ਕੱਚਾ ਵੀਜ਼ਾ, ਪੱਕਾ ਵੀਜ਼ਾ - ਨਿਰਮਲ ਸਿੰਘ ਕੰਧਾਲਵੀ

ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਤਾਜਪੋਸ਼ੀ ਸਮੇਂ ਭਾਜਪਾ ਦੇ ਦਫ਼ਤਰ ‘ਚ ਪ੍ਰਧਾਨ ਦੀ ਕੁਰਸੀ ਪਿੱਛੇ ਮਹਾਰਾਜਾ ਰਣਜੀਤ ਸਿੰਘ ਦੀ ਵੱਡੀ ਤਸਵੀਰ ਲਗਾਈ ਗਈ, ਭਾਵੇਂ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਹੋਰ ਨੇਤਾਵਾਂ ਦੀਆਂ ਤਸਵੀਰਾਂ ਵੀ ਸਨ ਪਰ ਉਹ ਛੋਟੇ ਫਰੇਮਾਂ ‘ਚ ਸਨ। ਨਵੇਂ ਪ੍ਰਧਾਨ ਨੇ ਪੰਜਾਬ ‘ਚ ਭਾਜਪਾ ਦੀ ਸਰਕਾਰ ਆਉਣ ‘ਤੇ ਬਿਨਾ ਕਿਸੇ ਨਾਲ ਵਿਤਕਰੇ ਦੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਵਾਅਦਾ ਕੀਤਾ ਤੇ ਪ੍ਰਧਾਨ ਮੰਤਰੀ ਮੋਦੀ ਦਾ ਨਾਅਰਾ ‘ਸਭ ਕਾ ਸਾਥ, ਸਭ ਕਾ ਵਿਕਾਸ’ ਦੇ ਨਾਅਰੇ ਵੀ ਲਾਏ। ਸੋਸ਼ਲ ਮੀਡੀਆ ‘ਤੇ ਇਸ ਪ੍ਰੋਗਰਾਮ ਦੀ ਵੀਡੀਓ ਦੇਖ ਕੇ ਮੈਨੂੰ ਇਕ ਕਹਾਣੀ ਯਾਦ ਆ ਗਈ।
ਦੋ ਦੋਸਤ ਇਕ ਕਾਰ ਹਾਦਸੇ ‘ਚ ਮਾਰੇ ਗਏ। ਜਦੋਂ ਉਹ ਧਰਮ ਰਾਜ ਦੇ ਪੇਸ਼ ਹੋਏ ਤਾਂ ਇਕ ਨੂੰ ਸਵਰਗ ਮਿਲਿਆ ਤੇ ਦੂਸਰੇ ਨੂੰ ਨਰਕ। ਸਵਰਗ ‘ਚ ਰਹਿਣ ਵਾਲਾ ਦੋਸਤ ਕਈ ਦਿਨ ਧਰਮ ਰਾਜ ਦੀਆਂ ਮਿੰਨਤਾਂ ਪਾਉਂਦਾ ਰਿਹਾ ਉਸ ਨੂੰ ਉਹਦੇ ਦੋਸਤ ਨਾਲ ਮਿਲਾਇਆ ਜਾਵੇ। ਧਰਮ ਰਾਜ ਸਿਆਸੀ ਬੰਦਿਆਂ ਵਾਂਗ ਇਕ ਕੰਨੋਂ ਸੁਣਦਾ ਤੇ ਦੂਜੇ ਪਾਸਿਉਂ ਕੱਢ ਦਿੰਦਾ। ਅਖੀਰ ਇਕ ਦਿਨ ਉਸ ਨੇ ਧਰਮ ਰਾਜ ਨੂੰ ਨਿਹੋਰਾ ਮਾਰਿਆ ਤੇ ਕਹਿਣ ਲੱਗਾ, “ ਮਹਾਰਾਜ ਜੀ, ਹੇਠਾਂ ਮਾਤ-ਲੋਕ ‘ਚ ਦੇਖੋ ਬਲਾਤਕਾਰੀ ਸਾਧ ਵੀ ਜਦੋਂ ਚਾਹੇ ਪੈਰੋਲ ਲੈ ਲੈਂਦੈ, ਅਸੀਂ ਤਾਂ ਸਵਰਗ ‘ਚ ਬੀਬੇ ਪੁੱਤ ਬਣ ਕੇ ਰਹਿੰਦੇ ਆਂ, ਕਦੀ ਕੋਈ ਕਾਨੂੰਨ ਨਹੀਂ ਤੋੜਿਆ, ਏਨਾ ਕੁ ਤਾਂ ਖਿਆਲ ਕਰੋ ਸਾਡਾ। ਸਿਰਫ਼ ਦੋਸਤ ਨੂੰ ਮਿਲਣ ਦੀ ਇੱਛਾ ਹੈ ਮੇਰੀ ਕੋਈ ਵੱਡੀ ਮੰਗ ਨਹੀਂ।” 
ਧਰਮ ਰਾਜ ਦਾ ਦਿਲ ਪਸੀਜ ਗਿਆ ਤੇ ਉਸ ਨੂੰ ਚਾਰ ਘੰਟਿਆਂ ਲਈ ਕੱਚਾ ਵੀਜ਼ਾ ਜਾਰੀ ਕਰ ਦਿਤਾ। ਦੋ ਸਿਪਾਹੀ ਜਦ ਉਸ ਨੂੰ ਉੱਥੇ ਲੈ ਕੇ ਗਏ ਤਾਂ ਬਾਹਰਲਾ ਵੱਡਾ ਦਰਵਾਜ਼ਾ ਖੁੱਲ੍ਹਦਿਆਂ ਹੀ ਅੰਦਰੋਂ ਤਰ੍ਹਾਂ ਤਰ੍ਹਾਂ ਦੀਆਂ ਖ਼ੁਸ਼ਬੂਆਂ ਆਈਆਂ। ਅੰਦਰ ਗਏ ਤਾਂ ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਮਾਤ-ਲੋਕ ‘ਚ ਰਹਿੰਦਿਆਂ ਉਸ ਨੇ ਨਰਕ ਦਾ ਹੋਰ ਹੀ ਰੂਪ ਗਿਆਨੀਆਂ ਧਿਆਨੀਆਂ ਤੋਂ ਸੁਣਿਆਂ ਹੋਇਆ ਸੀ। ਇੱਥੇ ਤਾਂ ਲੋਕ ਪੱਬਾਂ ‘ਚ ਬੈਠੇ ਦਾਰੂ ਪੀ ਰਹੇ ਸਨ। ਇਕ ਪਾਸੇ ਗਾਣਾ- ਵਜਾਣਾ ਹੋ ਰਿਹਾ ਸੀ, ਭੰਗੜੇ ਪੈ ਰਹੇ ਸਨ। ਮੁਰਗ਼-ਮੁਸੱਲਮ ਭੁੰਨੇ ਜਾ ਰਹੇ ਸਨ। ਸਿਪਾਹੀ ਉਸ ਨੂੰ ਉਸ ਪੱਬ ‘ਚ ਲੈ ਗਏ ਜਿੱਥੇ ਉਸ ਦਾ ਦੋਸਤ ਬੈਠਾ ਦਾਰੂ ਦੀਆਂ ਚੁਸਕੀਆਂ ਲੈ ਰਿਹਾ ਸੀ। ਦੋਵੇਂ ਦੋਸਤ ਜੱਫੀਆਂ ਪਾ ਪਾ ਕੇ ਮਿਲੇ। ਖ਼ੂਬ ਗੱਲਾਂ ਬਾਤਾਂ ਕੀਤੀਆਂ। ਉਹਦੇ ਦੋਸਤ ਨੇ ‘ਨਰਕ’ ਦਾ ਟੂਰ ਕਰਵਾਇਆ ਉਸ ਨੂੰ। ਦੋਸਤ ਨੇ ਜਦ ਸਵਰਗ ਦੇ ਜੀਵਨ ਬਾਰੇ ਪੁੱਛਿਆ ਤਾਂ ਉਹ ਬੋਲਿਆ, “ ਕਿਹੜੇ ਸਵਰਗ ਦੀਆਂ ਗੱਲਾਂ ਪੁੱਛਦੈਂ ਭਰਾਵਾ, ਮੂੰਗੀ ਮਸਰੀ ਦੀ ਦਾਲ ਬਿਨਾਂ ਤੜਕੇ ਦੇ ਬਣਦੀ ਐ ਲੰਗਰ ‘ਚ ਰੋਜ਼, ਨਾ ਲਸਣ ਨਾ ਗੰਢਾ ਵਿਚ। ਸਵੇਰੇ ਮਾਲ਼ਾ ਫੜਾ ਦਿੰਦੇ ਐ, ਬਸ ਭਗਤੀ ਕਰੀ ਚਲੋ, ਕੀ ਕੀ ਦੱਸਾਂ ਤੈਨੂੰ।” 
ਪਤਾ ਹੀ ਨਾ ਲੱਗਾ ਚਾਰ ਘੰਟੇ ਕਦੋਂ ਬੀਤ ਗਏ। ਸਿਪਾਹੀਆਂ ਨੇ ਵਾਪਸ ਚਲਣ ਦਾ ਇਸ਼ਾਰਾ ਕੀਤਾ। ਜਿਉਂ ਜਿਉਂ ਵਾਪਸ ਜਾਣ ਦਾ ਸਮਾਂ ਹੋ ਰਿਹਾ ਸੀ ਉਹਦਾ ਦਿਲ ਘਟਦਾ ਜਾਂਦਾ ਸੀ। ਉਸ ਦਾ ਵਾਪਸ ਜਾਣ ਨੂੰ ਜੀਅ ਨਹੀਂ ਸੀ ਕਰਦਾ ਪਰ ਮਜਬੂਰੀ ਸੀ। ਵਾਪਸ ਪਹੁੰਚ ਕੇ ਉਸੇ ਦਿਨ ਤੋਂ ਉਹ ਧਰਮਰਾਜ ਦੇ ਖਹਿੜੇ ਪੈ ਗਿਆ ਕਿ ਉਹ ਇੱਥੇ ਸਵਰਗ ‘ਚ ਨਹੀਂ ਰਹਿਣਾ ਚਾਹੁੰਦਾ ਉਸ ਨੂੰ ਨਰਕ ਦਾ ਪੱਕਾ ਵੀਜ਼ਾ ਦਿਤਾ ਜਾਵੇ ਤਾਂ ਕਿ ਉਹ ਆਪਣੇ ਦੋਸਤ ਕੋਲ ਰਹਿ ਸਕੇ। ਉਸ ਨੂੰ ਬਹੁਤ ਰੋਕਿਆ ਗਿਆ ਪਰ ਉਹ ਨਾ ਮੰਨਿਆਂ। ਕਈ ਮਹੀਨਿਆਂ ਦੇ ਮਿੰਨਤਾਂ ਤਰਲਿਆਂ ਬਾਅਦ ਧਰਮ ਰਾਜ ਨੇ ਉਸ ਦੀ ਅਰਜ਼ੀ ਮੰਨਜ਼ੂਰ ਕਰ ਲਈ ਤੇ ਪੱਕੇ ਵੀਜ਼ੇ ਦੀ ਮੋਹਰ ਲਗਾ ਦਿਤੀ ਤੇ ਸਿਪਾਹੀ ਇਕ ਦਿਨ ਉਸ ਨੂੰ ‘ਨਰਕ’ ਵਲ ਲੈ ਤੁਰੇ। ਬਾਹਰਲਾ ਵੱਡਾ ਦਰਵਾਜ਼ਾ ਖੁੱਲ੍ਹਦਿਆਂ ਹੀ ਅੰਦਰੋਂ ਚੀਕਾਂ ਆਉਂਦੀਆਂ ਸੁਣੀਆਂ ਤੇ ਬੜਾ ਭੈੜਾ ਜਿਹਾ ਮੁਸ਼ਕ ਆਇਆ ਜਿਵੇਂ ਅੰਦਰ ਮਾਸ ਸੜ ਰਿਹਾ ਹੋਵੇ। ਉਹ ਅਜੇ ਜੱਕੋ-ਤੱਕੀ ‘ਚ ਹੀ ਸੀ ਅੰਦਰ ਜਾਵੇ ਕਿ ਨਾ, ਸਿਪਾਹੀਆਂ ਨੇ ਉਸ ਨੂੰ ਅੰਦਰ ਖਿੱਚ ਲਿਆ ਤੇ ਬਾਹਰਲਾ ਦਰਵਾਜ਼ਾ ਠੱਕ ਕਰਦਾ ਬੰਦ ਹੋ ਗਿਆ।  ਸਿਪਾਹੀਆਂ ਨੇ ਉਸ ਨੂੰ ਜਮਦੂਤਾਂ ਦੇ ਹਵਾਲੇ ਕਰ ਦਿਤਾ। ਉਹ ਚੀਕਾਂ ਮਾਰਨੀਆਂ ਚਾਹੁੰਦਾ ਸੀ ਪਰ ਉਹਦੀ ਆਵਾਜ਼ ਨਹੀਂ ਸੀ ਨਿਕਲ ਰਹੀ। ਹਰ ਪਾਸੇ ਚੀਕ-ਚਿਹਾੜੇ ਦੀਆਂ ਆਵਾਜ਼ਾਂ ਆ ਰਹੀਆਂ ਸਨ। ਹੋਰ ਅਗਾਂਹ ਹੋਏ ਤਾਂ ਉਸ ਨੂੰ ਜਮਦੂਤ ਦਿਸੇ ਜੋ ਨਰਕ ਵਾਸੀਆਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਰਹੇ ਸਨ। ਉਹ ਵਾਪਸ ਭੱਜਣ ਲੱਗਿਆ ਤਾਂ ਜਮਦੂਤਾਂ ਨੇ ਉਸ ਨੂੰ ਬਾਹਾਂ ਤੋਂ ਫੜ ਲਿਆ। ਬਾਹਰਲਾ ਵੱਡਾ ਦਰਵਾਜ਼ਾ ਤਾਂ ਪਹਿਲਾਂ ਹੀ ਬੰਦ ਹੋ ਚੁੱਕਿਆ ਸੀ। ਉਸ ਨੇ ਘਬਰਾਏ ਹੋਏ ਨੇ ਜਮਦੂਤਾਂ ਤੋਂ ਪੁੱਛਿਆ ਕਿ ਜਦੋਂ ਉਹ ਪਿਛਲੀ ਵਾਰੀ ਇੱਥੇ ਆਇਆ ਸੀ ਤਾਂ ਮਾਹੌਲ ਹੋਰ ਸੀ, ਹੁਣ ਇਹ ਕੀ ਮਾਜਰਾ ਹੈ? 
ਵੱਡਾ ਜਮਦੂਤ ਮੁਸਕੜੀਏਂ ਹੱਸਿਆ ਤੇ ਕਹਿਣ ਲੱਗਾ, “ ਉਹ ਸਾਡਾ ਪਬਲੀਸਿਟੀ ਡੀਪਾਰਟਮੈਂਟ ਸੀ।”
ਸੋ ਭਾਜਪਾ ਜੀ, ਤੁਸੀਂ ਵੀ ਕਿਤੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਪਬਲੀਸਿਟੀ ਲਈ ਤਾਂ ਨਹੀਂ ਵਰਤੀ।
ਨਿਰਮਲ ਸਿੰਘ ਕੰਧਾਲਵੀ