16 ਨਵੰਬਰ ਤੇ ਵਿਸ਼ੇਸ਼ - 'ਗਦਰ' ਲਹਿਰ ਦਾ ਛੋਟੀ ਉਮਰੇ ਵੱਡਾ ਜਰਨੈਲ ਕਰਤਾਰ ਸਿੰਘ ਸਰਾਭਾ - ਗੁਰਜੀਵਨ ਸਿੰਘ ਸਿੱਧੂ ਨਥਾਣਾ    

ਕਰਤਾਰ ਸਿੰਘ ਸਰਾਭਾ ਦੇਸ਼ ਦੇ ਇੱਕ ਉੱਘੇ ਅਜ਼ਾਦੀ ਘੁਲਾਟੀਏ ਅਤੇ ਇਨਕਲਾਬੀ 'ਗਦਰ' ਪਾਰਟੀ ਦੇ ਸਰਗਰਮ ਆਗੂ ਸਨ। ਕਰਤਾਰ ਸਿੰਘ ਸਰਾਭੇ ਦਾ ਜਨਮ 24 ਮਈ 1896 'ਚ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ, ਪਿੰਡ ਸਰਾਭਾ ਵਿੱਚ ਸ੍ਰ: ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ। ਕਰਤਾਰ ਸਿੰਘ ਨੂੰ ਛੋਟੀ ਉਮਰੇ ਹੀ ਮਾਂ-ਪਿਓ ਦੀ ਮੌਤ ਦੇ ਵਿਛੋੜੇ ਦਾ ਸੱਲ੍ਹ ਚੱਲਣਾ ਪਿਆ ਸੀ ਤੇ ਉਸਦਾ ਪਾਲਣ-ਪੋਸ਼ਣ ਉਸਦੇ ਦਾਦਾ ਬਚਨ ਸਿੰਘ ਨੇ ਕੀਤਾ,ਜੋ ਕਰਤਾਰ ਸਿੰਘ ਨੂੰ ਬੇਹੱਦ ਪਿਆਰ ਕਰਦਾ ਸੀ। ਕਰਤਾਰ ਸਿੰਘ ਦੀ ਇੱਕ ਭੈਣ ਵੀ ਸੀ ਜਿਸ ਦਾ ਨਾਂਅ ਧੰਨ ਕੌਰ ਸੀ। ਸਰਾਭੇ ਦਾ ਦਾਦਾ ਬਚਨ ਸਿੰਘ ਉਸਨੂੰ ਖੇਤੀਬਾੜੀ ਦੇ ਕੰਮ ਵਿਚ ਨਹੀਂ ਸੀ ਪਾਉਣਾ ਚਾਹੁੰਦਾ,ਉਸਦੀ ਇੱਛਾ ਸੀ ਕਿ ਕਰਤਾਰ ਸਿੰਘ ਉੱਚ ਵਿੱਦਿਆ ਪ੍ਰਾਪਤ ਕਰਕੇ ਵੱਡਾ ਅਫਸਰ ਬਣੇ ਅਤੇ ਖਾਨਦਾਨ ਦਾ ਨਾਮ ਰੌਸ਼ਨ ਕਰੇ। ਕਰਤਾਰ ਸਿੰਘ ਨੂੰ ਮੁਢਲੀ ਪੜ੍ਹਾਈ ਲਈ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਨੇ ਪਾਇਆ ਤੇ ਅੱਗੇ ਉਹ ਨੇੜਲੇ ਪਿੰਡ ਗੁਜ਼ਰਵਾਲ ਦੇ ਸਕੂਲ 'ਚ ਪੜਿਆ। ਅਗਲੀ ਪੜ੍ਹਾਈ ਲਈ ਉਸਨੇ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਵਿਚ ਦਾਖਲਾ ਲਿਆ। ਕਰਾਤਰ ਸਿੰਘ ਪੜ੍ਹਾਈ ਵਿਚ ਹੁਸ਼ਿਆਰ,ਤੇਜ਼ ਤਰਾਰ ਤੇ ਹੱਸਮੁੱਖ ਸੁਭਾਅ ਦਾ ਹੋਣ ਕਰਕੇ ਆਪਣੇ ਸਕੂਲ ਦੇ ਸਾਥੀਆਂ ਵਿਚ ਆਗੂ ਵਜੋਂ ਜਾਣਿਆ ਜਾਣ ਲੱਗ ਪਿਆ ਸੀ। ਉਸ ਵਿਚ ਸ਼ੁਰੂ ਤੋਂ ਹੀ ਲੀਡਰਸ਼ਿਪ ਦੇ ਗੁਣ ਸਨ ਤੇ ਕਈ ਵਾਰ ਤਾਂ ਉਸਦੇ ਸਾਥੀ ਉਸਨੂੰ ਪਿਆਰ ਨਾਲ 'ਉੱਡਣਾ ਸੱਪ' ਕਹਿਕੇ ਵੀ ਬਲਾਉਂਦੇ ਸਨ। ਇਸ ਪਿਛੋਂ ਉਹ ਉਚੇਰੀ ਪੜ੍ਹਾਈ ਲਈ ਆਪਣੇ ਚਾਚੇ ਕੋਲ ਉੜੀਸਾ ਦੇ ਕਟਕ ਸ਼ਹਿਰ ਚਲਿਆ ਗਿਆ,ਜਿਥੇ ਉਸਦਾ ਚਾਚਾ ਡਾਕਟਰ ਵਜੋਂ ਕੰਮ ਕਰਦਾ ਸੀ। ਇਥੇ ਉਸਨੇ ਅੰਗਰੇਜ਼ੀ ਭਾਸ਼ਾ ਲਿਖਣੀ ਤੇ ਬੋਲਣੀ ਵੀ ਸਿੱਖ ਲਈ ਸੀ। ਸਰਾਭਾ ਸਕੂਲੀ ਕਿਤਾਬਾਂ ਤੋਂ ਇਲਾਵਾ ਹੋਰ ਸਾਹਿਤ ਪੜਨ ਵਿਚ ਦਿਲਚਸਪੀ ਰੱਖਦਾ ਸੀ,ਇਸ ਲਈ ਉਸ ਤੇ ਰਾਜਨੀਤਿਕ ਜਾਗ੍ਰਤੀ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਸੀ ਤੇ ਉਸਦੇ ਅੰਦਰ ਦੇਸ਼ ਪ੍ਰੇਮ ਦੀ ਸੇਵਾ ਭਾਵਨਾ ਵੀ ਜਾਗਣੀ ਸ਼ੁਰੂ ਹੋ ਗਈ ਸੀ। ਕਰਤਾਰ ਸਿੰਘ ਨੇ ਆਪਣੇ ਦਾਦਾ ਜੀ ਦੀ ਸਲਾਹ ਨਾਲ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿਚ ਰਸਾਇਣ ਵਿਗਿਆਨ ਦੀ ਪੜ੍ਹਾਈ ਲਈ ਫੈਸਲਾ ਕਰ ਲਿਆ ਅਤੇ 1912 ਵਿਚ ਅਮਰੀਕਾ ਪਹੁੰਚ ਗਿਆ,ਜਿਥੇ ਉਸਨੂੰ ਇਕ ਸਪੈਸ਼ਲ ਪੜਤਾਲੀਆਂ ਬੋਰਡ ਦੇ ਸਖਤ ਸੁਵਾਲਾਂ ਦੇ ਜਵਾਬ ਦੇਣੇ ਪਏ ਤਾਂ ਕਿਤੇ ਜਾ ਕੇ ਅੱਗੇ ਅਮਰੀਕਾ ਵਿਚ ਜਾਣ ਦੀ ਅਗਿਆ ਮਿਲੀ। ਇੰਨ੍ਹੀ ਸਖਤੀ ਵਰਤੇ ਜਾਣ ਦਾ ਕਾਰਨ ਜਦੋਂ ਸਰਾਭੇ ਨੇ ਆਪਣੇ ਇਕ ਨੇੜਲੇ ਮੁਸਾਫਰ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਤੁਸੀਂ ਇਕ ਗੁਲਾਮ ਦੇਸ਼ ਦੇ ਵਾਸੀ ਹੋ,ਇਸ ਕਰਕੇ ਤੁਹਾਡੇ ਨਾਲ ਜਿਆਦਾ ਸਖਤੀ ਵਰਤੀ ਗਈ ਹੈ। ਕਰਤਾਰ ਸਿੰਘ ਸਰਾਭਾ ਨੂੰ ਇਸ 'ਗੁਲਾਮ ਦੇਸ਼' ਵਾਲੀ ਗੱਲ ਨੇ ਅੰਦਰੋਂ ਹਲੂੰਣ ਦਿੱਤਾ। ਅਮਰੀਕਾ ਵਿਚ ਕਰਤਾਰ ਸਿੰਘ ਜਿਸ ਘਰ ਵਿਚ ਕਿਰਾਏ ਤੇ ਰਹਿ ਰਿਹਾ ਸੀ,ਉਸ ਘਰ ਦੀ ਮਾਲਕਨ ਵੱਲੋਂ ਅਮਰੀਕਾ ਦੀ ਆਜ਼ਾਦੀ ਦਿਹਾੜੇ ਨੂੰ ਮਨਾਉਣ ਲਈ ਕੁਝ ਤਸਵੀਰਾਂ ਤੇ ਬੜੀ ਸ਼ਰਧਾ ਨਾਲ ਫੁੱਲਾਂ ਦੇ ਹਾਰ ਪਾਏ ਜਾ ਰਹੇ ਸਨ ਤਾਂ ਸਰਾਭੇ ਨੇ ਇਹ ਸਭ ਕੁਝ ਜਾਣਨਾ ਚਾਹਿਆ ਤਾਂ ਉਸ ਔਰਤ ਨੇ ਦੱਸਿਆ ਕਿ ਇੰਨ੍ਹਾਂ ਮਹਾਨ ਵਿਅਕਤੀਆਂ ਨੇ ਅਮਰੀਕਾ ਨੂੰ ਗੁਲਾਮੀ ਦੀਆਂ ਜ਼ਜੀਰਾਂ ਤੋਂ ਮੁਕਤ ਕਰਵਾਇਆ ਹੈ। ਸਰਾਭਾ ਇਹ ਸੁਣ ਕੇ ਬੜਾ ਹੀ ਉਦਾਸ ਹੋਇਆ ਕਿ ਇਹੋ ਜਿਹਾ ਕਰਮਾ ਵਾਲਾ ਦਿਨ ਸਾਡੇ ਹਿਦੋਸਤਾਨੀਆਂ ਦੇ ਹਿੱਸੇ ਕਦੋਂ ਆਵੇਗਾ। ਅਮਰੀਕਾ ਦੀ ਯੂਨੀਵਰਸਿਟੀ ਵਿੱਚ ਸਰਾਭੇ ਨੇ ਪੜ੍ਹਾਈ ਸ਼ੁਰੂ ਕਰ ਦਿੱਤੀ। ਯੂਨੀਵਰਸਿਟੀ ਵਿੱਚ ਕਾਫੀ ਗਿਣਤੀ 'ਚ ਭਾਰਤੀ ਵਿਦਿਆਰਥੀ ਪੜ੍ਹ ਰਹੇ ਸਨ,ਜਿੰਨ੍ਹਾਂ ਵਿੱਚ ਜਿਆਦਾ ਪੰਜਾਬੀ ਤੇ ਬੰਗਾਲੀ ਸਨ। ਪੰਜਾਬੀ ਇੱਕ ਵੱਖਰੇ ਹੋਸਟਲ ਵਿਚ ਅਤੇ ਬੰਂਗਾਲੀ ਤੇ ਮਦਰਾਸੀ ਆਦਿ ਸੂਬਿਆਂ ਦੇ ਵਿਦਿਆਰਥੀ ਇਕ ਹੋਸਟਲ ਵਿਚ ਰਹਿੰਦੇ ਸਨ ਪਰ ਭਾਰਤੀ ਹੋਣ ਕਰਕੇ ਉਹ ਸਾਰੇ ਆਪਸ ਵਿਚ ਇੱਕ ਦੂਜੇ ਨਾਲ ਭਰਾਵਾਂ ਵਾਂਗ ਹੀ ਵਿਚਰਦੇ ਸਨ। ਇੰਨ੍ਹਾਂ ਵਿਦਿਆਰਥੀਆਂ ਵਿਚ ਗਦਰ ਦੀ ਲਹਿਰ ਪੈਦਾ ਕਰਨ ਲਈ ਲਾਲਾ ਹਰਦਿਆਲ ਤੇ ਇੱਕ ਬੰਗਾਲੀ ਇਨਕਲਾਬੀ ਨੇ ਜ਼ੋਸ ਭਰਨਾ ਸ਼ੁਰੂ ਕਰ ਦਿੱਤਾ। ਚੇਤੰਨ ਬੁੱਧੀ ਹੋਣ ਕਰਕੇ ਸਰਾਭੇ ਦੀ ਵਿਦਿਆਰਥੀਆਂ ਵਿਚ ਹਰ ਗੱਲ ਮੰਨੀ ਜਾਂਦੀ ਸੀ ਤੇ ਉਹ ਇਨਕਲਾਬੀ ਵਿਦਿਆਰਥੀਆਂ ਦਾ ਆਗੂ ਬਣ ਗਿਆ। ਵੱਖ-ਵੱਖ ਸ਼ਹਿਰਾਂ ਵਿੱਚ ਭਾਰਤੀਆਂ ਦੀਆਂ ਜਥੇਬੰਦੀਆਂ ਬਣਨ ਲੱਗੀਆ। 21 ਅਪ੍ਰੈਲ 1913 ਨੂੰ ਵੱਖਵੱਖ ਥਾਵਾਂ ਦੀਆਂ ਜਥੇਬੰਦੀਆਂ ਦੇ ਸਰਗਰਮ ਆਗੂਆਂ ਦੀ ਇਕ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕਰਤਾਰ ਸਿੰਘ ਸਰਾਭੇ ਨੇ ਆਪਣਾ ਨਾਤਾ ਪੱਕੇ ਤੌਰ ਤੇ 'ਗਦਰ' ਲਹਿਰ ਨਾਲ ਜੋੜ ਲਿਆ ਅਤੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰਨ ਦਾ ਵੀ ਨਿਰਣਾ ਕਰ ਲਿਆ। ਕੁਝ ਲਿਖਤਾਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਰਾਭੇ ਨੇ ਹਵਾਈ ਜਹਾਜ ਉਡਾਉਣ ਅਤੇ ਮੁਰੰਮਤ ਕਰਨ ਦੀ ਸਿਖਲਾਈ ਜਰਮਨ ਦੀ ਇਕ ਕੰਪਨੀ ਤੋਂ ਲਈ ਸੀ। ਪਾਰਟੀ ਦਾ ਮੁੱਖ ਦਫਤਰ ਸਾਫਰਾਂਸਿਸਕੋ ਵਿਚ ਸਥਾਪਿਤ ਕੀਤਾ ਹੋਇਆ ਸੀ। ਆਜ਼ਾਦੀ ਦੀ ਲੜਾਈ ਦੇ ਪ੍ਰਚਾਰ ਲਈ ਇੱਕ 'ਗਦਰ' ਨਾਂਅ ਦਾ ਹਫਤਾਵਰੀ ਅਖਬਾਰ ਛਾਪਣ ਦਾ ਫੈਸਲਾ ਕੀਤਾ ਗਿਆ। ਸਰਾਭੇ ਨੇ 'ਗਦਰ' ਅਖਬਾਰ ਦੀ ਪ੍ਰਕਾਸ਼ਨਾਂ ਸ਼ੁਰੂ ਕਰਵਾਉਣ ਵਿਚ ਵੀ ਅਹਿਮ ਰੋਲ ਨਿਭਾਇਆ ਸੀ। ਇਸ ਅਖਬਾਰ ਨੇ ਦੇਸ਼ਾਂ-ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਦੇ ਦਿਲਾਂ ਵਿਚ ਆਜ਼ਾਦੀ ਦਾ ਮਹੱਤਵ ਅਤੇ ਕੁਰਬਾਨੀਆਂ ਦੇਣ ਲਈ ਉਭਾਰਿਆ। ਸਰਾਭੇ ਨੇ 'ਗਦਰ' ਅਖਬਾਰ ਦੀ ਸੰਪਾਦਕੀ ਤੇ ਪੱਤਰਕਾਰੀ ਤੋਂ ਇਲਾਵਾ ਕਵਿਤਾਵਾਂ ਵੀ ਲਿਖੀਆਂ ਜੋ ਹਿਦੋਸਤਾਨੀਆਂ ਵਿਚ ਆਜ਼ਾਦੀ ਲਈ ਜ਼ੋਸ ਪੈਦਾ ਕਰਦੀਆਂ ਸਨ:
ਜੇ ਕੋਈ ਪੂਛੇ ਕਿ ਕੌਨ ਹੋ ਤੁਮ,ਤੇ ਕਹਿ ਦੋ ਬਾਗੀ ਹੈ ਨਾਮ ਮੇਰਾ,
ਜ਼ੁਲਮ ਮਿਟਾਨਾ ਹਮਾਰਾ ਪੇਸ਼ਾ,ਗਦਰ ਕਰਨਾ ਹੈ ਕਾਮ ਅਪਨਾ।
ਨਮਜ ਸੰਧਿਆ ਯਹੀ ਹਮਾਰੀ,ਔਰ ਪਾਠ ਪੂਜਾ ਸਭੀ ਯਹੀ ਹੈ,
ਧਰਮ ਕਰਮ ਸਭ ਯਹੀ ਹੈ ਹਮਾਰਾ,ਯਹੀ ਖੁਦਾ ਔਰ ਰਾਮ ਅਪਨਾ।
ਸਰਾਭੇ ਨੂੰ ਉਸਦੀ ਕਾਬਲੀਅਤ ਤੇ ਨਿਡਰਤਾ ਨੇ ਆਪ ਤੋਂ ਵੱਡੀ ਉਮਰ ਦੇ ਗਦਰੀ ਆਗੂਆਂ ਨਾਲੋਂ ਛੋਟੀ ਉਮਰੇ ਹੀ ਗਦਰ ਪਾਰਟੀ ਦਾ ਨਿਧੱੜਕ ਜਰਨੈਲ ਬਣਾ ਦਿੱਤਾ ਸੀ। ਉਸਦੀ ਦਲੇਰੀ ਦੀਆਂ ਕਈ ਅਜਿਹੀਆਂ ਘਟਨਾਵਾਂ ਵੀ ਮਿਲਦੀਆਂ ਹਨ ,ਜਦ ਉਹ ਪੁਲਸ ਦੇ ਸਾਹਮਣੇ ਆਉਣ ਤੇ ਵੀ ਉਹ ਆਪਣੀ ਹੁਸ਼ਿਆਰੀ ਨਾਲ ਪੁਲਸ ਨੂੰ ਸਹਿਜ਼ੇ ਹੀ ਪਤਾ ਨਹੀਂ ਲਗਣ ਦਿੰਦਾ ਸੀ ਕਿ ਉਹ ਕਰਤਾਰ ਸਿੰਘ ਸਰਾਭਾ ਹੈ। ਸਰਾਭੇ ਦਾ ਭਾਸ਼ਣ ਇੰਨ੍ਹਾਂ ਜ਼ੋਸੀਲਾ ਅਤੇ ਉਤਸ਼ਾਹ ਭਰਪੂਰ ਹੁੰਦਾ ਸੀ ਕਿ ਉਸਨੂੰ ਸੁਣਨ ਵਾਲੇ ਮੌਤੋਂ ਤੋਂ ਬੇਪ੍ਰਵਾਹ ਹੋ ਜਾਂਦੇ ਸਨ। ਸਰਾਭੇ ਵਿਚ ਇਹ ਖਾਸੀਅਤ ਸੀ ਕਿ  ਉਹ ਆਪਣੇ ਸੰਗੀ ਸਾਥੀਆਂ ਦੀਆਂ ਲੋੜਾਂ,ਮਸ਼ਕਲਾਂ ਅਤੇ ਖੁਸ਼ੀਆਂ ਦਾ ਵੀ ਬਹੁਤ ਖਿਆਲ ਰੱਖਦਾ ਸੀ। ਬਾਬਾ ਸੋਹਣ ਸਿੰਘ ਭਕਨਾ,ਸਰਾਭੇ ਦੀ ਛੋਟੀ ਉਮਰੇ ਹੋਣ ਤੇ ਉਸਦੀ ਕਾਬਲੀਅਤ ਨੂੰ ਵੇਖਦਿਆਂ ਮਾਣ ਵਜੋਂ ਗਦਰ ਪਾਰਟੀ ਦਾ ਜਰਨੈਲ ਕਹਿ ਕੇ ਬੁਲਾਉਂਦੇ ਸਨ। 'ਗਦਰ' ਲਹਿਰ ਵਿਚ ਸਰਾਭੇ ਦੀ ਜਿਸ ਕੰਮ ਲਈ ਡਿਊਟੀ ਲਾਈ ਜਾਂਦੀ ਸੀ ਉਥੇ ਉਹ ਤਨਦੇਹੀ ਨਾਲ ਆਪਣਾ ਕੰਮ ਨੇਪਰੇ ਚੜਾਉਣ ਵਿਚ ਸਫਲ ਹੁੰਦਾ ਸੀ। ਜਿਸ ਕਾਰਨ ਅੰਗਰੇਜ਼ ਹਕੂਮਤ ਸਰਾਭੇ ਨੂੰ ਹੀ ਸਭ ਤੋਂ ਖਤਰਨਾਕ ਕ੍ਰਾਂਤੀਕਾਰੀ ਸਮਝਣ ਲੱਗ ਪਈ ਸੀ। ਸਰਾਭਾ 'ਗਦਰ' ਲਹਿਰ ਲਈ ਮਨੁੱਖੀ ਜਾਮੇ ਵਿਚ ਇਕ ਮਸ਼ੀਨ ਦੀ ਤਰ੍ਹਾਂ ਕੰਮ ਕਰਦਾ ਸੀ।  19 ਫਰਵਰੀ 1915 ਨੂੰ ਬਹੁਤ ਸਾਰੇ ਕ੍ਰਾਂਤੀਕਾਰੀ ਉਸ ਸਮੇਂ ਦੀ ਸਰਕਾਰ ਨੇ ਗ੍ਰਿਫਤਾਰ ਕਰ ਲਏ ਸਨ,ਜਿੰਨ੍ਹਾਂ ਵਿਚ ਕਰਤਾਰ ਸਿੰਘ ਸਰਾਭਾ ਵੀ ਸ਼ਾਮਿਲ ਸੀ। ਮੁਕੱਦਮਾ ਚਲਦਿਆਂ ਕੁਝ ਕ੍ਰਾਂਤੀਕਾਰੀਆਂ ਨੂੰ ਕਾਲੇ ਪਾਣੀ ਦੀਆਂ ਸਜਾਵਾਂ ਦਿੱਤੀਆਂ ਗਈਆਂ।  13 ਸਤੰਬਰ 1915 ਨੂੰ ਮੁਕੱਦਮੇ ਦਾ ਫੈਸਲਾ ਸੁਣਾਕੇ ਕਰਤਾਰ ਸਿੰਘ ਸਰਾਭਾ ਤੇ ਉਸਦੇ ਛੇ ਹੋਰ ਸਾਥੀਆਂ ਨੂੰ ਫਾਂਸ਼ੀ ਦੀ ਸਜਾ ਸੁਣਾ ਦਿੱਤੀ ਗਈ ਅਤੇ 16 ਨਵੰਬਰ 1915 ਵਿਚ ਲਾਹੌਰ ਦੀ ਜ਼ੇਲ੍ਹ 'ਚ ਫਾਸ਼ੀ ਲਗਾਕੇ ਸ਼ਹੀਦ ਕਰ ਦਿੱਤਾ ਗਿਆ। ਉਸ ਸਮੇਂ ਕਰਤਾਰ ਸਿੰਘ ਸਰਾਭੇ ਦੀ ਉਮਰ 19 ਸਾਲ ਦੀ ਸੀ।  ਕਰਤਾਰ ਸਿੰਘ ਸਰਾਭਾ ਆਪਣੀ ਛੋਟੀ ਉਮਰੇ ਦੇਸ਼ ਦੀ ਆਜ਼ਾਦੀ ਲਈ ਦਲੇਰਾਨਾ ਵੱਡੇ ਕਦਮ ਪੁੱਟਦਿਆਂ 'ਗਦਰ' ਲਹਿਰ ਦੇ ਇੱਕ ਸੱਚੇ-ਸੁੱਚੇ ਮਹਾਨ ਜਰਨੈਲ ਬਣੇ। ਸ਼ਹੀਦੇ ਆਜ਼ਮ ਸ੍ਰ: ਭਗਤ ਸਿੰਘ ਵੀ ਸਰਾਭਾ ਨੂੰ ਆਪਣਾ ਆਦਰਸ਼ ਮੰਨਦਾ ਸੀ ਤੇ ਉਨ੍ਹਾਂ ਦੀ ਤਸਵੀਰ ਹਰ ਸਮੇਂ ਆਪਣੀ ਜੇਬ ਵਿਚ ਰੱਖਦਾ ਸੀ ਅਤੇ ਸਰਾਭੇ ਵੱਲੋਂ ਲਿਖੀਆਂ ਸਤਰਾਂ:
ਸੇਵਾ ਦੇਸ਼ ਦੀ ਜ਼ਿੰਦੜੀਏ ਬਹੁਤ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿੰਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ,
ਉਨ੍ਹਾਂ ਲੱਖ ਮੁਸ਼ੀਬਤਾਂ ਝੱਲੀਆਂ ਨੇ।
ਸ਼ਹੀਦੇ-ਆਜ਼ਮ ਸ੍ਰ: ਭਗਤ ਸਿੰਘ ਹਮੇਸ਼ਾ ਗੁਣਗਾਉਂਣਾਦਾ ਰਹਿੰਦਾ ਸੀ।    
                                         
                                          ਲੇਖਕ
                            ਗੁਰਜੀਵਨ ਸਿੰਘ ਸਿੱਧੂ ਨਥਾਣਾ                           
                            ਪਿੰਡ ਨਥਾਣਾ, ਜਿਲ੍ਹਾ ਬਠਿੰਡਾ
                            ਪੰਜਾਬ: 151102
                            ਮੋਬਾਇਲ: 9417079435
                            ਮੇਲ : jivansidhus@gmail.com