
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਰਹਿਣ ਉਹ ਟੋਲਦੇ ਦਿਨ ਰਾਤ ਅਪਣੇ ਗੁੰਮ ਹਾਸੇ।
ਨਦੀ ਵਿੱਚ ਰਹਿਣ ਵਾਲੇ ਲੋਕ ਦੱਸੋ ਕਿਉਂ ਪਿਆਸੇ।
ਮੁਹੱਬਤ ਹੈ ਕਰੀ ਜਿਸ ਨਾਲ ਮੈਂ ਬੇ- ਖੌਫ ਕੀਤੀ,
ਕਦੇ ਨਾ ਜਾਣ ਦਿੱਤੇ ਮੈਂ ਦਰਾਂ ਤੋਂ ਉਹ ਨਿਰਾਸੇ।
ਟੁਕਰ ਨੂੰ ਤਰਸਦੇ ਵੇਖੇ ਦੁਨੀਆਂ ਦੇ ਮੈਂ ਰਾਜੇ।
ਘਰੋਂ ਬੇਘਰ ਫਿਰਨ ਹੋਏ ਫੜੇ ਨੇ ਹੱਥ ਕਾਸੇ।
ਤਲੀ ਤੇ ਸਿਰ ਜਿਨ੍ਹਾਂ ਰੱਖੇ, ਡਰਨ ਨਾ ਮੌਤ ਕੋਲੋਂ ,
ਜਿਨਾਂ ਨੂੰ ਵੇਖ ਜਾਲਮ ਨੇ, ਲਏ ਸੀ ਵੱਟ ਪਾਸੇ।
ਤੌਫ਼ੀਕ਼ ਬਖਸ਼ ਮੇਰੇ ਮੌਲਾ, ਰਹਿਮ ਕਰ ਤੂੰ ਇਨ੍ਹਾ 'ਤੇ,
ਨਸ਼ਿਉਂ ਬਚ ਜਾਣ ਇਹ ਬੱਚੇ, ਖਿੜਨ ਫਿਰ ਮੁੱਖ ਉਦਾਸੇ ।
ਘਰਾਂ ਅੰਦਰ ਖੁਸ਼ੀ ਨੱਚੇ ਨਸ਼ਾ ਜੇ ਨਾ ਵਿਕੇ ਫਿਰ
ਭੁੱਕੀ ਚਿੱਟਾ ਤੁਲਨ ਨਾ ਮੁੜ ਕੇ ਜੇ ਤੋਲੇ ਤੇ ਮਾਸੇ।
ਲਈ ਹੈ ਝੱਲ ਬਹੁਤ ਤਕਲੀਫ ਰਹਿ ਕੇ ਵਿਦੇਸ਼ੀਂ,
ਅਰਜ ਸਿੱਧੂ ਕਰੇ ਮੁੜ ਵਤਨ ਵਿਚ ਹੋ ਜਾਣ ਵਾਸੇ।