥੇ ਬਹੁਤ ਗ਼ਰੀਬ ਅਤੇ ਬੇਰੁਜ਼ਗਾਰ ਲੋਕ ਰਹਿੰਦੇ ਹਨ, ਜਿਨ੍ਹਾਂ ਨੂੰ ਅਸਲੀ ਭੋਜਨ ਦੀ ਬਜਾਏ ਨਫ਼ਰਤ, ਜ਼ਹਿਰ ਅਤੇ ਝੂਠ ਪਰੋਸਿਆ ਜਾਂਦਾ ਹੈ। ਅਸੀਂ ਆਪਣਾ ਮਾਣ ਗੁਆ ਦਿੱਤਾ ਹੈ, ਸਨਮਾਨ ਗੁਆ ਦਿੱਤਾ ਹੈ ਅਤੇ ਹਿੰਮਤ ਵੀ ਗੁਆ ਦਿੱਤੀ ਹੈ—ਸਿਵਾਏ ਸਾਡੀਆਂ ਫਿਲਮਾਂ ਦੇ।’

ਉਨ੍ਹਾਂ ਨੇ ਪੁੱਛਿਆ, ‘ਅਸੀਂ ਕਿਸ ਤਰ੍ਹਾਂ ਦੇ ਲੋਕ ਹਾਂ ਜਿਨ੍ਹਾਂ ਦੀ ਚੁਣੀ ਹੋਈ ਸਰਕਾਰ ਅਮਰੀਕਾ ਵੱਲੋਂ ਹੋਰ ਦੇਸ਼ਾਂ ਦੇ ਰਾਸ਼ਟਰਪਤੀਆਂ ਦੇ ਅਗਵਾ ਅਤੇ ਕਤਲ ਦੀ ਨਿੰਦਾ ਕਰਨ ਲਈ ਵੀ ਖੜੀ ਨਹੀਂ ਹੋ ਸਕਦੀ? ਕੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਵੀ ਅਜਿਹਾ ਹੀ ਹੋਵੇ?

ਸਾਡੇ ਪ੍ਰਧਾਨ ਮੰਤਰੀ ਦਾ ਈਰਾਨ ਉੱਤੇ ਹਮਲੇ ਤੋਂ ਕੁਝ ਦਿਨ ਪਹਿਲਾਂ ਇਜ਼ਰਾਇਲ ਜਾ ਕੇ ਬੈਂਜਾਮਿਨ ਨੇਤਨਯਾਹੂ ਨੂੰ ਗਲੇ ਲਗਾਉਣਾ—ਇਸਦਾ ਕੀ ਮਤਲਬ ਹੈ?

ਸਾਡੀ ਸਰਕਾਰ ਦਾ ਅਮਰੀਕਾ ਨਾਲ ਅਜਿਹਾ ਵਪਾਰ ਸਮਝੌਤਾ ਕਰਨਾ ਜੋ ਸਾਡੇ ਕਿਸਾਨਾਂ ਅਤੇ ਕਪੜਾ ਉਦਯੋਗ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਸਕਦਾ ਹੈ—ਇਸਦਾ ਕੀ ਮਤਲਬ ਹੈ? ਹੁਣ ਸਾਨੂੰ ਰੂਸ ਤੋਂ ਤੇਲ ਖਰੀਦਣ ਦੀ ‘ਇਜਾਜ਼ਤ’ ਦਿੱਤੀ ਜਾ ਰਹੀ ਹੈ। ਇਸਦਾ ਕੀ ਭਾਵ ਹੈ? ਸਾਨੂੰ ਹੋਰ ਕਿਸ ਚੀਜ਼ ਲਈ ਇਜਾਜ਼ਤ ਚਾਹੀਦੀ ਹੈ—ਬਾਥਰੂਮ ਜਾਣ ਲਈ? ਕੰਮ ਤੋਂ ਛੁੱਟੀ ਲੈਣ ਲਈ? ਆਪਣੀ ਮਾਂ ਨੂੰ ਮਿਲਣ ਲਈ?’

ਉਨ੍ਹਾਂ ਨੇ ਕਿਹਾ, ‘ਹਰ ਦਿਨ ਡੋਨਲਡ ਟਰੰਪ ਸਮੇਤ ਅਮਰੀਕੀ ਆਗੂ ਸਾਨੂੰ ਜਨਤਕ ਤੌਰ ’ਤੇ ਮਜ਼ਾਕ ਦਾ ਪਾਤਰ ਬਣਾਉਂਦੇ ਹਨ। ਪਰ ਸਾਡੇ ਪ੍ਰਧਾਨ ਮੰਤਰੀ ਆਪਣੀ ਉਹਾ ਖੋਖਲਾ ਹਾਸਾ ਹੱਸਦੇ ਹਨ ਅਤੇ ਜੱਫੀਆਂ ਪਾ ਪਾ ਮਿਲਦੇ ਰਹਿੰਦੇ ਹਨ।

ਗਾਜ਼ਾ ਵਿੱਚ ਕਤਲੇਆਮ ਦੀ ਸਿਖ਼ਰ ਸਮੇਂ ਭਾਰਤ ਸਰਕਾਰ ਨੇ ਕੱਢੇ ਗਏ ਫ਼ਲਸਤੀਨੀ ਮਜ਼ਦੂਰਾਂ ਦੀ ਥਾਂ ਹਜ਼ਾਰਾਂ ਗ਼ਰੀਬ ਭਾਰਤੀ ਮਜ਼ਦੂਰਾਂ ਨੂੰ ਇਜ਼ਰਾਇਲ ਭੇਜਿਆ ਸੀ। ਅੱਜ ਜਦੋਂ ਇਜ਼ਰਾਇਲੀ ਲੋਕ ਬੰਕਰਾਂ ਵਿੱਚ ਸ਼ਰਨ ਲਈ ਬੈਠੇ ਹਨ, ਖ਼ਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਭਾਰਤੀ ਮਜ਼ਦੂਰਾਂ ਨੂੰ ਉਨ੍ਹਾਂ ਸ਼ਰਣ ਸਥਾਨਾਂ ਵਿੱਚ ਵੜਨ ਵੀ ਨਹੀਂ ਦਿੱਤਾ ਜਾ ਰਿਹਾ। ਆਖ਼ਿਰ ਇਹ ਸਭ ਕੀ ਦਰਸਾਉਂਦਾ ਹੈ? ਕਿਸ ਨੇ ਸਾਨੂੰ ਦੁਨੀਆ ਵਿੱਚ ਇਸ ਤਰ੍ਹਾਂ ਦੇ ਸ਼ਰਮਨਾਕ ਅਤੇ ਘਿਣਾਉਣੇ ਸਥਾਨ ’ਤੇ ਪਹੁੰਚਾ ਦਿੱਤਾ ਹੈ?’

ਉਨ੍ਹਾਂ ਨੇ ਕਿਹਾ, ‘ਤੁਹਾਨੂੰ ਯਾਦ ਹੋਵੇਗਾ ਕਿ ਅਸੀਂ ਚੀਨੀ ਕਮਿਊਨਿਸਟ ਕਹਾਵਤ “ਸਾਮਰਾਜਵਾਦ ਦਾ ਪਿਛਲੱਗ” ਦਾ ਕਿਵੇਂ ਮਜ਼ਾਕ ਉਡਾਉਂਦੇ ਸਾਂ। ਪਰ ਹੁਣ ਮੈਂ ਕਹਾਂਗੀ ਕਿ ਇਹ ਸ਼ਬਦ ਸਾਡੇ ਉੱਪਰ ਬਿਲਕੁਲ ਢੁੱਕਦਾ ਹੈ—ਸਿਵਾਏ ਉਹਨਾਂ ਵਿਗੜੀਆਂ, ਜ਼ਹਿਰੀਲੀਆਂ ਫਿਲਮਾਂ ਦੇ ਜਿੱਥੇ ਸਾਡੇ ਹੀਰੋ ਕਾਲਪਨਿਕ ਜੰਗਾਂ ਜਿੱਤਦੇ ਫਿਰਦੇ ਹਨ।’

‘ਕਿਉਂਕਿ ਮੈਂ ਆਪਣੀ ਮਾਂ ਦੀ ਧੀ ਹਾਂ…’ ਵਰਨਣਯੋਗ ਹੈ ਕਿ ਅਰੁੰਧਤੀ ਰਾਏ ਨੇ ਆਪਣੀ ਗੱਲ ਦੀ ਸ਼ੁਰੂਆਤ ‘…ਕਿਉਂਕਿ ਮੈਂ ਆਪਣੀ ਮਾਂ ਦੀ ਧੀ ਹਾਂ…’ ਨਾਲ ਕੀਤੀ ਸੀ। ਇਹ ਕੋਈ ਸੰਯੋਗ ਨਹੀਂ ਸੀ। ਇਹ ਗੱਲ ਉਨ੍ਹਾਂ ਨੇ ਆਪਣੀ ਕਿਤਾਬ ‘ਮਦਰ ਮੇਰੀ ਕਮਜ਼ ਟੂ ਮੀ’ ਉੱਤੇ ਚਰਚਾ ਤੋਂ ਬਾਅਦ ਕਹੀ, ਜੋ ਪਿਛਲੇ ਸਾਲ ਪੈਂਗੁਇਨ ਰੈਂਡਮ ਹਾਊਸ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ।

ਦਿੱਲੀ ਦੇ ਕਮਾਨੀ ਸਭਾਗਾਰ ਵਿੱਚ ਅਰੁੰਧਤੀ ਰਾਏ ਲੇਖਿਕਾ ਅਤੇ ਕਾਲਮਨਵੀਸ ਨੀਲਾਂਜਨਾ ਰਾਏ ਨਾਲ ਗੱਲਬਾਤ ਕਰ ਰਹੇ ਸਨ। ਉਸ ਸ਼ਾਮ ਦੀ ਚਰਚਾ ਵਿੱਚ ਉਨ੍ਹਾਂ ਦੀ ਮਾਂ ਮੇਰੀ ਰਾਏ ਨਾਲ ਉਤਾਰ-ਚੜ੍ਹਾਅ ਭਰੀਆਂ ਯਾਦਾਂ, ਆਪਣੇ ਗੈਰਹਾਜ਼ਰ ਅਤੇ ਸ਼ਰਾਬੀ ਪਿਤਾ ਨਾਲ ਛੋਟੀਆਂ ਮੁਲਾਕਾਤਾਂ, ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ ਵਿੱਚ ਬਿਤਾਇਆ ਸਮਾਂ ਅਤੇ ਲੇਖਿਕਾ ਵਜੋਂ ਉਸ ਦਾ ਉਭਰਨਾ ਵੀ ਸ਼ਾਮਲ ਸੀ।

ਉਨ੍ਹਾਂ ਨੇ ਮਸਨੂਈ ਬੁੱਧੀ (ਏਆਈ) ਬਾਰੇ ਵੀ ਗੱਲ ਕੀਤੀ ਕਿ ਕਿਵੇਂ ‘ਏਆਈ’ ਹੌਲੀ-ਹੌਲੀ ‘ਅਸਲੀ ਬੁੱਧੀ’ ਨੂੰ ਨਸ਼ਟ ਕਰ ਰਹੀ ਹੈ, ਕਿਉਂਕਿ ਕੁਝ ਗਿਣਤੀ ਦੇ ਤਾਕਤਵਰ ਲੋਕਾਂ ਨੇ ਕੁਦਰਤੀ ਅਤੇ ਮਨੁੱਖੀ ਵਸੀਲਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਭਾਰਤ ਦੀਆਂ ਯੂਨੀਵਰਸਿਟੀਆਂ ਦੇ ਭਗਵਾਕਰਨ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਿਰਫ਼ ਸਿੱਖਿਆ ਪ੍ਰਣਾਲੀ ਹੀ ਨਹੀਂ, ਸਗੋਂ ਉਹ ਸਾਰੀਆਂ ਸੰਸਥਾਵਾਂ ਜਿਨ੍ਹਾਂ ’ਤੇ ਭਾਰਤੀਆਂ ਨੂੰ ਕਦੇ ਮਾਣ ਸੀ, ਅੱਜ ਸ਼ਰਮ ਦਾ ਕਾਰਨ ਬਣ ਗਈਆਂ ਹਨ।

ਇੱਕ ਬਦੇਸ਼ੀ ਮਿੱਤਰ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ 2017-18 ਤੋਂ ਬਾਅਦ ਭਾਰਤ ਵਿੱਚ ਹਾਲਾਤ ਬਦਲੇ ਹਨ। ਉਨ੍ਹਾਂ ਨੇ ਕਿਹਾ:

‘ਓਦੋਂ ਅਸੀਂ ਫਾਸ਼ੀਵਾਦੀ ਸਰਕਾਰ ਨਾਲ ਲੜ ਰਹੇ ਸੀ। ਹੁਣ ਅਸੀਂ ਫਾਸ਼ੀਵਾਦੀ ਸਮਾਜ ਨਾਲ ਲੜ ਰਹੇ ਹਾਂ।’

ਸਫ਼ਲਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਸ਼ਿਆਂ ’ਤੇ ਉਹ ਲਿਖਦੀ ਹੈ—ਕਾਰਪੋਰੇਟ ਵਿਸ਼ਵੀਕਰਨ, ਜੰਗ, ਡੈਮ, ਬੇਘਰੇ ਹੋਣ ਦਾ ਮਸਲਾ, ਸਾਮਰਾਜਵਾਦ—ਉਨ੍ਹਾਂ ਕਾਰਨਾਂ ਕਰਕੇ ਆਪਣੇ ਆਪ ਨੂੰ ਸੱਚਮੁੱਚ ਸਫ਼ਲ ਮੰਨਣਾ ਮੁਸ਼ਕਲ ਹੋ ਜਾਂਦਾ ਹੈ।

ਚਰਚਾ ਦਾ ਵੱਡਾ ਹਿੱਸਾ ਉਨ੍ਹਾਂ ਦੀ ਮਾਂ ਮੇਰੀ ਰਾਏ ਅਤੇ ਬੱਚਿਆਂ ਨਾਲ ਉਨ੍ਹਾਂ ਦੇ ਰਿਸ਼ਤੇ ਬਾਰੇ ਸੀ। ਇੱਕ ਮਾਂ ਵਜੋਂ ਮੇਰੀ ਕਈ ਵਾਰ ਸਖ਼ਤ ਸਨ, ਪਰ ਇੱਕ ਅਧਿਆਪਕਾ ਅਤੇ ਸੀਰੀਆਈ ਈਸਾਈ ਔਰਤਾਂ ਲਈ ਵਿਰਾਸਤੀ ਅਧਿਕਾਰਾਂ ਦੀ ਲੜਾਈ ਲੜਨ ਵਾਲੀ ਔਰਤ ਵਜੋਂ ਪ੍ਰੇਰਣਾਦਾਇਕ ਅਤੇ ਇਨਕਲਾਬੀ ਵੀ ਸਨ।

‘ਮਦਰ ਮੇਰੀ ਕਮਜ਼ ਟੂ ਮੀ’ ਉਨ੍ਹਾਂ ਨੂੰ ਸਮਰਪਿਤ ਇੱਕ ਸ਼ਰਧਾਂਜਲੀ ਹੈ ਅਤੇ ਇੱਕ ਧੀ ਵੱਲੋਂ ਦੁਨੀਆ ਦੇ ਸਾਹਮਣੇ ਇੱਕ ਜਟਿਲ ਔਰਤ ਦੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਵੀ ਹੈ।

ਚਰਚਾ ਦੇ ਅੰਤ ਵਿੱਚ ਜਦੋਂ ਅਰੁੰਧਤੀ ਨੇ ਈਰਾਨ ਦੇ ਹੱਕ ਵਿੱਚ ਖੜ੍ਹ ਕੇ ਭਾਰਤੀ ਸਰਕਾਰ ਦੀ ਨਿੰਦਾ ਕੀਤੀ, ਤਾਂ ਦਰਸ਼ਕਾਂ ਨੇ ਖੜ੍ਹ ਕੇ ਉਨ੍ਹਾਂ ਨਾਲ ਇਕਮੁੱਠਤਾ ਪ੍ਰਗਟਾਈ। ਤਾਲੀਆਂ ਦੀ ਗੂੰਜ ਦਰਮਿਆਨ ਉਨ੍ਹਾਂ ਨੇ ਮੁਸਕੁਰਾਉਂਦਿਆਂ ਹੱਥ ਨਾਲ ਜਿੱਤ ਦਾ ਚਿੰਨ੍ਹ ਦਿਖਾਇਆ ਅਤੇ ਕਿਹਾ:

‘ਦਿੱਲੀ ਵਿੱਚ ਅਸੀਂ ਹਮੇਸ਼ਾ ਪਲਟ ਕੇ ਲੜਦੇ ਹਾਂ।’ [ਦ ਵਾਇਰ ਦੇ ਧੰਨਵਾਦ ਸਹਿਤ]