
ਟੱਪੇ - ਮਹਿੰਦਰ ਸਿੰਘ ਮਾਨ
ਨਹਿਰ 'ਚ ਪਾਣੀ ਹੁਣੇ ਹੁਣੇ ਆਇਆ ਏ,
ਟੂਣੇ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ
ਆਪਣੇ ਨਾਲ ਰੋੜ੍ਹ ਲਿਆਇਆ ਏ।
ਪੰਮਾ ਗਲੀਆਂ 'ਚ ਫਿਰੇ ਸ਼ਰਾਬੀ ਹੋ ਕੇ,
ਕੋਈ ਪੈਸਾ ਕਮਾ ਕੇ ਲਿਆਵੇ ਨਾ ਘਰ ਨੂੰ
ਪਤਨੀ ਨੇ ਬੁਰਾ ਹਾਲ ਕੀਤਾ ਏ ਰੋ ਰੋ ਕੇ।
ਬਾਲਟੀ ਪਾਣੀ ਨਾਲ ਭਰੀ ਹੋਈ ਏ,
ਉਸ ਨੇ ਰਿਸ਼ਵਤ ਲੈਣੋਂ ਨਹੀਂ ਹੱਟਣਾ
ਜਿਸ ਦੀ ਜ਼ਮੀਰ ਮਰੀ ਹੋਈ ਏ।
ਪਾਂਡਾ ਦਰਵਾਜ਼ੇ ਤੇ ਖੜ੍ਹ ਗਿਆ ਆ ਕੇ,
ਉਸ ਨੇ ਚੁੱਪ ਕਰਕੇ ਨਹੀਂ ਜਾਣਾ
ਉਹ ਜਾਊ ਘਰ ਵਿੱਚ ਅੱਗ ਲਾ ਕੇ।
ਲਿਫਾਫੇ ਤੇ ਕੂੜਾ ਪਿਆ ਏ ਚਾਰੇ ਪਾਸੇ,
ਜਿੱਥੇ ਏਨਾ ਗੰਦ ਪਿਆ ਹੋਵੇ
ਉੱਥੇ ਰਹਿੰਦੇ ਲੋਕਾਂ ਨੂੰ ਕੀ ਆਣੇ ਹਾਸੇ?
ਬੰਦਾ ਕੁਦਰਤ ਨਾਲ ਖਿਲਵਾੜ ਕਰੀ ਜਾਵੇ,
ਕਿਤੇ ਉਹ ਪਹਾੜਾਂ ਨੂੰ ਤੋੜੀ ਜਾਵੇ
ਕਿਤੇ ਜੰਗਲਾਂ ਨੂੰ ਅੰਨ੍ਹੇ ਵਾਹ ਕੱਟੀ ਜਾਵੇ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554