ਅੰਨ੍ਹੀ ਸ਼ਰਧਾ ਤੇ ਸਿੱਖ ਧਰਮ - ਗੁਰਚਰਨ ਸਿੰਘ ਜਿਉਣ ਵਾਲਾ

ਸਤਿਕਾਰ ਯੋਗਿ ਸੰਪਾਦਕ ਜੀਓ,
ਸਤਿ ਸ੍ਰੀ ਅਕਾਲ ਬੁਲਾਈ ਪ੍ਰੀਵਾਨ ਹੋਵੇ। ਇਸ ਤੋਂ ਪਹਿਲਾਂ ਕਿ ਮੈਂ,“ਲੋਕਾਂ ਦੀ ਸ਼ਰਧਾ ਨਾ ਘਟਾਓ” ਦਾ ਜਵਾਬ ਦੇਵਾਂ, ਤੁਹਾਡੇ ਸੰਪਾਦਕੀ ਲੇਖ ਦੀ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਹਾਂ। ਅੱਜ ਕੱਲ੍ਹ ਹਰ ਕੋਈ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੇ ਕਥਨ ਮੁਤਾਬਕ,“ਦੀਵਾ ਬਲੈ ਅੰਧੇਰਾ ਜਾਇ” ਹੀ ਸਮਝ ਰਿਹਾ ਹੈ। ਜਿਨ੍ਹਾਂ ਨੂੰ ਤੁਸੀਂ ਅਪਾਹਜ ਸੋਚ ਵਾਲੇ ਕਹਿ ਰਹੇ ਹੋ ਜਦੋਂ ਉਹ ਲੋਕ ਸਿਖਸ਼ਾ ਦੇ ਦਾਇਰੇ ਅੰਦਰ ਸਨ ਤਾਂ ਆਪ ਅਖੀਰਲੇ ਵਿਦਿਆਰਥੀਆਂ ਦੀ ਕਤਾਰ ਵਿੱਚ ਹੁੰਦੇ ਸਨ। ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੀ ਉਨ੍ਹਾਂ ਦੇ ਹੀ ਗੁਰਭਾਈ ਹਨ। ਸ੍ਰ. ਮੰਗਲ ਸਿੰਘ ਜੀ ਅਨੰਦ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਫੁਰਾਉਂਦੇ ਹਨ:
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ ਪੰਨਾ 920, ਮ:3 ॥
ਸਤਿਗੁਰਾਂ ਦਾ ਫੁਰਮਾਨ ਹੈ ਕਿ ਗੁਰੂਬਾਣੀ ਤੋਂ ਬਗੈਰ ਹੋਰ ਸਭ ਕੱਚੀ ਬਾਣੀ ਹੈ। ਗੁਰੂ ਜੀ ਸਾਨੂੰ ਕੱਚੀ ਬਾਣੀ ਦਾ ਗਾਇਨ ਕਰਨ ਤੋਂ ਹੀ ਨਹੀਂ ਵਰਜ ਰਹੇ ਸਗੋਂ ਉੱਸਨੂੰ ਸੁਣਨ ਤੋਂ ਵੀ ਵਰਜ ਰਹੇ ਹਨ। ਕੱਚੀਆਂ ਗੱਲਾਂ ਸੁਣਨ ਵਾਲੇ ਵੀ ਕੱਚੇ ਹੀ ਹੁੰਦੇ ਹਨ। ਇਸ ਕਰਕੇ ਤੁਸੀਂ ਜ਼ਰਾ ਧਿਆਨ ਨਾਲ ਅਨੰਦ ਸਾਹਿਬ ਨੂੰ ਪੜ੍ਹੋ, ਤੁਸੀਂ ਆਪਣੇ ਆਪ ਗੁਰੂ ਨਾਨਕ ਸਾਹਿਬ ਦੇ ਦੱਸੇ ਰਸਤੇ ਤੇ ਚੱਲ ਪਵੋਗੇ। ਤੁਹਾਡੇ ਸਾਰੇ ਸ਼ੰਕੇ ਆਪਣੇ ਆਪ ਦੂਰ ਹੋ ਜਾਣਗੇ।
ਗੁਰੂ ਜੀ ਸਿੱਖਾਂ ਨੂੰ ਵੀਚਾਰਵਾਨ ਸਿੱਖ ਵੇਖਣਾ ਚਾਹੁੰਦੇ ਹਨ। ਅੰਧੀ ਸ਼ਰਧਾ ਨੂੰ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ। ‘ਅੰਧੀ ਰਯਿਤ ਗਿਆਨ ਵਿਹੂਣੀ’ ਤਾਂ ਸਦੀਆਂ ਤੋਂ ਲੁਟੀਂਦੀ ਆ ਰਹੀ ਹੈ।  ਗੁਰੂ ਨਾਨਕ ਦੇਵ ਜੀ ਦਾ ਇਹ ਪੰਥ ਨਹੀਂ ਕਿ ਤੁਸੀਂ ਲੁਟੀਂਦੇ ਜਾਓ ਅਤੇ ਸਿਰਫ ਵਾਹਿ ਗੁਰੂ ਵਾਹਿ ਗੁਰੂ ਕਰੀ ਜਾਓ। ਉਨ੍ਹਾਂ ਦਾ ਮਾਰਗ ਤਾਂ ਇਹ ਕਹਿੰਦਾ ਹੈ ਕਿ ਭਾਈ ਜੇ ਤੈਨੂੰ ਇਸ ਰਸਤੇ ਤੇ ਚੱਲਣ ਦਾ ਚਾਉ ਹੈ ਤਾਂ ਜੇ ਕਿਤੇ ਸੀਸ ਦੀ ਵੀ ਲੋੜ ਪੈ ਜਾਵੇ ਤਾਂ ਘਬਰਾਈਂ ਨਾ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ 20॥ ਪੰਨਾ 1412, ਮ: 1 ॥
ਸਿਰ ਦੇਣ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਆਪਣੀ ਮਤਿ ਗੁਰੂ ਨੂੰ ਦੇ ਦਿਓ ਤੇ ਗੁਰੂ ਦੀ ਮਤਿ ਗ੍ਰਿਹਣ ਕਰ ਲਓ।
ਜੇ ਤੁਸੀਂ ਅੱਜ ਫਿਰ ਜਗਾਧਰੀ ਵਾਲੇ ਹਰਬੰਸ ਸਿੰਘ ਤੇ ਬਲਵਿੰਦਰ ਸਿੰਘ ਰੰਗੀਲਾ ਜੀ ਦੀ ਗੱਲ ਕਰਦੇ ਹੋ ਤਾਂ ਗੁਰੂ ਨਾਨਕ ਸਾਹਿਬ ਪਉਣ-ਅਹਾਰੀ ਮੰਨਦੇ ਹਨ, ਉਨ੍ਹਾਂ ਦੀ ਇਹ ਦਲੀਲ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਨਹਿਂ ਉੱਤਰਦੀ। ਜਿਵੇਂ;
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ॥
ਅੰਨੁ ਨ ਖਾਇਆ ਸਾਦੁ ਗਵਾਇਆ ॥
ਗੁਰਬਾਣੀ ਪੁਕਾਰ ਪੁਕਾਰ ਕੇ ਆਖ ਰਹੀ ਹੈ। ਸਿਰਫ ਬਾਣੀ ਪੜ੍ਹਨਾ ਹੀ ਸਿੱਖ ਦਾ ਕੰਮ ਨਹੀਂ ਇਸ ਨੂੰ ਵੀਚਾਰਨਾ ਤੇ ਜ਼ਿਦਗੀ ਵਿੱਚ ਲਾਗੂ ਕਰਨਾ ਵੀ ਸਿੱਖ ਦਾ ਕੰਮ ਹੈ। ਇਸ ਦੀ ਘਾਟ ਕਰਕੇ ਹੀ ਸਿੱਖ ਅਪਾਹਜ਼ ਸੋਚ ਵਾਲੇ ਬਣਦੇ ਜਾ ਰਹੇ ਹਨ ਤੇ ਇਨ੍ਹਾਂ  ਨੂੰ ਲੋਟੂ ਜਮਾਤ ਦੇ ਬੱਦਲ, ਜਿਹੜੇ ਇਨ੍ਹਾਂ ਦੇ ਸਿਰਾਂ ਤੇ ਹਰ ਵਕਤ ਮੰਡਲਾਉਂਦੇ ਰਹਿੰਦੇ ਹਨ ਝੱਟ ਇਨ੍ਹਾਂ ਦੀਆਂ ਜੇਬਾਂ ਨੂੰ ਸਾਫ ਕਰਕੇ ਆਪਣੇ ਨਾਲ ਲੈ ਜਾਂਦੇ ਹਨ। ਪਰ ਸਿੱਖ ਵੀਚਾਰੇ ਇਸ ਵਿੱਚ ਹੀ ਸੇਵਾ ਸਮਝਦੇ ਹਨ।
ਲਿਖਿ ਲਿਖਿ ਪੜਿਆ ॥ ਤੇਤਾ ਕੜਿਆ ॥
ਬਹੁ ਤੀਰਥ ਭਵਿਆ ॥ ਤੇਤੋ ਲਵਿਆ ॥
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ ਸਹੁ ਵੇ ਜੀਆ ਅਪਣਾ ਕੀਆ ॥
ਅੰਨੁ ਨ ਖਾਇਆ ਸਾਦੁ ਗਵਾਇਆ ॥ ਬਹੁ ਦੁਖੁ ਪਾਇਆ ਦੂਜਾ ਭਾਇਆ ॥
ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥
ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥ਪੰਨਾ 467, ਮ:1 ॥
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ॥
ਬਿਨੁ ਗੁਰ ਗਿਆਨ ਤ੍ਰਿਪਤਿ ਨਹੀਂ ਥੀਜੈ॥ ਪੰਨਾ 905, ਮ: 1 ॥
ਇਹ ਉਪਦੇਸ਼ ਸਿਰਫ ਸਾਡੇ ਵਾਸਤੇ ਹੀ ਨਹੀਂ ਬਲਕਿ ਗੁਰੂ ਜੀ ਨੇ ਆਪ ਵੀ ਇਸ ਗੱਲ ਤੇ ਪਹਿਰਾ ਦਿੱਤਾ ਹੈ।
ਬਾਕੀ ਬਲਵਿੰਦਰ ਸਿੰਘ ਰੰਗੀਲਾ ਜੀ ਤਾਂ ਇਹ ਵੀ ਆਖ ਰਹੇ ਹਨ ਕਿ ਇੱਕ ਗਵਾਲਣ ਨੇ ਨਿਸਚੇ ਨਾਲ ਨਦੀ ਕਿਨਾਰੇ ਖੜ੍ਹ ਕੇ, ਰਾਮ ਰਾਮ ਕਹਿਆ,ਤੇ ਅਰਾਮ ਨਾਲ ਪਾਣੀ ਤੇ ਤੁਰ ਕੇ ਯਾ ਚੜ੍ਹ ਕੇ ਨਦੀ ਪਾਰ ਕਰ ਗਈ ਤਾਂ ਮੇਰਾ ਸਵਾਲ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਸਾਧਾਰਣ ਗਵਾਲਣ ਨਾਲੋਂ ਵੀ ਘੱਟ ਵਿਸਵਾਸ਼ ਸੀ ਰਾਮ ਰਾਮ ਕਹਿਣ ਤੇ? ਹੁਣ ਆਪਾਂ ਅਨੰਦ ਪੁਰ ਸਾਹਿਬ ਦੇ ਛੱਡਣ ਵੇਲੇ ਦੀ ਉਦਾਹਰਣ ਲੈਂਦੇ ਹਾਂ। ਸਰਸਾ ਦਾ ਪਾਣੀ ਠਾਠਾਂ ਮਾਰ ਰਿਹਾ ਹੈ। ਆਪਣੀ ਮਾਤਾ ਜੀ, ਚਾਰੋ ਸਾਹਿਬਜ਼ਾਦੇ, ਆਪਣੇ ਮਹਿਲ ਤੇ ਜਾਨ ਤੋਂ ਵੀ ਵੱਧ ਪਿਆਰੇ ਸਿੱਖ ਨਦੀ ਦੇ ਕਿਨਾਰੇ ਖੜੇ ਹਨ। ਕਿਸੇ ਦਾ ਕੋਈ ਪਤਾ ਨਹੀਂ ਕਿ ਕੋਈ ਪਾਰ ਲੱਗੇ ਯਾ ਨਾ। ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਹਾਲਤ ਵਿੱਚ ਵੀ ਰਾਮ ਰਾਮ ਕਹਿ ਕੇ ਪਾਣੀ ਤੇ ਤੁਰਨ ਦਾ ਚੇਤਾ ਨਹੀਂ ਆਇਆ? ਗੁਰੂ ਸਾਹਿਬਾਨ ਨੂੰ ਤਾਂ ਮੈਂ ਗਲਤ ਨਹੀਂ ਕਹਿ ਸਕਦਾ ਇਸ ਕਰਕੇ ਗਵਾਲਣ ਵਾਲੀ ਕਹਾਣੀ ਹੀ ਗਲਤ ਹੋ ਸਕਦੀ ਹੈ। ਇਸ ਤੋਂ ਜ਼ਰਾ ਹੋਰ ਪਹਿਲਾਂ ਕਿਲੇ ਦੇ ਅੰਦਰ ਹੀ ਸਾਰੇ ਸਿੰਘ ਤੇ ਗੁਰੂ ਗੋਬਿੰਦ ਸਿੰਘ ਜੀ ਰਾਮ ਰਾਮ ਦਾ ਜਾਪ ਕਰਕੇ ਰਾਮ ਦੇ ਹਵਾਈ ਜਹਾਜ਼ ਤੇ ਚੱੜ੍ਹ ਕੇ ਸਰਕਾਰੀ ਫੋਜਾਂ ਨੂੰ ਬਾਈ ਬਾਈ/ ਅੱਲਵਿਦਾ ਕਹਿਕੇ ਜਾ ਸਕਦੇ ਸਨ। ਆਪਣੀਆਂ ਫੋਜਾਂ ਮਰਵਾਉਣ ਦਾ ਕਿਸੇ ਨੂੰ ਕੀ ਚਾਅ ਹੁੰਦਾ ਹੈ? ਰੰਗੀਲਾ ਜੀ ਮੁਤਾਬਕ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਇਸਦਾ ਗਿਆਨ ਹੀ ਨਾ ਹੋਵੇ। ਇਸ ਬਾਰੇ ਤਾਂ ਸੰਗਤਾਂ ਰੰਗੀਲਾ ਜੀ ਨੂੰ ਹੀ ਪੁਛੱਣ ਦੀ ਕ੍ਰਿਪਾਲਤਾ ਕਰਨ।
ਬਾਕੀ ਸੰਗਤਾਂ ਨੂੰ ਰਾਹ ਰੋਕ ਕੇ ਹੇਮਕੁੰਟ ਜਾਣੋ ਤਾਂ ਨਹੀਂ ਹਟਾਇਆ ਜਾ ਸਕਦਾ। ਇੱਸ ਭੇਡਾ-ਚਾਲ ਬਾਰੇ ਬਾਣੀ ਦਾ ਫੁਰਮਾਣ ਇੰਝ ਹੈ:
ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ॥
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ॥ ਪੰਨਾ 27, ਮ: 3 ॥
ਜਿਵੇਂ ਜਿਵੇਂ ਸੰਗਤਾਂ ਨੂੰ ਇਸ ਬਾਰੇ ਗਿਆਨ ਹੁੰਦਾ ਜਾਵੇਗਾ ਆਪਣੇ ਆਪ ਉੱਥੇ ਜਾਣੋ ਹੱਟ ਜਾਣਗੀਆਂ। ਬਾਕੀ ਸੰਗਤਾਂ ਦਾ ਕੁੱਝ ਸੌਰਦਾ ਹੈ ਯਾ ਨਹੀਂ ਪਰ ਯੂ. ਪੀ ਦੀ ਸਰਕਾਰ ਤੇ ਰਸਤੇ ਵਿੱਚ ਆਉਣ ਵਾਲੇ ਕਸਬਿਆਂ ਦਾ ਜ਼ਰੂਰ ਕੁੱਝ ਸੌਰ ਜਾਂਦਾ ਹੈ। ਸਰਕਾਰ ਲੱਖਾਂ ਰੂਪੈ ਟੈਕਸ ਦੇ ਵਸੂਲਦੀ ਹੈ ਤੇ ਕਸਬਿਆਂ ਵਾਲੇ ਲੋਕ ਨਜ਼ਾਇਜ ਕਾਰਾਂ ਤੇ ਟੈਕਸੀਆਂ ਵਲਿਆਂ ਤੋ ਰਾਹ ਰੋਕ ਕੇ ਲੱਖਾਂ ਰੁਪੈ ਉਗਰਾਹ ਲੈਂਦੇ ਹਨ। ਇਹ ਫਾਇਦਾ ਯਾ ਨੁਕਸਾਨ ਸਿੱਖਾਂ ਨੂੰ ਹੋਇਆ ਹੇਮਕੁੰਟ ਜਾਣਦਾ, ਫੈਸਲਾ ਤੁਹਾਡੇ ਹੱਥ ਹੈ।
ਫਰਜ਼ ਕਰੋ ਕਿ ਬਚਿਤ੍ਰ ਨਾਟਕ ਵਾਲੀ ਕਹਾਣੀ ਬਿਲਕੁਲ ਸੱਚੀ ਹੈ। ਤਾਂ ਸਵਲਾ ਪੈਦਾ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਜਿਉਂਦੇ ਜੀਅ ਕਿਸੇ ਇੱਕ ਵੀ ਸਿੱਖ ਨੂੰ ਆਪਣੇ ਪਿਛਲੇ ਜਨਮ ਵਿੱਚ ਹੇਮਕੁੰਟ ਤਪ ਕਰਨ ਵਾਲੀ ਇਹ ਕਹਾਣੀ ਕਿਉਂ ਨਹੀਂ ਦੱਸ ਕੇ ਗਏ?
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥
ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥ ਪੰਨਾ 156, ਮ:1 ॥
ਉਪਰ ਲਿਖੇ ਸਲੋਕ ਦੇ ਅਧਾਰ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਨੂੰ ਆਪਣੇ ਪਿੱਛਲੇ ਜਨਮ ਬਾਰੇ ਕੋਈ ਪਤਾ ਨਹੀਂ ਹੁੰਦਾ, ਇਹ ਬ੍ਰਾਹਮਣੀ ਸਿਧਾਂਤ ਹੈ ਜਿਸ ਨੂੰ ਅਸੀਂ ਨਹੀਂ ਮੰਨਣਾ।
ਇੱਕ ਹੋਰ ਸਵਾਲ। ਜਦੋਂ ਗੁਰੂ ਜੀ ਨੇ ਹੇਮਕੁੰਟ ਵਾਲੀ ਜਗ੍ਹਾ ਤੇ ਤਪ ਕੀਤਾ ਤਾਂ ਕੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਗੁਰੂ ਸਨ? ਉੱਤਰ ਹੈ ਨਹੀਂ। ਤਾਂ ਫਿਰ ਇਸ ਜਗ੍ਹਾ ਨਾਲ ਸਾਡਾ ਦੂਰ ਦਾ ਵਾਸਤਾ ਵੀ ਨਹੀਂ। ਭਾਈ ਸਿੱਖੋ ਇਸ ਜੰਜਾਲ ਵਿੱਚ ਸਿੱਖਾਂ ਨੂੰ ਫਸਾਉਣ ਦਾ ਕੋਝਾ ਕੰਮ ਭਾਈ ਵੀਰ ਸਿੰਘ ਕਰ ਗਿਆ ਹੈ। ਇਹ ਹੀ ਨਹੀਂ ਬਲਕਿ ਰਾਗਮਾਲਾ ਦਾ ਟੈਂਟਾ ਵੀ ਭਾਈ ਵੀਰ ਸਿੰਘ ਹੀ ਖੜਾ ਕਰ ਗਿਆ ਹੈ ਜਿਸ ਨੇ ਆਪਣੀ ਜ਼ਿਦਗੀ ਦੇ ਅੱਧ ਤੋਂ ਵੀ ਜ਼ਿਆਦਾ ਰਾਗਮਾਲਾ ਦੇ ਵਿਰੁੱਧ ਪ੍ਰਚਾਰ ਕੀਤਾ ਪਰ 1917 ਵਿੱਚ ਚੀਫ ਖਾਲਸਾ ਦੀਵਾਨ ਦੀ ਕਿਸੇ ਮੀਟਿੰਗ ਤੋਂ ਬਗੈਰ ਹੀ ਭਾਈ ਵੀਰ ਸਿੰਘ ਬਦਲ ਗਏ। ਇਹ ਤਾਂ ਅਸਲੀਅਤ ਵਿਚੋਂ ਸਿਰਫ ਤਿਲ ਭਰ ਹੀ ਹੈ। ਜੇ ਸਾਰਾ ਕੁੱਝ ਲਿਖ ਦਿੱਤਾ ਜਾਵੇ ਕਿ ਭਾਈ ਵੀਰ ਸਿੰਘ ਜੀ ਨੇ ਕਿਸ ਕਿਸ ਨਾਲ ਧੋਖਾ ਕੀਤਾ ਤਾਂ ਸ਼ਾਈਦ ਸਿੱਖ ਵਿਸ਼ਵਾਸ਼ ਹੀ ਨਾ ਕਰਨ। ਇਹ ਹੈ ਸੰਤ ਕਵੀ ਭਾਈ ਵੀਰ ਸਿੰਘ ਜੀ?
ਬਾਕੀ ਇਸ ਤਰ੍ਹਾਂ ਦੇ ਜਪਾਂ ਤਪਾਂ ਵਾਲੀਆਂ ਥਾਵਾਂ ਨਾਲ ਜੁੜਨ ਤੋਂ ਵੀ ਗੁਰਬਾਣੀ ਸਾਨੂੰ ਰੋਕਦੀ ਹੈ।
ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ॥
ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ॥ ਪੰਨਾ 1301, ਮ:5 ॥
ਪ੍ਰਮਾਤਮਾ ਨੂੰ ਮਿਲਣ ਦਾ ਤਰੀਕਾ ਗੁਰੂ ਅਰਜਨ ਦੇਵ ਜੀ ਅਗਲੇ ਸਲੋਕ ਵਿੱਚ ਦੱਸਦੇ ਹਨ। ਪਾਠ ਕਰਨ ਨਾਲ, ਬੇਦ ਬੀਚਾਰਨ ਨਾਲ, ਹਾਥੀ ਦਾਨ ਕਰਨ ਨਾਲ, ਯੋਗਾ ਅਭਿਆਸ ਕਰਨ ਨਾਲ, ਪੂਜਾ ਅਰਚਾ ਡੰਡਾਉਤ ਬੰਦਨਾ ਕਰਨ ਨਾਲ ਵੀ ਪ੍ਰਮਾਤਮਾ ਨਹੀਂ ਮਿਲਦਾ। ਜੇ ਪ੍ਰਮਾਤਮਾ ਮਿਲਦਾ ਹੈ ਤਾਂ ਸਿਰਫ ਤੇ ਸਿਰਫ ਬਬੇਕ-ਬੁਧੀ ਨਾਲ।
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥1॥
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥
ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥
ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥2॥
ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥
ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥3॥
ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥
ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ 4॥ ਪੰਨਾ 641-642, ਮ:5 ॥ 
ਸ੍ਰ. ਕਾਲਾ ਅਫਗਾਨਾ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕੋਈ ਮਜ਼ਾਕ ਨਹੀਂ ਉਡਾਇਆ, ਤੁਹਾਨੂੰ ਕਿਧਰੇ ਭੁਲੇਖਾ ਲੱਗ ਗਿਆ ਹੈ। ਪਰ ਜਿਵੇਂ ਬਚਿਤ੍ਰ ਨਾਟਿਕ ਵਿੱਚ ਲਿਖਿਆ ਹੈ, “ ਤਿਲਕ ਜੰਜੂ ਰਾਖਾ ਪ੍ਰਭੁ ਤਾਕਾ” ਵਾਸਤੇ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਨਹੀਂ ਦਿੱਤੀ। ਜਿਸ ਤਿਲਕ ਜੰਜੂ ਨਾਲ ਸਿੱਖਾਂ ਦਾ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਕੋਈ ਸਬੰਧਿ ਨਹੀਂ ਉਸ ਦੀ ਰਾਖੀ ਕਿਉਂ ਕਰਨੀ ਸੀ? ਬਲਕਿ ਸਿੱਖ ਲਹਿਰ ਹੋਰ ਮਜਬੂਤ ਕਰਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ।
ਬਾਕੀ ਸ਼੍ਰੋ. ਗੁ.ਪ੍ਰ. ਕਮੇਟੀ ਨੇ 3 ਅਗਸਤ 1973 ਵਿੱਚ ਪੱਤਰ ਨੰਬਰ 36672 ਮੁਤਾਬਕ ਇਹ ਫੈਸਲਾ ਕੀਤਾ ਸੀ ਕਿ ਦਸਮ ਗ੍ਰੰਥ ਵਿੱਚ ਅੰਕਿਤ ਚਰਿਤ੍ਰੋਪਖਿਯਾਨ ਦਸਮ ਪਿਤਾ ਜੀ ਦੀ ਬਾਣੀ ਨਹੀਂ। ਇਹ ਹਿੰਦੂ ਸਾਖੀ ਦਾ ਉਤਾਰਾ ਹੈ। ਅੱਜ ਦੇ ਸਮੇਂ ਸਿਰਫ ਚਰਿਤ੍ਰੋਪਖਿਯਾਨ ਦਾ ਹੀ ਮਸਲਾ ਨਹੀਂ ਸਗੋਂ ਦੋ ਚਾਰ ਬਾਣੀਆਂ ਨੂੰ ਛੱਡ ਕੇ ਬਾਕੀ ਸਾਰੇ ਦਸਮ ਗ੍ਰੰਥ ਦਾ ਮਸਲਾ ਹੈ। ਇਹ ਫੈਸਲਾ ਉਦੋਂ ਹੀ ਲਾਗੂ ਹੋਵੇਗਾ ਜਦੋਂ ਸਿੱਖ ਫੈਸਲਾ ਕਰਨ ਜੋਗੇ ਹੋ ਗਏ, ਸਿੱਖ ਆਪਣੀ ਗੂਹੜੀ ਨੀਂਦਰ ਵਿਚੋਂ ਬਾਹਰ ਆ ਗਏ/ਜਾਗਰਤ ਹੋ ਗਏ। ਜਿਤਨੀ ਦੇਰ ਗਿਆਨੀ ਪੂਰਨ ਸਿੰਘ ਤੇ ਉਨ੍ਹਾਂ ਦੇ ਭੈਣ-ਭਾਈ ਦਰਬਾਰ ਸਾਹਿਬ ਤੇ ਕਬਜਾ ਕਰੀ ਬੈਠੇ ਹਨ ਕਿਸੇ ਚੰਗੇ ਕਾਰਜ਼ ਦੀ ਆਸ ਕਰਨੀ ਨਿਹਫਲ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ #+1647 966 3132