ਕੋਈ ਹਰਿਆ ਬੂਟ ਰਹਿਓ ਰੀ - ਨਿਰਮਲ ਸਿੰਘ ਕੰਧਾਲਵੀ

ਦੋ ਕੁ ਹਫ਼ਤੇ ਹੋਏ ਚੰਡੀਗੜ੍ਹ ਤੋਂ ਇਕ ਖ਼ਬਰ ਸੋਸ਼ਲ ਮੀਡੀਆ ‘ਤੇ ਬਹੁਤ ਨਸ਼ਰ ਹੋਈ। ਖ਼ਬਰ ਸੀ ਕਿ ਇਕ ਨੌਜਵਾਨ ਲੜਕੀ ਨੇ, ਜਿਸ ਨੇ ਡਾਕਟਰੀ ਪਾਸ ਕਰ ਕੇ, ਪਹਿਲੀ ਨੌਕਰੀ ‘ਤੇ ਪਹਿਲੇ ਦਿਨ ਹੀ ਅਸਤੀਫ਼ਾ ਦੇ ਦਿੱਤਾ ਸੀ। ਕਾਰਨ ਇਹ ਸੀ ਕਿ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਉਸ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਉਸ ਨੇ ਵੱਧ ਤੋਂ ਵੱਧ ਮਰੀਜ਼ਾਂ ਨੂੰ ਆਈ.ਸੀ.ਯੂ. ਵਿਚ ਭਰਤੀ ਕਰਨਾ ਹੈ। ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿਤਾ ਤੇ ਮਰੀਜ਼ਾਂ ਦੀ ਲੋੜ ਅਨੁਸਾਰ ਉਨ੍ਹਾਂ ਦਾ ਇਲਾਜ ਕਰਨ ਦੀ ਵਕਾਲਤ ਕੀਤੀ ਪਰ ਮਾਲਕਾਂ ਨੂੰ ਇਹ ਮੰਨਜ਼ੂਰ ਨਹੀਂ ਸੀ। ਇਸ ਡਾਕਟਰ ਬੱਚੀ ਨੇ ਉਸੇ ਵੇਲੇ ਅਸਤੀਫ਼ਾ ਦੇ ਦਿਤਾ, ਭਾਵੇਂ ਕਿ ਉਸ ਨੂੰ ਪਤਾ ਸੀ ਕਿ ਇਸ ਕਦਮ ਨਾਲ ਉਸ ਨੂੰ ਭਵਿੱਖ ਵਿਚ ਬਹੁਤ ਮੁਸ਼ਕਿਲਾਂ ਆ ਸਕਦੀਆਂ ਹਨ। ਇਸ ਬਾਰੇ ਬਹੁਤ ਚਰਚਾ ਹੋਈ ਤੇ ਬਹੁਤੇ ਲੋਕਾਂ ਨੇ ਬੱਚੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ।
ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਵਿਚ ਸਿਹਤ ਅਤੇ ਵਿਦਿਆ ਇਹ ਦੋ ਅਦਾਰੇ ਵੱਡੇ ਵੱਡੇ ਮਗਰਮੱਛਾਂ ਦੇ ਜਬਾੜਿਆਂ ਥੱਲੇ ਆ ਚੁੱਕੇ ਹਨ। ਪਿਛਲੇ ਸਾਲ ਵੀ ਇਕ ਵੀਡੀਓ ਬਹੁਤ ਨਸ਼ਰ ਹੋਈ ਸੀ ਜਿਸ ਵਿਚ ਦਰਸਾਇਆ ਗਿਆ ਸੀ ਕਿ ਇਨ੍ਹਾਂ ਵੱਡੇ ਵੱਡੇ ਹਸਪਤਾਲਾਂ ‘ਚ ਕਿਵੇਂ ਮਰੀਜ਼ ਦੇ ਪਰਵਾਰ ਵਾਲਿਆਂ ਦੀ ਪੁੱਠੀ ਰੰਬੀ ਨਾਲ ਖੱਲ ਉਤਾਰੀ ਜਾਂਦੀ ਹੈ। ਮਰੇ ਪਏ ਮਰੀਜ਼ ਨੂੰ ਆਕਸੀਜ਼ਨ ਲਗਾ ਕੇ ਮੋਟਾ ਬਿੱਲ ਬਣਾਇਆ ਜਾਂਦਾ ਹੈ। ਡਾਕਟਰਾਂ ਦੇ ਟਾਰਗੈੱਟ ਸੈੱਟ ਕੀਤੇ ਜਾਂਦੇ ਹਨ ਕਿ ਉਨ੍ਹਾਂ ਨੇ ਮਹੀਨੇ ਦੀ ਕਿੰਨੀ ਕਮਾਈ ਕਰ ਕੇ ਹਸਪਤਾਲ ਨੂੰ ਦੇਣੀ ਹੈ। ਜਿਹੜਾ ਡਾਕਟਰ ਟਾਰਗੈੱਟ ਪੂਰਾ ਨਹੀਂ ਕਰਦਾ ਉਸ ‘ਤੇ ਕਾਰਵਾਈ ਹੁੰਦੀ ਹੈ ਤੇ ਜੇ ਉਹ ਅਜੇ ਵੀ ਉਨ੍ਹਾਂ ਦੇ ਨਿਸ਼ਾਨੇ ਪੂਰੇ ਨਹੀਂ ਕਰਦਾ ਤਾਂ ਨੌਕਰੀ ਤੋਂ ਫ਼ਾਰਿਗ ਕਰ ਦਿਤਾ ਜਾਂਦਾ ਹੈ। ਦੇਖਣ ਵਾਲੀ ਇਹ ਗੱਲ ਵੀ ਹੈ ਕਿ ਕਿੰਨੇ ਡਾਕਟਰ ਆਪਣੀ ਆਤਮਾ ਨਾਲ ਸਮਝੌਤਾ ਕਰ ਕੇ ‘ਮਾਲਕਾਂ’ ਦੇ ਨਿਸ਼ਾਨੇ ਪੂਰੇ ਕਰਦੇ ਹੋਣਗੇ। ਪਹਿਲਾਂ ਤਾਂ ਡਾਕਟਰੀ ਦੀ ਪੜ੍ਹਾਈ ਉੱਪਰ ਹੀ ਕਰੋੜਾਂ ਦਾ ਖ਼ਰਚ ਹੁੰਦਾ ਹੈ, ਨੌਕਰੀ ਕਰ ਕੇ ਪਰਵਾਰ ਵਸਾਉਣਾ ਹੈ, ਮਾਪਿਆਂ ਦੀਆਂ ਉਮੀਦਾਂ ਅਲੱਗ, ‘ਹਾਇ ਰੇ ਇਨਸਾਨ ਕੀ ਮਜਬੂਰੀਆਂ’। 
ਕੌਣ ਨਹੀ ਜਾਣਦਾ ਕਿ ਆਪਣਾ ਮੋਟਾ ਬਿੱਲ ਬਣਾਉਣ ਲਈ ਚੰਗੀਆਂ ਭਲੀਆਂ ਗਰਭਵਤੀ ਬੀਬੀਆਂ ਦੇ ਪੇਟ ਚੀਰ ਚੀਰ ਕੇ ਇਹ ਹਸਪਤਾਲ ਉਨ੍ਹਾਂ ਨੂੰ ਸਾਰੀ ਉਮਰ ਵਾਸਤੇ ਹੋਰ ਸਰੀਰਕ ਮੁਸ਼ਕਿਲਾਂ ‘ਚ ਧੱਕ ਦਿੰਦੇ ਹਨ। ਪੰਜਾਬ ਵਿਚੋਂ ਹੀ ਅਜਿਹੀਆਂ ਹਜ਼ਾਰਾਂ ਕਹਾਣੀਆਂ ਮਿਲ ਜਾਣਗੀਆਂ ਜਿੱਥੇ ਇਨ੍ਹਾਂ ਵੱਡੇ ਹਸਪਤਾਲਾਂ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਵਾਰਾਂ ਨਾਲ ਕਿਵੇਂ ਖਿਲਵਾੜ ਕੀਤਾ ਹੈ। ਇਕ ਕੇਸ ਵਿਚ ਤਾਂ ਮਰੇ ਹੋਏ ਬੰਦੇ ਨੂੰ ਬੈੱਡ ਉੱਪਰ ਰੱਸੇ ਨਾਲ ਬੰਨ੍ਹਿਆਂ ਹੋਇਆ ਸੀ ਤਾਂ ਕਿ ਘਰ ਵਾਲੇ ਬਿੱਲ ਦਿਤੇ ਬਿਗ਼ੈਰ ਨਾ ਲੈ ਜਾਣ ਕਿਉਂਕਿ ਮੋਟੇ ਬਿੱਲ ਦਾ ਝਗੜਾ ਸੀ। ਕਿਸੇ ਐਮਰਜੰਸੀ ਵੇਲੇ ਨੇੜੇ ਦੇ ਹਸਪਤਾਲ ਵਾਲੇ ਬੇਲੋੜੇ ਟੈਸਟ ਕਰ ਕਰ ਕੇ ਕੀਮਤੀ ਸਮਾਂ ਬਰਬਾਦ ਕਰ ਦਿੰਦੇ ਹਨ ਤੇ ਆਪਣਾ ਬਿੱਲ ਬਣਾ ਕੇ ਕਹਿ ਦਿੰਦੇ ਹਨ ਕਿ ਹੁਣ ਮਰੀਜ਼ ਨੂੰ ਕਿਸੇ ਹੋਰ ਹਸਪਤਾਲ ਲੈ ਜਾਉ, ਜਦ ਨੂੰ ਮਰੀਜ਼ ਦੇ ਬਚਣ ਦੇ ਚਾਂਸ ਬਹੁਤ ਘਟ ਜਾਂਦੇ ਹਨ।
ਇਕ ਵਾਕਿਆ ਇੱਥੇ ਦੱਸਣਾ ਕੁਥਾਂ ਨਹੀਂ ਹੋਵੇਗਾ। ਇੰਗਲੈਂਡ ਤੋਂ ਇਕ ਬਜ਼ੁਰਗ਼ ਜੋੜਾ ਪੰਜਾਬ ਗਿਆ। ਮਾਈ ਬਿਮਾਰ ਹੋ ਗਈ। ਕਿਸੇ ਸੱਜਣ ਦੀ ਸਿਫ਼ਾਰਸ਼ ‘ਤੇ ਇਕ ਕਲਿਨਕ ‘ਚ ਭਰਤੀ ਕਰਾ ਦਿਤੀ ਗਈ। ਬਸ ਫੇਰ ਕੀ ਸੀ, ਡਾਕਟਰ ਪਰਚੀ ਤੇ ਪਰਚੀ ਲਿਖੀ ਜਾਣ ਦਵਾਈਆਂ ਵਾਸਤੇ। ਬਜ਼ੁਰਗ਼ ਸੋਚੇ ਪਈ ਏਨੇ ਟੀਕੇ, ਏਨੀਆਂ ਦਵਾਈਆਂ ਕੀ ਸਭ ਕੁਝ ਉਹਦੀ ਘਰ ਵਾਲੀ ਲਈ ਹੀ ਹਨ। ਉਹਨੇ ਸੋਚਿਆ ਝਗੜਾ ਕਰਨ ਨਾਲੋਂ ਇਨ੍ਹਾਂ ਤੋਂ ਛੁੱਟੀ ਲਈਏ। ਪਰ ਡਾਕਟਰ ਉਨ੍ਹਾਂ ਨੂੰ ਹੋਰ ਡਰਾਉਣ ਕਿ ਫਲਾਣੇ ਕਾਨੂੰਨ ਮੁਤਾਬਕ ਉਹ ਜਾ ਨਹੀਂ ਸਕਦੇ। 
ਬਜ਼ੁਰਗ਼ ਦਾ ਇਕ ਰਿਸ਼ਤੇਦਾਰ ਉੱਚ ਪੁਲਿਸ ਅਫ਼ਸਰ ਸੀ। ਕਿਸੇ ਤਰ੍ਹਾਂ ਉਹਦਾ ਨੰਬਰ ਲੱਭ ਕੇ ਉਸ ਨੂੰ ਫ਼ੂਨ ਕੀਤਾ ਤੇ ਸਾਰੀ ਗੱਲ ਦੱਸੀ। ਉਸ ਨੇ ਕੁਦਰਤੀਂ ਅਗਲੇ ਦਿਨ ਕਿਸੇ ਮੀਟਿੰਗ ਲਈ ਉਸੇ ਸ਼ਹਿਰ ਆਉਣਾ ਸੀ। ਉਹ ਜਦੋਂ ਆਇਆ ਤਾਂ ਇਕ ਵਾਰੀ ਤਾਂ ਭਾਜੜ ਪੈ ਗਈ ਹਸਪਤਾਲ ‘ਚ। ਬਜ਼ੁਰਗ਼ ਨੇ ਇਕ ਕੰਮ ਕੀਤਾ ਹੋਇਆ ਸੀ ਕਿ ਦਵਾਈਆਂ ਦੀਆਂ ਸਾਰੀਆਂ ਰਸੀਦਾਂ ਸੰਭਾਲ ਕੇ ਰੱਖੀਆਂ ਹੋਈਆਂ ਸਨ। ਪੁਲਿਸ ਅਫ਼ਸਰ ਵੀ ਦੰਗ ਰਹਿ ਗਿਆ ਦੇਖ ਕੇ ਕਿ ਤਿੰਨ ਚਾਰ ਦਿਨਾਂ ‘ਚ ਹੀ ‘ਟੋਕਰਾ’ ਦਵਾਈਆਂ ਦਾ ਡਾਕਟਰਾਂ ਨੇ ਮੰਗਵਾ ਲਿਆ ਸੀ। ਹਸਪਤਾਲ ਦੇ ਮਾਲਕਾਂ ਨੇ ਬੜੀਆਂ ਸਫ਼ਾਈਆਂ ਦਿਤੀਆਂ ਪਰ ਕੋਈ ਪੇਸ਼ ਨਾ ਗਈ। ਪੁਲਿਸ ਅਫ਼ਸਰ ਨੇ ਉਨ੍ਹਾਂ ਅੱਗੇ ਸ਼ਰਤ ਰੱਖੀ ਕਿ ਜੇ ਦੋ ਡਾਕਟਰਾਂ ਦਾ ਆਜ਼ਾਦ ਪੈਨਲ ਕਹਿ ਦੇਵੇ ਕਿ ਇਹ ਸਾਰੀਆਂ ਦਵਾਈਆਂ ਮਾਈ ਦੀ ਬਿਮਾਰੀ ਲਈ ਹਨ ਤਾਂ ਉਹ ਮੰਨ ਲੈਣਗੇ। 
ਅਖੀਰ ਹਸਪਤਾਲ ਵਾਲਿਆਂ ਨੇ ਹਾਰ ਮੰਨੀ।
ਦੁਨੀਆਂ ਦੀ ਚੌਥੀ ਵੱਡੀ ਅਰਥ-ਵਿਵਸਥਾ ਵਲ ਵਧ ਰਹੇ ਦੇਸ਼ ਨੂੰ ਕੀ ਲੋਕਾਂ ਦੀਆਂ ਇਹ ਮੁਸ਼ਕਿਲਾਂ ਨਹੀਂ ਦਿਸਦੀਆਂ? ਪਰ ਉਨ੍ਹਾਂ ਨੂੰ ਇਹ ਮੁਸ਼ਕਿਲਾਂ ਕਿਉਂ ਦਿਸਣਗੀਆਂ ਕਿਉਂਕਿ ਇਸ ਤੰਤਰ ਨੂੰ ਚਲਾਉਣੇ ਵਾਲੇ ਸਭ ਚੱਟੇ-ਵੱਟੇ ਇਕੋ ਹੀ ਹਨ।
ਨਿਰਮਲ ਸਿੰਘ ਕੰਧਾਲਵੀ