" ਜਗਤ ਜਲੰਦਾ ਰਾਖ ਲੇ ਅਪਨੀ ਕਿਰਪਾ ਧਾਰ "॥ ਰਣਜੀਤ ਕੌਰ ਗੁੱਡੀ

" ਪ੍ਰਭੂ ਜੀ ਵਾਪਸ ਚਲੇ ਜਾਓ "
"ਹੇ ਪ੍ਰਭੂ ਤੈਨੂੰ ਤੇਰਾ ਹੀ ਵਾਸਤਾ ਜਾ ਵਾਪਸ ਚਲਾ ਜਾ " ॥
ਹੇ ਪ੍ਰਮਾਤਮਾ,ਹੇ ਵਾਹਿਗੁਰੂ,ਹੇ ਭਗਵਾਨ, ਓ ਗਾਡ,ਹੇ ਰਾਮ, ਹੇ ਕ੍ਰਿਸ਼ਨ, ਹੇ ਪ੍ਰਭੂ,ਹੇ ਈਸ਼ਵਰ, ਹੇ
ਅਲਲਾਹ,ਹੇ ਮੌਲਾ, ਹੇ ਖੁਦਾ ਹੇ ਦਾਤਾ,ਹੇ ਦਾਤਾਰ,ਹੇ ਮਾਲਿਕ,ਹੇ ਉਪਰਵਾਲੇ,ਹੇ ਨੀਲੀ ਛੱਤਰੀ ਵਾਲੇ,,ਹੇ
ਬ੍ਰਹਮਾ,ਹੇ ਵਿਸ਼ਨੂੰ,ਹੇ ਸ਼ਿਵ, ਹੇ ਰੱਬ,ਹੇ ਸੱਭ ਦਾ ਰਾਖੇ,ਹੇ ਕਾਦਰ,ਹੇ ਸਿਰਜਨਹਾਰ,ਤੂੰ ਜੋ ਵੀ ਹੈਂ ਜਿਹੋ
ਜਿਹਾ ਵੀ ਹੈਂ ਤੂੰ ਭਾਰਤ ਵਿਚੋਂ ਚਲਾ ਜਾ,ਇਥੇ ਤੇਰੀ ਖੈਰ ਨਹੀ।
" ਜਗਤ ਜਲੰਦਾ ਰਾਖ ਲੇ ਅਪਨੀ ਕਿਰਪਾ ਧਾਰ "॥
ਤੂੰ ਪੁਜਾਰੀ ਵਿੱਚ ਵਸਦਾ ਸੈਂ-ਪੁਜਾਰੀ ਵਪਾਰੀ ਬਣ ਗਿਆ,ਤੈਨੂੰ ਮੰਡੀ ਦਾ ਮਾਲ ਬਣਾ ਬੈਠਾ।
ਤੂੰ ਡਾਕਟਰ ਦੇ ਹਿਰਦੇ ਵਿੱਚ ਟਿਕਿਆ ਸੀ,ਡਾਕਟਰ ਤੈਨੂੰ ਪਰੇ ਦੂਰ ਖੜੇ ਕਰ ਦਿੱਤਾ।
ਤੂੰ ਜੱਜ ਦੀ ਜਮੀਰ ਵਿੱਚ ਵੱਸਦਾ ਸੀ -ਜੱਜ ਨੇ ਜਮੀਰ ਛੱਡ ਜੇਬ ਭਰ ਲਈ।
ਤੂੰ ਮਾਂ ਨੂੰ ਦੂਜੇ ਰੱਬ ਦਾ ਰੁਤਬਾ ਦੇ ਦਿੱਤਾ-ਮਾਂ ਮਾਡਰਨ ਹੋ ਨਿਬੜੀ।
ਤੂੰ ਸ਼ਰਧਾਲੂ ਦੀ ਆਤਮਾ ਵਿੱਚ ਪ੍ਰਮਾਤਮਾ ਸੈਂ,ਸ਼ਰਧਾਲੂ ਨੇ ਤੈਨੂੰ ਮੂਰਤੀ ਬਣਾ ਦਿੱਤਾ।
ਬਲੈਕ ਮਾਰਕੀਟੀਆਂ ਨੇ ਭਾਵੇਂ ਤੈਨੂੰ ਦਾਨ ਦੱਖਣਾ ਬਹੁਤ ਦਿੱਤੀ ਪਰ ਤੇਰਾ ਅਸਿਤਿਤਵ ਨਹੀਂ
ਰਹਿਣ ਦਿੱਤਾ,ਉਹ ਆਪ ਇਕੱਲਾ ਇੱਕੱਲਾ ਰੱਬ ਬਣ ਬੈਠੇ ਹਨ।ਮਾਫੀਆ ਨੇ ਆਪਣਾ ਕਾਲਾ ਧਨ
ਸੰਭਾਲਣ ਲਈ ਤੈਨੂੰ ਆਪਣੀ ਤਿੰਜੌਰੀ,ਲਾਕਰ ਬਣਾਇਆ ਫਿਰ ਜਦ ਵਾਹਵਾ ਦੱਸ ਪੁਸ਼ਤਾਂ ਦਾ ਅੇਤਮਾਮ
ਹੋ ਗਿਆ ਤੇ ਕਾਲਾ ਧਨ ਵੀ ਚਿੱਟਾ ਹੋ ਗਿਆ ਤਾਂ ਉਹ ਤੈਨੂੰ ਚਕਮਾ ਦੇ ਸੱਭ ਕੱਢ ਕੇ ਲੈ ਗਏ।
ਮੰਦਿਰ ਮਸਜਿਦ,ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਨੇ ਤੈਨੂੰ ਕਸ਼ਕੋਲ ਬਣਾ ਲਿਆ,ਤੈਨੂੰ ਦਾਤੇ ਤੋਂ
ਭਿੱਖਮੰਗਾ ਬਣਾ ਆਪਣੇ ਝੋਲੇ ਭਰ ਲਏ।
ਸੁਣਿਆ ਹੈ " ਤੇਰੇ ਹਰ ਕੰਮ ਵਿੱਚ ਭਲਾਈ ਹੁੰਦੀ ਹੈ "।" ਤੂੰ ਇਕ ਦਰ ਬੰਦ ਕਰੇਂ ਤੇ ਦੱਸ ਖੋਲ
ਦੇਨੈ" ॥ ਵੇਖਣ ਵਿੱਚ ਅੇਸਾ ਕਦੋਂ ਤੇ ਕਿਥੇ ਹੋਇਆ -ਪਤਾ ਨਹੀਂ।
ਸੁਣਿਆ "ਤੂੰ ਛੱਪਰ ਪਾੜ ਕੇ ਦਿੰਨੈ"-ਲਗਦਾ ਹੈ ਲੁਟੇਰਿਆਂ ਨੂੰ ਲੈਂਟਰ ਫਾੜ ਦਿਨੈਂ,
ਤੂੰ ਤੇ ਆਪਣਾ ਘਰ ਨਾ ਬਚਾਅ ਸਕਿਆ ਤੇ ਹੁਣ ਤੂੰ ਭਾਰਤੀਆਂ ਨੂੰ ਕੀ ਬਚਾਏਂਗਾ? ਜਾ ਚਲਾ ਜਾ ਕਿਸੇ
ਹੋਰ ਧਰਤੀ ਤੇ ਜਾ ਕੇ ਆਪਣਾ ਸਿੱਕਾ ਜਮਾਉਣ ਦੇ ਯਤਨ ਕਰ।
ਤੂੰ ਹੁਣ ਲਾਵਾਰਿਸ ਬੁੱਢਾ ਕੰਮਜੋਰ ਲਾਚਾਰ ਮਜ਼ਲੂਮ,ਆਤੁਰ ਹੋ ਚੁੱਕੈਂ,ਤੈਥੌਂ ਪਹਿਲਾਂ ਵੀ ਵੇਲੇ ਸਿਰ ਕਿਤੇ
ਪਹੁੰਚਿਆ ਨਹੀਂ ਸੀ ਜਾਂਦਾ,ਅੰਧਵਿਸ਼ਵਾਸ਼ੀ ਖੁਦ ਨੂੰ ਭੁਲੇਖਾ ਦੇਂਦੇ ਸਨ ,ਤੇਰੇ ਘਰ ਦੇਰ ਹੈ ਅੰਧੇਰ ਨਹੀਂ
ਤੂੰ ਪਹੁੰਚੇਂਗਾ ਤੇ ਇਨਸਾਖ਼ ਵੀ ਕਰੇਗਾ ਤੇ ਭਲਾ ਵੀ ਪਰ ਹੁਣ ਤੇ ਤੇਰਾ ਦੇਰ ਵਾਲਾ ਭੁਲੇਖਾ ਵੀ ਬਾਕੀ
ਨਹੀਂ ਰਿਹਾ,ਬੱਸ ਅੰਧੇਰ ਹੀ ਅੰਧੇਰ ਛਾ ਗਿਆ ਹੈ।ਤੇਰਾ ਤੇ ਆਪਣਾ ਅਸਤਿਤਵ ਖ਼ਤਰੇ ਵਿੱਚ ਹੈ ,
ਲਗਦਾ ਹੈ ਤੇਰੇ ਵੀ ਪਲੇਟਲੇੱਟਸੈੱਲ ਮੁੱਕਣ ਵਾਲੇ ਹਨ। ਜਾ ਕਿਸੇ ਹੋਰ ਦੇਸ਼ ਜਾ ਕੇ ਬਸੇਰਾ ਕਰ ਜਿਥੇ
ਤੇਰੀ ਕਦਰ ਹੋਵੇ, ਫਿਕਰ ਨਾ ਕਰ ਲੈ ਆਵਾਂਗੇ ਤੈਨੂੰ ਜਦੋਂ ਹਾਲਾਤ ਮੁਨਾਸਬ ਹੋਏ,ਅਜੇ ਨਾਸਾਜ਼ ਹਨ ਤੇ
ਤੇਰੀ ਹਾਲਤ ਸਥਿਰ ਨਹੀਂ ਹੈ,ਤੈਨੂੰ ਸ਼ੈਤਾਨ ਨੇ ਸੰਖੀਆ ਘੋਲ ਕੇ ਪਿਆ ਦਿੱਤਾ ਹੈ ,ਧੂਣੀ ਦੇ ਕੇ ਤੇਰਾ
ਦਿਮਾਗ ਤੀਰ ਤੋਂ ਖਰ ਕਰ ਦਿੱਤਾ ਹੈ।
ਕਿਵੇਂ ਅੱਜ ਕਹੀਏ' ਜੈ ਹੋਵੇ ਮਾਲਿਕ ਤੇਰੀ,'ਕਦੇ ਹੁੰਦਾ ਸੀ ਤੂੰ ਭਾਰਤ ਦੇ ਜਰੇ ਜਰੇ ਵਿੱਚ ਖ਼ਵਰੇ ਉਹ
ਵੇਲਾ ਕਿਹੜਾ ਸੀ ਅਸੀਂ ਤੇ ਬੱਸ ਸੁਣਿਐ,ਕਈ ਵਿਦਵਾਨ ਕਹਿੰਦੇ ਹਨ ਇਹ ਮਿੱਥ ਹੈ ਭਰਮ ਭੁਲੇਖਾ
ਹੈ,ਧੰਦਾ ਹੈ,ਚਲਾਕ ਲੂੰਬੜਾਂ ਨੇ ਭੋਲੇ ਕਾਵਾਂ ਤੇ ਮਾਸੂਮ ਖਰਗੋਸ਼ਾਂ ਨੂੰ ਝਾਂਸੇ ਵਿੱਚ ਰੱਖਣ ਲਈ ਇਹ ਚੁਸਤੀ
ਮਾਰੀ ਸੀ ਬੁੱਤਾਂ ਦੀ ਚਾਪਲੂਸੀ ਕੀਤੀ ਸੀ,ਤੇ ਆਪਣਾ ਉਲੂ ਸਿੱਧਾ ਕੀਤਾ ਸੀ,ਉਹਨਾਂ ਨੂੰ ਇਹ ਧੰਦਾ
ਬੜਾ ਰਾਸ ਆਇਆ ਜੋ ਅੱਜ ਤੱਕ ਵੀ ਹਈ ਕਾਇਮ ਹੈ-ਲੂੰਬੜ ਰਾਜ ਹੈ,ਚੇਲੇ ਬਾਲਕੇ ਇਧਰ੍ਰ ਉਧਰ
ਵਾਧੂ ਤੁਰੇ ਫਿਰਦੇ ਕੰਮਜੋਰਾਂ ਨੂੰ ਦਬੱਲ ਕੇ ਜੋਰਾਵਰ ਨੂੰ ਜੋਰਦਾਰ ਬਣਾਈ ਰੱਖਣ ਚ ਯੋਗਦਾਨ ਪਾ ਕੇ
ਆਪ ਐਸ਼ ਕਰ ਰਹੇ ਹਨ।ਲਿਬਾਸ ਸ਼ਰਧਾ ਦਾ ਤੇ ਅੰਦਰ ਵਿਸ਼।
ਤੂੰ ਡਿਜੀਟਲ ਹੋ ਗਿਐਂ ਜਾਂ ਕਰ ਦਿੱਤਾ ਗਿਐਂ ਕੁਝ ਵੀ ਸਮਝ ਲਈਏ।
ਤੇਰੀ ਕੁਦਰਤ ਦੀ ਹੋਂਦ ਵੀ ਖ਼ਤਰੇ ਵਿੱਚ ਹੈ,ਮਸ਼ੀਨੀ ਯੁੱਗ ਹੈ,ਸੱਭ ਕੁਝ ਬਨਾਉਟੀ ਰਸਾਇਣਕ ਬਣ
ਰਿਹੈ।ਸੱਭ ਮੁਸ਼ਕਿਲਾਂ ਗੁੱਗਲ ਨੁੰ ਪੁੱਛ ਕੇ ਹੱਲ ਕਰ ਲਈਆਂ ਜਾਂਦੀਆਂ ਹਨ। ਜਨਮ ਤੇ ਮਰਨ ਤੇਰੇ ਤੇ
ਤੇਰੀ ਮਾਂ ਕੁਦਰਤ ਦੇ ਹੱਥ ਵਿੱਚ ਹੁੰਦਾ ਸੀ ਉਹ ਮਨੁੱਖ ਨੇ ਆਪਣੇ ਵੱਸ ਵਿੱਚ ਕਰ ਲਿਆ ਹੈ,ਰਸਾਇਣ
ਦੇ ਟੀਕੇ ਲਾ ਕੇ ਬੱਚੇ ਪੈਦਾ ਹੋ ਰਹੇ ਹਨ ਤੇ ਮੌਤ ਨੂੰ ਵੀ ਰਸਾਇਣ ਵਰਤ ਕੇ ਮਾਤ ਦਿੱਤੀ ਜਾ ਰਹੀ ਹੈ।ਤੂੰ
ਤੇ ਬੱਸ ਹੁਣ ਬਹੁਤੇ ਹੀ ਮਾੜਚੂ ਜਿਹੇ ਤੇ ਆਪਣਾ ਜੋਰ ਚਲਾ ਸਕਦੈਂ ਹੈਂ,ਜੇ ਤੂੰ ਕਿਤੇ ਡਾਢਾ ਰਹਿੰਦਾ ਤਾਂ
ਜਾਲਿਮ ਇੰਨਾ ਆਜ਼ਾਦ ਨਾਂ ਹੁੰਦਾ।ਤੇਰੀ ਘੱਲੀ ਹੋਈ ਆਖ਼ਤ,ਕੋਈ ਸੁਨਾਮੀ,ਕੋਈ ਹੜ,ਕੋਈ ਸੋਕਾ
ਕੋਈ ਕਾਲ,ਮਾਖ਼ੀਆ ,ਬਲੈਕ ਮਾਰਕੀਟੀਆ,ਨੇਤਾ ਨੂੰ ਨਹੀਂ ਪਛਾੜ ਸਕੀ।
ਤੂੰ ਮਾਸੂਮ ਬੱਚੇ ਵਿੱਚ ਵਸਦਾ ਸੈਂ ਉਹਨੇ ਵੀ ਤੈਨੂੰ ਨਕਾਰ ਦਿੱਤਾ ਹੈ।ਤੇਰੀ ਹੋਂਦ ਮੰਨਣ ਤੌਂ ਇਨਕਾਰੀ
ਹੈ। ਉਹ ਸਵਾਲ ਕਰਦਾ ਹੈ," ਜੇ ਰੱਬ ਪਾਪੀ ਨੁੰ ਨਹੀਂ ਬਖਸ਼ਦਾ ਤਾਂ ਫ੍ਰਿਰ ਉਹ ਪਾਪੀ ਜਿਹੜੈ ਉਹਦਾ
ਘਰ ਲੁੱਟ ਕੇ ਲੈ ਗਏ ਉਹਨਾਂ ਨੂੰ ਕਿਉਂ ਹੁਣ ਤੱਕ ਉਹਨੇ ਪਛਾੜਿਆ ਨਹੀਂ "? ਜਾ ਚਲਾ ਜਾ ਤੈਨੂੰ
ਤੇਰਾ ਹੀ ਵਾਸਤਾ।
ਸਾਡੀ ਫਰਿਆਦ ਹੈ,ਸਾਡੀ ਦੁਆ ਹੈ ਦੁਨੀਆ ਤੇ ਤੇਰੀ ਹਸਤੀ ਕਾਇਮ ਰਹੇ।
"ਤੂੰ ਮੇਰਾ ਰਾਖਾ ਸਭਨੀ ਥਾਂਈ"॥
ਰਣਜੀਤ ਕੌਰ ਗੁੱਡੀ ਤਰਨ ਤਾਰਨ