
ਬੀਬੀਆਂ ਦਾ ਏ.ਟੀ.ਐੱਮ. - ਨਿਰਮਲ ਸਿੰਘ ਕੰਧਾਲਵੀ
ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਆਪਣੇ ਸਾਜ਼ਿੰਦਿਆਂ ਨਾਲ ਕਾਰ ‘ਚ ਬੈਠੇ ਤੇ ਆਪਣੇ ਗੜਵਈ ਨੱਥਾ ਸਿੰਘ ਨੂੰ ਸੰਬੋਧਨ ਹੋ ਕੇ ਬੋਲੇ, “ਨੱਥਾ ਸਿਆਂ ਅੱਜ ਬੀਬੀਆਂ ਦੇ ਏ.ਟੀ.ਐਮ. ਵਲੋਂ ਕੰਮ ਢਿੱਲਾ ਜਿਹਾ ਹੀ ਰਿਹਾ, ਪਰਸ ਉਵੇਂ ਨਹੀਂ ਖੁੱਲ੍ਹੇ ਜਿੱਦਾਂ ਅੱਗੇ ਖੁੱਲ੍ਹਦੇ ਹੁੰਦੇ ਆ,” ਬਾਬਾ ਜੀ ਨੇ ਬੀਬੀਆਂ ਦੀ ਸੰਗਤ ਨੂੰ ਏ.ਟੀ.ਐਮ. ਦਾ ਨਾਮ ਦਿਤਾ ਹੋਇਆ ਸੀ ਕਿਉਂਕਿ ਬਾਬਾ ਜੀ ਜਦ ਕਥਾ ਵਖਿਆਨ ਵਿਚ ਝੂਠ ਸੱਚ ਦੇ ਗੱਪ ਗਪੌੜਿਆਂ ਵਾਲ਼ੀਆਂ ਕਹਾਣੀਆਂ, ਵਿਸ਼ੇਸ਼ ਕਰ ਕਿਸੇ ਬੀਬੀ ਦੇ ਪੁੱਤਰ ਨਾ ਹੋਣ ਕਰ ਕੇ ਬੜੇ ਰੋਣਹਾਕੇ ਅੰਦਾਜ਼ ‘ਚ ਸੁਣਾਉਂਦੇ ਤਾਂ ਬੀਬੀਆਂ ਦੇ ਪਰਸ ਆਪ-ਮੁਹਾਰੇ ਖੁੱਲ੍ਹਣ ਲਈ ਬੇਕਰਾਰ ਹੋ ਜਾਂਦੇ ਸਨ।
ਸਿਆਣੇ ਸੱਚ ਹੀ ਕਹਿੰਦੇ ਹਨ ਕਿ ਇਹ, ਪੀਰ, ਬਾਬੇ, ਕਰਨੀ ਵਾਲੇ ਮਹਾਂਪੁਰਸ਼ ਆਪ ਨਹੀਂ ਉਡਦੇ, ਇਨ੍ਹਾਂ ਨੂੰ ਉਡਾਉਣ ਵਾਲੇ ਇਨ੍ਹਾਂ ਦੇ ਚੇਲੇ- ਬਾਲਕੇ ਹੁੰਦੇ ਹਨ ਜੋ ਇਨ੍ਹਾਂ ਦੇ ਨਾਮ ਨਾਲ ਕਰਾਮਾਤੀ ਘਟਨਾਵਾਂ ਜੋੜਦੇ ਹਨ। ਉਨ੍ਹਾਂ ਕਹਾਣੀਆਂ ਵਿਚ ਕਿਸੇ ਵਿਅਕਤੀ ਦਾ ਨਾਮ, ਉਹਦਾ ਥਹੁ- ਟਿਕਾਣਾ ਆਦਿ ਨਹੀਂ ਦੱਸਿਆ ਹੁੰਦਾ ਬਸ ਕਹਾਣੀ ਇਉਂ ਹੁੰਦੀ ਹੈ ਕਿ ਇਕ ਪਿੰਡ ‘ਚ ਇਕ ਬੰਦੇ ਦੀ ਮੱਝ ਸਿਰਫ਼ ਕੱਟੇ ਹੀ ਦਿੰਦੀ ਸੀ, ਬਾਬਾ ਜੀ ਦੀ ਕਿਰਪਾ ਤੋਂ ਬਾਅਦ ਮੁੜ ਕੱਟਾ ਨਹੀਂ ਹੋਇਆ ਤੇ ਉਹ ਬੰਦਾ ਹੁਣ ਕੱਟੀਆਂ ਵੇਚ ਵੇਚ ਕੇ ਹੀ ਕਰੋੜਪਤੀ ਹੋ ਗਿਆ। ਕੌਣ ਨਹੀਂ ਬਣਨਾ ਚਾਹੇਗਾ ਕਰੋੜਪਤੀ ਬਈ? ਤੇ ਦੁਨੀਆਂ ਭੇਡ –ਚਾਲ ਦੀ ਤਰ੍ਹਾਂ ਲੱਗ ਤੁਰਦੀ ਐ ਮਗਰ। ਇੰਜ ਹੀ ਇਕ ਇਸ ਤਰ੍ਹਾਂ ਦਾ ਗਪੌੜ ਛੱਡਣਗੇ ਕਿ ਇਕ ਬੰਦੇ ਦਾ ਕੈਂਸਰ ਅਮਰੀਕਾ ਤੱਕ ਠੀਕ ਨਹੀਂ ਹੋਇਆ, ਬਾਬਾ ਜੀ ਦੀ ਇਕ ਨਜ਼ਰ ਸਵੱਲੀ ਹੋਈ, ਬਸ ਉਹ ਬੰਦਾ ਅੱਜ ਹੋਰ ਕੱਲ੍ਹ ਹੋਰ।
ਨੱਥਾ ਸਿਉਂ ਬੋਲਿਆ, “ ਬਾਬਾ ਜੀ, ਪੰਗਾ ਤਾਂ ਤੁਸੀਂ ਆਪ ਲਿਆ, ਏ.ਟੀ.ਐੱਮ. ‘ਚ ਪਾਸਕੋਡ ਹੀ ਗ਼਼ਲਤ ਪਾ ‘ਤਾ, ਕੀ ਲੋੜ ਸੀ ਭਗਤ ਧੰਨੇ ਜੱਟ ਦੀ ਗੱਲ ਛੇੜਨ ਦੀ?”
ਗੱਲ ਅਸਲ ‘ਚ ਇੰਜ ਹੋਈ ਕਿ ਆਰਤੀ ਦੀ ਕਥਾ ਕਰਦਿਆਂ ਜਦੋਂ ਤੁਕ ਆਈ ‘ਘਰ ਕੀ ਗੀਹਨ ਚੰਗੀ ਜਨ ਧਨਾ ਲੇਵੈ ਮੰਗੀ’ ਬਸ ਇਥੋਂ ਹੀ ਬਾਬਾ ਜੀ ਪੈ ਗਏ ਹੋਰ ਰਾਹੇ ਪਈ ਜੇ ਮਾੜੀਆਂ ਔਰਤਾਂ ਹੁੰਦੀਆਂ ਹਨ ਤਾਂ ਹੀ ਧੰਨੇ ਨੇ ਚੰਗੀ ਔਰਤ ਮੰਗੀ ਐ। ਬਾਬਾ ਜੀ ਜਾ ਵੜੇ ਆਪਣੀ ਜਵਾਨੀ ਦੇ ਦਿਨਾਂ ਵਿਚ। ‘ਕੱਲਾ ‘ਕੱਲਾ ਮੁੰਡਾ ਤੇ ਉਹ ਵੀ ਮਾਂ ਦਾ ਵਿਗਾੜਿਆ ਹੋਇਆ। ਹਰੇਕ ਨੂੰ ਟਿੱਚ ਜਾਣੇ। ਨਿੱਤ ਨਵੇਂ ਉਲਾਂਭੇ। ਧੀਆਂ ਭੈਣਾਂ ਦੀ ਇੱਜ਼ਤ ਨੂੰ ਕੱਖ ਨਾ ਜਾਣੇ। ਮਾਂ ਪਿਉ ਨੇ ਸੋਚਿਆ ਇਹਨੂੰ ਕਿੱਲੇ ਨਾਲ ਬੰਨ੍ਹ ਦੇਈਏ, ਆਪੇ ਸੁਧਰ ਜਾਵੇਗਾ। ਸੋ, ਇਹਨੂੰ ਦਸਵੀਂ ਫੇਲ੍ਹ ਢੱਗੇ ਨੂੰ ਬਾਰ੍ਹਵੀਂ ਪਾਸ ਕੁੜੀ ਨਾਲ ਵਿਆਹ ਦਿਤਾ। ਇਹਨੇ ਉਸ ਕੁੜੀ ਦਾ ਜਿਊਣਾ ਵੀ ਮੁਹਾਲ ਕਰ ਦਿਤਾ। ਉਸ ਨੇ ਟਿੱਲ ਲਾ ਲਿਆ ਇਹਨੂੰ ਸਹੀ ਰਾਸਤੇ ‘ਤੇ ਲਿਆਉਣ ਲਈ ਪਰ ਉਹਦੀ ਕੋਈ ਪੇਸ਼ ਨਾ ਗਈ। ਇਹ ਹਰੇਕ ਗੱਲ ‘ਚ ਉਸ ਨੂੰ ਹੀ ਦੋਸ਼ੀ ਠਹਿਰਾਇਆ ਕਰੇ। ਬਸ ਇਕੋ ਗੱਲ ਚਾਹੁੰਦਾ ਕਿ ਆਪ ਜੋ ਮਰਜ਼ੀ ਕਰੇ, ਪਤਨੀ ਰੱਬ ਵਾਂਗ ਉਹਦੀ ਪੂਜਾ ਕਰੇ। ਕਿਤੇ ਦੋ ਬੰਦਿਆਂ ‘ਚ ਬਹਿੰਦਾ ਤਾਂ ਔਰਤ ਜ਼ਾਤ ਨੂੰ ਹੀ ਭੰਡਦਾ ਰਹਿੰਦਾ।
ਔਖੇ ਸੌਖੇ ਦੋ ਕੁ ਸਾਲ ਲੰਘੇ ਤੇ ਅਖੀਰ ਛੱਡ ਛਡਾਈਆ ਹੋ ਗਿਆ ਤੇ ਇਹ ਘਰੋਂ ਨਿੱਕਲ ਕੇ ਪੰਜ ਸੱਤ ਸਾਲ ਡੇਰਿਆਂ ਆਦਿ ‘ਚ ਘੁੰਮਦਾ ਰਿਹਾ, ਰੂਪ ਬਦਲ ਲਿਆ ਤੇ ਵਾਜਾ ਵਜਾਉਣਾ, ਮਾੜੀ ਮੋਟੀ ਕਥਾ ਕਰਨੀ ਵੀ ਸਿੱਖ ਲਈ। ਇਕ ਦੋ ਸੱਜਣ ਮਿਲੇ ਜਿਨ੍ਹਾਂ ਨੇ ਇਸ ਨੂੰ ਸੰਗਤ ‘ਚੋਂ ਮਾਇਆ ਖਿੱਚਣ ਦੇ ਗੁਰ ਵੀ ਸਮਝਾ ਦਿਤੇ। ਇਕ ਡੇਰੇ ‘ਚੋਂ ਇਸ ਨੂੰ ਚੁਸਤ ਚਾਲਾਕ ਤੇ ਗੱਲਕਾਰ ਬੰਦਾ ਨੱਥਾ ਸਿੰਘ ਮਿਲ ਗਿਆ ਤੇ ਢੋਲਕੀ ਅਤੇ ਚਿਮਟੇ ਵਾਲਾ ਇਹਨੇ ਇਕ ਹੋਰ ਜਥੇ ‘ਚੋਂ ਖਿੱਚ ਲਏ। ਆਪਣੇ ਜੱਦੀ ਪਿੰਡ ਤੋਂ 80-90 ਮੀਲ ਦੂਰ ਹੌਲੀ ਹੌਲੀ ਆਪਣਾ ਪਰਚਾਰ ਦਾ ਜੁਗਾੜ ਫਿੱਟ ਕਰ ਲਿਆ ਤੇ ਕੰਮ ਵਾਹਵਾ ਚੱਲ ਨਿੱਕਲਿਆ।
ਅੱਜ ਬਸ ਇਕੋ ਗ਼ਲਤੀ ਕਰ ਗਿਆ ਬਾਬਾ ਕਿ ‘ਮਾੜੀਆਂ’ ਔਰਤਾਂ ਨੂੰ ਨਿੰਦਦੇ ਨਿੰਦਦੇ ਉਸਨੇ ਐਕਸੀਲੇਟਰ ਪੂਰਾ ਹੀ ਦੱਬ ਰੱਖਿਆ। ਬਾਬਾ ਪੂਰਾ ਸਹਿਮਤ ਸੀ ਨੱਥਾ ਸਿੰਘ ਦੇ ਵਿਚਾਰ ਨਾਲ ਪਰ ਹੁਣ ਕੀ ਹੋ ਸਕਦਾ ਸੀ। ਬਾਬਾ ਹੁਣ ਸੋਚੀਂ ਪਿਆ ਹੋਇਆ ਸੀ ਕਿ ਕੱਲ੍ਹ ਨੂੰ ਹੋਣ ਵਾਲੇ ਪ੍ਰੋਗਰਾਮ ਵਿਚ ਬੀਬੀਆਂ ਦੇ ਏ.ਟੀ.ਐਮ.’ਚ ਕਿਹੜਾ ਪਾਸਕੋਡ ਪਾਵੇ ਕਿ ਅੱਜ ਵਾਲਾ ਘਾਟਾ ਵੀ ਪੂਰਾ ਹੋ ਜਾਵੇ।