ਜੇ ਲਗਨ ਹੋਵੇ ਤਾਂ ਅਨਹੋਣੀ ਵੀ ਹੋਣੀ ਬਣ ਸਕਦੀ ਹੈ! - ਜਸਵੰਤ ਸਿੰਘ 'ਅਜੀਤ'

ਸਾਡੇ ਦੇਸ਼, ਉਸਦੇ ਸ਼ਹਿਰਾਂ 'ਤੇ ਪਿੰਡਾਂ ਵਿੱਚ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚੋਂ ਕਈ ਤਾਂ ਮੋਟੀਆਂ ਸੁਰਖੀਆਂ ਬਣ ਅਖਬਾਰਾਂ ਦੇ ਮੁੱਖ ਪੰਨਿਆਂ ਪੁਰ ਛਾ ਜਾਂਦੀਆਂ ਹਨ ਤੇ ਕੁਝ ਅਜਿਹੀਆਂ ਹੁੰਦੀਆਂ ਹਨ, ਜੋ ਉਨ੍ਹਾਂ ਹੀ ਅਖਬਾਰਾਂ ਦੇ ਪਿਛਲੇ ਪੰਨਿਆਂ ਦੇ ਅਣਗੋਲੇ ਕੀਤੇ ਜਾ ਸਕਣ ਵਾਲੇ ਕਾਲਮਾਂ ਦੀ ਨੁਕਰ ਵਿੱਚ ਦਬ ਕੇ ਰਹਿ ਜਾਂਦੀਆਂ ਹਨ। ਇਸਦਾ ਕਾਰਣ ਇਹ ਨਹੀਂ ਹੁੰਦਾ ਕਿ ਮੁੱਖ ਪੰਨਿਆਂ ਪੁਰ ਸੁਰਖੀਆਂ ਬਣ ਆਉਣ ਵਾਲੀਆਂ ਖਬਰਾਂ ਮਹਤੱਵਪੂਰਣ ਅਤੇ ਪਿਛਲੇ ਪੰਨਿਆਂ ਦੇ ਕਾਲਮਾਂ ਵਿੱਚ ਦਬੀਆਂ ਰਹਿ ਜਾਣ ਵਾਲੀਆਂ ਮਹਤੱਵਹੀਨ ਹੁੰਦੀਆਂ ਹਨ। ਜੇ ਕਦੀ ਗੰਭੀਰਤਾ ਨਾਲ ਵਿਚਾਰਿਆ ਜਾਏ ਤਾਂ ਅਖਬਾਰਾਂ ਦੇ ਅਣਗੋਲੇ ਕਾਲਮਾਂ ਦੇ ਕੋਨਿਆਂ ਵਿੱਚ ਦਬ ਗਈਆਂ ਕਈ ਖਬਰਾਂ, ਮੁੱਖ ਪੰਨਿਆਂ ਪੁਰ ਸੁਰਖੀਆਂ ਬਣ ਕੇ ਆਈਆਂ ਖਬਰਾਂ ਨਾਲੋਂ ਵੀ ਕਿਤੇ ਵੱਧੇਰੇ ਮਹਤੱਵਪੂਰਣ ਹੁੰਦੀਆਂ ਹਨ, ਇਹ ਗਲ ਵਖਰੀ ਹੈ ਕਿ ਕਿਸੇ ਦੀ ਨਿਜੀ ਸੋਚ, ਖਬਰਾਂ ਨਾਲ ਵਿਤਕਰਾ ਕਰਨ ਤੇ ਮਜਬੂਰ ਹੋ ਜਾਂਦੀ ਹੈ। ਇਨ੍ਹਾਂ ਅਣਗੋਲੇ ਕੀਤੇ ਜਾਂਦੇ ਕਾਲਮਾਂ ਵਿੱਚ ਸਮੇਂ-ਸਮੇਂ ਛਪੀਆਂ ਕੁਝ ਅਜਿਹੀਆਂ ਹੀ ਖਬਰਾਂ ਇਥੇ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਕਈ ਭਾਵੇਂ ਸੁਰਖੀਆਂ ਵਿੱਚ ਆ ਕੇ ਵੀ ਪਾਠਕਾਂ ਦੀਆਂ ਨਜ਼ਰਾਂ ਵਿੱਚ ਚੜ੍ਹ ਨਹੀਂ ਸਕੀਆਂ ਤੇ ਕਈ ਨੁਕਰਾਂ ਵਿੱਚ ਦਬ ਕੇ ਵੀ ਆਪਣੇ ਮਹਤੱਵਪੂਰਣ ਹੋਣ ਦਾ ਸੁਨੇਹਾ ਦੇ ਗਈਆਂ ਹਨ।

ਜਦੋਂ ਝਾੜੂ ਚੁਕ ਲਿਆ : ਜਨ ਸੇਵਾ ਦਾ ਜਜ਼ਬਾ ਇੱਕ ਅਨੌਖੀ ਲਗਨ ਹੈ। ਦਰੀਆ ਗੰਜ, ਦਿੱਲੀ ਦੇ ਇੱਕ 60 ਵਰ੍ਹਿਆਂ ਦੇ ਮੁਹੰਮਦ ਅਹਿਮਦ ਸੈਫੀ ਅਤੇ 65 ਵਰ੍ਹਿਆਂ ਦੇ ਮੁਹੰਮਦ ਹਨੀਫ ਨੇ ਇਸੇ ਲਗਨ ਅਧੀਨ ਸਫਾਈ ਸੇਵਾ, ਜੋ ਸਰੋਕਾਰ ਅਤੇ ਸੰਸਕਾਰ ਹੈ, ਦੀ ਸੋਚ ਨੂੰ ਆਪਣੇ ਜੀਵਨ ਵਿੱਚ ਅਪਨਾਇਆ ਅਤੇ ਅਪਣੀ ਗਲੀ ਨੂੰ ਦੂਸਰਿਆਂ ਲਈ ਇੱਕ ਮਿਸਾਲ ਬਣਾ ਦਿੱਤਾ। ਦਿੱਲੀ ਦੀ ਛੱਤਾ ਲਾਲ ਮੀਆਂ ਗਲੀ ਬਹਾਰ ਵਾਲੀ ਦੇ ਵਾਸੀ ਸਵੇਰੇ ਸ਼ਾਮ ਵਜਣ ਵਾਲੀ ਇੱਕ ਸੀਟੀ ਦਾ ਬੇਸਬਰੀ ਨਾਲ ਇੰਤਜ਼ਤਾਰ ਕਰਦੇ ਹਨ। ਇਸ ਸੀਟੀ ਦੀ ਅਵਾਜ਼ ਤੇ ਗਲੀ ਵਾਸੀ ਕੂੜੇ ਦੀਆਂ ਥੈਲੀਆਂ ਠੇਲੇ ਵਿੱਚ ਪਾਣ ਲਈ ਘਰਾਂ ਵਿਚੋਂ ਬਾਹਰ ਨਿਕਲ ਆਉਂਦੇ ਹਨ। ਸ਼ੈਫੀ ਅਤੇ ਹਨੀਫ ਇਨ੍ਹਾਂ ਥੈਲੀਆਂ ਨੂੰ ਇਕਠਿਆਂ ਕਰਦੇ ਹਨ ਅਤੇ ਠੇਲੇ ਵਿੱਚ ਪਾ ਢਲਾਵਘਰ (ਕੂੜਾ ਘਰ) ਤਕ ਪਹੁੰਚਾ ਦਿੰਦੇ ਹਨ। ਬਿਜਲੀ ਦਾ ਕੰਮ ਕਰਨ ਵਾਲੇ ਮੁਹੰਮਦ ਅਹਿਮਦ ਸੈਫੀ ਨੇ ਦਸਿਆ ਕਿ ਢਾਈ-ਕੁ ਸਾਲ ਪਹਿਲਾਂ ਉਨ੍ਹਾਂ ਆਪਣੀ ਗਲੀ ਨੂੰ ਸਾਫ ਰਖਣ ਲਈ ਇਹ ਕਦਮ ਚੁਕਿਆ। ਉਨ੍ਹਾਂ ਨੂੰ ਸਹਿਯੋਗ ਦੇਣ ਲਈ ਮੁਹੰਮਦ ਹਨੀਫ, ਜੋ ਗੁੰਗਾ ਤੇ ਬਹਿਰਾ ਹੈ, ਵੀ ਅਗੇ ਆ ਗਿਆ, ਉਹ ਬੁਕ ਬਾਈਡਿੰਗ ਦਾ ਕੰਮ ਕਰ ਆਪਣਾ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਂਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਗਲ 2016 ਵਰ੍ਹੇ ਦੇ ਉਸ ਸਮੇਂ ਦੀ ਹੈ, ਜਦੋਂ ਨਿਗਮ ਦੇ ਸਫਾਈ ਕਰਮਚਾਰੀ ਹੜਤਾਲ ਤੇ ਚਲੇ ਗਏ ਸਨ। ਉਸ ਸਮੇਂ ਗਲੀ ਵਿੱਚ ਕੂੜੇ ਦੇ ਢੇਰ ਲਗਣ ਲਗ ਜਾਣ ਦੇ ਫਲਸਰੂਪ ਬੀਮਾਰੀਆਂ ਫੈਲਣ ਦਾ ਖਤਰਾ ਪੈਦਾ ਹੋਣ ਲਗ ਪਿਆ ਸੀ। ਇਨ੍ਹਾਂ ਹਾਲਾਤ ਤੋਂ ਚਿੰਤਤ ਹੋ ਸੈਫੀ ਨੇ, ਗਲੀ ਵਿਚੋਂ ਗੰਦਗੀ ਸਾਫ ਕਰਨ ਦਾ ਇਰਾਦਾ ਧਾਰਿਆ ਤੇ ਹੱਥਾਂ ਵਿੱਚ ਬੇਲਚੇ ਨਾਲ ਹੀ ਝਾੜੂ ਵੀ ਫੜ ਲਈ। ਹਨੀਫ ਵੀ ਉਨ੍ਹਾਂ ਦੀ ਮਦਦ ਕਰਨ ਲਈ ਅਗੇ ਆ ਗਿਆ। ਸੈਫੀ ਨੇ ਹੋਰ ਦਸਿਆ ਕਿ ਨਿਗਮ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਨਿਗਮ ਵਲੋਂ ਉਨ੍ਹਾਂ ਨੂੰ ਦੋ ਠੇਲੇ ਅਤੇ ਬੇਲਚਾ ਦਿੱਤਾ ਗਿਆ। ਝਾੜੂ ਜਦੋਂ ਖਰਾਬ ਹੋ ਜਾਂਦਾ ਹੈ ਤਾਂ ਉਹ ਆਪ ਆਪਣੇ ਪੈਸਿਆਂ ਨਾਲ ਖਰੀਦ ਲੈਂਦੇ ਹਨ। ਗਲੀ ਦੇ ਲੋਕੀ ਕੂੜਾ ਜਨਤਕ ਥਾਵਾਂ ਪੁਰ ਨਾ ਸੁਟਣ, ਇਸਦੇ ਲਈ ਉਨ੍ਹਾਂ ਗਲੀ ਵਿੱਚ ਦੋ ਕੂੜੇ-ਦਾਨ ਵੀ ਰਖੇ ਹੋਏ ਹਨ।

ਇੰਜੀਨੀਅਰਾਂ ਵੀ ਝਾੜੂ ਚੁਕਿਆ: ਨੋਇਡਾ ਦੇ ਦੋ ਆਈਟੀ ਇੰਜੀਨੀਅਰਾਂ, ਬ੍ਰਿਜੇਸ਼ ਅਤੇ ਪੀਯੂਸ਼ ਨੇ ਹਥਾਂ ਵਿੱਚ ਲੈਪਟਾਪ ਦੇ ਨਾਲ ਹੀ ਜਦੋਂ ਝਾੜੂ ਫੜੀ ਤਾਂ ਨਾ ਕੇਵਲ ਉਨ੍ਹਾਂ ਦੇ ਆਸ-ਪਾਸ ਹੀ ਸਫਾਈ ਦੀ ਲਹਿਰ ਚਲੀ, ਸਗੋਂ ਇਸ ਲਹਿਰ ਨੇ ਮੁਹਿੰਮ ਦਾ ਰੂਪ ਵੀ ਧਾਰਣ ਕਰ ਲਿਆ। ਹਾਲਾਂਕਿ ਉਨ੍ਹਾਂ ਇਹ ਮੁਹਿੰਮ ਆਪਣੇ ਅਪਾਰਟਮੈਂਟ ਨੂੰ ਕੂੜਾ-ਕਰਕਟ ਤੋਂ ਮੁਕਤ ਰਖਣ ਲਈ ਅਰੰਭੀ ਸੀ, ਪਰ ਹੁਣ ਸਫਾਈ ਦੇ ਨਾਲ-ਨਾਲ ਹਰਿਆਲੀ ਨੂੰ ਵੀ ਉਨ੍ਹਾਂ ਆਪਣਾ ਮਕਸਦ ਬਣਾ ਲਿਆ ਹੈ। ਖਬਰਾਂ ਅਨੁਸਾਰ ਲੋਕੀ ਉਨ੍ਹਾਂ ਦੇ ਉਤਸਾਹ ਤੋਂ ਇਤਨੇ ਪ੍ਰਭਾਵਤ ਹੋਏ ਕਿ ਉਹ ਆਪਣੇ ਆਪ ਹੀ ਉਨ੍ਹਾਂ ਨਾਲ ਜੁੜਨ ਲਈ ਅਗੇ ਆਉਣ ਲਗ ਪਏ। ਦਸਿਆ ਗਿਆ ਹੈ ਕਿ ਪੰਜ-ਕੁ ਸਾਲ ਪਹਿਲਾਂ ਦੋਹਾਂ ਦੋਸਤਾਂ ਨੇ ਫੈਸਲਾ ਕੀਤਾ ਸੀ ਕਿ ਉਹ ਹਰ ਐਤਵਾਰ ਸੋਸਾਇਟੀ ਵਿੱਚ ਸਾਫ ਸਫਾਈ ਕੀਤਾ ਕਰਨਗੇ। ਜਦੋਂ ਉਨ੍ਹਾਂ ਦੀ ਪਹਿਲ ਨਾਲ ਸੋਸਾਇਟੀ ਦੀ ਸੂਰਤ ਬਦਲ ਗਈ ਤਾਂ ਉਨ੍ਹਾਂ ਆਪਣੀ ਲਗਨ ਤੇ ਮਿਹਨਤ ਨਾਲ ਗੰਦਗੀ-ਭਰੇ ਨੇੜੇ ਦੇ ਪਾਰਕ ਦੀ ਸਾਫ-ਸਫਾਈ ਕਰ ਉਸਨੂੰ ਆਮ ਲੋਕਾਂ ਲਈ ਸੈਰ ਕਰਨ ਦੇ ਯੋਗ ਬਣਾ ਦਿੱਤਾ। ਹੁਣ ਉਨ੍ਹਾਂ ਸਫਾਈ ਦੇ ਨਾਲ-ਨਾਲ ਬੂਟੇ ਲਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਜਿਸਦਾ ਨਤੀਜਾ ਇਹ ਹੋਇਆ ਹੈ ਕਿ ਇਲਾਕਾ ਤਾਂ ਸਾਫ-ਸੁਥਰਾ ਰਹਿਣ ਹੀ ਲਗ ਪਿਆ, ਇਸਦੇ ਨਾਲ ਪਾਰਕ ਵਿੱਚ ਲਗੇ ਲਗਭਗ ਢਾਈ ਹਜ਼ਾਰ ਹਰੇ-ਭਰੇ ਦਰਖਥ ਤੇ ਬੂਟੇ ਵਾਤਾਵਰਣ ਨੂੰ ਵੀ ਪ੍ਰਦੁਸ਼ਣ-ਮੁਕਤ ਕਰ ਰਹੇ ਹਨ। ਦਸਿਆ ਗਿਆ ਹੈ ਕਿ ਦੋਹਾਂ ਦੀ ਉਮਰ ਲਗਭਗ 35 ਵਰ੍ਹੇ ਹੈ। ਉਨ੍ਹਾਂ ਦਾ ਇਲਾਕਾ ਹਮੇਸ਼ਾਂ ਹੀ ਗੰਦਗੀ ਨਾਲ ਭਰਿਆ ਰਹਿੰਦਾ ਸੀ। ਜਿਸਦੀ ਸਫਾਈ ਕਰਵਾਂਦਿਆਂ ਰਹਿਣ ਲਈ, ਉਨ੍ਹਾਂ ਅਥਾਰਿਟੀ ਨੂੰ ਕਈ ਚਿਠੀਆਂ ਲਿਖੀਆਂ। ਪਰ ਕੋਈ ਅਸਰ ਨਾ ਹੋਇਆ। ਜਦੋਂ ਉਨ੍ਹਾਂ ਨੂੰ ਚਿਠੀਆਂ ਲਿਖਣ ਨਾਲ ਕੁਝ ਵੀ ਬਣਦਾ ਨਜ਼ਰ ਨਾ ਅਇਆ ਤਾਂ ਉਨ੍ਹਾਂ ਆਪ ਹੀ ਸਫਾਈ ਕਰਨ ਦਾ ਬੀੜਾ ਚੁਕ ਲਿਆ।

ਸਕੂਲ ਦੀ ਨੁਹਾਰ ਬਦਲੀ : ਬਿਹਾਰ ਦੇ ਸਮਸਤੀਪੁਰ ਵਿਖੇ ਇੱਕ ਸਕੂਲ ਅਜਿਹਾ ਦਸਿਆ ਜਾ ਰਿਹਾ ਹੈ, ਜਿਥੇ ਹਰ ਰੋਜ਼ ਬੱਚੇ ਆਪਣਾ ਅਖਬਾਰ ਕਢਦੇ ਹਨ। ਇਸ ਸਕੂਲ ਵਿੱਚ ਰੋਜ਼ ਹੀ ਕਿਸੇ ਨਾ ਕਿਸੇ ਮੁਕਾਬਲੇ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਖੇਡਾਂ ਦਾ ਪੀਰੀਅਡ ਵੀ ਲਾਇਆ ਜਾਂਦਾ ਹੈ। ਦਸਿਆ ਗਿਆ ਹੈ ਕਿ ਇਹ ਕੋਈ ਪ੍ਰਾਈਵੇਟ (ਨਿਜੀ) ਸਕੂਲ ਨਹੀਂ, ਸਗੋਂ ਇੱਕ ਸਰਕਾਰੀ ਸਕੂਲ ਹੈ। ਇਸ ਸਰਕਾਰੀ ਸਕੂਲ ਦੇ ਹੈੱਡ ਮਾਸਟਰ ਰਾਮ ਪ੍ਰਵੇਸ਼ ਠਾਕਰ ਨੇ ਬਿਨਾ ਕਿਸੇ ਤਰ੍ਹਾਂ ਦੀ ਸਰਕਾਰੀ ਮਦਦ ਦੇ ਪੂਰੇ ਸਕੂਲ ਦੀ ਨੁਹਾਰ ਬਦਲ ਦਿੱਤੀ ਹੈ। ਕਿਹਾ ਜਾਂਦਾ ਹੈ ਕਿ ਕਦੀ ਜਰਜਰ ਦੀਵਾਰਾਂ ਅਤੇ ਦੀਮਕ ਲਗੇ ਦਰਵਾਜ਼ਿਆਂ ਦੀ ਪਛਾਣ ਵਾਲਾ ਸਕੂਲ ਅੱਜ ਸਿਖਿਆ ਐਕਸਪ੍ਰੈਸ (ਰੇਲ ਦੇ ਉੱਚ-ਕਲਾਸ ਦੇ ਡੱਬੇ) ਦੇ ਰੂਪ ਵਿੱਚ ਜਾਣਿਆ ਜਾਣ ਲਗ ਪਿਆ ਹੈ। ਉਨ੍ਹਾਂ ਵਲੋਂ ਕੀਤੇ ਗਏ ਇੱਕ ਛੋਟੇ ਜਿਹੇ ਤਜਰਬੇ ਦਾ ਹੀ ਇਹ ਨਤੀਜਾ ਹੋਇਆ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਬਹੁਤ ਹੀ ਬੇਸਬਰੀ ਨਾਲ ਸਵੇਰ ਦੇ ਦਸ ਵਜਣ ਦਾ ਇੰਤਜ਼ਾਰ ਕਰਨ ਲਗਦੇ ਹਨ। ਬਿਨਾਂ ਕਿਸੇ ਉਚੇਚੇ ਤਰਦਦ ਦੇ ਹਰ ਕਲਾਸ ਵਿੱਚ ਸੌ ਪ੍ਰਤੀਸ਼ਤ ਹਾਜ਼ਰੀ ਰਹਿੰਦੀ ਹੈ।

...ਅਤੇ ਅੰਤ ਵਿੱਚ : ਦਸਿਆ ਜਾਂਦਾ ਹੈ ਕਿ ਇਸ ਸਮੇਂ ਦੇਸ਼ ਵਿੱਚ 9 ਲੱਖ ਤੋਂ ਵੀ ਵੱਧ ਪ੍ਰਾਇਮਰੀ ਅਤੇ ਪੌਣੇ ਦੋ ਲੱਖ ਦੇ ਲਗਭਗ ਮਿਡਲ ਕਲਾਸਾਂ ਦੇ ਅਧਿਆਪਕਾਂ ਦੀਆਂ ਅਸਾਮੀਆ ਖਾਲੀ ਪਈਆਂ ਹਨ। ਬਾਰਾਂ ਹਜ਼ਾਰ ਦੇ ਲਗਭਗ ਅਜਿਹੇ ਸਕੂਲ਼ ਹਨ ਜਿਨ੍ਹਾਂ ਦੀਆਂ ਇਮਾਰਤਾਂ ਜਰਜਰ ਹੋ ਖਤਰਨਾਕ ਹਾਲਤ ਵਿੱਚ ਪੁਜ ਗਈਆਂ ਹੋਈਆਂ ਹਨ ਅਤੇ 7 ਲੱਖ ਤੋਂ ਵੀ ਕਿਤੇ ਵੱਧ ਜਮਾਤਾਂ ਦੇ ਕਮਰਿਆਂ ਦੀ ਵੱਡੇ ਪੈਮਾਨੇ ਤੇ ਮੁਰੰਮਤ ਜਲਦੀ ਤੋਂ ਜਲਦੀ ਕਰਵਾਏ ਜਾਣ ਦੀ ਲੋੜ ਹੈ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

08 Nov. 2018