
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ - ਨਿਰਮਲ ਸਿੰਘ ਕੰਧਾਲਵੀ
‘ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ’ ਗੁਰਬਾਣੀ ਦੀ ਇਹ ਤੁਕ ਆਪਣੇ ਆਪ ਹੀ ਇਸ ਦੇ ਅਰਥ ਬਿਆਨ ਕਰਦੀ ਹੈ। ਆਮ ਤੌਰ ‘ਤੇ ਵੀ ਕਹਿ ਦਿਤਾ ਜਾਂਦਾ ਹੈ ਕਿ ਜੋ ਬੀਜੋਗੇ ਉਹੀ ਵੱਢੋਗੇ। ਤਕਰੀਬਨ ਹਰੇਕ ਸਭਿਆਚਾਰ ‘ਚ ਇਹ ਵਿਚਾਰ ਪ੍ਰਗਟ ਕੀਤਾ ਜਾਂਦਾ ਹੈ ਕਿ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਹੀ ਫਲ ਉਸ ਨੂੰ ਮਿਲਦਾ ਹੈ।
ਇਸ ਸਬੰਧੀ ਇੱਥੇ ਮੈਂ ਆਪਣੇ ਨਾਲ ਵਾਪਰੀਆਂ ਦੋ ਘਟਨਾਵਾਂ ਦਾ ਜ਼ਿਕਰ ਕਰਨਾ ਚਾਹਾਂਗਾ, ਜਿਨ੍ਹਾਂ ਦਾ ਆਪਸ ਵਿਚ ਬਹੁਤ ਡੂੰਘਾ ਸਬੰਧ ਹੈ। ਪਹਿਲੀ ਘਟਨਾ ਤਾਂ ਅਜੇ ਚਾਰ ਹਫ਼ਤੇ ਪਹਿਲਾਂ ਯਾਨੀ ਕਿ 20 ਅਪ੍ਰੈਲ 2026 ਨੂੰ ਮੇਰੇ ਨਾਲ ਵਾਪਰੀ ਹੈ ਤੇ ਦੂਸਰੀ ਸੰਨ 1969 ਦੀ ਹੈ। ਦੋਨਾਂ ਘਟਨਾਵਾਂ ਦਾ ਜ਼ਿਕਰ ਪੜ੍ਹ ਕੇ ਪਾਠਕ ਇਨ੍ਹਾਂ ਦੇ ਆਪਸੀ ਸਬੰਧ ਬਾਰੇ ਸਮਝ ਜਾਣਗੇ। ਪਹਿਲਾਂ ਜ਼ਿਕਰ ਹੈ ਚਾਰ ਹਫ਼ਤੇ ਪਹਿਲਾਂ ਵਾਪਰੀ ਘਟਨਾ ਦਾ।
ਸੰਨ 2024 ‘ਚ ਮੇਰੇ ਦੋ ਸਟੈਂਟ ਪਏ ਸਨ ਪਰ ਦੋ ਸਾਲ ਦੇ ਵਿਚ ਵਿਚ ਹੀ ਦਿਲ ਦੀ ਉਹੋ ਹੀ ਤਕਲੀਫ਼ ਦੁਬਾਰਾ ਫੇਰ ਹੋ ਗਈ। ਮੈਂ ਕਾਰਡਿਆਲੋਜਿਸਟ ਨੂੰ ਕਿਹਾ ਕਿ ਉਹ ਮੇਰੀ ਬਾਈਪਾਸ ਸਰਜਰੀ ਕਰ ਦੇਣ। ਉਨ੍ਹਾਂ ਨੇ ਕੁਝ ਟੈਸਟ ਕੀਤੇ ਤੇ ਦੱਸਿਆ ਕਿ ਕੁਝ ਕਾਰਨਾਂ ਕਰ ਕੇ ਬਾਈਪਾਸ ਸਰਜਰੀ ਕਰਨੀ ਖ਼ਤਰੇ ਤੋਂ ਖ਼ਾਲੀ ਨਹੀਂ। ਮੈਂ ਕਿਹਾ ਕਿ ਮੈਂ ਕਿਸੇ ਸੀਨੀਅਰ ਕਾਰਡਿਆਲੋਜਿਸਟ ਨਾਲ ਮੁਲਾਕਾਤ ਕਰ ਕੇ ਉਸ ਦੀ ਵੀ ਰਾਇ ਲੈਣੀ ਚਾਹੁੰਦਾ ਹਾਂ। ਡਾਕਟਰ ਨੇ ਮੇਰਾ ਕੇਸ ਸੀਨੀਅਰ ਕਾਰਡਿਆਲੋਜਿਸਟ ਕੋਲ ਭੇਜ ਦਿਤਾ ਤੇ ਮੈਨੂੰ ਵੀ ਚਿੱਠੀ ਦੀ ਕਾਪੀ ਆ ਗਈ।। ਇਕ ਮਹੀਨਾ ਉਡੀਕ ਕੇ ਮੈਂ ਦਿਤੇ ਹੋਏ ਨੰਬਰ ‘ਤੇ ਫ਼ੂਨ ਕੀਤਾ। ਉਧਰੋਂ ਰਿਕਾਰਡ ਕੀਤਾ ਹੋਇਆ ਮੈਸੇਜ ਕਿ ਆਪਣਾ ਨਾਮ ਪਤਾ ਅਤੇ ਟੈਲੀਫ਼ੂਨ ਨੰਬਰ ਛੱਡੋ, ਤੁਹਾਨੂੰ ਵਾਪਸ ਫ਼ੂਨ ਕੀਤਾ ਜਾਵੇਗਾ। ਪਰ ਅਨੇਕਾਂ ਵਾਰੀ ਫ਼ੂਨ ਕਰਨ ਦੇ ਬਾਵਜੂਦ ਵੀ ਕਿਸੇ ਨੇ ਵਾਪਸੀ ਫ਼ੂਨ ਨਾ ਕੀਤਾ। ਤਿੰਨ ਮਹੀਨੇ ਲੰਘ ਗਏ। ਅਖੀਰ ਅੱਕ ਕੇ ਮੈਂ ਇਕ ਦਿਨ ਥੋੜ੍ਹੇ ਸਖ਼ਤ ਲਫ਼ਜ਼ਾਂ ‘ਚ ਸੁਨੇਹਾ ਛੱਡਿਆ ਤਾਂ 20 ਅਪ੍ਰੈਲ 2026 ਨੂੰ ਸਾਢੇ ਦਸ ਵਜੇ ਦਾ ਮੁਲਾਕਾਤ ਦਾ ਸਮਾਂ ਮਿਲ ਗਿਆ।
ਹਸਪਤਾਲਾਂ ‘ਚ ਅੱਜ ਕਲ ਕਾਰ ਪਾਰਕਿੰਗ ਦੀ ਬੜੀ ਮੁਸ਼ਕਿਲ ਆਉਂਦੀ ਹੈ, ਸੋ ਮੈਂ ਸੋਚਿਆ ਕਿ ਮੈਂ ਕਾਰ ਗੁਰਦੁਆਰਾ ਸਾਹਿਬ ਦੇ ਕਾਰ ਪਾਰਕ ’ਚ ਖੜ੍ਹੀ ਕਰ ਦੇਵਾਂਗਾ ਤੇ ਉੱਥੋਂ ਬੱਸ ਫੜ ਕੇ, ਹਸਪਤਾਲ ਚਲਿਆ ਜਾਵਾਂਗਾ ਜੋ ਕਿ ਸਿਰਫ਼ ਦੋ ਕੁ ਸਟਾਪ ਹੀ ਅੱਗੇ ਹੈ। ਉਸ ਦਿਨ ਬੱਸ ਪਾਸ ਪਤਾ ਨਹੀਂ ਕਿੱਥੇ ਰੱਖ ਲਿਆ, ਲੱਭਿਆ ਨਹੀਂ, ਸੋ ਵਿਚਾਰ ਬਦਲ ਲਿਆ ਕਿ ਕਾਰ ਹੀ ਲੈ ਜਾਣੀ ਹੈ, ਪੰਦਰਾਂ ਵੀਹ ਮਿੰਟ ਪਹਿਲਾਂ ਚਲਾ ਜਾਵਾਂਗਾ। ਤੀਸਰੀ ਵਾਰੀ ਫੇਰ ਵਿਚਾਰ ਬਦਲ ਲਿਆ ਕਿ ਅੱਜ ਕਾਰ ਵੀ ਨਹੀਂ ਲੈ ਕੇ ਜਾਣੀ, ਟੈਕਸੀ ‘ਤੇ ਜਾਵਾਂਗਾ। ਸੋ, ਟੈਕਸੀ ਆਰਡਰ ਕਰ ਦਿਤੀ। ਟੈਕਸੀ ਵਾਲ਼ਾ ਪੰਜ ਮਿੰਟ ਪਹਿਲਾਂ ਹੀ ਆ ਗਿਆ। ਮੈਂ ਜਾਣ ਲਈ ਬਿਲਕੁਲ ਤਿਆਰ ਬੈਠਾ ਸਾਂ ਕਿ ਅਚਾਨਕ ਛਾਤੀ ‘ਚ ਤੇਜ਼ ਦਰਦ ਨੇ ਆ ਦਬੋਚਿਆ। ਮੈਂ ਉਸੇ ਹਾਲਤ ‘ਚ ਹੀ 999 ਨੰਬਰ ਘੁਮਾ ਦਿਤਾ ਤੇ ਆਪਣੀ ਪੂਰੀ ਜਾਣਕਾਰੀ ਦੇਣ ‘ਚ ਕਾਮਯਾਬ ਰਿਹਾ। ਪੰਜ ਮਿੰਟ ਤੋਂ ਪਹਿਲਾਂ ਪਹਿਲਾਂ ਹੀ ਐਂਬੂਲੈਂਸ ਪਹੁੰਚ ਗਈ ਤੇ ਉਨ੍ਹਾਂ ਫ਼ਸਟ ਏਡ ਦਿਤੀ ਤੇ ਮੈਨੂੰ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਮੈਨੂੰ ਹਾਰਟ ਅਟੈਕ ਹੋਇਆ ਸੀ, ਗ਼ਨੀਮਤ ਇਹ ਰਹੀ ਕਿ ਬਹੁਤ ਜਲਦੀ ਫ਼ਸਟ ਏਡ ਮਿਲਣ ਕਰ ਕੇ ਬਚਾਅ ਹੋ ਗਿਆ ਸੀ ਨਹੀਂ ਮਸਲਾ ਗੰਭੀਰ ਵੀ ਹੋ ਸਕਦਾ ਸੀ, ਮਲਟੀਪਲ ਅਟੈਕ ਹੋ ਸਕਦੇ ਸਨ। ਖ਼ੈਰ, ਕੁਝ ਦਿਨ ਬਾਅਦ ਮੇਰੀ ਬਾਈਪਾਸ ਸਰਜਰੀ ਹੋ ਗਈ ਤੇ ਹੁਣ ਮੈਂ ਘਰ ਆ ਗਿਆ ਹਾਂ ਤੇ ਹੌਲ਼ੀ ਹੌਲ਼ੀ ਸਿਹਤਯਾਬ ਹੋ ਰਿਹਾ ਹਾਂ।
ਮੈਂ ਅਜੇ ਵੀ ਸੋਚੀ ਜਾ ਰਿਹਾ ਹਾਂ ਕਿ ਉਹ ਕਿਹੜੀ ਅਦਿੱਖ ਸ਼ਕਤੀ ਸੀ ਜਿਸ ਨੇ ਮੇਰੇ ਕੋਲੋਂ ਤਿੰਨ ਵਾਰੀ ਫ਼ੈਸਲਾ ਬਦਲਵਾਇਆ ਕਿ ਹਸਪਤਾਲ ਕਿਵੇਂ ਜਾਵਾਂ। ਜੇ ਮੈਂ ਕਾਰ ਵਿਚ ਜਾਂਦਾ, ਬੱਸ ਵਿਚ ਬੈਠਾ ਹੁੰਦਾ ਜਾਂ ਟੈਕਸੀ ‘ਚ ਜਾਂਦਿਆਂ ਰਾਹ ਵਿਚ ਇਹ ਭਾਣਾ ਵਾਪਰ ਜਾਂਦਾ ਤਾਂ ਕੀ ਮੈਨੂੰ ਇੰਨੀ ਜਲਦੀ ਫ਼ਸਟ-ਏਡ ਮਿਲ ਸਕਦੀ ਸੀ? ਕਾਰ ਚਲਾਉਂਦਿਆਂ ਹਾਰਟ ਅਟੈਕ ਹੋ ਜਾਂਦਾ ਤਾਂ ਹਾਦਸਾ ਵੀ ਹੋ ਸਕਦਾ ਸੀ।
ਹੁਣ ਦੂਸਰੀ ਘਟਨਾ ਜੋ ਅੱਜ ਤੋਂ ਤਕਰੀਬਨ ਛਪੰਜਾ ਸਾਲ ਪਹਿਲਾਂ ਵਾਪਰੀ। ਲੁਧਿਆਣੇ ਗਵਰਨਮੈਂਟ ਕਾਲਜ ‘ਚ ਪੜ੍ਹਦਾ ਸਾਂ। ਲਾਲਾ ਸ਼ਾਮ ਲਾਲ ਦੇ ਮਕਾਨ ‘ਚ ਕਮਰਾ ਕਿਰਾਏ ‘ਤੇ ਲਿਆ ਹੋਇਆ ਸੀ। ਭਲੇ ਵੇਲਿਆਂ ‘ਚ ਲਾਲਾ ਜੀ ਨੇ ਰੋਪੜ ਜਿਲ੍ਹੇ ਦੇ ਇਕ ਪਿੰਡੋਂ ਆ ਕੇ ਚੰਗਾ ਖੁੱਲ੍ਹਾ-ਡੁੱਲ੍ਹਾ ਪਲਾਟ ਖ਼ਰੀਦ ਕੇ ਇਕ ਆਪਣੇ ਲਈ ਤੇ ਦੋ ਪੋਰਸ਼ਨ ਕਿਰਾਏ ‘ਤੇ ਦੇਣ ਲਈ ਉਸਾਰ ਲਏ ਸਨ। ਹਰੇਕ ਪੋਰਸ਼ਨ ‘ਚ ਦੋ ਛੋਟੇ ਛੋਟੇ ਕਮਰੇ ਅਤੇ ਇਕ ਛੋਟੀ ਜਿਹੀ ਰਸੋਈ ਸੀ। ਦੋ ਗੁਸਲਖ਼ਾਨੇ ਸਨ ਜੋ ਸਭ ਦੇ ਸਾਂਝੇ ਸਨ। ਮੈਨੂੰ ਦੋ ਕਮਰਿਆਂ ਦੀ ਲੋੜ ਨਹੀਂ ਸੀ, ਮੇਰੀ ਲਾਲਾ ਜੀ ਨਾਲ ਗੱਲ ਮੁੱਕ ਗਈ ਸੀ ਕਿ ਮੈਂ ਇਕ ਕਮਰਾ ਹੀ ਰੱਖਾਂਗਾ ਤੇ ਕਿਰਾਇਆ ਪੂਰੇ ਪੋਰਸ਼ਨ ਦਾ ਦੇਵਾਂਗਾ। ਲਾਲਾ ਜੀ ਖ਼ੁਸ਼ ਸਨ ਕਿ ਉਨ੍ਹਾਂ ਨੂੰ ਪੂਰੇ ਪੋਰਸ਼ਨ ਦਾ ਕਿਰਾਇਆ ਮਿਲ ਰਿਹਾ ਸੀ ਨਹੀਂ ਤਾਂ ਸ਼ਹਿਰਾਂ ‘ਚ ਇਕੱਲੇ ਬੰਦੇ ਨੂੰ ਛੇਤੀ ਕੀਤੇ ਮਾਲਕ ਮਕਾਨ ਕਮਰਾ ਕਿਰਾਏ ‘ਤੇ ਨਹੀਂ ਦਿੰਦੇ।
ਮਹੀਨੇ ਕੁ ਬਾਅਦ ਹੀ ਖਾਲੀ ਪਿਆ ਪੋਰਸ਼ਨ ਇਕ ਹਰਿਆਣਵੀ ਜੋੜੇ ਨੇ ਲੈ ਲਿਆ। ਬੰਦਾ ਬਿਜਲੀ ਮਹਿਕਮੇ ‘ਚ ਕੰਮ ਕਰਦਾ ਸੀ। ਉਹਦੇ ਘਰ ਵਾਲ਼ੀ ਹਰਿਆਣੇ ਦੇ ਕਿਸੇ ਬਹੁਤ ਹੀ ਪੇਂਡੂ ਇਲਾਕੇ ‘ਚੋਂ ਸੀ। ਉਸ ਦੀ ਭਾਸ਼ਾ ਸਾਨੂੰ ਕਿਸੇ ਨੂੰ ਵੀ ਸਮਝ ਨਾ ਪੈਂਦੀ। ਇਕ ਉਨ੍ਹਾਂ ਦਾ ਢਾਈ ਤਿੰਨ ਸਾਲ ਦਾ ਬੱਚਾ ਸੀ। ਪਗੜੀਧਾਰੀ ਬੰਦਿਆਂ ਤੋਂ ਪਤਾ ਨਹੀਂ ਉਸ ਜ਼ਨਾਨੀ ਨੂੰ ਕਿਉਂ ਏਨੀ ਨਫ਼ਰਤ ਸੀ? ਜਦੋਂ ਕਦੇ ਵੀ ਉਸ ਦੀ ਨਿਗਾਹ ਮੇਰੇ ‘ਤੇ ਪੈਂਦੀ ਤਾਂ ਬਸ ਉਹਦੀਆਂ ਅੱਖਾਂ ‘ਚ ਨਫ਼ਰਤ ਦੇ ਭਾਂਬੜ ਹੀ ਦਿਸਦੇ। ਮੈਂ ਹਮੇਸ਼ਾ ਉਸ ਤੋਂ ਨਜ਼ਰਾਂ ਚੁਰਾਉਂਦਾ ਰਹਿੰਦਾ। ਚੰਗੀ ਗੱਲ ਇਹ ਸੀ ਕਿ ਉਸ ਨੇ ਇਕ ਪੈਰ ‘ਚ ਝਾਂਜਰ ਪਾਈ ਹੋਈ ਸੀ ਤੇ ਪਤਾ ਲੱਗ ਜਾਂਦਾ ਸੀ ਕਿ ਉਹ ਵਿਹੜੇ ‘ਚ ਘੁੰਮ ਰਹੀ ਹੈ। ਮੈਂ ਬਹੁਤਾ ਸਮਾਂ ਤਾਂ ਆਪਣੇ ਕਮਰੇ ‘ਚ ਹੀ ਕਿਤਾਬਾਂ ‘ਚ ਖੁੱਭਿਆ ਰਹਿੰਦਾ ਸਾਂ। ਬਿਨਾਂ ਲੋੜ ਤੋਂ ਮੈਂ ਵਿਹੜੇ ‘ਚ ਵੀ ਨਾ ਨਿਕਲਦਾ।
ਇਕ ਦਿਨ ਮੈਂ ਕਾਲਜ ਤੋਂ ਆਇਆ ਤਾਂ ਉਹ ਵਿਹੜੇ ‘ਚ ਲੜਕੇ ਆਪਣੇ ਨੂੰ ਪੱਟਾਂ ‘ਚ ਪਾਈ ਡੁਸਕੀ ਜਾਵੇ। ਮਕਾਨ ਮਾਲਕਣ ਤੇ ਇਕ ਹੋਰ ਔਰਤ ਉਹਨੂੰ ਦਿਲਾਸਾ ਦੇਈ ਜਾਣ। ਪਤਾ ਨਹੀਂ ਕਿਉਂ ਮੈਂ ਹੌਸਲਾ ਕਰ ਕੇ ਨੇੜੇ ਹੋ ਕੇ ਦੇਖਿਆ ਤਾਂ ਲੜਕੇ ਦੇ ਚਿਹਰੇ ਦਾ ਰੰਗ ਬਦਲਿਆ ਹੋਇਆ ਸੀ। ਮੈਨੂੰ ਮਸਲਾ ਗੰਭੀਰ ਜਾਪਿਆ। ਮੈਂ ਉਸ ਨੂੰ ਕਿਹਾ ਕਿ ਉਹ ਮੇਰੇ ਨਾਲ ਸਾਈਕਲ ‘ਤੇ ਬੈਠੇ ਮੈਂ ਹਸਪਤਾਲ ਲੈ ਚਲਦਾ ਹਾਂ। ਪਹਿਲਾਂ ਤਾਂ ਉਹ ਹਿਚਕਚਾਈ ਪਰ ਦੂਜੀਆਂ ਔਰਤਾਂ ਦੇ ਕਹਿਣ ‘ਤੇ ਤਿਆਰ ਹੋ ਗਈ। ਉਨ੍ਹਾਂ ਦਿਨਾਂ ‘ਚ ਅੱਜ ਵਰਗੀਆਂ ਸਹੂਲਤਾਂ ਨਹੀਂ ਸਨ। ਲੈਂਡਲਾਈਨ ਫ਼ੂਨ ਵੀ ਕਿਤੇ ਕਿਤੇ ਹੀ ਹੁੰਦਾ ਸੀ, ਹਸਪਤਾਲ ਦਾ ਨੰਬਰ ਤਾਂ ਕੀਹਦੇ ਕੋਲ ਹੋਣਾ ਸੀ। ਵੈਸੇ ਵੀ ਸ਼ਹਿਰ ਵਿਚ ਹੀ ਲੋਕਲ ਕਾਲ ਮਿਲਾਉਣ ਨੂੰ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ। ਅੱਜ ਵਾਂਗ ਥਰੀਵੀਲ੍ਹਰ ਵੀ ਹਰਲ ਹਰਲ ਕਰਦੇ ਨਹੀਂ ਸਨ ਫਿਰਦੇ। ਜ਼ਿਆਦਾ ਕਰ ਕੇ ਰਿਕਸ਼ਾ ਹੀ ਵਰਤਿਆ ਜਾਂਦਾ ਸੀ ਤੇ ਉਹ ਵੀ ਮੇਨ ਸੜਕ ਤੋਂ ਮਿਲਣਾ ਸੀ ਜੋ ਇੱਥੋਂ ਦੂਰ ਸੀ।
ਉਨ੍ਹਾਂ ਦਿਨਾਂ ‘ਚ ਅੱਜ ਵਰਗਾ ਭੀੜ-ਭੜੱਕਾ ਨਹੀਂ ਸੀ ਹੁੰਦਾ ਸ਼ਹਿਰਾਂ ‘ਚ। ਨਾਲੇ ਮੇਰਾ ਤਾਂ ਉਹ ਰੋਜ਼ ਦਾ ਰੂਟ ਸੀ। ਜਿੰਨਾ ਹੋ ਸਕਦਾ ਸੀ ਮੈਂ ਤੇਜ਼ ਸਾਈਕਲ ਚਲਾਇਆ ਤੇ ਡੀ.ਐਮ.ਸੀ. ਹਸਪਤਾਲ ਦੀ ਐਮਰਜੈਂਸੀ ‘ਚ ਜਾ ਸਾਈਕਲ ਖਲ੍ਹਾਰਿਆ। ਇਕ ਡਾਕਟਰ ਕੁਝ ਲਿਖ ਰਿਹਾ ਸੀ ਅਤੇ ਦੋ ਨਰਸਾਂ ਗੱਲਾਂ ਕਰ ਰਹੀਆਂ ਸਨ। ਬੱਚੇ ਨੂੰ ਦੇਖਦਿਆਂ ਹੀ ਇਕ ਨਰਸ ਤੇ ਡਾਕਟਰ ਕਾਹਲੀ ਕਾਹਲੀ ਬੱਚੇ ਨੂੰ ਅੰਦਰ ਲੈ ਗਏ ਤੇ ਦੂਸਰੀ ਨਰਸ ਸਾਡੇ ਕੋਲੋਂ ਲੋੜੀਂਦੀ ਜਾਣਕਾਰੀ ਲੈ ਕੇ ਫਾਰਮ ਭਰਨ ਲੱਗ ਪਈ।
ਬੱਚੇ ਦੀ ਮਾਂ ਰੋਈ ਜਾ ਰਹੀ ਸੀ ਤੇ ਨਰਸ ਉਸ ਨੂੰ ਤਸੱਲੀਆਂ ਦੇ ਰਹੀ ਸੀ। ਅੱਧੇ ਕੁ ਘੰਟੇ ਬਾਅਦ ਜਦ ਬੱਚੇ ਨੂੰ ਬਾਹਰ ਲਿਆਂਦਾ ਗਿਆ ਤਾਂ, ਉਹ ਬਿਲਕੁਲ ਠੀਕ-ਠਾਕ ਸੀ ਪਰ ਘਬਰਾਇਆ ਹੋਇਆ। ਡਾਕਟਰ ਨੇ ਦੱਸਿਆ ਕਿ ਬੱਚੇ ਦੀਆਂ ਦੋਵੇਂ ਨਾਸਾਂ ਵਿਚ ਛੋਲਿਆਂ ਦੀ ਦਾਲ਼ ਦੇ ਦਾਣੇ ਫ਼ਸੇ ਹੋਏ ਸਨ। ਇਕ ਨਾਸ ਦਾ ਸਾਹ ਤਾਂ ਦਾਣੇ ਨੇ ਬਿਲਕੁਲ ਬੰਦ ਕੀਤਾ ਹੋਇਆ ਸੀ ਤੇ ਦੂਜੀ ਨਾਸ ਰਾਹੀਂ ਥੋੜ੍ਹਾ ਥੋੜ੍ਹਾ ਹੀ ਸਾਹ ਆ ਰਿਹਾ ਸੀ। ਡਾਕਟਰ ਨੇ ਦੱਸਿਆ ਜੇ ਬੱਚੇ ਨੂੰ ਲਿਆਉਣ ਵਿਚ ਥੋੜ੍ਹੀ ਦੇਰ ਹੋਰ ਹੋ ਜਾਂਦੀ ਤਾਂ ਬੱਚੇ ਦੀ ਜਾਨ ਵੀ ਜਾ ਸਕਦੀ ਸੀ ਜਾਂ ਦਿਮਾਗ਼ ‘ਚ ਗੰਭੀਰ ਨੁਕਸ ਪੈ ਸਕਦਾ ਸੀ। ਮਾਂ ਨੇ ਦੱਸਿਆ ਕਿ ਉਸ ਨੇ ਦਾਲ਼ ਧੋ ਕੇ ਮੰਜੇ ਉੱਪਰ ਸੁੱਕਣੀ ਪਾਈ ਹੋਈ ਸੀ ਜਿੱਥੋਂ ਬੱਚੇ ਨੇ ਖੇਡਦਿਆਂ ਖੇਡਦਿਆਂ ਦਾਣੇ ਨਾਸਾਂ ‘ਚ ਫ਼ਸਾ ਲਏ ਸਨ।
ਉਹ ਔਰਤ ਜੋ ਮੈਨੂੰ ਦੇਖ ਕੇ ਹੀ ਨਫ਼ਰਤ ਉਗਲਦੀ ਸੀ, ਹੁਣ ਉਸ ਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਮੇਰੇ ਨਾਲ ਨਜ਼ਰਾਂ ਮਿਲਾਵੇ। ਸਾਈਕਲ ਦੇ ਪਿੱਛੇ ਬੈਠੀ ਉਹ ਰਲ਼ਵੀ ਮਿਲਵੀਂ ਭਾਸ਼ਾ ‘ਚ ਮੇਰਾ ਧੰਨਵਾਦ ਕਰੀ ਜਾ ਰਹੀ ਸੀ।
ਪਾਠਕ ਜਨੋਂ! ਉੱਪਰਲੀਆਂ ਦੋਵਾਂ ਘਟਨਾਵਾਂ ਵਿਚ ਮਿੰਟਾਂ ਸਕਿੰਟਾਂ ‘ਚ ਕੁਝ ਦਾ ਕੁਝ ਹੋ ਸਕਦਾ ਸੀ, ਜ਼ਿੰਦਗੀ ਅਤੇ ਮੌਤ।
ਜਿਸ ਦਿਨ ਦੀ ਮੇਰੇ ਨਾਲ ਹਾਰਟ-ਅਟੈਕ ਵਾਲ਼ੀ ਘਟਨਾ ਵਾਪਰੀ ਹੈ ਮੈਂ ਇਹੀ ਸੋਚੀ ਜਾਂਦਾ ਹਾਂ ਕਿ ਕੀ ਉਸ ਅਗੰਮ ਸ਼ਕਤੀ ਨੇ ਮੈਨੂੰ ਉਸ ਬੱਚੇ ਦੀ ਜ਼ਿੰਦਗੀ ਬਚਾਉਣ ‘ਚ ਆਪਣਾ ਯੋਗਦਾਨ ਪਾਉਣ ਬਦਲੇ ਹੀ ਮੇਰੀ ਜਾਨ ਬਚਾਈ ਹੈ। ਅੱਖ ਦੇ ਫੋਰ ‘ਚ ਹੀ ਐਂਬੂਲੈਂਸ ਦਾ ਆ ਜਾਣਾ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਸੀ। ਹਸਪਤਾਲ ਨੂੰ ਜਾਣ ਬਾਰੇ ਵਾਰ ਵਾਰ ਸਲਾਹ ਬਦਲਣੀ ਕਿ ਕਿਵੇਂ ਜਾਇਆ ਜਾਵੇ? ਟੈਕਸੀ ‘ਚ ਬੈਠਣ ਤੋਂ ਪਹਿਲਾਂ ਹੀ ਛਾਤੀ ‘ਚ ਦਰਦ ਹੋਣੀ। ਪਾਠਕ ਇਸ ਨੂੰ ਮੌਕਾ-ਮੇਲ ਵੀ ਕਹਿ ਸਕਦੇ ਹਨ ਕਿਉਂਕਿ ਰੋਜ਼ਾਨਾ ਸੈਂਕੜੇ ਹਾਦਸੇ ਵਾਪਰਦੇ ਹਨ ਜਿੱਥੇ ਮਿੰਟਾਂ ਸਕਿੰਟਾਂ ਦੇ ਫ਼ਰਕ ਨਾਲ ਜੀਵਨ ਬਚਦੇ ਹਨ ਅਤੇ ਖ਼ਤਮ ਹੁੰਦੇ ਹਨ। ਪਰ ਮੇਰਾ ਮਨ ਇਸ ਗੁਰਵਾਕ ਨੂੰ ਮੰਨਣ ਦੀ ਹੀ ਹਾਮੀ ਭਰਦਾ ਹੈ ਕਿ, ‘’ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ’’