
"ਇਕ ਖੱਤ ਆਵਾਮ ਤੇ ਨਿਜ਼ਾਮ ਦੇ ਨਾਮ" ਭਾਗ -1- ਰਣਜੀਤ ਕੌਰ ਗੁੱਡੀ ਤਰਨ ਤਾਰਨ
" ਮਿੱਟੀ ਪਲੀਤ ਹੋ ਗਈ ਹੈ ਹਿੰਦਸਤਾਨ ਦੀ
,ਬਹੁਤ ਦੁਖੀ ਹੈ ਆਵਾਮ ਭਾਰਤ ਮਹਾਨ ਦੀ"
ਆਏ ਦਿਨ ਕਿਤੇ ਨਾਂ ਕਿਤੇ ਚੁਨਾਵ ਆਏ ਹੀ ਰਹਿੰਦੇ ਹਨ,ਕਦੇ ਜਿਮਨੀ ਚੋਣ ਤੇ ਕਦੇ ਚਿਮਨੀ ਚੋਣ।
ਉਮੀਦਵਾਰ ਚੋਰ ਮੋਰੀਆਂ ਲੱਭਦੇ ਹਨ।ਆਪਣੀ ਕਾਬਲੀਅਤ ਦੇ ਸਿਰ ਤੇ ਨਹੀਂ ਠੱਗੀ ਠੋਰੀ ਝੂਠ ਫਰੇਬ,ਧੋਖਾ ,ਲਾਰੇ ਲੱਪੇ ,ਬਗਲ ਵਿੱਚ ਛੁਰੀ ਤੇ ਮੂੰਹ ਤੇ ਰਾਮ ਰਾਮ ਵਾਲੇ ਮਖੌਟੇ ਦਰਸਾ ਕੇ,ਬਾਹਰੋਂ ਹੋਰ ਤੇ ਅੰਦਰੋਂ ਹੋਰ ,ਚਿਹਰੇ ਤੇ ਇਕ ਹੋਰ ਚਿਹਰਾ ਲਾ ਕੇ, ਫੋਕੀ ਹਮਦਰਦੀ ਦਾ ਲਿਬਾਸ ਪਾ ਕੇ,ਘਰ ਘਰ ਗਲੀ ਗਲੀ ਹੱਥ ਜੋੜ ਜੋੜ ਮੁਸਕਰਾ ਕੇ ਫਰਿਸ਼ਤੇ ਬਣ ਬਣ ਘੁੰਮਦੇ ਹਨ।ਫਿਰ ਇਸੇ ਚੋਰ ਮੋਰੀ ਰਾਂਹੀ ਤਖ਼ਤ ਮਲ ਕੇ ਪੰਜ ਸਾਲ ਲਈ ਅਸਮਾਨ ਦੇ ਫਰਿਸ਼ਤੇ ਬਣ ਸੈਂਕੜੇ ਪਹਿਰਿਆਂ ਵਿੱਚ ਜਾ ਲੁਕਦੇ ਹਨ।ਆਵਾਮ ਵਿਚਾਰੀ ਹੱਥ ਮਲਦੀ ਰਹਿ ਜਾਂਦੀ ਹੈ।
ਤਖ਼ਤ ਮਲਣ ਲਈ-ਕੋਝੀਆਂ ਚਾਲਾਂ,ਕੋਝੇ ਹੱਥ ਕੰਡੇ
,, ਛੰਨੇ ਖੋਹ ਕੇ ਠੂਠੈ ਵੰਡੇ-
ਠੂਠੇ ਵਿੱਚ-ਛਟਾਕੀ ਲੂਣ,ਦੋ ਆਲੂ,ਦੋ ਗੰਢੇ-
-ਕਲ ਦੇ ਯੋਧੇ,ਅੱਜ ਨੇ ਅਮਲੀ ਜੁਆਰੀਏ ਭਿਖ ਮੰਗੇ॥
ਬੇਈਮਾਨ ਨੂੰ ਮੌਜਾਂ ਈ ਮੌਜਾਂ,ਈਮਾਨ ਖਾਵੇ ਡੰਡੇ- ॥
ਸ਼ਰਮ ਤਾਂ ਕਿਤੇ ਆਉਂਦੀ ਨਹੀਂ,ਨਿਲੱਜਿਓ ਲੱਜ ਤੁਹਾਨੂੰ ਨਹੀਂ ॥
ਨਿਜ਼ਾਮ- ਆਵਾਮ +ਨਿਯਮ= ਨਿਜ਼ਾਮ-ਅਸਲ ਵਿੱਚ ਤਾਂ ਹੈ ਇਹ ਪਰ ਮੁਲਕ ਵਿਚ ਇਸਦੇ ਬਰਅਕਸ ਹੈ,ਇਥੇ ਜੋ ਤਖ਼ਤ ਮਲ ਲਵੇ ਉਹ ਨਿਜ਼ਾਮ ਹੈ,ਉਸੇ ਦੇ ਨਿਯਮ ਹਨ ਤੇ ਉਹਦੇ ਹੁਕਮ ਹੇਠ ਆਵਾਮ ਗੁਲਾਮ ਹੈ।
ਚੋਣਾਂ ਦੇ ਦਿਨ ਨੇੜੇ ਨੇੜੇ ਹਨ-ਨਿਜ਼ਾਮ ਜੀ ਨੂੰ ਅਪੀਲ ਹੈ ਕਿ ਮੁਫ਼ਤ ਸਹੂਲਤਾਂ ਦੇ ਵਾਅਦੇ ਦੀਆਂ ਵਹਿੰਗੀਆਂ ਦੇ ਆਸਰੇ ਲੂਲੀ ਲੰਗੜੀ ਹਕੂਮਤ ਨਹੀਂ ਆਪਣੀ ਯੋਗਤਾ ਦੇ ਸਿਰ ਤੇ ਹਕੂਮਤ ਬਣਾਓ।ਵਿਨਾਸ਼ ਨਹੀਂ ਵਿਕਾਸ ਲਿਆਓ। ਸੂਬੇ ਨੂੰ ਸਮੇਂ ਦਾ ਹਾਣੀ ਬਣਾਓ।ਕਾਣੀ ਵੰਡ ਨੂੰ ਨੱਥ ਪਾਓ।
1.( ਆਵਾਮ ਜੀ ਆਪ ਨੇ ਵੇਖ ਵੀ ਲਿਆ ਤੇ ਅਜ਼ਮਾ ਵੀ ਲਿਆ,ਜੇ ਇਸ ਤਰਾਂ ਹੀ ਸੁੱਤੇ ਰਹੇ ਤਾਂ ਸੂਬੇ ਨੂੰ ਮੜ੍ਹੀਆਂ ਦੇ ਰਾਹ ਪੈਣੋਂ ਰੱਬ ਵੀ ਨਹੀਂ ਬਚਾ ਸਕੇਗਾ,ਇਸ ਲਈ ਤਕੜੇ ਹੋ ਕੇ ਇਹ ਮੁਫ਼ਤੋ ਮੁਫ਼ਤੀ ਦੇ ਬਦਲੇ ਵੋਟਾਂ ਨਾ ਪੈਣ ਦਿਓ ਜੀ
2.-ਪੰਜਾਬ ਰੋਡਵੇਜ਼ ਕਰਮਚਾਰੀ ਤੇ ਅਧਿਕਾਰੀ ਹੁਸ਼ਿਆਰ ਹੋ ਕੇ ਘਟੋ ਘੱਟ 10 ਰੁਪਏ ਟਿਕਟ ਦਾ ਨਿਯਮ ਬਣਾ ਦਿਓ ਕਿਸੇ ਨੂੰ ਵੀ ਮੁਫ਼ਤ ਬੱਸ ਵਿਚ ਸਫ਼ਰ ਕਰਨ ਦੀ ਇਜ਼ਾਜ਼ਤ ਨਾਂ ਦਿਓ।ਆਪਣਾ ਵਿਭਾਗ ਆਪਣਾ ਘਰ ਸਮਝ ਕੇ ਬਚਾਓ।
3.-ਬਿਜਲੀ ਵਿਭਾਗ ਦੇ ਅਧਿਕਾਰੀ ,ਹਰ ਘਰ ਵਿੱਚ ਮੀਟਰ ਲਾਓ ਤੇ 2 ਰੁਪਏ ਯੁਨਿਟ ਬਿਜਲੀ ਰੇਟ ਲਾਗੂ ਕਰ ਦਿਓ।ਸਾਰੇ ਸਰਕਾਰੀ ਦਫ਼ਤਰਾਂ ਤੇ ਸਰਕਾਰੀ ਰਿਹਾਇਸ਼ਾਂ ਤੋਂ ਬਿਜਲੀ ਬਿਲ ਲਓ।ਜਦ ਕਿਸੇ ਵੀ ਮਹਿਕਮੇ ਵਿੱਚ ਬਿਨਾਂ ਇਕ ਖਾਸ ਫੀਸ ਭਰੇ ਕੰਮ ਚਾਲੂ ਨਹੀਂ ਹੋ ਸਕਦਾ ਤਾਂ ਫਿਰ ਮਹਿਕਮੇ ਨੂੰ ਬਿਜਲੀ ਪਾਣੀ ਕਿਉਂ ਮੁਫ਼ਤ?
4.-ਮੰਤਰੀਆਂ ਸੰਤਰੀਆਂ ਸਕੱਤਰਾਂ ਅਧਿਕਾਰੀਆਂ ਨੂੰ ਖਾਨਦਾਨ ਸਮੇਤ ਮੁਫ਼ਤ ਬਿਜਲੀ ਪਾਣੀ ਤੇ ਪੇਟਰੋਲ ਦਿਤਾ ਜਾਂਦਾ ਹੈ ਲੱਖਾਂ ਵਿੱਚ ਤਨਖਾਹਾਂ ਹਨ ਫਿਰ ਮੁਫ਼ਤ ਸਹੂਲਤਾਂ ਦਾ ਝੂੰਗਾ ਕਿਉਂ?
5. ਮੰਤਰੀ ਤਾਂ ਘਰ ਵਿਚੋਂ ਇਕ ਹੁੰਦਾ ਹੈ,ਤੇ ਸਰਕਾਰੀ ਗੱਡੀ ਪੂਰਾ ਕੁਨਬਾ ਉੇਡਾਈ ਰਖਦਾ ਹੈ,ਇਹ ਲਿਹਾਜ਼ ਬੰਦ ਕਰੋ।
6.ਹਰ ਘਰ ਵਿਚੋਂ ਇਕ ਮੈਂਬਰ ਸੁਰੱਖਿਆ ਦਸਤੇ ਵਿੱਚ 20 ਹਜਾਰ ਤੇ ਭਰਤੀ ਕਰਕੇ ਮੰਤਰੀਆਂ ਤੇ ਸਕੱਤਰਾਂ ਦੇ ਆਲੇ ਦੁਆਲੇ ਵਾਲੀ ਸੁਰਿੱਖਆ ਦੀ ਵਾੜ ਬਣਾਈ ਜਾਵੇ ਤੇ ਪੁਲੀਸ ਵਿਭਾਗ ਜੋ ਕਿ ਹੈ ਹੀ ਪਬਲਿਕ ਵਾਸਤੇ ਉਸ ਨੂੰ ਪਬਲਿਕ ਵਾਸਤੇ ਹੀ ਕੰਮ ਕਰਨ ਦਿੱਤਾ ਜਾਵੇ।ਇਸ ਨਾਲ ਬੇਰੁਜਗਾਰੀ ਵੀ ਘਟੇਗੀ ਤੇ ਆਵਾਮ ਨੂੰ ਲੋੜ ਵੇਲੇ ਪੁਲੀਸ ਵੀ ਲੱਭ ਜਾਏਗੀ ਜੋ ਕਿ ਇਸ ਵਕਤ ਸਿਰਫ਼ ਤੇ ਸਿਰਫ਼ ਸਰਕਾਰੀ ਤੰਤਰ ਦੇ ਸਰਹਾਣੇ ਹੀ ਜਮ੍ਹਾ ਰਹਿੰਦੀ ਹੈ।
7.-ਮਹਿਲਾਵਾਂ ਨੂੰ ਨਕਦੀ ਕਾਹਦੇ ਲਈ ਉਹਨਾਂ ਨੂੰ ਰੱਬ ਨੇ ਦੋ ਹੱਥ ਕਮਾਉਣ ਲਈ ਦਿੱਤੇ ਹਨ ਕਰ ਕੇ ਖਾਣ,ਇਸੇ ਪੈਸੇ ਨਾਲ ਸਿਖਲਾਈ ਸੈਂਟਰ ਖੋਲ੍ਹ ਕੇ ਅੋਰਤਾਂ ਨੂੰ ਹੁਨਰ ਸਿਖਾਏ ਜਾਣ ਤਾਂ ਜੋ ਉਹ ਕਮਾ ਕੇ ਆਤਮ ਸਨਮਾਨ ਨਾਲ ਜਿਉਣ।
8.- ਸੁਣੋ ਨਿਜ਼ਾਮ ਜੀ-ਸਰਕਾਰੀ ਦਫ਼ਤਰਾਂ ਵਿੱਚ ਸਫ਼ਾਈ ਸੇਵਕ ਨਹੀਂ ਹਨ ਇਥੌਂ ਤਕ ਕੇ ਹਸਪਤਾਲਾਂ ਵਿੱਚ ਵੀ ਨਹੀਂ ਹਨ ਹਜਾਰਾਂਂ ਦੀ ਗਿਣਤੀ ਵਿੱਚ ਸਫਾਈ ਸੇਵਕ ਲੋੜੀਂਦੇ ਹਨ ਸੋ ਵਿਹਲੇ ਰਹਿਣ ਦਾ ਇਨਾਮ ਨਹੀਂ ਸਫਾਈ ਸੇਵਕਾਵਾਂ ਭਰਤੀ ਕਰ ਕੇ ਬਣਦੀ ਉਜਰਤ ਦਿਓ।
9.-ਧਿਆਨ ਯੋਗ-ਸ਼ਹਿਰ ਵਿਚ 2 ਹਜਾਰ ਸਫਾਈ ਸੇਵਕ ਚਾਹੀਦਾ ਹੈ ਤੇ ਕੇਵਲ 200 ਕੰਮ ਕਰ ਰਹੇ ਹਨ।
10.-ਹੁਣ ਆਓ ਜੀ ਮੁਫ਼ਤ ਰਾਸ਼ਨ ਮੇਰੀ ਰਸੋਈ ਦੀ" ਗਲ ਕਰ ਲਈਏ-ਪੰਜਾਬ ਵਿੱਚ ਕੁਲ ਮਿਲਾ ਕੇ ਗੁਰਦਵਾਰੇ ਤੇ ਡੇਰੇ ਦੋ ਕੁ ਲੱਖ ਹਨ ਜਿਥੇ ਮੁਫ਼ਤ ਪਰੋਸੀਆਂ ਥਾਲੀਆਂ ਹਰ ਆਮ ਤੇ ਖਾਸ ਨੂੰ ਉਪਲਬਧ ਹਨ,ਆਏ ਦਿਨ ਲੰਗਰ ਪ੍ਰਸ਼ਾਦਾ ਦਿਨ ਹੁੰਦਾ ਹੈ ਹਰ ਤਬਕਾ ਆਪਣੇ ਦੀਨ ਧਰਮ ਅਨੁਸਾਰ ਲੰਗਰ ਵਰਤਾਉਂਦਾ ਰਹਿੰਦਾ ਹੈ,ਤਰਨ ਤਾਰਨ ਤੋਂ ਅਮਮ੍ਰਿਤਸਰ ਦੇ ਰਾਹ ਤੇ ਸੜਕ ਕੰਡੇ ਬਾਬਾ ਨੌਧ ਸਿੰਘ ਦੀ ਸਮਾਧ ਤੇ ਚੌਵੀ ਘੰਟੇ ਚਾਹ ,ਦਾਲ ਸਭਜੀ ਪ੍ਰਸ਼ਾਦੇ ਦਾ ਲੰਗਰ ਅਤੁਟ ਵਰਤਦਾ ਹੈ ਆਸ ਪਾਸ ਦੇ ਵਸਨੀਕ ਤੇ ਲੰਘਦੇ ਰਾਹੀ ਮੁਸਾਫਰ ਇਥੋਂ ਤਕ ਕੇ ਕਰਮਚਾਰੀ ਸੁਬਹ ਉਥੇ ਖੜ ਕੇ ਨਾਸ਼ਤਾ ਵੀ ਕਰ ਕੇ ਆਨੰਦ ਲੈਂਦੇ ਹਨ। ਹਰਮੰਦਿਰ ਸਾਹਬ ਤੋਂ ਹਰ ਰੋਜ਼ ਇਕ ਲੱਖ ਦੇ ਕਰੀਬ ਲੋਕ ਮੁਫ਼ਤ ਪੇਟ ਪੂਜਾ ਕਰਦੇ ਹਨ ਇਸੇ ਤ੍ਰਾਂ ਬਾਕੀ ਗੁਰਦਵਾਰਿਆਂ ਵਿੱਚ ਵੀ।ਫਿਰ ਪੰਜਾਬ ਵਿੱਚ ਮੁਫ਼ਤ ਰਾਸ਼ਨ ਵੰਡਣਾ ਤਾਂ ਜਨਤਾ ਨੂੰ ਗੁਲਾਮ ਬਨਾਉਣਾ ਸਿੱਧ ਹੁੰਦਾ ਹੈ।ਹਾਂ ਸਰਕਾਰੀ ਡੀਪੂ ਲਾ ਕੇ ਸਸਤੇ ਭਾਅ ਰਾਸ਼ਨ ਮੁਹੱਈਆ ਕਰਾਉਣਾ ਸਹੀ ਰਹੇਗਾ।ਪਰ ਰਸੋਈ ਗੈਸ ਤੇ ਸਸਤੀ ਹੋਣ ਵਾਲੀ ਨਹੀਂ ਉਹਦੇ ਲਈ ਹੱਥ ਹਿਲਾਉਣੇ ਪੈਣਗੇ।
ਹਰਿਆਣਾ ਰੋਡਵੇਜ਼ ਵਿੱਚ ਬਹੁਤ ਮਹਿਲਾਵਾਂ ਡਰਾਈਵਰ ਕੰਡਕਟਰ ਹਨ ।ਟਰੇਟਕਰ ਚਲਾ ਖੇਤੀ ਬਾੜੀ ਕਰਦੀਆਂ ਹਨ,ਡੇਅਰੀਫਾਰਮ ਚਲਾਉਂਦੀਆਂ ਹਨ।
ਕਲਕੱਤਾ ਵਿੱਚ ਬਹੁਤ ਸਾਰੀਆਂ ਅੋੌਰਤਾਂ ਟੈਕਸੀ ,ਰਿਕਸ਼ਾ ਚਲਾਉਣ ਦਾ ਕੰਮ ਕਰ ਆਤਮ ਨਿਰਭਰ ਹਨ।ਪੱਛਮੀ ਬੰਗਾਲ ਤੇ ਕੇਰਲਾ ਵਿੱਚ ਕੋਈ ਮੁਫ਼ਤ ਸਹੂਲਤ ਨਹੀਂ ਆਬਾਦੀ ਵੀ ਬਹੁਤ ਜਿਆਦਾ ਹੇੈ।
ਪੰਜਾਬ ਚ ਵੀ ਅੋੌਰਤਾਂ ਸਾਰੇ ਕੰਮ ਕਰਦੀਆਂ ਸੀ ਹੁਣ ਵੀ ਕਰ ਸਕਦੀਆ ਹਨ ,ਘਰਾਂ ਵਿਚ ਵੀ,ਖੇਤਾਂ ਵਿਚ ਵੀ ਤੇ ਦਫ਼ਤਰਾਂ ਇਦਾਰਿਆਂ ਵਿੱਚ ਬਹੁਤ ਸਾਰੇ ਕਾਮੇ ਲੋੜੀਂਦੇ ਹਨ। ਕਿਰਤ ਕਰਕੇ ਹਕ ਹਲਾਲ ਦੀ ਕਰ ਕੇ ਖਾਣ ਦਿਓ ।
ਆਵਾਮ ਜੀ ਅਗਰ ਤੱਗੜੇ ਹੋ ਕੇ ਇਹ ਮੌਜੂਦਾ ਚਾਲਾਂ ਨੂੰ ਤੋੜ ਸਕੋ ਤਾਂ ਤੋੜ ਲਓ ਨਹੀਂ ਤੇ ਤਖ਼ਤਾਂ ਤੇ ਬੈਠਿਆਂ ਨੂੰ ਇੰਜ ਹੀ ਬੈਠੇ ਰਹਿਣ ਦਿਓ ,ਸੂਬੇ ਤੇ ਅਗਲੀਆਂ ਚੋਣਾਂ ਦੇ ਖਰਚ ਦਾ ਬੋਝ ਨਾਂ ਪੈਣ ਦਿਓ।
ਪਹਿਲਾਂ ਵੀ ਤੇ ਬਹੁਤ ਸਾਰੀਆਂ ਮੁਫ਼ਤ ਸਹੂਲਤਾਂ ਦਿਤੀਆਂ ਮੰਤਰੀਆਂ ਨੇ ਆਪਣੇ ਸੌ ਸਾਲ ਦਾ ਇੰਤਜ਼ਾਮ ਤੇ ਕਰ ਲਿਆ,ਪਰ ਹਰ ਵਿਭਾਗ ਖੁੱਡੇ ਲਾਇਨ ਲਾ ਦਿੱਤਾ। ਬੱਸ ਸਫ਼ਰ ਮੁਫ਼ਤ,-ਸਰਕਾਰੀ ਬਸਾਂ ਦਾ ਨਾ ਪੁਛੋ ਹਾਲ,ਠੰਂਨ ਠੰਨ ਗੋਪਾਲ ।ਬਿਜਲੀ ਮੁਫ਼ਤ,ਬਿਜਲੀ ਬਿਨਾਂ ਬੁਰੇ ਹਾਲ,ਰਾਸ਼ਨ ਮੁਫ਼ਤ -ਕਿਸਾਨ ਤੇ ਕਿਰਤੀ ਤੇ ਮੱਧਵਰਗ ਦੀ ਟੰਗੀ ਜਾਨ।
ਨਿਜ਼ਾਮ ਜੀ ਮੰਗਤੇ ਤਾਂ ਪਹਿਲਾਂ ਹੀ ਬਹੁਤ ਹਨ ਹੋਰ ਨਾਂ ਵਧਾਈ ਜਾਓ।ਮੰਦਰ ਮਸਜਿਦ ਗੁਰਦਵਾਰਿਆਂ ਦੇ ਬਾਹਰ ਹਜਾਰਾਂ ਦੀ ਗਿਣਤੀ ਵਿੱਚ ਮੰਗਤਿਆਂ ਦੀ ਭੀੜ ਹੈ ਤੇ ਉਹ ਸਾਰੇ ਰੱਜੇ ਪੁੱਜੇ ਹਨ।ਕਿਸੇ ਵੀ ਚਰਚ ਦੇ ਸਾਹਮਣੇ ਕਦੇ ਕੋਈ ਮੰਗਤਾ ਨਹੀਂ ਹੁੰਦਾ ਕਿਉਂ ਜੋ ਈਸਾਈ ,ਅੰਗਰੇਜ਼ ਲੋਕ ਆਪਣੀ ਆਵਾਮ ਨੂੰ ਭਿਖਾਰੀ ਨਹੀਂ ਮਿਹਨਤੀ,ਕਿਰਤੀ ਵੇਖਣਾ ਚਾਹੁੰਦੇ ਹਨ।ਕਿਰਤ ਕਰਕੇ ਖਾਣ ਦੀ ਹਦਾਇਤ ਕਰਦੇ ਹਨ।ਉਹਨਾਂ ਦਾ ਮੰਨਣਾ ਹੈ ਕਿ ਖਾਣ ਲਈ ਇਕ ਮੂੰਹ ਤੇ ਭਰਨ ਲਈ ਇਕ ਪੇਟ,ਰੱਬ ਨੇ ਦੋ ਹੱਥ ਤੇ ਦਸ ਉਂਗਲੀਆਂ ਦਿਤੀਆਂ ਹਨ ਜੋ ਕਿ ਕਮਾਉਣ ,ਖਾਣ ਲਈ ਕਾਫ਼ੀ ਹਨ।
ਭਾਗ -2-
ਤੇ ਸਾਡੇ ਗੁਰੂ ਪੀਰਾਂ,ਸੰਤਾਂ ਦਾ ਵੀ ਇਹੋ ਉਪਦੇਸ਼ ਹੈ "ਕਰ ਕੇ ਖਾਓ"॥ਸਾਰੇ ਗੁਰੂ ਪੀਰ ਸੰਤ ਦੇਵਤੇ ਸਾਡੀ ਧਰਤੀ ਤੇ ਹੋਏ ਹਨ ਤੇ ਉਹਨਾਂ ਦੀਆਂ ਸਿਖਿਆਵਾਂ ਦੇ ਗ੍ਰੰਥ ਵੀ ਸਾਡੇ ਕੋਲ ਹਨ ਪਰ ਉਸ ਤੇ ਅਮਲ ਵਲਾਇਤੀ ਧਰਤੀ ਦੇ ਬਾਸ਼ਿੰਦੇ ਕਰਦੇ ਹਨ।ਕਿੰਨੇ ਡਿੱਗ ਚੁਕੇ ਹਨ ਸਾਡੇ ਈਮਾਨ।ਮੰਗਤਿਆਂ ਦੀ ਭੀੜ ਵੇਖ ਕੇ ਗੁਰੂਆਂ ਦੇਵਤਿਆਂ ਦੀਆਂ ਆਤਮਾ ਹਨ ਲਹੂ ਲੁਹਾਨ॥ ਵਲਾਇਤ ਵਿੱਚ ਕਾਰਟੂਨ ਬਣ ਕੇ ,ਗਾ ਕੇ,ਸਟੰਟ ਕਰ ਕੇ ,ਜਾਨ ਜੋਖ਼ਮ ਵਿੱਚ ਪਾ ਕੇ ਪੇਟ ਭਰਨ ਦਾ ਯਤਨ ਕਰ ਲੈਂਦੇ ਹਨ ਲੋਕ ਪਰ ਹੱਥ ਅੱਡ ਕੇ ਮੰਗਦੇ ਨਹੀਂ ਹਨ।
ਸਾਡੇ ਨਿਜ਼ਾਮ ਨੇ ਹੱਥ ਤਾਂ ਕੀ ਝੋਲੀ ਅੱਡ ਭਿਖਾਰੀ ਬਣਾ ਛਡਿਆ ਹੈ ਆਵਾਮ ਨੂੰ।ਨਿਜ਼ਾਮ ਤੇ ਆਵਾਮ ਨੇ ਸ਼ਰਮ ਬੋਤਲ ਵਿੱਚ ਘੋਲ ਕੇ ਪੀ ਲਈ ਹੈ।ਆਮ ਆਦਮੀ ਪਾਰਟੀ ਦੇ ਕੰਮ ਬੋਲਣੇ ਚਾਹੀਦੇ ਸੀ ਨਾਂ ਕਿ ਲੌਲੀ ਪੋਪ ਟਾਫੀਆਂ ਦੇ ਵਾਅਦੇ ।ਇਹ ਜੋ ਨਕਦੀ ਮਹਿਲਾਵਾਂ ਨੂੰ ਦੇਣ ਦਾ ਅੇੈਲਾਨ ਕੀਤਾ ਗਿਆ ਹੈ,ਇਸੇ ਪੈਸੇ ਨਾਲ ਮਹਿਲਾਵਾਂ ਲਈ ਸਿਖਲਾਈ ਕੇਂਦਰ ਖੋਲੇ ਜਾਣੇ ਚਾਹੀਦੇ ਹਨ ਉਹ ਹੁਨਰਮੰਦ ਬਣ ਕੇ ਆਪਣੇ ਪੈਰਾਂ ਤੇ ਖੜੀਆਂ ਹੋਣ ।ਹਜਾਰ ਪੱਚੀ ਸੌ ਨਾਲ ਉਮਰ ਨਹੀਂ ਲੰਘਦੀ,ਨਕਦੀ ਤਾਂ ਘਰ ਦੇ ਮਰਦ ਖੋਹ ਕੇ ਲੈ ਜਾਂਦੇ ਹਨ ਤੇ ਸ਼ਰਾਬ,ਚਿੱਟਾ ਪੀ ਆਉਂਦੇ ਹਨ।
ਸੂਝਵਾਨ ਬੁੱਧਜਿੀਵੀ ਨੂੰ ਸਮਝ ਆ ਗਈ ਹੈ ਕਿ ਮਹਿਲਾਵਾਂ ਨੂੰ ਨਕਦੀ ਦਿੱਤੀ ਹੀ ਇਸ ਲਈ ਗਈ ਹੈ ਕਿ ਮਰਦ ਖੋਹ ਕੇ ਸ਼ਰਾਬ ਚਿੱਟਾ ਖ੍ਰੀਦ ਲੈਣ ਤੇ ਹਕੂਮਤ ਦੀ ਨਕਦੀ ਹਕੂਮਤ ਦੇ ਖਾਤੇ ਵਾਪਸ ਆ ਜਾਵੇ ਬੱਲੇ-ਹਕੁੂਮਤ ਦੇ ਪੱਲੇ ਤੋਂ ਨਾ ਲਗੇ ਧੇਲਾ ਤੇ ਬੱਲੇ ਬੱਲੇ ਦਾ ਲਗ ਜਾਵੇ ਮੇਲਾ॥
ਬਹੁਤੇ ਘਰਾਂ ਵਿੱਚ ਬੁੱਢੇ ਮਾਂਬਾਪ ਰਹਿੰਦੇ ਹਨ,ਕਿਤੇ ਕਿਤੇ ਇਕੱਲਾ ਜਣਾ ਵੀ ਹੈ।ਉਹਨਾਂ ਨੂੰ ( ਹੈਲਪਿੰਗ ਹੈਂਡ) ਸਹਾਇਕ ਸੇਵਾਦਾਰ ਦੀ ਚੌਵੀ ਘੰਟੇ ਲੋੜ ਹੈ ਪਰ ਨਹੀਂ ਮਿਲਦਾ ਕੋਈ ਸਹਾਇਕ ਕੋਈ ਨੌਕਰ ਉਹ ਪੈਸੇ ਹੱਥ ਵਿੱਚ ਫੜੀ ਪੁਕਾਰ ਰਹੇ ਹਨ ਤਨਖਾਹ ਲਓ ਸਾਡੀ ਮਦਦ ਕਰੋ,ਕਿਸਾਨ ਨੂੰ ਖੇਤਾਂ ਵਿੱਚ ਕੰਮ ਕਰਨ ਲਈ ਕੋਈ ਨਹੀਂ ਮਿਲਦਾ,ਕਪਾਹ ਚੁਣਨ ਲਈ ਚੋਣੀਆਂ ਨਹੀਂ ਮਿਲਦੀਆਂ।ਸਭਜੀਆਂ ਤੋੜਨ ਲਈ ਸਹਾਇਕ ਨਹੀਂ ਮਿਲਦੇ।ਮਿਲਣ ਵੀ ਕਿਥੌਂ ਜਦ ਘਰੇ ਬੈਠੈ ਨਕਦੀ ਵੀ ਮਿਲ ਰਹੀ ਹੈ ਤੇ ਮੇਰੀ ਰਸੌਈ ਵੀ ਚਲ ਸੋ ਚਲ ਹੈ।ਸਵਾਣੀਆਂ ਜੋ ਵੀਹ ਵੀਹ ਘੰਟੇ ਕੰਮ ਕਰਦੀਆਂ ਸੀ ਹੁਣ ਪਲੰਘਾਂ ਤੇ ਬੈਠੀਆਂ ਫੋਨ ਤੇ ਯੁਟਿਉਬ ਤੇ ਲਚਰਤਾ ਵੇਖਣ ਵਿੱਚ ਮਸਤ ਹਨ।ਹਕੂਮਤ ਨੇ ਜੋ ਖੁਲ੍ਹੇ ਲੰਗਰ ਵਰਤਾ ਦਿੱਤੇ ਹਨ।ਨਿਜ਼ਾਮ ਜੀ ਸਿਆਣੇ ਕਹਿੰਦੇ ਨੇ ਵਿਹਲਾ ਮਨ ਸ਼ੇੈਤਾਨ ਦੀ ਟਕਸਾਲ ਹੁੰਦਾ ਹੈ ,ਤੇ ਸ਼ੈੇਤਾਨ ਦਿਨ ਬਦਿਨ ਵੱਧ ਰਹੇ ਹਨ,ਅਤੇ ਵੱਡਿਆਂ ਨੇ ਇਹ ਵੀ ਉਪਦੇਸ਼ ਤੇ ਸੰਦੇਸ਼ ਦਿੱਤਾ ਸੀ ਕਿ "ਘਰ ਬੈਠਿਆਂ ਤੇ ਖੁੂਹ ਖਾਲੀ ਹੋ ਜਾਂਦੇ ਹਨ" ਤੇ ਨਿਜ਼ਾਮ ਜੀ ਇੰਜ ਮੁਫ਼ਤ ਵੰਡ ਵੰਡ ਕੇ ਆਪਣਾ ਝੂੱਗਾ ਚੌੜ ਕਰਾ ਕੇ ਕਿੰਨਾ ਚਿਰ ਘਰ ਚਲਾ ਸਕੋਗੇ?ਅੱਗਾ ਦੌੜ ਪਿੱਛਾ ਚੌੜ॥ਪੰਜਾਬ ਰਾਜ ਢਹਿ ਰਿਹਾ ਹੈ ।
ਅਵਾਮ ਜੀ ਧਿਆਨ ਦਿਓ ਵੋਟਾਂ ਤਾਂ ਬਿਹਾਰ ਯੁਪੀ ਤੋ ਆਏ ਕਾਮਿਆਂ ਨੇ ਭੁਗਤਾ ਦੇਣੀਆਂ ਹਨ ਇਸ ਲਈ ਜੇ ਹਿੰਮਤ ਕਰ ਕੇ ਇਹ ਮੁਫ਼ਤ ਸਹੂਲਤਾਂ ਦਾ ਪ੍ਰਸ਼ਾਦ ਬੰਦ ਕਰਾ ਲਿਆ ਜਾਵੇ ਤਾਂ ਸ਼ਰਾਬ ,ਨਸ਼ਿਆਂ ਨੂੰ ਵੀ ਠੱਲ੍ਹ ਪੈ ਜਾਏਗੀ। ਸ਼ਰੀਕਾਂ ਦੇ ਮਿਹਣਿਆਂ ਵਾਲੀ ਸਿਆਸਤ ਨੂੰ ਬਾਏ ਬਾਏ ਕਹੋ।
10 ਲੱਖ ਦਾ ਮੈਡੀਕਲ ਬੀਮਾ ਤਾਂ ਹੈ ਪਰ ਡਾਕਟਰ ਨਜ਼ਰ ਨਹੀਂ ਆਉਂਦੇ।ਉਸ ਨਾਲੋਂ ਚੰਗਾ ਹੈ 'ਗੁਰੂ ਦਾ ਲੰਗਰ,ਅਤੇ 'ਤੇਰਾ ਤੇਰਾ ' ਹਸਪਤਾਲ ਚੰਡੀਗੜ ਵਰਗੇ ਹੋਰ ਹਸਪਤਾਲ ਪੂਰੇ ਪੰਜਾਬ ਵਿੱਚ ਖੋਹਲ ਦਿਓ।ਇਸ ਤੋਂ ਵਧੀਆ ਮੁਫ਼ਤ ਸਹੂਲਤ ਹੋਰ ਕੋਈ ਹੋ ਹੀ ਨਹੀ ਸਕਦੀ।
ਰਣਜੀਤ ਕੌਰ ਗੁੱਡੀ ਤਰਨ ਤਾਰਨ