ਪੁਲਾੜ ਦਾ ਫ਼ੌਜੀਕਰਨ ਸਾਡੇ ਸਾਰਿਆਂ ਲਈ ਖ਼ਤਰਾ ਹੈ। - ਵਿਲੀਅਮ ਜੇ ਐਸਟੋਰ - ਅਨੁਵਾਦ: ਸੁਖਵੰਤ ਹੁੰਦਲ

ਲੇਖਕ: ਵਿਲੀਅਮ ਜੇ ਐਸਟੋਰ

ਅਨੁਵਾਦ: ਸੁਖਵੰਤ ਹੁੰਦਲ

(ਇਹ ਲੇਖ ਨਿਊ ਇੰਟਰਨੈਸ਼ਨਲਿਸਟ ਮੈਗਜ਼ੀਨ ਦੇ ਆਨਲਾਈਨ ਸਾਈਟ `ਤੇ 22 ਜੁਲਾਈ 2026 ਨੂੰ ਛਪਿਆ ਹੈ।)

'15 ਖਰਬ (ਇੱਕ ਪੁਆਇੰਟ ਪੰਜ ਟ੍ਰਿਲੀਅਨ) ਡਾਲਰ।'

ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਮੀਡੀਆ ਅਦਾਰਿਆਂ ਅਤੇ ਹੋਰਾਂ ਤੋਂ 'ਡਾਕਟਰ ਈਵਿਲ' ਦੀ ਸ਼ੈਲੀ ਵਿੱਚ ਹੈਰਾਨ ਕਰਨ ਵਾਲੀਆਂ ਮੰਗਾਂ ਕਰਨ ਦਾ ਸ਼ੌਕ ਹੈ: ਪਿਛਲੇ ਸਾਲ ਬੀ. ਬੀ. ਸੀ. ਖਿਲਾਫ਼ 'ਦੱਸ ਅਰਬ ਡਾਲਰ' ਦਾ ਦਾਅਵਾ ਕਰਨਾ, ਉਨ੍ਹਾਂ ਦੀਆਂ ਅਜਿਹੀਆਂ ਕਈ ਮੰਗਾਂ ਦੀ ਲੜੀ ਵਿੱਚੋਂ ਸਿਰਫ਼ ਇੱਕ ਸੀ।

ਉਹ ਫੌਜੀ ਖਰਚਿਆਂ ਲਈ ਅਮਰੀਕੀ ਜਨਤਾ ਤੋਂ ਜਿਸ ਚੈੱਕ ਦੀ ਮੰਗ ਕਰ ਰਿਹਾ ਹੈ, ਉਹ ਇਸ ਤੋਂ ਕਿਤੇ ਜ਼ਿਆਦਾ ਵੱਡਾ ਹੈ। ਪਿਛਲੇ ਸਾਲ ਅਮਰੀਕਾ ਦਾ ਰੱਖਿਆ ਬਜਟ ਪਹਿਲੀ ਵਾਰ 10 ਖਰਬ (1 ਟ੍ਰਿਲੀਅਨ) ਡਾਲਰ ਤੋਂ ਪਾਰ ਹੋ ਗਿਆ ਸੀ। ਅਜੇ ਵੀ ਅਸੰਤੁਸ਼ਟ, ਇਸ ਸਾਲ ਟਰੰਪ 15 ਖਰਬ (1.5 ਟ੍ਰਿਲੀਅਨ) ਡਾਲਰ ਦੀ ਮੰਗ ਨਾਲ ਅਮਰੀਕਾ ਦੀ ਕਾਂਗਰਸ ਕੋਲ ਵਾਪਸ ਗਿਆ ਹੈ, ਜਿਹੜਾ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਰੱਖਿਆ ਖਰਚਿਆਂ ਵਿੱਚ ਸਭ ਤੋਂ ਵੱਡਾ ਵਾਧਾ ਹੈ।

ਇਸ ਵਿੱਚੋਂ ਇੱਕ ਵੱਡਾ ਹਿੱਸਾ, 17.5 ਅਰਬ (ਬਿਲੀਅਨ) ਡਾਲਰ, ਟਰੰਪ ਵਲੋਂ ਪ੍ਰਸਤਾਵਿਤ 'ਗੋਲਡਨ ਡੋਮ ਮਿਜ਼ਾਇਲ ਸ਼ੀਲਡ' ਪ੍ਰਣਾਲੀ ਦੇ ਵਿਕਾਸ ਲਈ ਖਰਚਿਆ ਜਾਵੇਗਾ – ਇਸ ਪ੍ਰਣਾਲੀ ਦਾ ਨਾਮ ਇਜ਼ਰਾਈਲ ਦੇ 'ਆਇਰਨ ਡੋਮ' ਐਂਟੀ-ਮਿਜ਼ਾਈਲ ਸਿਸਟਮ' ਤੋਂ ਪ੍ਰੇਰਿਤ ਹੈ। ਮੁੱਖ ਤੌਰ 'ਤੇ ਜ਼ਮੀਨ-ਆਧਾਰਿਤ ਇੰਟਰਸੈਪਟਰਾਂ ਅਤੇ ਪੁਲਾੜ-ਆਧਾਰਿਤ ਸੈਂਸਰਾਂ ਨਾਲ ਲੈਸ, ਇਸ ਵਿਸ਼ਾਲ ਮਿਜ਼ਾਈਲ ਸ਼ੀਲਡ ਨੂੰ ਬਚਾਅ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।

ਇਸ ਦੀ ਕੁੱਲ ਲਾਗਤ ਦੇ ਅੰਦਾਜ਼ੇ ਕਾਫ਼ੀ ਵੱਖਰੇ-ਵੱਖਰੇ ਹਨ – ਸਰਕਾਰੀ ਅੰਕੜੇ ਇਸ ਨੂੰ 185 ਅਰਬ (ਬਿਲੀਅਨ) ਡਾਲਰ ਦੱਸਦੇ ਹਨ, ਜਦੋਂ ਕਿ ਅਜ਼ਾਦ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ 'ਤੇ 36 ਖਰਬ (3.6 ਟ੍ਰਿਲੀਅਨ) ਡਾਲਰ ਤੱਕ ਦਾ ਖਰਚਾ ਆ ਸਕਦਾ ਹੈ।

ਪੁਲਾੜ ਦਾ ਹੋਰ ਫ਼ੌਜੀਕਰਨ ਹੋਣਾ ਬਿਲਕੁਲ ਤੈਅ ਹੈ। ਇਸ ਸੰਬੰਧ ਵਿੱਚ ਡੋਮ ਪ੍ਰਸਤਾਵ ਦੇ ਸਭ ਤੋਂ ਚਿੰਤਾਜਨਕ ਪਹਿਲੂਆਂ ਵਿੱਚੋਂ ਇੱਕ ਇਹ ਸੁਝਾਅ ਹੈ ਕਿ ਇਸ ਵਿੱਚ 'ਪੁਲਾੜ-ਆਧਾਰਿਤ ਇੰਟਰਸੈਪਟਰ' ਸ਼ਾਮਲ ਹੋ ਸਕਦੇ ਹਨ – ਯਾਨੀ ਪੁਲਾੜ ਦੇ ਔਰਬਿਟ (ਗ੍ਰਹਿ-ਪੱਥ) ਵਿੱਚ ਤਾਇਨਾਤ ਮਿਜ਼ਾਈਲਾਂ, ਜੋ ਧਰਤੀ ਤੋਂ ਛੱਡੀਆਂ ਗਈਆਂ ਮਿਜ਼ਾਈਲਾਂ ਨੂੰ ਡੇਗਣ ਲਈ ਤਿਆਰ ਰਹਿਣਗੀਆਂ। ਇਹ ਇਸ ਖ਼ਤਰੇ ਨੂੰ ਜਨਮ ਦਿੰਦਾ ਹੈ ਕਿ ਉਹਨਾਂ ਨੂੰ ਪੁਲਾੜ-ਆਧਾਰਿਤ ਬੰਬਾਂ ਦੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ, ਜੋ ਬਿਨਾਂ ਕਿਸੇ ਪੂਰਵ ਸੂਚਨਾ ਦੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਤਬਾਹੀ ਮਚਾ ਸਕਦੇ ਹਨ।

ਇਹ ਇਕ ਅਜੀਬ ਵਿਚਾਰ ਜਾਪਦਾ ਹੈ ਕਿ ਇਹ ਇੰਟਰਸੈਪਟਰ ਅਮਰੀਕਾ ਨੂੰ ਅਸਲ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ: ਇਸ ਲਈ ਸਾਡੇ ਅਸਮਾਨਾਂ ਵਿੱਚ ਦਹਿ ਹਜ਼ਾਰਾਂ ਦੀ ਗਿਣਤੀ ਵਿੱਚ ਇੰਟਰਸੈਪਟਰਾਂ ਨੂੰ ਤਾਇਨਾਤ ਕਰਨ ਦੀ ਲੋੜ ਹੋਵੇਗੀ। ਇਸ ਦਾ ਇੱਕ ਹੋਰ ਸੰਭਾਵੀ ਨਤੀਜਾ ਸੁਰੱਖਿਆ ਮੁਕਾਬਲੇ ਵਿੱਚ ਵਾਧਾ ਹੋ ਸਕਦਾ ਹੈ, ਜਿਸ ਵਿੱਚ ਪੁਲਾੜ ਉੱਤੇ ਆਪਣਾ ਦਬਦਬਾ ਬਣਾਉਣ ਲਈ ਹਰ ਦੇਸ਼ ਵਲੋਂ ਕੀਤੀਆਂ ਕੋਸਿ਼ਸ਼ਾਂ ਦੂਜਿਆਂ ਵੱਲੋਂ ਜਵਾਬੀ ਕਾਰਵਾਈਆਂ ਨੂੰ ਉਕਸਾਣਗੀਆਂ।

'ਪੁਲਾੜ ਦੀ ਦੌੜ' (ਸਪੇਸ ਰੇਸ)

ਟਰੰਪ ਦੀ 'ਗੋਲਡਨ ਡੋਮ' ਯੋਜਨਾ ਫ਼ੌਜਾਂ – ਜਿਨ੍ਹਾਂ ਵਿੱਚ ਅਮਰੀਕਾ ਸਭ ਤੋਂ ਅੱਗੇ ਹੈ – ਵੱਲੋਂ ਦਹਾਕਿਆਂ ਤੋਂ ਪੁਲਾੜ ਵੱਲ ਵੇਖਣ ਦੇ ਸਿਲਸਿਲੇ ਦਾ ਹੀ ਹਿੱਸਾ ਹੈ। ਅਮਰੀਕਾ ਦੇ ਪਹਿਲੇ ਪੁਲਾੜ ਯਾਤਰੀਆਂ ਦੀ ਭਰਤੀ ਮੁੱਖ ਤੌਰ 'ਤੇ ਫ਼ੌਜੀ ਟੈਸਟ ਪਾਇਲਟਾਂ ਵਿੱਚੋਂ ਕੀਤੀ ਗਈ ਸੀ, ਅਤੇ ਨਾਸਾ – ਭਾਵੇਂ ਇਹ ਇੱਕ ਸਿਵਲੀਅਨ ਸੰਸਥਾ ਸੀ – ਨੂੰ ਵੀ ਅਰਧ-ਫ਼ੌਜੀ ਢਾਂਚੇ ਦੇ ਆਧਾਰ 'ਤੇ ਹੀ ਸੰਗਠਿਤ ਕੀਤਾ ਗਿਆ ਸੀ।

ਇਤਿਹਾਸ ਵਿੱਚ ਹੋਰ ਪਿੱਛੇ ਜਾਈਏ ਤਾਂ, ਅਮਰੀਕਾ ਅਤੇ ਸੋਵੀਅਤ ਯੂਨੀਅਨ, ਦੋਵਾਂ, ਦੇ ਪੁਲਾੜ ਪ੍ਰੋਗਰਾਮਾਂ ਦੀਆਂ ਤਕਨੀਕੀ ਨੀਹਾਂ ਜੰਗ ਦੇ ਸਮੇਂ ਦੀ ਰੌਕੇਟਰੀ (ਰਾਕਟ ਤਕਨਾਲੋਜੀ) ਵਿੱਚੋਂ ਨਿਕਲੀਆਂ ਸਨ। ਸ਼ੁਰੂ ਵਿੱਚ 1944 ਵਿੱਚ ਜੰਗ ਦੌਰਾਨ ਵਰਤੀਆਂ ਗਈਆਂ ਨਾਜ਼ੀ ਜਰਮਨੀ ਦੀਆਂ ਵੀ-2 ਬੈਲਿਸਟਿਕ ਮਿਜ਼ਾਈਲਾਂ ਪੁਲਾੜ ਵਿੱਚ ਪਹੁੰਚਣ ਵਾਲੀਆਂ ਮਨੁੱਖ ਵਲੋਂ ਬਣਾਈਆਂ ਪਹਿਲੀਆਂ ਵਸਤੂਆਂ ਸਨ। ਇਹਨਾਂ ਨੇ ਸਾਬਤ ਕਰ ਦਿੱਤਾ ਸੀ ਕਿ ਰਾਕਟ ਲੰਬੀ ਦੂਰੀ ਤੱਕ ਵਿਸਫੋਟਕ ਸਮੱਗਰੀ ਪਹੁੰਚਾ ਸਕਦੇ ਹਨ। ਦੂਜੇ ਵਿਸ਼ਵ ਯੁੱਧ ਦੌਰਾਨ ਅਤੇ ਉਸ ਤੋਂ ਬਾਅਦ, ਦੋਵਾਂ ਮਹਾਸ਼ਕਤੀਆਂ ਨੇ ਜਰਮਨ ਇੰਜਨੀਅਰਾਂ ਨੂੰ ਕੈਦ ਕੀਤਾ ਜਾਂ ਆਪਣੇ ਨਾਲ ਮਿਲਾ ਲਿਆ ਸੀ, ਜਿਹਨਾਂ ਵਿੱਚ ਵਰਨਹਰ ਵਾਨ ਬ੍ਰੌਨ ਵੀ ਸ਼ਾਮਲ ਸੀ, ਜਿਸ ਦੀ ਮੁਹਾਰਤ ਨੇ ਅਮਰੀਕਾ ਦੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਅਜਿਹੇ ਲਾਂਚ ਵਾਹਨਾਂ (ਵਿਹੀਕਲਜ਼) ਵਿੱਚ ਬਦਲਣ ਵਿੱਚ ਮਦਦ ਕੀਤੀ ਜੋ ਪੁਲਾੜ ਦੇ ਔਰਬਿਟ ਤੱਕ ਪਹੁੰਚਣ ਦੇ ਸਮਰੱਥ ਸਨ। 

ਪੁਲਾੜ ਨੂੰ ਮਿਜ਼ਾਇਲੀ ਹਮਲੇ ਕਰਨ ਲਈ ਰਣਨੀਤਕ ਥਾਂ ਵਜੋਂ ਦੇਖਣ ਦੀ ਹਮਲਾਵਰ ਸੋਚ 'ਪੁਲਾੜ ਦੀ ਦੌੜ (ਸਪੇਸ ਰੇਸ)' ਦੇ ਸ਼ੁਰੂਆਤੀ ਦਿਨਾਂ ਤੋਂ ਹੀ ਚੱਲੀ ਆ ਰਹੀ ਹੈ। 1958 ਵਿੱਚ, ਸੋਵੀਅਤ ਯੂਨੀਅਨ ਵਲੋਂ ਧਰਤੀ ਦੀ ਪਰਿਕਰਮਾ ਕਰਨ ਵਾਲੇ ਪਹਿਲੇ ਮਨੁੱਖ-ਨਿਰਮਿਤ ਉਪਗ੍ਰਹਿ 'ਸਪੂਤਨਿਕ' ਦੇ ਲਾਂਚ ਤੋਂ ਤੁਰੰਤ ਬਾਅਦ, ਅਮਰੀਕਾ ਦੀ ਏਅਰ ਫੋਰਸ ਦੇ ਬ੍ਰਿਗੇਡੀਅਰ ਜਨਰਲ ਹੋਮਰ ਬੋਸ਼ੇ ਨੇ ਚੰਦਰਮਾ ਨੂੰ 'ਬੇਮਿਸਾਲ ਫਾਇਦੇ ਵਾਲੇ ਜਵਾਬੀ ਹਮਲੇ ਦੇ ਅੱਡੇ' ਵਜੋਂ ਦਰਸਾਇਆ ਸੀ, ਜਿੱਥੋਂ ਅਮਰੀਕਾ ਸੰਭਾਵੀ ਤੌਰ 'ਤੇ ਪਰਮਾਣੂ ਹਮਲੇ ਲਾਂਚ ਕਰ ਸਕਦਾ ਸੀ। 1990 ਦੇ ਦਹਾਕੇ ਦੇ ਸ਼ੁਰੂ ਤੱਕ ਚੱਲੀ ਠੰਢੀ ਜੰਗ ਦੌਰਾਨ ਪੁਲਾੜ ਇੱਕ ਤਿੱਖੇ ਮੁਕਾਬਲੇ ਦਾ ਖੇਤਰ ਬਣ ਗਿਆ। 

1975 ਵਿੱਚ ਔਰਬਿਟ ਵਿੱਚ ਅਪੋਲੋ-ਸੋਯੂਜ਼ ਦੇ ਲਿੰਕ -ਅੱਪ ਰਾਹੀਂ ਦੋਵਾਂ ਮਹਾਂਸ਼ਕਤੀਆਂ ਵਿਚਕਾਰ ਸਹਿਯੋਗ ਦੇ ਪਲ, ਲਗਾਤਾਰ ਰਣਨੀਤਕ ਦੁਸ਼ਮਣੀ ਅਤੇ ਸਰਦਾਰੀ ਦੀਆਂ ਵੱਡੀਆਂ ਯੋਜਨਾਵਾਂ ਵਿੱਚ ਬਦਲ ਗਏ। 2006 ਵਿੱਚ, ਅਮਰੀਕਾ ਦੀ ਏਅਰ ਫੋਰਸ ਸਪੇਸ ਕਮਾਂਡ ਦੇ ਕਮਾਂਡਰ ਜਨਰਲ ਲਾਂਸ ਲਾਰਡ ਨੇ ਪੁਲਾੜ ਦੀ ਸ੍ਰੇਸ਼ਟਤਾ (ਸੁਪੀਰੀਔਰਟੀ) ਨੂੰ 'ਜੰਗ ਦਾ ਭਵਿੱਖ' ਅਤੇ ਉਹ ਜ਼ਰੂਰੀ 'ਹਾਈ ਗਰਾਊਂਡ' ਦੱਸਿਆ ਜਿਸ ਤੋਂ ਬਿਨਾਂ ਜੰਗਾਂ ਜਿੱਤੀਆਂ ਨਹੀਂ ਜਾ ਸਕਣਗੀਆਂ।

ਦੂਜੇ ਪਾਸੇ, 1960 ਦੇ ਦਹਾਕੇ ਵਿੱਚ ਸ਼ੁਰੂ ਕੀਤੇ ਗਏ ਤਥਾਕਥਿਤ ਜਾਸੂਸੀ ਸੈਟਾਲਾਈਟਾਂ (ਜਿਨ੍ਹਾਂ ਨੇ ਸ਼ੁਰੂ ਵਿੱਚ ਫਿਲਮ ਅਤੇ ਬਾਅਦ ਵਿੱਚ ਡਿਜੀਟਲ ਫੋਟੋਗ੍ਰਾਫੀ ਦੀ ਵਰਤੋਂ ਕੀਤੀ) ਨੇ ਗਲਤਫਹਿਮੀਆਂ ਅਤੇ ਭੁੱਲਾਂ ਨੂੰ ਭਿਆਨਕ ਜੰਗਾਂ ਵਿੱਚ ਬਦਲਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ। ਨਿਗਰਾਨੀ ਦੇ ਇਹ ਨੈੱਟਵਰਕ ਡਿਫੈਂਸ ਸੁਪੋਰਟ ਪ੍ਰੋਗਰਾਮ (ਡੀ ਐਸ ਪੀ) ਵਰਗੇ ਸੈਟਾਲਾਈਟਾਂ ਨਾਲ ਜੋੜੇ ਜਾ ਸਕਦੇ ਸਨ, ਜੋ ਪਹਿਲੀ ਵਾਰ 1970 ਵਿੱਚ ਲਾਂਚ ਕੀਤੇ ਗਏ ਸਨ। ਇਹ ਸੈਟਾਲਾਈਟ ਮਿਜ਼ਾਈਲਾਂ ਦੇ ਲਾਂਚ ਹੁੰਦੇ ਹੀ ਉਨ੍ਹਾਂ ਤੋਂ ਨਿਕਲਣ ਵਾਲੀ ਗਰਮੀ (ਹੀਟ ਪਲੂਮ) ਦਾ ਪਤਾ ਲਗਾਉਣ ਲਈ ਇਨਫਰਾਰੈੱਡ ਸੈਂਸਰਾਂ ਦੀ ਵਰਤੋਂ ਕਰਦੇ ਸਨ। ਇਹ ਮਿਜ਼ਾਈਲ ਹਮਲਿਆਂ ਦੀਆਂ ਝੂਠੀਆਂ ਚੇਤਾਵਨੀਆਂ ਨੂੰ ਪਰਮਾਣੂ ਯੁੱਧ ਵਿੱਚ ਬਦਲਣ ਤੋਂ ਰੋਕ ਸਕਦਾ ਸੀ ਅਤੇ ਹਥਿਆਰ ਨਿਯੰਤਰਣ ਸੰਧੀਆਂ ਦੀ ਪਾਲਣਾ ਦੀ ਪੁਸ਼ਟੀ ਕਰਨ ਵਿੱਚ ਮਦਦ ਕਰ ਸਕਦਾ ਸੀ – ਜੋ ਕਿ ਨਿਸ਼ਚਿਤ ਤੌਰ 'ਤੇ ਪੁਲਾੜ ਦੇ ਫੌਜੀਕਰਨ ਦਾ ਇੱਕ ਹਾਂ-ਪੱਖੀ ਪਹਿਲੂ ਸੀ।

ਉਦੋਂ ਤੋਂ ਲੈ ਕੇ ਹੁਣ ਤੱਕ ਸੈਟਾਲਾਈਟ ਆਧੁਨਿਕ ਯੁੱਧ ਪ੍ਰਣਾਲੀ ਲਈ ਅਤਿ-ਜ਼ਰੂਰੀ ਬਣ ਗਏ ਹਨ। ਖਾਸ ਤੌਰ 'ਤੇ ਅਮਰੀਕਾ ਨਿਗਰਾਨੀ, ਸੰਚਾਰ, ਨੈਵੀਗੇਸ਼ਨ, ਨਿਸ਼ਾਨੇਬਾਜ਼ੀ (ਟਾਰਗਟਿੰਗ) ਅਤੇ ਮਿਜ਼ਾਈਲਾਂ ਬਾਰੇ ਚੇਤਾਵਨੀ ਲਈ ਪੁਲਾੜ-ਆਧਾਰਿਤ ਸਿਸਟਮਾਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਇਹ ਸਿਸਟਮ ਪੈਂਟਾਗਨ ਦੀ 'ਗਲੋਬਲ ਪਹੁੰਚ, ਗਲੋਬਲ ਤਾਕਤ' ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮਨਸ਼ਾ ਨੂੰ ਪੂਰਾ ਕਰਦੀਆਂ ਹਨ। ਫੌਜੀ ਭਾਸ਼ਾ ਵਿੱਚ, ਸੈਟਾਲਾਈਟ 'ਫੋਰਸ ਮਲਟੀਪਲਾਇਰ' (ਸ਼ਕਤੀ ਨੂੰ ਕਈ ਗੁਣਾ ਵਧਾਉਣ ਵਾਲੇ) ਵਜੋਂ ਕੰਮ ਕਰਦੇ ਹਨ, ਜੋ ਫੌਜਾਂ ਨੂੰ ਅਸਧਾਰਨ ਰਫ਼ਤਾਰ ਅਤੇ ਸਟੀਕ ਢੰਗ (ਪ੍ਰੀਸੀਜ਼ਨ) ਨਾਲ ਦੁਨੀਆ ਭਰ ਵਿੱਚ ਆਪਣੀਆਂ ਕਾਰਵਾਈਆਂ ਦਾ ਤਾਲਮੇਲ ਕਰਨ ਦੇ ਯੋਗ ਬਣਾਉਂਦੇ ਹਨ। 2019 ਵਿੱਚ ਟਰੰਪ ਵਲੋਂ ਵਿਸਤ੍ਰਿਤ ਨਿਗਰਾਨੀ, ਜਾਸੂਸੀ, ਸਟੀਕ ਨਿਸ਼ਾਨੇਬਾਜ਼ੀ (ਪ੍ਰੀਸੀਜ਼ਨ ਟਾਰਗੇਟਿੰਗ) ਅਤੇ ਸੰਚਾਰ 'ਤੇ ਕੇਂਦਰਿਤ 'ਸਪੇਸ ਫੋਰਸ' ਦੀ ਰਸਮੀ ਸਥਾਪਨਾ ਦਹਾਕਿਆਂ ਪੁਰਾਣੀ ਨੀਤੀ ਦਾ ਹੀ ਇੱਕ ਵਿਸਥਾਰ ਸੀ।

ਔਰਬਿਟ ਵਿਚਲਾ ਮਲਬਾ

ਪੁਲਾੜ ਵਿੱਚ ਹਥਿਆਰਾਂ ਦੀ ਦੌੜ ਨੂੰ ਰੋਕਣ ਲਈ ਪਹਿਲਾਂ ਯਤਨ ਕੀਤੇ ਗਏ ਸਨ। 1967 ਦੀ 'ਆਊਟਰ ਸਪੇਸ ਟ੍ਰੀਟੀ'  ਨੇ ਔਰਬਿਟ ਵਿੱਚ ਜਾਂ 'ਅਕਾਸ਼ੀ ਗ੍ਰਹਿਆਂ' (ਸੀਲੈਸਟੀਅਲ ਬੌਡੀਜ਼) 'ਤੇ ਪਰਮਾਣੂ ਹਥਿਆਰਾਂ ਜਾਂ ਤਬਾਹੀ ਮਚਾਉਣ ਵਾਲੇ ਹੋਰ ਹਥਿਆਰਾਂ ਦੀ ਤਾਇਨਾਤੀ 'ਤੇ ਰੋਕ ਲਗਾ ਦਿੱਤੀ ਸੀ ਅਤੇ ਪੁਲਾੜ ਨੂੰ 'ਸਮੁੱਚੀ ਮਾਨਵਤਾ ਦੀ ਜਾਇਦਾਦ' ਘੋਸ਼ਿਤ ਕੀਤਾ ਸੀ — ਜਿਸ ਨੇ ਪਰਮਾਣੂ ਹਮਲਿਆਂ ਲਈ ਚੰਦਰਮਾ ਦੀ ਵਰਤੋਂ ਕਰਨ ਦੇ ਅਮਰੀਕਾ ਦੇ ਪੁਰਾਣੇ ਸੁਪਨਿਆਂ 'ਤੇ ਪਾਣੀ ਫੇਰ ਦਿੱਤਾ ਸੀ।

ਫਿਰ ਵੀ, ਇਸ ਸੰਧੀ ਵਿੱਚ ਕੁਝ ਕਮੀਆਂ ਸਨ: ਇਹ ਰਵਾਇਤੀ ਹਥਿਆਰਾਂ ਜਾਂ ਐਂਟੀ-ਸੈਟੇਲਾਈਟ (ਏ ਐੱਸ ਏ ਟੀ) ਸਿਸਟਮਾਂ 'ਤੇ ਰੋਕ ਨਹੀਂ ਲਗਾਉਂਦੀ ਸੀ। ਜਿਵੇਂ-ਜਿਵੇਂ ਸੈਟੇਲਾਈਟ ਫੌਜੀ ਕਾਰਵਾਈਆਂ ਲਈ ਬਹੁਤ ਮਹੱਤਵਪੂਰਨ ਹੁੰਦੇ ਗਏ, ਉਹ ਹਮਲੇ ਦੇ ਮੁੱਖ ਨਿਸ਼ਾਨੇ ਵੀ ਬਣਦੇ ਗਏ। ਪੁਲਾੜ ਤੋਂ ਮਿਲਣ ਵਾਲੇ ਨੈਵੀਗੇਸ਼ਨ ਸਿਗਨਲ (ਸਭ ਤੋਂ ਪ੍ਰਸਿੱਧ, ਜੀ ਪੀ ਐੱਸ - ਗਲੋਬਲ ਪੋਜ਼ੀਸ਼ਨਿੰਗ ਸਿਸਟਮ) ਅਸਲੇ ਨੂੰ ਸੇਧ ਦਿੰਦੇ ਹਨ; ਜਾਸੂਸੀ ਸੈਟਾਲਾਈਟ ਨਿਰੰਤਰ ਖੁਫੀਆ ਜਾਣਕਾਰੀ ਪ੍ਰਦਾਨ ਕਰਦੇ ਹਨ; ਅਤੇ ਸੰਚਾਰ ਸੈਟਾਲਾਈਟ ਕਮਾਂਡਰਾਂ ਨੂੰ ਦੁਨੀਆ ਭਰ ਵਿੱਚ ਫੈਲੀਆਂ ਆਪਣੀਆਂ ਫੌਜਾਂ ਨਾਲ ਜੋੜਦੇ ਹਨ।

ਕਿਉਂਕਿ ਆਧੁਨਿਕ ਫੌਜਾਂ ਇਹਨਾਂ ਸਿਸਟਮਾਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀਆਂ ਹਨ, ਇਸ ਲਈ ਸੈਟਾਲਾਈਟਾਂ ਨੂੰ ਤਬਾਹ ਕਰਨਾ ਜਾਂ ਬੇਕਾਰ ਕਰਨਾ ਵਿਰੋਧੀ ਦੀ ਲੜਨ ਦੀ ਸਮਰੱਥਾ ਨੂੰ ਅਪਾਹਜ ਕਰ ਸਕਦਾ ਹੈ। ਇਸ ਲਈ, ਹੁਣ ਤੱਕ ਕਈ ਦੇਸ਼ਾਂ ਨੇ ਐਂਟੀ-ਸੈਟਾਲਾਈਟ (ਏ ਐੱਸ ਏ ਟੀ) ਹਥਿਆਰ ਵਿਕਸਿਤ ਕਰ ਲਏ ਹਨ। 2007 ਵਿੱਚ ਚੀਨ ਨੇ ਜ਼ਮੀਨ ਤੋਂ ਦਾਗੀ ਜਾਣ ਵਾਲੀ ਮਿਜ਼ਾਈਲ ਨਾਲ ਆਪਣੇ ਹੀ ਇੱਕ ਮੌਸਮ ਦੱਸਣ ਵਾਲੇ ਸੈਟਾਲਾਈਟ ਨੂੰ ਨਸ਼ਟ ਕਰ ਦਿੱਤਾ ਸੀ — ਜਿਸ ਨਾਲ ਮਲਬੇ ਦੇ 3,000 ਤੋਂ ਵੱਧ ਟੁਕੜੇ ਪੈਦਾ ਹੋ ਗਏ ਸਨ। 2008 ਵਿੱਚ ਅਮਰੀਕਾ ਨੇ ਇਕ ਅਜਿਹਾ ਹੀ ਇੰਟਰਸੈਪਸ਼ਨ (ਰੋਕਣ ਵਾਲਾ ਕਾਰਜ) ਕੀਤਾ ਸੀ — ਅਤੇ ਉਸ ਨੇ ਇਸ ਤੋਂ ਪਹਿਲਾਂ ਵੀ ਅਜਿਹੇ ਪ੍ਰੀਖਣ ਕੀਤੇ ਸਨ। 2019 ਵਿੱਚ ਭਾਰਤ ਨੇ ਇੱਕ ਏ ਐੱਸ ਏ ਟੀ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ, ਜਦੋਂ ਕਿ ਰੂਸ ਨੇ 2021 ਵਿੱਚ ਇੱਕ ਤਬਾਹੀ ਭਰਿਆ ਪ੍ਰੀਖਣ ਕੀਤਾ ਸੀ ਜਿਸ ਕਾਰਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਇੰਟਰਨੈਸ਼ਨਲ ਸਪੇਸ ਸਟੇਸ਼ਨ) ਵਿੱਚ ਮੌਜੂਦ ਐਸਟਰੋਨੈਟਸ (ਪੁਲਾੜ ਯਾਤਰੀਆਂ) ਨੂੰ ਮਲਬੇ ਤੋਂ ਬਚਣ ਲਈ ਓਟ ਲੈਣੀ ਪਈ ਸੀ।

ਅਜਿਹੇ ਪ੍ਰੀਖਣ ਪੁਲਾੜ ਯੁੱਧ ਦੇ ਇੱਕ ਖਤਰਨਾਕ ਸਿੱਟੇ - ਔਰਬਿਟ ਦੇ ਮਲਬੇ- ਨੂੰ ਉਜਾਗਰ ਕਰਦੇ ਹਨ। ਤਬਾਹ ਹੋਏ ਸੈਟਾਲਾਈਟਾਂ ਦੇ ਟੁਕੜੇ 27,000 ਕਿਲੋਮੀਟਰ ਪ੍ਰਤੀ ਘੰਟਾ (7-8 ਕਿਲੋਮੀਟਰ ਪ੍ਰਤੀ ਸੈਕਿੰਡ) ਤੋਂ ਵੀ ਵੱਧ ਦੀ ਰਫ਼ਤਾਰ ਨਾਲ ਘੁੰਮਦੇ ਹਨ। ਇਹਨਾਂ ਦੇ ਛੋਟੇ-ਛੋਟੇ ਕਣ ਵੀ ਮਹੱਤਵਪੂਰਨ ਸੈਟਾਲਾਈਟਾਂ, ਇੱਥੋਂ ਤੱਕ ਕਿ ਪੁਲਾੜ ਸਟੇਸ਼ਨਾਂ ਨੂੰ ਵੀ ਨਸ਼ਟ ਕਰ ਸਕਦੇ ਹਨ ਜਾਂ ਨੁਕਸਾਨ ਪਹੁੰਚਾ ਸਕਦੇ ਹਨ, ਜਿਸ ਦੇ ਨਤੀਜੇ ਵਜੋਂ ਅਣਗਿਣਤ ਨਵੇਂ ਟੁਕੜੇ ਪੈਦਾ ਹੋ ਸਕਦੇ ਹਨ। ਵਾਰ-ਵਾਰ ਹੋਣ ਵਾਲੀਆਂ ਇਹ ਟੱਕਰਾਂ 'ਕੈਸਲਰ ਸਿੰਡ੍ਰੋਮ' ਵਜੋਂ ਜਾਣੀ ਜਾਂਦੀ ਇੱਕ ਲੜੀਵਾਰ ਪ੍ਰਤੀਕਿਰਿਆ (ਚੇਨ ਰੀਐਕਸ਼ਨ) ਨੂੰ ਜਨਮ ਦੇ ਸਕਦੀਆਂ ਹਨ, ਜਿਸ ਨਾਲ ਨਵੇਂ ਮਲਬੇ ਦੀ ਮਾਤਰਾ ਵਿੱਚ ਭਾਰੀ ਵਾਧਾ ਹੋਵੇਗਾ ਅਤੇ ਪੁਲਾੜ ਦੇ ਔਰਬਿਟ ਵਰਤੋਂ ਦੇ ਅਯੋਗ ਹੋ ਜਾਣਗੇ। 

ਅਤੇ ਐਂਟੀ-ਸੈਟੇਲਾਈਟ (ਏ ਐੱਸ ਏ ਟੀ) ਜੰਗ ਹੁਣ ਸਿਰਫ਼ ਮਿਜ਼ਾਈਲਾਂ 'ਤੇ ਹੀ ਨਿਰਭਰ ਨਹੀਂ ਹੈ। ਜੰਗ ਦੇ ਇਲੈਕਟ੍ਰੌਨਿਕ ਸਿਸਟਮ ਸੈਟਾਲਾਈਟਾਂ ਦੇ ਸਿਗਨਲਾਂ ਨੂੰ ਜਾਮ ਕਰ ਸਕਦੇ ਹਨ। ਸਾਈਬਰ ਹਮਲੇ ਸੈਟਾਲਾਈਟ ਨੈੱਟਵਰਕਾਂ ਜਾਂ ਜ਼ਮੀਨੀ ਕੰਟਰੋਲ ਸਟੇਸ਼ਨਾਂ ਵਿੱਚ ਸੰਨ੍ਹ ਲਾ ਸਕਦੇ ਹਨ। ਲੇਜ਼ਰ ਵਰਗੇ ਡਾਇਰੈਕਟਿਡ-ਐਨਰਜੀ ਹਥਿਆਰ ਸੈਟਾਲਾਈਟ ਦੇ ਸੈਂਸਰਾਂ ਨੂੰ ਅਸਥਾਈ ਤੌਰ 'ਤੇ ਅੰਨ੍ਹਾ ਕਰਨ ਦੇ ਸਮਰੱਥ ਹੋ ਸਕਦੇ ਹਨ। ਹੁਣ ਕੁਝ ਸੈਟਾਲਾਈਟਾਂ ਵਿੱਚ ਦਿਸ਼ਾ ਬਦਲਣ (ਮਨਿਊਵਰਿੰਗ) ਦੀਆਂ ਅਜਿਹੀਆਂ ਸਮਰੱਥਾਵਾਂ ਹਨ ਜੋ ਉਹਨਾਂ ਨੂੰ ਦੂਜੇ ਪੁਲਾੜ ਯਾਨਾਂ (ਸਪੇਸ ਕਰਾਫਟਸ) ਦੇ ਨੇੜੇ ਜਾਣ ਜਾਂ ਉਹਨਾਂ ਦੀ ਜਾਂਚ ਕਰਨ ਦੇ ਸਮਰੱਥ ਬਣਾਉਂਦੀਆਂ ਹਨ, ਜਿਸ ਨਾਲ ਇਹ ਚਿੰਤਾਵਾਂ ਵੱਧ ਰਹੀਆਂ ਹਨ ਕਿ ਉਹ ਉਹਨਾਂ ਨੂੰ ਬੇਕਾਰ ਵੀ ਕਰ ਸਕਦੇ ਹਨ। ਸੈਟਾਲਾਈਟਾਂ ਦੀ ਲਗਾਤਾਰ ਹੁੰਦੀ ਇਹ ਤਬਾਹੀ (ਕੈਸਕੇਡਿੰਗ ਫੇਲਿਅਰ) ਨਾ ਸਿਰਫ਼ ਫੌਜੀ ਸਿਸਟਮਾਂ ਲਈ ਖਤਰਾ ਬਣ ਸਕਦੀ ਹੈ ਸਗੋਂ ਸੰਚਾਰ ਨੈੱਟਵਰਕ, ਬੈਂਕਿੰਗ ਲੈਣ-ਦੇਣ, ਨੈਵੀਗੇਸ਼ਨ, ਮੌਸਮ ਦੀ ਭਵਿੱਖਬਾਣੀ ਅਤੇ ਵਿਗਿਆਨਿਕ ਨਿਗਰਾਨੀ ਨੂੰ ਠੱਪ ਜਾਂ ਨਸ਼ਟ ਕਰਕੇ ਆਧੁਨਿਕ ਸੱਭਿਅਤਾ ਨੂੰ ਵੀ ਖਤਰੇ ਵਿੱਚ ਪਾ ਸਕਦੀ ਹੈ।  ਜਲਵਾਯੂ ਵਿੱਚ ਤਬਦੀਲੀ ਨਾਲ ਨਜਿੱਠਣ ਦੇ ਵਿਸ਼ਵ ਪੱਧਰ ਦੇ ਯਤਨਾਂ ਨੂੰ ਵੀ ਪੂਰਾ ਨਾ ਕੀਤਾ ਜਾ ਸਕਣ ਵਾਲਾ ਨੁਕਸਾਨ ਪਹੁੰਚ ਸਕਦਾ ਹੈ।

ਸਪੇਸ-ਇੰਡਸਟਰੀਅਲ ਕੰਪਲੈਕਸ

ਮੈਂ 1986 ਵਿੱਚ ਅਮਰੀਕਾ ਦੀ ਏਅਰ ਫੋਰਸ ਦੇ ਸਪੇਸ ਸਰਵੇਲੈਂਸ ਸੈਂਟਰ (ਪੁਲਾੜ ਨਿਗਰਾਨੀ ਕੇਂਦਰ) ਵਿੱਚ ਕੰਮ ਕੀਤਾ ਸੀ, ਜਦੋਂ ਔਰਬਿਟ ਵਿੱਚ 5000 ਦੇ ਕਰੀਬ ਟ੍ਰੈਕ ਕੀਤੀਆਂ ਜਾ ਸਕਣ ਵਾਲੀਆਂ ਵਸਤੂਆਂ ਧਰਤੀ ਦੁਆਲੇ ਘੁੰਮਦੀਆਂ ਸਨ। ਚਾਲੀ ਸਾਲਾਂ ਬਾਅਦ ਇਹ ਗਿਣਤੀ ਨੌਂ ਗੁਣਾਂ ਵੱਧ ਕੇ 45,000 ਤੋਂ ਵੱਧ ਗਈ ਹੈ। ਭਾਰੀ ਮੁਕਾਬਲੇਬਾਜ਼ੀ ਦਾ ਕੇਂਦਰ ਹੋਣ ਦੇ ਬਾਵਜੂਦ ਪੁਲਾੜ ਵਿੱਚ ਲਗਾਤਾਰ ਭੀੜ ਵਧ ਰਹੀ ਹੈ।

ਚੀਨ ਦੀ 'ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ' ਅਤੇ 'ਤੁਰਕੀ ਦੀ ਸਪੇਸ ਏਜੰਸੀ' ਦੇ ਨਾਲ ਨਾਲ ਬਹੁ-ਰਾਸ਼ਟਰੀ 'ਯੂਰਪੀਅਨ ਸਪੇਸ ਏਜੰਸੀ' (ਈ ਐੱਸ ਏ), ਨਾਸਾ ਵਾਂਗ ਸਿਵਲੀਅਨ ਅਤੇ ਮਿਲਟਰੀ ਦੀ ਵਰਤੋਂ ਲਈ 'ਦੋਹਰੀ ਵਰਤੋਂ' ਵਾਲੀਆਂ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਦੀ ਹੈ। ਨੈਵੀਗੇਸ਼ਨ ਸੈਟਾਲਾਈਟਾਂ ਦਾ ਚੱਲ ਰਿਹਾ 'ਗੈਲੀਲੀਓ' ਨੈੱਟਵਰਕ ਈ ਐੱਸ ਏ ਦਾ ਹੀ ਇੱਕ ਉਤਪਾਦ ਹੈ।

 ਇਸ ਦੇ ਨਾਲ ਹੀ, ਫਰਾਂਸ ਨੇ ਫੌਜੀ ਜਾਸੂਸੀ ਅਤੇ ਨਿਗਰਾਨੀ ਲਈ ਤਿੰਨ-ਸੈਟਾਲਾਈਟਾਂ ਦਾ ਇੱਕ ਸਿਸਟਮ  ਲਾਂਚ ਕੀਤਾ ਹੈ। ਚੀਨ ਦਾ 'ਬੇਈਡੂ' ਨੈਵੀਗੇਸ਼ਨ ਸਿਸਟਮ ਉਸ ਦੀ ਫੌਜ ਲਈ ਮਿਜ਼ਾਈਲਾਂ ਬਾਰੇ ਸੇਧ ਅਤੇ ਸੁਰੱਖਿਅਤ ਸੰਚਾਰ ਪ੍ਰਦਾਨ ਕਰਦਾ ਹੈ, ਜਦੋਂ ਕਿ ਤੁਰਕੀ ਦੇ ਸੈਟਾਲਾਈਟਾਂ ਨਾਲ ਸੰਬੰਧਿਤ ਯਤਨ ਸੁਰੱਖਿਅਤ ਸੰਚਾਰ ਅਤੇ ਧਰਤੀ ਦੀ ਜਾਸੂਸੀ 'ਤੇ ਕੇਂਦਰਿਤ ਹਨ। 'ਫੌਜੀ' ਅਤੇ 'ਸਿਵਲ'' ਵਰਤੋਂ ਵਿਚਕਾਰਲੀ ਰੇਖਾ ਦਿਨੋ-ਦਿਨ ਹੋਰ ਧੁੰਦਲੀ ਹੁੰਦੀ ਜਾ ਰਹੀ ਹੈ। ਹਾਲ ਹੀ ਦੇ ਦਹਾਕਿਆਂ ਵਿੱਚ ਇੱਕ ਵੱਡਾ ਬਦਲਾਅ ਪੁਲਾੜ ਵਿੱਚ ਨਿੱਜੀ ਕੰਪਨੀਆਂ ਦੀ ਵਧਦੀ ਭੂਮਿਕਾ ਹੈ।

1990ਵਿਆਂ ਤੱਕ, ਪੁਲਾੜ ਗਤੀਵਿਧੀਆਂ ਵਿੱਚ ਸਰਕਾਰਾਂ ਦਾ ਦਬਦਬਾ ਸੀ। ਅੱਜ, ਵਪਾਰਕ ਕੰਪਨੀਆਂ ਜ਼ਿਆਦਾਤਰ ਸੈਟਾਲਾਈਟ ਲਾਂਚ ਕਰਦੀਆਂ ਹਨ, ਭਾਵੇਂ ਕਿ ਅਜੇ ਵੀ ਪੁਲਾੜ ਵਿੱਚ ਰਣਨੀਤਕ ਸਮੱਗਰੀ (ਪੇਅਲੋਡਜ਼) ਭੇਜਣ ਵਿੱਚ ਸਰਕਾਰਾਂ ਦੀ ਸਰਦਾਰੀ ਹੈ। ਫਿਰ ਵੀ ਇਹ ਜ਼ਰੂਰੀ ਨਹੀਂ ਕਿ ਪੁਲਾੜ ਯਤਨਾਂ ਦਾ ਹੋ ਰਿਹਾ ਨਿਜੀਕਰਨ ਫੌਜੀ ਪ੍ਰਭਾਵ ਵਿੱਚ ਕਮੀ ਲਿਆਵੇ। ਅਮਰੀਕਾ ਰੱਖਿਆ ਖੇਤਰ (ਡਿਫੈਂਸ ਸੈਕਟਰ) ਤੋਂ ਮਿਲਣ ਵਾਲੀ ਮੋਟੀ ਫੰਡਿੰਗ ਇਸ ਦਾ ਮੁੱਖ ਉਦੇਸ਼ ਸਥਾਪਤ ਕਰਦੀ ਹੈ, ਜੋ ਕਿ ਇਸ ਅਖਾਣ ਨਾਲ ਬਿਲਕੁਲ ਮੇਲ ਖਾਂਦੀ ਹੈ: 'ਜਿਹੜਾ ਪੈਸਾ ਲਾਵੇ, ਉਹੀ ਮਰਜ਼ੀ ਚਲਾਵੇ'। ਸੈਟਾਲਾਈਟਾਂ ਦੀਆਂ ਵਪਾਰਕ ਤਸਵੀਰਾਂ ਖੁਫੀਆ ਜਾਣਕਾਰੀ ਦਾ ਇੱਕ ਮਹੱਤਵਪੂਰਨ ਸ੍ਰੋਤ ਬਣੀਆਂ ਹੋਈਆਂ ਹਨ, ਪਰ ਇਹਨਾਂ ਤੱਕ ਪਹੁੰਚ ਦਾ ਸਵਾਲ ਅਜੇ ਵੀ ਬਰਕਰਾਰ ਹੈ। ਅਮਰੀਕਾ ਦੀ ਫੌਜ ਜਿੱਥੇ ਚਾਹੇ ਉੱਥੇ ਇਹਨਾਂ ਤਸਵੀਰਾਂ 'ਤੇ ਕੰਟਰੋਲ ਕਰ ਸਕਦੀ ਹੈ: ਵਪਾਰ ਅਤੇ ਯੁੱਧ ਵਿਚਕਾਰ ਇੱਕ ਬਹੁਤ ਹੀ ਬਾਰੀਕ ਰੇਖਾ ਹੈ। ਮਾਰਚ ਤੋਂ, 200 ਤੋਂ ਵੱਧ ਸੈਟਾਲਾਈਟਾਂ ਵਾਲੀ ਇਮੇਜਿੰਗ ਕੰਪਨੀ 'ਪਲੈਨੈਟ ਲੈਬਜ਼' ਸਮੇਤ ਕਈ ਕੰਪਨੀਆਂ ਨੇ ਅਮਰੀਕਾ ਦੀ ਸਰਕਾਰ ਦੀ ਇੱਕ 'ਵਾਲੰਟੀਅਰ' ਬੇਨਤੀ ਦੇ ਪ੍ਰਤੀਕਰਮ ਵਿੱਚ ਗਾਜ਼ਾ ਅਤੇ ਲੈਬਨਾਨ ਸਮੇਤ ਮੱਧ ਪੂਰਬ ਦੇ ਵੱਡੇ ਹਿੱਸਿਆਂ ਦੀਆਂ ਤਸਵੀਰਾਂ ਰੋਕ ਕੇ ਰੱਖੀਆਂ ਹੋਈਆਂ ਹਨ।

ਇਸੇ ਦੌਰਾਨ, ਐਲਨ ਮਸਕ ਦੀ ਸਪੇਸਐਕਸ ਨੇ ਲਾਂਚ ਸੇਵਾਵਾਂ ਅਤੇ ਸੈਟਾਲਾਈਟ ਤਾਇਨਾਤੀ (ਡਿਪਲੋਏਮੈਂਟ) ਨੂੰ ਵਪਾਰ ਵਜੋਂ ਸ਼ੁਰੂ ਕਰ ਲਿਆ ਹੈ, ਐਮਾਜ਼ੌਨ ਦੇ ਸੰਸਥਾਪਕ ਜੈਫ ਬੇਜ਼ੋਸ ਦੀ ਬਲੂ ਓਰਿਜਿਨ ਨੇ ਹੈਵੀ-ਲਫਟ ਰੌਕੇਟ (ਵੱਡਾ ਭਾਰ ਢੋਣ ਲਈ ਰਾਕਟ) ਅਤੇ ਪੁਲਾੜ ਸੰਚਾਲਨ ਲਈ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਹੈ। ਮਸਕ ਅਤੇ ਬੇਜ਼ੋਸ ਦੀ ਅਮਰੀਕਾ ਦੇ ਸਰਕਾਰੀ ਫੰਡਾਂ 'ਤੇ ਨਿਰਭਰਤਾ ਵਪਾਰਕ ਅਤੇ ਫੌਜੀ ਉੱਦਮਾਂ ਵਿਚਕਾਰਲੇ ਫਰਕ ਨੂੰ ਧੁੰਦਲਾ ਕਰਦੀ ਹੈ। ਫਲਸਤੀਨ ਸਪੇਸ ਇੰਸਟੀਚਿਊਟ ਨੇ ਪੁਲਾੜ ਸੈਕਟਰ ਅਤੇ ਗਾਜ਼ਾ ਨਸਲਕੁਸ਼ੀ ਵਿਚਕਾਰਲੇ ਸਾਂਝੇ ਸਬੰਧਾਂ ਨੂੰ ਟ੍ਰੈਕ ਕੀਤਾ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਨਾਸਾ ਦੇ ਠੇਕਿਆਂ ਨੇ ਇਜ਼ਰਾਈਲ ਨੂੰ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ਘੱਟੋ ਘੱਟ 39 ਅਰਬ (ਬਿਲੀਅਨ) ਡਾਲਰਾਂ ਦਾ ਭੁਗਤਾਨ ਕੀਤਾ ਹੈ।

ਇਸ ਹੀ ਸਮੇਂ, ਲੌਕਹੀਡ ਮਾਰਟਿਨ, ਬੋਇੰਗ, ਅਤੇ ਨੌਰਥਰੋਪ ਗਰੂਮੈਨ ਵਰਗੇ ਸ਼ਕਤੀਸ਼ਾਲੀ ਡਿਫੈਂਸ ਕੰਟਰੈਕਟਰ ਪੁਲਾੜ ਦੇ ਹਥਿਆਰਾਂ 'ਤੇ ਹੋਰ ਖਰਚ ਕਰਨ ਲਈ ਲੌਬੀ ਕਰ ਰਹੇ ਹਨ; ਜਿਸ ਦੇ ਨਤੀਜੇ ਵਜੋਂ ਇੱਕ ਵਧੇਰੇ ਸ਼ਕਤੀਸ਼ਾਲੀ 'ਸਪੇਸ-ਮਿਲਟਰੀ-ਇੰਡਸਟ੍ਰੀਅਲ ਕੰਪਲੈਕਸ' ਸਾਹਮਣੇ ਆ ਰਿਹਾ ਹੈ। ਪੁਲਾੜ ਦਾ ਨਿਜੀਕਰਨ ਪੁਲਾੜ ਦੇ ਫੌਜੀਕਰਨ ਨੂੰ ਤੇਜ਼ ਕਰ ਸਕਦਾ ਹੈ, ਅਤੇ ਜੇਕਰ ਨਿੱਜੀ ਕਾਰਪੋਰੇਸ਼ਨਾਂ ਪੁਲਾੜ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਯੰਤਰਿਤ ਕਰਦੀਆਂ ਹਨ, ਤਾਂ ਮੰਡੀ ਦੇ ਦਬਦਬੇ ਅਤੇ ਵਧੇਰੇ ਮੁਨਾਫੇ ਦੀਆਂ ਮੰਗਾਂ ਫੌਜੀ ਹਮਲਾਵਾਰੀ (ਮਿਲਟਰੀ ਅਗ੍ਰੈਸ਼ਨ) ਨੂੰ ਬੜਾਵਾ ਦੇਣ ਵਿੱਚ ਮਦਦ ਕਰ ਸਕਦੀਆਂ ਹਨ।

ਪੁਲਾੜ ਨੂੰ ਫੌਜੀਕਰਨ ਤੋਂ ਮੁਕਤ ਕਰਨ ਲਈ ਨਵੇਂ ਅੰਤਰਰਾਸ਼ਟਰੀ ਸਮਝੌਤਿਆਂ ਦੀ ਤੁਰੰਤ ਲੋੜ ਹੈ। ਮੌਜੂਦਾ ਸੰਧੀਆਂ ਉਸ ਸਮੇਂ ਦੀਆਂ ਹਨ ਜਦੋਂ ਬਹੁਤ ਘੱਟ ਸਰਕਾਰਾਂ ਧਰਤੀ ਦੇ ਵਾਯੂਮੰਡਲ ਤੋਂ ਅਗਾਂਹ ਕੰਮ ਕਰਦੀਆਂ ਸਨ। ਅੱਜ, ਦਰਜਨਾਂ ਦੇਸ਼ ਅਤੇ ਨਿੱਜੀ ਅਦਾਰੇ ਸੈਟਾਲਾਈਟ ਲਾਂਚ ਕਰ ਰਹੇ ਹਨ ਅਤੇ ਪੁਲਾੜ ਦੀ ਨੀਤੀ ਨੂੰ ਪ੍ਰਭਾਵਿਤ ਕਰ ਰਹੇ ਹਨ; ਪੁਲਾੜ ਨੂੰ ਨਿਯੰਤਰਿਤ ਕਰਨ ਵਾਲਾ ਕਾਨੂੰਨੀ ਢਾਂਚਾ ਇਸ ਦੀ ਰਫ਼ਤਾਰ ਨਾਲ ਨਹੀਂ ਚੱਲ ਸਕਿਆ ਹੈ।

ਆਪਣੀ ਖਿੱਚ ਦੇ ਬਾਵਜੂਦ, ਪੁਲਾੜ ਆਪਣੇ ਆਪ ਵਿੱਚ ਇੱਕ ਬਹੁਤ ਹੀ ਚੁਣੌਤੀਪੂਰਨ ਵਾਤਾਵਰਣ ਹੈ। ਮਨੁੱਖਾਂ ਨੂੰ ਔਰਬਿਟ ਵਿੱਚ ਭੇਜਣਾ ਅਤੇ ਉੱਥੇ ਉਨ੍ਹਾਂ ਨੂੰ ਰੱਖਣਾ ਬਹੁਤ ਮਹਿੰਗਾ ਅਤੇ ਤਕਨੀਕੀ ਤੌਰ 'ਤੇ ਔਖਾ ਕਾਰਜ ਹੈ। ਇਸ ਕਰਕੇ, ਆਉਣ ਵਾਲੇ ਦਹਾਕਿਆਂ ਵਿੱਚ ਮਨੁੱਖੀ 'ਸਪੇਸ ਵਾਰੀਅਰਜ਼' ਜਾਂ 'ਸਟਾਰਸ਼ਿਪ ਟਰੂਪਰਜ਼' ਦੇ ਦਿਖਾਈ ਦੇਣ ਦੀ ਸੰਭਾਵਨਾ ਨਹੀਂ ਹੈ। ਇਸ ਦੇ ਬਾਵਜੂਦ, ਪੁਲਾੜ ਬਹੁਤ ਜ਼ਿਆਦਾ ਮਹੱਤਵ ਅਤੇ ਵਧਦੀ ਮੁਕਾਬਲੇਬਾਜ਼ੀ ਦਾ ਖੇਤਰ ਬਣਿਆ ਹੋਇਆ ਹੈ, ਜਿਸ ਦੇ ਵਧਦੇ ਫੌਜੀਕਰਨ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।