ਪੰਜਾਬ ਦੀਆਂ ਚੋਣਾਂ ਵਿੱਚ ਹਾਰ ਜਾਣ ਵਾਲਿਆਂ ਨੂੰ ਹਕੀਕਤ ਦਾ ਸ਼ੀਸ਼ਾ ਵੇਖਣਾ ਚਾਹੀਦੈ -ਜਤਿੰਦਰ ਪਨੂੰ

ਪੰਜਾਬ ਵਿੱਚ 'ਆਮ ਆਦਮੀ ਪਾਰਟੀ ਜਿੱਤੀ ਪਈ' ਸਮਝੀ ਜਾਣ ਮਗਰੋਂ ਉਸ ਦੇ ਹਾਰ ਜਾਣ ਤੇ ਕਾਂਗਰਸ ਦੇ ਜਿੱਤ ਜਾਣ ਤੋਂ ਬਾਅਦ ਦਾ ਇੱਕ ਹਫਤਾ ਸਾਨੂੰ ਬਹੁਤ ਕੁਝ ਸੁਣਨ ਨੂੰ ਮਿਲਿਆ ਹੈ। ਇਸ ਵਿੱਚ ਹਾਸੋਹੀਣੀ ਦੁਹਾਈ ਵੀ ਸ਼ਾਮਲ ਹੈ ਕਿ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ ਦੇ ਸਾਫਟਵੇਅਰ ਵਿੱਚ ਛੇੜ-ਛਾੜ ਕਰ ਕੇ ਕਿਸੇ ਧਿਰ ਦੀ ਜਿੱਤ ਨੂੰ ਹਾਰ ਵਿੱਚ ਬਦਲ ਦਿੱਤਾ ਹੋਵੇਗਾ। 'ਹਾਸੋਹੀਣਾ' ਸ਼ਬਦ ਇਸ ਲਈ ਢੁਕਵਾਂ ਹੈ ਕਿ ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਤੇ ਕਾਂਗਰਸ ਦੇ ਕੁਝ ਆਗੂ ਇਹੋ ਜਿਹੇ ਬਿਆਨਾਂ ਨਾਲ ਖੁਦ ਫਸ ਜਾਂਦੇ ਹਨ। ਰਾਹੁਲ ਗਾਂਧੀ ਦਾ ਇੱਕ ਬਿਆਨ ਆਇਆ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਨਤੀਜਿਆਂ ਬਾਰੇ ਵੋਟਿੰਗ ਮਸ਼ੀਨਾਂ ਵਿੱਚ ਗੜਬੜ ਦਾ ਕਈ ਲੋਕਾਂ ਨੂੰ ਸ਼ੱਕ ਹੈ। ਬਿਆਨ ਛਪਣ ਤੋਂ ਬਾਅਦ ਓਸੇ ਦਿਨ ਪੰਜਾਬ ਦੀ ਸਰਕਾਰ ਬਣਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੀ ਉਸ ਨਾਲ ਮੀਟਿੰਗ ਸੀ। ਬਾਹਰ ਨਿਕਲਦੇ ਕੈਪਟਨ ਅਮਰਿੰਦਰ ਸਿੰਘ ਨੂੰ ਇਹੋ ਸਵਾਲ ਪੱਤਰਕਾਰਾਂ ਨੇ ਪੁੱਛ ਲਿਆ ਤਾਂ ਉਨ੍ਹਾ ਨੇ ਅੱਗੋਂ ਸਾਫ ਆਖਿਆ ਕਿ ਜਿਹੜੇ ਹਾਰ ਜਾਣ, ਉਹ ਫਿਰ ਵੋਟਿੰਗ ਮਸ਼ੀਨਾਂ ਦਾ ਬਹਾਨਾ ਬਣਾਉਣ ਲੱਗਦੇ ਹਨ। ਰਾਹੁਲ ਗਾਂਧੀ ਦੀ ਹਾਲਤ ਇਸ ਨਾਲ ਹਾਸੋਹੀਣੀ ਬਣ ਗਈ। ਕੇਜਰੀਵਾਲ ਨੇ ਜਦੋਂ ਇਹੋ ਗੱਲ ਕਹੀ ਤਾਂ ਅੱਗੋਂ ਇਹ ਸੁਣਨ ਨੂੰ ਮਿਲ ਗਿਆ ਕਿ ਅੱਜ ਤੱਕ ਦਿੱਲੀ ਵਿੱਚ ਕਿਸੇ ਪਾਰਟੀ ਨੂੰ ਸੱਤਰਾਂ ਵਿੱਚੋਂ ਸਤਾਹਠ ਸੀਟਾਂ ਨਹੀਂ ਸੀ ਮਿਲੀਆਂ, ਜਦੋਂ ਕੇਜਰੀਵਾਲ ਨੂੰ ਏਨੀਆਂ ਸੀਟਾਂ ਮਿਲੀਆਂ ਸਨ, ਓਦੋਂ ਮਸ਼ੀਨਾਂ ਦੀ ਗੜਬੜ ਹੋਈ ਹੋਵੇਗੀ, ਉਹ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਦੋਬਾਰਾ ਚੋਣਾਂ ਕਰਵਾ ਲਵੇ ਤਾਂ ਜ਼ਿਆਦਾ ਠੀਕ ਰਹੇਗਾ। ਫਿਰ ਵੀ ਕਿਸੇ ਪਾਰਟੀ ਨੂੰ ਇਸ ਤਰ੍ਹਾਂ ਦਾ ਸ਼ੱਕ ਹੈ ਤਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਜਾਣਾ ਚਾਹੀਦਾ ਹੈ, ਪਰ ਕੋਈ ਗਿਆ ਨਹੀਂ।
ਹਾਲਾਤ ਨੂੰ ਸਮਝਣਾ ਹੋਵੇ ਤਾਂ ਪੰਜੇ ਰਾਜਾਂ ਦੇ ਚੋਣ ਨਤੀਜੇ ਇਸ ਦਾ ਕਾਰਨ ਸਮਝਾ ਸਕਦੇ ਹਨ। ਉੱਤਰਾ ਖੰਡ ਦੇ ਕੁਝ ਕਾਂਗਰਸੀ ਆਗੂ ਸੱਤਾ ਦੇ ਲੋਭ ਵਿੱਚ ਹਰ ਸੇਠ ਦੇ ਕਿੱਲੇ ਬੱਝਣ ਨੂੰ ਤਿਆਰ ਸਨ। ਭਾਜਪਾ ਓਥੇ ਜਿੱਤਣ ਨਾਲ ਖੁਸ਼ ਹੈ, ਪਰ ਉਸ ਦੇ ਅੱਧੇ ਵਿਧਾਇਕ ਪੁਰਾਣੇ ਕਾਂਗਰਸੀ ਹਨ, ਜਦੋਂ ਕਿਸੇ ਹੋਰ ਪਾਸੇ ਦਾਅ ਲੱਗਾ, ਭਾਜਪਾ ਨੂੰ ਛੱਡ ਕੇ ਓਸ ਚੁਬਾਰੇ ਉੱਤੇ ਜਾਣ ਨੂੰ ਤਿਆਰ ਹੋ ਜਾਣਗੇ। ਅਗਲੀਆਂ ਪਾਰਲੀਮੈਂਟ ਚੋਣਾਂ ਪਿੱਛੋਂ ਇਹੋ ਜਿਹਾ ਅਸਰ ਦਿਖਾਈ ਦੇ ਸਕਦਾ ਹੈ। ਮਨੀਪੁਰ ਵਿੱਚ ਵੀ ਇਹੋ ਹੋਇਆ ਹੈ। ਓਥੇ ਭਾਜਪਾ ਨੇ ਉਸ ਬੀਰੇਨ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਹੈ, ਜਿਹੜਾ ਪਿਛਲੇ ਪੰਦਰਾਂ ਸਾਲਾਂ ਤੋਂ ਕਾਂਗਰਸੀ ਸਰਕਾਰਾਂ ਦਾ ਮੰਤਰੀ ਹੁੰਦਾ ਸੀ ਤੇ ਤਾਜ਼ਾ ਚੋਣਾਂ ਤੋਂ ਚਾਰ ਕੁ ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਗਿਆ ਸੀ। ਨਰਿੰਦਰ ਮੋਦੀ ਨੇ ਇੱਕ ਨਾਅਰਾ 'ਕਾਂਗਰਸ ਮੁਕਤ ਭਾਰਤ' ਦਾ ਦਿੱਤਾ, ਪਰ ਉਸ ਦੇ ਉਲਟ ਹੁਣ 'ਕਾਂਗਰਸ ਯੁਕਤ ਭਾਜਪਾ' (ਕਾਂਗਰਸੀ ਤੱਤਾਂ ਨਾਲ ਭਰਪੂਰ ਭਾਜਪਾ) ਬਣਾ ਕੇ ਸਾਰੇ ਦੇਸ਼ ਨੂੰ ਲੋਕਤੰਤਰ ਦੀ ਇੱਕ ਹੋਰ ਵਿਗੜੀ ਹੋਈ ਲੀਹੇ ਪਾ ਦਿੱਤਾ ਹੈ। ਗੋਆ ਵਿੱਚ ਕਾਂਗਰਸ ਵਾਲੇ ਆਪਣੀ ਗੁੱਟਬੰਦੀ ਨਾਲ ਹਾਰੇ ਹਨ ਅਤੇ ਹਾਰ ਚੁੱਕਣ ਤੋਂ ਬਾਅਦ ਵੀ ਅੰਦਰੂਨੀ ਲੜਾਈ ਸਿਖਰਾਂ ਛੋਹ ਰਹੀ ਹੈ।
ਉੱਤਰ ਪ੍ਰਦੇਸ਼ ਦਾ ਕੇਸ ਵੱਖਰਾ ਹੈ। ਓਥੇ ਜਿੱਤ ਭਾਜਪਾ ਦੀ ਨਹੀਂ, ਹਿੰਦੂਤੱਵ ਦੇ ਨਵੇਂ ਉਬਾਲੇ ਦੀ ਸਮਝੀ ਜਾ ਰਹੀ ਹੈ। ਜਿਹੜੀ ਭਾਜਪਾ ਕਦੇ ਦੇਸ਼ ਦੀ ਪਾਰਲੀਮੈਂਟ ਵਿੱਚ ਮਸਾਂ ਦੋ ਸੀਟਾਂ ਉੱਤੇ ਖੜੋ ਗਈ ਸੀ, ਬਾਬਰੀ ਮਸਜਿਦ ਢਾਹੁਣ ਦੇ ਨਾਅਰੇ ਨਾਲ ਦੋ ਤੋਂ ਛਿਆਸੀ ਤੇ ਫਿਰ ਛਿਆਸੀ ਤੋਂ ਇੱਕ ਸੌ ਸੋਲਾਂ ਹੁੰਦੀ ਹੋਈ ਇੱਕ ਹੋਰ ਦੌੜ ਵਿੱਚ ਇੱਕ ਸੌ ਬਿਆਸੀ ਸੀਟਾਂ ਤੱਕ ਪਹੁੰਚ ਕੇ ਪਹਿਲੀ ਵਾਰੀ ਸਰਕਾਰ ਦੀ ਅਗਵਾਈ ਸਾਂਭਣ ਜੋਗੀ ਹੋ ਗਈ ਸੀ। ਅੱਗੋਂ ਉਸ ਦੀ ਗੱਡੀ ਰਾਮ ਮੰਦਰ ਦੀ ਉਸਾਰੀ ਵਾਲੇ ਸਪੀਡ ਬਰੇਕਰ ਉੱਤੇ ਜਾ ਖੜੋਤੀ। ਪਹਿਲਾਂ ਉਸ ਦੇ ਲੀਡਰਾਂ ਨੇ ਕਿਹਾ ਕਿ ਜਦੋਂ ਕੇਂਦਰ ਵਿੱਚ ਸਾਡੀ ਸਰਕਾਰ ਬਣੀ, ਓਦੋਂ ਮੰਦਰ ਬਣਾ ਦਿੱਤਾ ਜਾਵੇਗਾ। ਵਾਜਪਾਈ ਸਰਕਾਰ ਬਣੀ ਤਾਂ ਕਹਿ ਦਿੱਤਾ ਕਿ ਗੱਠਜੋੜ ਦੀ ਸਰਕਾਰ ਅੱਗੇ ਮਜਬੂਰੀਆਂ ਹਨ, ਨਿਰੋਲ ਆਪਣੀ ਬਹੁ-ਸੰਮਤੀ ਮਿਲੇਗੀ ਤਾਂ ਮੰਦਰ ਬਣੇਗਾ। ਨਰਿੰਦਰ ਮੋਦੀ ਦੀ ਅਗਵਾਈ ਹੇਠ ਆਪਣੀ ਬਹੁ-ਸੰਮਤੀ ਆਈ ਤਾਂ ਕਹਿ ਦਿੱਤਾ ਕਿ ਅਮਨ-ਕਾਨੂੰਨ ਰਾਜ ਸਰਕਾਰ ਕੋਲ ਹੈ, ਜਦੋਂ ਉੱਤਰ ਪ੍ਰਦੇਸ਼ ਵਿੱਚ ਨਿਰੋਲ ਆਪਣੀ ਸਰਕਾਰ ਬਣ ਗਈ, ਓਦੋਂ ਰਾਮ ਮੰਦਰ ਬਣਾਉਣ ਦਾ ਕੰਮ ਹੋਵੇਗਾ। ਤਾਜ਼ਾ ਚੋਣਾਂ ਦੌਰਾਨ ਨਰਿੰਦਰ ਮੋਦੀ ਦੇ 'ਪਿੰਡ ਵਿੱਚ ਕਬਰਸਤਾਨ ਹੈ ਤਾਂ ਸ਼ਮਸ਼ਾਨ ਘਾਟ ਵੀ ਚਾਹੀਦਾ ਹੈ ਤੇ ਰਮਜ਼ਾਨ ਵਿੱਚ ਬਿਜਲੀ ਆਉਂਦੀ ਹੈ ਤਾਂ ਦੀਵਾਲੀ ਮੌਕੇ ਵੀ ਚਾਹੀਦੀ ਹੈ' ਵਾਲੇ ਟੋਟਕੇ ਏਸੇ ਭਾਵਨਾ ਨੂੰ ਅੱਗੇ ਵਧਾ ਰਹੇ ਸਨ। ਉਨ੍ਹਾਂ ਦੇ ਸਾਥੀਆਂ ਵਿੱਚੋਂ ਯੋਗੀ ਅਦਿੱਤਿਆ ਨਾਥ, ਸਾਧਵੀ ਨਿਰੰਜਨ ਜੋਤੀ ਤੇ ਸਾਕਸ਼ੀ ਮਹਾਰਾਜ ਸਾਫ ਸਿੱਧਾ ਕਹਿ ਰਹੇ ਸਨ ਕਿ ਇਸ ਵਾਰ ਆਪਣੀ ਬਹੁ-ਸੰਮਤੀ ਆ ਜਾਵੇ ਤਾਂ ਰਾਮ ਮੰਦਰ ਦਾ ਕੰਮ ਸ਼ੁਰੂ ਕਰਾਂਗੇ। ਧਰਮ ਨਿਰਪੱਖਤਾ ਵਾਲੀਆਂ ਧਿਰਾਂ ਨੇ ਸਾਰਾ ਜ਼ੋਰ ਮੁਸਲਿਮ ਵੋਟਾਂ ਨੂੰ ਆਪੋ ਆਪਣੇ ਵੱਲ ਖਿੱਚਣ ਵੱਲ ਲਾਈ ਰੱਖਿਆ ਤੇ ਮੁਸਲਿਮ ਭਾਈਚਾਰੇ ਤੋਂ ਚੌਗੁਣੀ ਹਿੰਦੂ ਬਹੁ-ਗਿਣਤੀ ਅੰਦਰ ਚੁੱਪ-ਚੁਪੀਤੇ ਹੁੰਦੇ ਰਾਮ ਮੁੱਦੇ ਵਾਲੇ ਪ੍ਰਚਾਰ ਦਾ ਚੇਤਾ ਹੀ ਨਹੀਂ ਕੀਤਾ। ਸਿਆਸੀ ਤੇ ਸਮਾਜੀ ਪੱਖ ਤੋਂ ਇਹੋ ਅਵੇਸਲਾਪਣ ਉਨ੍ਹਾਂ ਦੇ ਜੜ੍ਹੀਂ ਬੈਠਾ ਤੇ ਬਹੁਤ ਬੁਰੀ ਹਾਰ ਦਾ ਕਾਰਨ ਬਣਿਆ ਹੈ।
ਰਹੀ ਗੱਲ ਪੰਜਾਬ ਦੀ। ਏਥੇ ਆਮ ਆਦਮੀ ਪਾਰਟੀ ਨੇ ਲੋੜ ਤੋਂ ਵੱਧ ਹਮਲਾਵਰੀ ਵੀ ਵਿਖਾਈ, ਹੱਦੋਂ ਬਾਹਲੀ ਗੈਰ-ਗੰਭੀਰਤਾ ਵੀ ਅਤੇ ਵਿਦੇਸ਼ ਬੈਠੇ ਕੁਝ ਬੰਦਿਆਂ ਨੇ ਦੂਸਰੀਆਂ ਪਾਰਟੀਆਂ ਦੇ ਆਗੂਆਂ ਦੀਆਂ ਪੱਗਾਂ ਲਾਹੁਣ ਦੀ ਹੱਦ ਤੱਕ ਜਾਂਦੀਆਂ ਉਹ ਟਿੱਪਣੀਆਂ ਕੀਤੀਆਂ, ਜਿਹੜੀਆਂ ਸਾਊ ਵੋਟਰ ਨੂੰ ਚੰਗੀਆਂ ਨਹੀਂ ਸਨ ਲੱਗੀਆਂ। ਲੰਬੀ ਵਿੱਚ ਇੱਕ ਦਿਨ ਮੁੱਖ ਮੰਤਰੀ ਬਾਦਲ ਦੇ ਵੱਲ ਆਮ ਆਦਮੀ ਪਾਰਟੀ ਦੇ ਇੱਕ ਹਮਾਇਤੀ ਨੇ ਜੁੱਤੀ ਸੁੱਟੀ ਤਾਂ ਇਸ ਨੂੰ ਬੜਾ ਕਾਰਨਾਮਾ ਸਮਝਿਆ ਗਿਆ। ਓਥੇ ਪਾਰਟੀ ਦਾ ਉਹ ਉਮੀਦਵਾਰ ਖੜਾ ਸੀ, ਜਿਸ ਦੀ ਇੱਕੋ ਯੋਗਤਾ ਇੱਕ ਮੰਤਰੀ ਦੇ ਵੱਲ ਜੁੱਤੀ ਸੁੱਟਣ ਦੀ ਸੁਣੀ ਜਾਂਦੀ ਸੀ। ਤਾਜ਼ਾ ਘਟਨਾ ਮੁੱਖ ਮੰਤਰੀ ਬਾਦਲ ਦੇ ਲਈ ਹਮਦਰਦੀ ਤੇ ਆਪ ਪਾਰਟੀ ਤੋਂ ਸਾਊ ਲੋਕਾਂ ਨੂੰ ਦੂਰ ਕਰਨ ਦਾ ਕਾਰਨ ਬਣੀ। ਬਾਕੀ ਦਾ ਕੰਮ ਸੱਚੇ ਸੌਦੇ ਵਾਲੀ ਵੋਟ ਨੇ ਕਰ ਦਿੱਤਾ ਤੇ ਅਕਾਲੀਆਂ ਨੂੰ ਹਾਰਦੀਆਂ ਹੋਈਆਂ ਕੁਝ ਸੀਟਾਂ ਵੀ ਜਿੱਤਣ ਦਾ ਸਬੱਬ ਬਣ ਗਿਆ। ਕਾਂਗਰਸ ਵੀ ਇਸ ਤੋਂ ਫਾਇਦੇ ਵਿੱਚ ਰਹੀ।
ਦੂਸਰੇ ਪਾਸੇ ਕਾਂਗਰਸ ਦੀ ਚੋਣ ਮੁਹਿੰਮ ਇਸ ਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਨੇ ਪਿਛਲਾ ਤਜਰਬਾ ਚੇਤੇ ਰੱਖ ਕੇ ਏਦਾਂ ਚਲਾਈ ਕਿ ਲੋਕ ਉਸ ਵੱਲ ਮੋੜਾ ਕੱਟਦੇ ਗਏ। ਆਮ ਆਦਮੀ ਪਾਰਟੀ ਤਾਂ ਪਟਿਆਲੇ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਆਪਣੇ ਡਾਕਟਰ ਬਲਬੀਰ ਸਿੰਘ ਨੂੰ ਜਿੱਤਿਆ ਮੰਨਦੀ ਤੇ ਬਿਕਰਮ ਸਿੰਘ ਮਜੀਠੀਆ ਦੇ ਮੁਕਾਬਲੇ ਕਾਂਗਰਸ ਦੇ ਸੁਖਜਿੰਦਰ ਰਾਜ ਸਿੰਘ ਮਜੀਠੀਆ ਦੀ ਥਾਂ ਆਪਣੇ ਹਿੰਮਤ ਸਿੰਘ ਦੀ ਜਿੱਤ ਦੇ ਦਾਅਵੇ ਕਰ ਰਹੀ ਸੀ। ਨਤੀਜੇ ਵਿੱਚ ਬਿਕਰਮ ਸਿੰਘ ਮਜੀਠੀਆ ਦੀਆਂ ਤਰੇਹਠ ਹਜ਼ਾਰ ਵੋਟਾਂ ਮੂਹਰੇ ਕਾਂਗਰਸ ਦੀਆਂ ਤਿਰਤਾਲੀ ਹਜ਼ਾਰ ਤਾਂ ਆਮ ਜਿਹੀ ਹਾਰ ਮੰਨੀ ਜਾਵੇਗੀ, ਪਰ ਆਪ ਪਾਰਟੀ ਦਾ ਹਿੰਮਤ ਸਿੰਘ ਗਿਆਰਾਂ ਹਜ਼ਾਰ ਤੋਂ ਵੀ ਹੇਠਾਂ ਅੜ ਕੇ ਰਹਿ ਗਿਆ। ਭਗਵੰਤ ਮਾਨ ਦੇ ਸਾਥੀ ਦਾਅਵਾ ਕਰਦੇ ਸਨ ਕਿ ਸੁਖਬੀਰ ਸਿੰਘ ਬਾਦਲ ਦੀ ਜ਼ਮਾਨਤ ਜ਼ਬਤ ਕਰਵਾ ਦੇਣੀ ਹੈ, ਪਰ ਨਤੀਜਾ ਆਇਆ ਤਾਂ ਸ਼ੀਸ਼ਾ ਵੇਖਣ ਦੇ ਬਾਅਦ ਭੌਂਚੱਕੇ ਹੋ ਗਏ ਸਨ।
ਜਿਹੜੀ ਗੱਲ ਹਰ ਕੋਈ ਨੋਟ ਕਰਦਾ ਸੀ, ਪਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਸ ਨੂੰ ਗੌਲਣ ਲਈ ਤਿਆਰ ਨਹੀਂ ਸੀ, ਉਹ ਦਿੱਲੀਓਂ ਲਿਆ ਕੇ ਬਿਠਾਏ ਦੋ ਆਗੂਆਂ ਦੀ ਭੱਦੀ ਭੂਮਿਕਾ ਸੀ। ਉਨ੍ਹਾਂ ਨੇ ਚੰਡੀਗੜ੍ਹ ਆਣ ਕੇ ਪਹਿਲੇ ਦਿਨ ਉਸ ਬੰਦੇ ਨਾਲ ਸਾਂਝ ਪਾਈ, ਜਿਹੜਾ ਕਦੇ ਕੈਪਟਨ ਅਮਰਿੰਦਰ ਸਿੰਘ ਦਾ ਕਾਰਿੰਦਾ ਸੀ ਤੇ ਉਸ ਦੇ ਬਾਰੇ ਇਹ ਕਿਹਾ ਜਾਂਦਾ ਸੀ ਕਿ ਹਰ ਗੱਲ ਦੀ ਸੂਹ ਦੇਣ ਲਈ ਦਿਨ ਵਿੱਚ ਕਈ ਵਾਰ ਅਕਾਲੀ ਲੀਡਰਸ਼ਿਪ ਨੂੰ ਫੋਨ ਕਰਦਾ ਰਿਹਾ ਸੀ। ਏਸੇ ਲਈ ਓਥੋਂ ਉਸ ਦੀ ਛੁੱਟੀ ਹੋਈ ਸੀ। ਇਨ੍ਹਾਂ ਨੇ ਉਸ ਨੂੰ ਇੱਕ ਹਲਕੇ ਤੋਂ ਟਿਕਟ ਦੇ ਦਿੱਤੀ ਤੇ ਉਸ ਹਲਕੇ ਵਿਚਲੇ ਆਪ ਪਾਰਟੀ ਦੇ ਵਰਕਰ ਬਾਗੀ ਹੋਣ ਦੀ ਵੀ ਪ੍ਰਵਾਹ ਨਾ ਕੀਤੀ। ਨਤੀਜਾ ਜਦੋਂ ਨਿਕਲਿਆ ਤਾਂ ਜਿੱਤਣ ਵਾਲੇ ਕਾਂਗਰਸੀ ਉਮੀਦਵਾਰ ਦੀਆਂ ਅੱਸੀ ਹਜ਼ਾਰ ਤੋਂ ਵੀ ਵੱਧ ਵੋਟਾਂ ਤੇ ਹਾਰਨ ਵਾਲੇ ਅਕਾਲੀ ਦੀਆਂ ਸੱਠ ਹਜ਼ਾਰ ਤੋਂ ਵੱਧ ਸਨ, ਪਰ ਇਨ੍ਹਾਂ ਦੇ ਖੜੇ ਕੀਤੇ ਹੋਏ ਉਸ ਬੰਦੇ ਦੇ ਪੱਲੇ ਸਿਰਫ ਸਾਢੇ ਛੇ ਹਜ਼ਾਰ ਵੋਟਾਂ ਪਈਆਂ ਸਨ।
ਆਪਣੀ ਬੇੜੀ ਦਾ ਪੱਥਰ ਬਣੇ ਉਨ੍ਹਾਂ ਦੋ ਸੱਜਣਾਂ ਦਾ ਖਹਿੜਾ ਅਰਵਿੰਦ ਕੇਜਰੀਵਾਲ ਅਜੇ ਵੀ ਨਹੀਂ ਛੱਡਦਾ ਤੇ ਵੋਟਿੰਗ ਮਸ਼ੀਨਾਂ ਦੇ ਨੁਕਸ ਦੱਸੀ ਜਾਂਦਾ ਹੈ। ਉੱਤਰ ਪ੍ਰਦੇਸ਼ ਵਿੱਚ ਰਾਹੁਲ ਗਾਂਧੀ ਤੇ ਪੰਜਾਬ ਵਿੱਚ ਕੇਜਰੀਵਾਲ ਸਿਰਫ ਦੰਭ ਦੇ ਨਾਲ ਲੋਕਾਂ ਨੂੰ ਬੇਵਕੂਫ ਬਣਾਉਣਾ ਚਾਹੁੰਦੇ ਹਨ। ਇਹ ਹਕੀਕਤ 'ਨੱਚਣਾ ਨਾ ਆਵੇ ਅਤੇ ਵਿਹੜਾ ਵਿੰਗਾ' ਦੀ ਪੰਜਾਬੀ ਕਹਾਵਤ ਨਾਲ ਸੌਖੀ ਸਮਝ ਆ ਸਕਦੀ ਹੈ। ਉਨ੍ਹਾਂ ਦੋਵਾਂ ਨੂੰ ਪੰਜਾਬ ਦੇ ਤਜਰਬੇ ਤੋਂ ਕੁਝ ਸਿੱਖਣ ਦੀ ਲੋੜ ਹੈ। ਭੁੱਲਾਂ ਸਾਰਿਆਂ ਤੋਂ ਹੁੰਦੀਆਂ ਹਨ, ਕੇਜਰੀਵਾਲ ਕੋਈ ਏਦਾਂ ਦੀ ਹਸਤੀ ਨਹੀਂ, ਜਿਸ ਤੋਂ ਕੋਈ ਭੁੱਲ ਨਾ ਹੋ ਸਕੇ। ਉਸ ਨੂੰ ਹਵਾਈ ਕਿਲ੍ਹੇ ਉਸਾਰਨੇ ਛੱਡ ਕੇ ਹਕੀਕਤਾਂ ਦੇ ਮੰਚ ਉੱਤੇ ਉੱਤਰਨ ਦਾ ਯਤਨ ਕਰਨ ਦੀ ਲੋੜ ਹੈ।
ਪੰਜਾਬ ਵਿੱਚ ਇੱਕ ਸਰਕਾਰ ਬਣ ਗਈ ਹੈ। ਇਸ ਦੇ ਚੰਗੇ-ਮੰਦੇ ਹੋਣ ਬਾਰੇ ਚਰਚਾ ਬਾਅਦ ਵਿੱਚ ਹੋਵੇਗੀ ਤੇ ਇਸ ਦੇ ਲਈ ਕਾਫੀ ਸਮਾਂ ਮਿਲ ਸਕਦਾ ਹੈ। ਅੱਜ ਦੀ ਘੜੀ ਮੰਨਣ ਵਾਲੀ ਵੱਡੀ ਗੱਲ ਇਹ ਹੈ ਕਿ ਨਵਾਂ ਰਾਜ ਆਉਣ ਦਾ ਲੋਕਾਂ ਨੂੰ ਓਨਾ ਚਾਅ ਸ਼ਾਇਦ ਨਾ ਚੜ੍ਹਿਆ ਹੋਵੇ, ਜਿੰਨਾ ਅਕਾਲੀ-ਭਾਜਪਾ ਸਰਕਾਰ ਦੇ ਡੁੱਬ ਜਾਣ ਦਾ ਹੈ। ਅਗਲੇ ਸਮੇਂ ਦੌਰਾਨ ਇਸ ਸਰਕਾਰ ਨੂੰ ਕੁਝ ਠੋਸ ਕੰਮ ਕਰ ਕੇ ਵਿਖਾਉਣੇ ਹੋਣਗੇ। ਸਿਰਫ ਦੋ ਸਾਲ ਬਾਅਦ ਜਦੋਂ ਪਾਰਲੀਮੈਂਟ ਚੋਣਾਂ ਹੋਈਆਂ, ਓਦੋਂ ਪੰਜਾਬ ਦੇ ਲੋਕਾਂ ਨੇ ਓਨਾ ਨਰਿੰਦਰ ਮੋਦੀ ਦੀ ਸਰਕਾਰ ਦੇ ਕੀਤੇ ਕੰਮਾਂ ਵੱਲ ਨਹੀਂ ਵੇਖਣਾ, ਜਿੰਨਾ ਪੰਜਾਬ ਦੀ ਇਸ ਸਰਕਾਰ ਦੇ ਸਿਰਫ ਦੋ ਸਾਲਾਂ ਦੇ ਕੀਤੇ-ਕੱਤਰੇ ਦੀ ਚਰਚਾ ਕਰਨੀ ਹੈ। ਹਾਲ ਦੀ ਘੜੀ ਸਿਰਫ ਆਸ ਕੀਤੀ ਜਾ ਸਕਦੀ ਹੈ ਕਿ ਸਰਕਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖਜ਼ਾਨੇ ਨੂੰ ਮਨਪ੍ਰੀਤ ਸਿੰਘ ਬਾਦਲ ਏਦਾਂ ਸੰਭਾਲਣਗੇ ਕਿ ਲੋਕਾਂ ਨੂੰ ਸਰਕਾਰ ਬਦਲਣ ਦੇ ਨਾਲ ਕੁਝ ਨੁਹਾਰ ਬਦਲੀ ਵੀ ਮਹਿਸੂਸ ਹੋ ਸਕੇ।

19 March 2017