
ਟੱਪੇ - ਮਹਿੰਦਰ ਸਿੰਘ ਮਾਨ
ਨਲਕਾ ਦਿਸੇ ਨਾ ਚਲਦਾ ਕੋਈ,
ਅੱਜ ਦੇ ਮਨੁੱਖ ਦੇ ਕੰਮਾਂ ਨਾਲ
ਪਾਣੀ ਦੀ ਇਹ ਹਾਲਤ ਹੋਈ।
ਕਾਮਾ ਰੱਜ ਕੇ ਮਿਹਨਤ ਕਰੇ,
ਫੇਰ ਵੀ ਦੋ ਵੇਲੇ ਦੀ ਰੋਟੀ
ਨਾ ਪੱਕਦੀ ਉਸ ਦੇ ਘਰੇ।
ਕਾਰਾਂ ਸੌ ਦੀ ਸਪੀਡ ਤੇ ਚਲਾਣ ਲੋਕੀਂ,
ਜਦ ਵੱਜ ਜਾਵੇ ਆਸੇ,ਪਾਸੇ
ਫੇਰ ਡਾਢਾ ਪਛਤਾਣ ਲੋਕੀਂ।
ਮੇਜ਼ ਤੇ ਅਖਬਾਰ ਪਈ ਅੱਜ ਦੀ,
ਮਾਰ-ਧਾੜ ਦੀਆਂ ਖਬਰਾਂ ਤੋਂ ਬਿਨਾਂ
ਹੋਰ ਕੋਈ ਖਬਰ ਦਿਸੇ ਨਾ ਚੱਜਦੀ।
ਬੱਸਾਂ ਰੋਡਵੇਜ਼ ਦੀਆਂ ਚਲਦੀਆਂ ਨੇ,
ਫਰੀ ਸਫਰ ਦੀ ਸਹੂਲਤ ਕਰਕੇ
ਇਹ ਔਰਤਾਂ ਨਾਲ ਭਰੀਆਂ ਲਗਦੀਆਂ ਨੇ।
ਸਰਕਾਰੀ ਸਕੂਲ, ਕਾਲਜ ਬਥੇਰੇ ਨੇ,
ਪੋਸਟਾਂ ਭਰੀਆਂ ਨਾ ਹੋਣ ਕਰਕੇ
ਇਨ੍ਹਾਂ ਵਿੱਚ ਘੁੱਪ ਹਨੇਰੇ ਨੇ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554