ਸਿੱਖਿਆ, ਨਿੱਜੀਕਰਨ ਦੀ ਕਵਾਇਦ ਅਤੇ ਅਧਿਆਪਕ - ਗੁਰਚਰਨ ਨੂਰਪੁਰ

ਇਕ ਕਥਾ ਅਨੁਸਾਰ ਇਕ ਵਿਚਾਰਕ ਦੇ ਆਸ਼ਰਮ ਵਿਚ ਗਿਆਨ ਲੈਣ ਲਈ ਦੂਰੋਂ-ਦੂਰੋਂ ਲੋਕ ਆਉਂਦੇ ਸਨ। ਇਕ ਦਿਨ ਆਸ਼ਰਮ ਵਿਚ ਇਕ ਅਜੀਬ ਘਟਨਾ ਵਾਪਰੀ। ਹੋਇਆ ਇਹ ਕਿ ਆਸ਼ਰਮ ਵਿਚੋਂ ਕੁਝ ਸਾਮਾਨ ਚੋਰੀ ਹੋ ਗਿਆ। ਪੁਰਾਣੇ ਚੇਲਿਆਂ ਨੇ ਗੁਰੂ ਕੋਲ ਸ਼ਿਕਾਇਤ ਕੀਤੀ ਕਿ ਆਸ਼ਰਮ ਵਿਚ ਇਕ ਨਵਾਂ ਚੇਲਾ ਆਇਆ ਹੈ ਸਾਨੂੰ ਉਸ 'ਤੇ ਸ਼ੱਕ ਹੈ। ਪਰ ਗੁਰੂ ਨੇ ਗੱਲ ਗਈ ਆਈ ਕਰ ਦਿੱਤੀ। ਅਗਲੀ ਵਾਰ ਚੇਲਿਆਂ ਨਵੇਂ ਆਏ ਸਿਖਿਆਰਥੀ ਨੂੰ ਚੋਰੀ ਕਰਦਿਆਂ ਰੰਗੇ ਹੱਥੀਂ ਫੜ ਲਿਆ ਅਤੇ ਉਸ ਵਿਚਾਰਕ (ਗੁਰੂ) ਅੱਗੇ ਲਿਜਾ ਪੇਸ਼ ਕੀਤਾ ਤੇ ਕਿਹਾ, 'ਦੇਖੋ ਇਸ ਨੂੰ ਅਸੀਂ ਚੋਰੀ ਕਰਦਿਆਂ ਰੰਗੇ ਹੱਥੀਂ ਫੜ ਲਿਆ ਹੈ। ਅਸੀਂ ਪਹਿਲਾਂ ਵੀ ਕਿਹਾ ਸੀ ਕਿ ਇਹ ਵਿਅਕਤੀ ਆਸ਼ਰਮ ਵਿਚ ਰੱਖਣ ਦੇ ਲਾਇਕ ਨਹੀਂ ਇਸ ਨੂੰ ਸਜ਼ਾ ਦੇ ਕੇ ਇੱਥੋਂ ਕੱਢ ਦਿੱਤਾ ਜਾਵੇ।' ਗੁਰੂ ਨੇ ਕਿਹਾ, 'ਤੁਹਾਡੇ 'ਚੋਂ ਕੋਈ ਜਾਣਾ ਚਾਹੇ ਤਾਂ ਜੀਅ ਸਦਕੇ ਜਾ ਸਕਦਾ ਹੈ, ਪਰ ਇਹ ਨਵਾਂ ਚੇਲਾ ਕਿਤੇ ਨਹੀਂ ਜਾਵੇਗਾ।' ਜਦੋਂ ਪੁਰਾਣੇ ਚੇਲਿਆਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਸ ਵਿਚਾਰਕ ਨੇ ਕਿਹਾ, 'ਤੁਹਾਡੇ 'ਚੋਂ ਕੋਈ ਚਲਾ ਵੀ ਜਾਵੇਗਾ ਤਾਂ ਉਹ ਸਮਾਜ ਵਿਚ ਕੁਝ ਚੰਗਾ ਕਰੇਗਾ। ਪਰ ਇਸ ਨੂੰ ਅਜੇ ਹੋਰ ਇੱਥੇ ਰੱਖਣ ਦੀ ਲੋੜ ਹੈ ਤਾਂ ਕਿ ਇਹਦੀ ਸਮਝ ਹੋਰ ਵਿਕਸਤ ਹੋਵੇ ਅਤੇ ਇਹ ਮਾੜੇ ਵਿਕਾਰਾਂ ਤੋਂ ਬਚ ਜਾਵੇ ਜੋ ਇਸ ਦਾ ਨੁਕਸਾਨ ਕਰਨ ਦੇ ਨਾਲ-ਨਾਲ ਸਮਾਜ ਦਾ ਨੁਕਸਾਨ ਕਰਨਗੇ।'
       ਅਧਿਆਪਕ ਕਿਸੇ ਵੀ ਦੇਸ਼ ਸਮਾਜ ਵਿਚ ਉਪਰੋਕਤ ਵਿਚਾਰਕ ਦੀ ਭੂਮਿਕਾ ਨਿਭਾਉਂਦਾ ਹੈ। ਉਸ ਦੇ ਸਿਰ ਸਮਾਜ ਨੂੰ ਚੰਗਾ ਬਣਾਉਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਉਹ ਸਮਾਜ ਦਾ ਰਾਹ-ਦਸੇਰਾ ਹੈ। ਅਧਿਆਪਕ ਦਾ ਸਨਮਾਨ ਹੋਵੇਗਾ ਤਾਂ ਉਹ ਆਪਣਾ ਕੰਮ ਵਧੇਰੇ ਲਗਨ ਨਾਲ ਕਰੇਗਾ। ਅਗਰ ਉਹ ਅਪਮਾਨਿਤ ਹੁੰਦਾ ਰਹੇਗਾ ਤਾਂ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਅਸੀਂ ਆਪਣੇ-ਆਪ ਦਾ ਅਪਮਾਨ ਕਰ ਰਹੇ ਹਾਂ। ਜਿਹੜੇ ਦੇਸ਼, ਸਮਾਜ, ਕੌਮਾਂ ਅਧਿਆਪਕ ਦਾ ਸਤਿਕਾਰ ਨਹੀਂ ਕਰਦੇ ਉਹ ਆਪਣਾ ਭਵਿੱਖ ਗਵਾ ਬਹਿੰਦੇ ਹਨ। ਇਸ ਸਥਿਤੀ ਦਾ ਇਕ ਦੂਜਾ ਪਾਸਾ ਵੀ ਹੈ ਕਿ ਕੁਝ ਕੁ ਅਧਿਆਪਕ ਵੀ ਅਜਿਹੇ ਹਨ ਜੋ ਅਧਿਆਪਕ ਦੀ ਪਦਵੀ ਨਾਲ ਇਨਸਾਫ਼ ਨਹੀਂ ਕਰਦੇ। ਇਨ੍ਹਾਂ ਦੀਆਂ ਨਾਂਹ-ਪੱਖੀ ਕਾਰਵਾਈਆਂ ਕਰਕੇ ਕਈ ਵਾਰ ਦੂਜਿਆਂ ਨੂੰ ਵੀ ਸ਼ਰਮਸਾਰ ਹੋਣਾ ਪੈਂਦਾ ਹੈ।
      ਦੇਸ਼ ਵਿਚ ਲੱਖਾਂ ਲੋਕ ਹਨ ਜੋ ਅਧਿਆਪਕ ਲੱਗਣ ਲਈ ਲੋੜੀਂਦੀ ਯੋਗਤਾ ਪੂਰੀ ਕਰਦੇ ਹਨ, ਅਧਿਆਪਕਾਂ ਦੀਆਂ ਅਸਾਮੀਆਂ ਵੀ ਖਾਲੀ ਹਨ ਪਰ ਸਰਕਾਰਾਂ ਨਵੇਂ ਅਧਿਆਪਕਾਂ ਦੀ ਨਿਯੁਕਤੀ ਨਹੀਂ ਕਰਦੀਆਂ। ਇਸ ਦਾ ਕਾਰਨ ਬੜਾ ਸਪੱਸ਼ਟ ਹੈ, ਜਿਵੇਂ ਦੂਜੀਆਂ ਜਨਤਕ ਸੇਵਾਵਾਂ ਜਿਵੇਂ ਬਿਜਲੀ, ਆਵਾਜਾਈ, ਥਰਮਲ ਪਲਾਂਟ, ਖੰਡ ਮਿੱਲਾਂ, ਪੈਟਰੋਲ ਡੀਜ਼ਲ, ਦੂਰਸੰਚਾਰ, ਸੜਕਾਂ ਆਦਿ ਨਿੱਜੀ ਹੱਥਾਂ ਵਿਚ ਦੇ ਦਿੱਤੀਆਂ ਗਈਆਂ ਹਨ ਉਸੇ ਤਰ੍ਹਾਂ ਸਿੱਖਿਆ ਸੇਵਾਵਾਂ ਨੂੰ ਨਿੱਜੀ ਹੱਥਾਂ ਵਿਚ ਦੇਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਨਿੱਜੀ ਸਕੂਲਾਂ ਨੂੰ ਗਰੀਬਾਂ ਦੇ ਬੱਚੇ ਦਾਖਲ ਕਰਨ ਦੀ ਹਦਾਇਤ ਅਤੇ ਸਰਕਾਰੀ ਸਕੂਲਾਂ ਨੂੰ ਪੰਚਾਇਤਾਂ ਜਾਂ ਐਨ. ਜੀ. ਓ. ਦੇ ਹਵਾਲੇ ਕਰਨ ਵਰਗੀਆਂ ਨੀਤੀਆਂ ਦੱਸਦੀਆਂ ਹਨ ਕਿ ਜਲਦੀ ਹੀ ਹੋਰ ਅਦਾਰਿਆਂ ਵਾਂਗ ਪੰਜਾਬ ਵਿਚ ਸਿੱਖਿਆ ਦਾ ਵੀ ਪੂਰੀ ਤਰ੍ਹਾਂ ਨਿੱਜੀਕਰਨ ਹੀ ਹੋ ਜਾਵੇਗਾ। ਨਿੱਜੀਕਰਨ ਦੀਆਂ ਲੋਕ ਮਾਰੂ ਚਾਲਾਂ ਜਨ ਸਾਧਾਰਨ ਦੀ ਸਮਝ ਵਿਚ ਤਾਂ ਕੀ ਆਉਣੀਆਂ ਹਨ ਇਹ ਕਈ ਵਾਰ ਪੜ੍ਹਿਆਂ ਲਿਖਿਆਂ ਦੀ ਵੀ ਸਮਝ ਵਿਚ ਨਹੀਂ ਆਉਂਦੀਆਂ। ਇਸ ਦਾ ਕਾਰਨ ਇਹ ਹੈ ਕਿ ਸ਼ੁਰੂਆਤੀ ਦੌਰ ਵਿਚ ਇਹ ਲੁਭਾਵਣੀਆਂ ਬਣਾ ਕੇ, ਕੁਨੀਨ ਦੀ ਗੋਲੀ 'ਤੇ ਖੰਡ ਦਾ ਮੁਲੱਮਾ ਲਾ ਕੇ ਪੇਸ਼ ਕੀਤੀਆਂ ਜਾਂਦੀਆਂ ਹਨ ਪਰ ਮਗਰੋਂ ਇਨ੍ਹਾਂ ਦੇ ਸਿੱਟੇ ਬੜੇ ਭਿਅੰਕਰ ਨਿਕਲਦੇ ਹਨ। ਕਿਸੇ ਵੀ ਅਦਾਰੇ ਦਾ ਨਿੱਜੀਕਰਨ ਕਰਨ ਲਈ ਪਹਿਲਾਂ ਕੁਝ ਚਾਲਾਂ ਚੱਲੀਆਂ ਜਾਣੀਆਂ ਜ਼ਰੂਰੀ ਹੁੰਦੀਆਂ ਹਨ। ਇਹੋ ਚਾਲਾਂ ਇਹੋ ਖੇਡ ਇਸ ਵੇਲੇ ਸਿੱਖਿਆ ਅਦਾਰਿਆਂ ਨਾਲ ਖੇਡੀ ਜਾ ਰਹੀ ਹੈ। ਕਿਸੇ ਅਦਾਰੇ ਨੂੰ ਨਿੱਜੀ ਹੱਥਾਂ ਵਿਚ ਦੇਣ ਲਈ ਇਹ ਬੜਾ ਜ਼ਰੂਰੀ ਹੁੰਦਾ ਹੈ ਕਿ ਉਸ ਅਦਾਰੇ ਨਾਲ ਜੁੜੇ ਕਰਮਚਾਰੀਆਂ ਨੂੰ ਹੋਰ ਕੰਮਾਂ ਵਿਚ ਉਲਝਾਅ ਦਿੱਤਾ ਜਾਵੇ। ਉਹ ਆਪਣੇ ਜ਼ਿੰਮੇ ਲੱਗਾ ਕੰਮ ਨਾ ਕਰ ਸਕਣ, ਲੋਕ ਇਨ੍ਹਾਂ ਦੀਆਂ ਸੇਵਾਵਾਂ ਨੂੰ ਆਪ ਹੀ ਨਕਾਰਨ ਲੱਗ ਪੈਣ। ਇਹੋ ਕੁਝ ਅਸੀਂ ਅੱਜ ਸਿੱਖਿਆ ਵਿਚ ਹੁੰਦਾ ਦੇਖ ਰਹੇ ਹਾਂ। ਅਧਿਆਪਕ ਨੂੰ ਅੱਜ ਅਧਿਆਪਕ ਹੋਣ ਦੀ ਬਜਾਏ ਡਾਟਾ ਉਪਰੇਟਰ ਬਣਾ ਦਿੱਤਾ ਗਿਆ ਹੈ। ਮਿੱਡ ਡੇ ਮੀਲ, ਬੀ ਐਲ ਓ, ਬੱਚਿਆਂ ਦਾ ਮੈਡੀਕਲ ਚੈੱਕਅਪ ਕਿੰਨੇ ਹੀ ਕੰਮਾਂ ਦੀ ਜ਼ਿੰਮੇਵਾਰੀ ਉਸ ਸਿਰ ਪਾ ਦਿੱਤੀ ਗਈ ਹੈ। ਇਸਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਖੰਡ ਮਿੱਲਾਂ ਦੀ ਉਦਾਹਰਨ ਨਾਲ ਅਸੀਂ ਸਮਝ ਸਕਦੇ ਹਾਂ। ਜਦੋਂ ਇਨ੍ਹਾਂ ਮਿੱਲਾਂ ਨੂੰ ਚਲਾਇਆ ਗਿਆ ਤਾਂ ਮੁਲਾਜ਼ਮਾਂ ਤੋਂ ਕੰਮ ਵੀ ਵਧੀਆ ਢੰਗ ਨਾਲ ਲਿਆ ਜਾਂਦਾ ਸੀ। ਖੰਡ ਦੀ ਪੈਦਾਵਾਰ ਅਤੇ ਗੁਣਵੱਤਾ ਵੀ ਚੰਗੀ ਸੀ। ਮਿੱਲ ਦੇ ਕਰਮਚਾਰੀਆਂ ਨੂੰ ਹਦਾਇਤਾਂ ਸਨ ਕਿ ਉਹ ਕਿਸਾਨਾਂ ਤੋਂ ਵੱਧ ਤੋਂ ਵੱਧ ਗੰਨਾ ਬਿਜਵਾਉਣ, ਗੰਨੇ ਦੀ ਖੇਤਾਂ ਵਿਚ ਜਾ ਕੇ ਆਪ ਦੇਖ ਭਾਲ ਕਰਨ ਅਤੇ ਗੰਨੇ ਦੀ ਪੈਦਾਵਾਰ ਵਧਾਉਣ ਦੇ ਕਿਸਾਨਾਂ ਨੂੰ ਗੁਰ ਦੱਸਣ। ਪਰ ਜਦੋਂ ਇਨ੍ਹਾਂ ਖੰਡ ਮਿੱਲਾਂ ਨੂੰ ਖ਼ਤਮ ਕਰਨਾ ਸੀ ਕਿਸਾਨਾਂ ਦੇ ਬਕਾਏ ਰੋਕ ਦਿੱਤੇ ਗਏ ਤਾਂ ਕਿ ਆਪ ਹੀ ਗੰਨਾ ਲਾਉਣ ਤੋਂ ਪਾਸਾ ਵੱਟ ਜਾਣ। ਖੰਡ ਮਿੱਲਾਂ ਨੂੰ ਘਾਟੇ ਦਾ ਸੌਦਾ ਦੱਸ ਕੇ ਬੰਦ ਕਰ ਦਿੱਤਾ ਗਿਆ। ਬਿਲਕੁਲ ਇਹ ਕੁਝ ਅੱਜ ਸਿੱਖਿਆ ਵਿਭਾਗ ਵਿਚ ਹੋ ਰਿਹਾ ਹੈ। ਬੱਚਾ ਸਕੂਲ ਵਿਚ ਚਾਹੇ ਸਾਰਾ ਸਾਲ ਨਾ ਆਵੇ ਜੇਕਰ ਉਹ ਪੇਪਰ ਦੇਣ ਆਇਆ ਹੈ ਤਾਂ ਉਸ ਦਾ ਪੇਪਰ ਲਿਆ ਜਾਵੇਗਾ ਅਤੇ ਉਸ ਨੂੰ ਅੱਠਵੀਂ ਤੱਕ ਫੇਲ੍ਹ ਵੀ ਨਹੀਂ ਕੀਤਾ ਜਾਵੇਗਾ। ਇਸ ਦਾ ਭਾਵ ਇਹ ਹੋਇਆ ਕਿ ਬੇਸ਼ੱਕ ਬੱਚਾ ਪਹਿਲੀ ਕੱਚੀ ਤੋਂ ਲੈ ਕੇ ਅੱਠ ਸਾਲ ਸਕੂਲ ਨਹੀਂ ਵੜਦਾ ਤਾਂ ਵੀ ਉਹ ਜਿਹੋ ਜਿਹੇ ਮਰਜ਼ੀ ਪੇਪਰ ਦੇ ਕੇ ਸਕੂਲ 'ਚੋਂ ਪਾਸ ਦਾ ਸਾਰਟੀਫਿਕੇਟ ਲੈ ਜਾਵੇ। ਕੀ ਸਿੱਖਿਆ ਦੇ ਨਾਂਅ 'ਤੇ ਲੋਕਾਂ ਨਾਲ ਇਹ ਮਜ਼ਾਕ ਨਹੀਂ? ਦੂਜੇ ਪਾਸੇ ਅਧਿਆਪਕਾਂ ਦੇ ਕੰਮ ਨੂੰ ਏਨਾ ਜ਼ਿਆਦਾ ਵਧਾ ਦਿੱਤਾ ਗਿਆ ਹੈ ਕਿ ਉਸ ਦੀ ਵਿਅਕਤੀਗਤ ਪਹਿਚਾਣ ਹੀ ਖ਼ਤਮ ਕਰ ਦਿੱਤੀ ਗਈ ਹੈ। ਉਸ ਨੂੰ ਬੱਚਿਆਂ ਦੇ ਵੱਖ-ਵੱਖ ਵਰਗ ਬਣਾਉਣ, ਬੱਚਿਆਂ ਦੇ ਵਜ਼ੀਫ਼ਾ ਪਛਾਣ ਪੱਤਰ ਬਣਾਉਣ, ਇੰਟਰਨੈੱਟ ਰਾਹੀਂ ਵਿਭਾਗ ਨਾਲ ਸਬੰਧਿਤ ਹਦਾਇਤਾਂ ਲੈਣ, ਬੱਚਿਆਂ ਲਈ ਖਾਣੇ ਦਾ ਇੰਤਜ਼ਾਮ ਕਰਨ ਅਤੇ ਇਨ੍ਹਾਂ ਸਭ ਕੁਝ ਦੀਆਂ ਰਿਪੋਰਟਾਂ ਤਿਆਰ ਕਰਨ ਵਰਗੀਆਂ ਇੰਨੀਆਂ ਕੁ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ ਕਿ ਉਸ ਨੂੰ ਰਾਤ ਨੂੰ ਸੁੱਤੇ ਪਏ ਨੂੰ ਵੀ ਵਿਭਾਗ ਦੇ ਸੁਪਨੇ ਆਈ ਜਾਂਦੇ ਹਨ। ਕਿਸੇ ਅਦਾਰੇ 'ਤੇ ਨਿੱਜੀਕਰਨ ਦਾ ਕੁਹਾੜਾ ਚਲਾ ਕੇ ਉਸ ਨੂੰ ਬਰਬਾਦ ਕਰਨ ਲਈ ਇਹ ਸਭ ਕੁਝ ਬੜਾ ਜ਼ਰੂਰੀ ਹੈ ਤਾਂ ਕਿ ਸਬੰਧਿਤ ਕਰਮਚਾਰੀ ਆਪ ਹੀ ਇਸ ਨਾਲੋਂ ਤੋੜ ਵਿਛੋੜਾ ਕਰਨ ਵਿਚ ਆਪਣੀ ਭਲਾਈ ਸਮਝਣ। ਦੇਸ਼ ਵਿਚ ਬੇਕਾਰੀ, ਬੇਰੁਜ਼ਗਾਰੀ ਅਤੇ ਬਾਹਰਲੇ ਮੁਲਕਾਂ ਵੱਲ ਨੂੰ ਹੁਨਰਮੰਦ ਨੌਜਵਾਨਾਂ ਦਾ ਪ੍ਰਵਾਸ ਇਹ ਸਭ ਕੁਝ ਵਿਚ ਨਿੱਜੀਕਰਨ ਦੀਆਂ ਮਾਰੂ ਨੀਤੀਆਂ ਨੂੰ ਲਾਗੂ ਕਰਨ ਦਾ ਨਤੀਜਾ ਹੈ। ਪੈਸਾ ਲੋਕਾਂ ਕੋਲ ਹੋਣ ਅਤੇ ਬਾਜ਼ਾਰ ਵਿਚ ਇਸ ਦੇ ਚੱਲਣ ਦੀ ਬਜਾਏ ਇਹ ਕਾਰਪੋਰੇਟ ਘਰਾਣਿਆਂ ਕੋਲ ਇਕੱਠਾ ਹੋ ਰਿਹਾ ਹੈ ਜਾਂ ਦੂਜੇ ਮੁਲਕਾਂ ਨੂੰ ਜਾ ਰਿਹਾ ਹੈ। ਲੰਮੇ ਸੰਘਰਸ਼ਾਂ ਤੋਂ ਬਾਅਦ ਦੇਸ਼ ਸਾਮਰਾਜ ਦੀ ਗੁਲਾਮੀ ਤੋਂ ਆਜ਼ਾਦ ਹੋਇਆ ਸੀ ਹੁਣ ਫਿਰ ਅਸੀਂ ਬੜੀ ਤੇਜ਼ੀ ਨਾਲ ਕਾਰਪੋਰੇਟ ਕੰਪਨੀਆਂ ਦੇ ਗੁਲਾਮ ਹੋ ਰਹੇ ਹਾਂ। ਇਹ ਗੁਲਾਮੀ ਸਾਮਰਾਜੀ ਗੁਲਾਮੀ ਨਾਲੋਂ ਵੀ ਵਧੇਰੇ ਖ਼ਤਰਨਾਕ ਹੈ। ਅੰਗਰੇਜ਼ ਹਕੂਮਤ ਨੇ ਪਿੰਡਾਂ ਸ਼ਹਿਰਾਂ ਵਿਚ ਜਾ ਕੇ ਸਕੂਲ ਖੋਲ੍ਹੇ ਤਾਂ ਕਿ ਲੋਕ ਕੁਝ ਹੱਦ ਤੱਕ ਪੜ੍ਹ ਲੈਣ ਅਤੇ ਸਰਕਾਰ ਨੂੰ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਵਿਚ ਕੋਈ ਦਿੱਕਤ ਨਾ ਆਵੇ। ਦੂਜੇ ਪਾਸੇ ਸਾਡੀਆਂ ਸਰਕਾਰਾਂ ਸਕੂਲ ਬੰਦ ਕਰਨ ਅਤੇ ਅਧਿਆਪਕਾਂ ਨੂੰ ਨੌਕਰੀਆਂ ਤੋਂ ਕੱਢਣ ਦੀ ਕਵਾਇਦ ਚਲਾ ਰਹੀਆਂ ਹਨ। ਗਰੀਬਾਂ ਦੇ ਬੱਚਿਆਂ ਦੇ ਦਾਖਲੇ ਅਤੇ ਉਨ੍ਹਾਂ ਨੂੰ ਮਿਲਦੇ ਵਜ਼ੀਫ਼ਿਆਂ ਤੋਂ ਟਾਲ-ਮਟੋਲ ਕਰਕੇ ਲੱਖਾਂ ਹੀ ਬੱਚਿਆਂ ਨੂੰ ਸਿੱਖਿਆ ਦੇ ਅਧਿਕਾਰ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ। ਲੋਕਤੰਤਰ ਦੇ ਮੌਜੂਦਾ ਦੌਰ ਲਈ ਕੀ ਇਹ ਹੁਣ ਜ਼ਰੂਰੀ ਹੋ ਗਿਆ ਹੈ ਕਿ ਲੋਕ ਅਨਪੜ੍ਹ ਗਵਾਰ ਬਣ, ਵੋਟ ਦੇ ਰੂਪ ਵਿਚ ਵਿਕਣ ਲਈ ਤਿਆਰ ਖੜ੍ਹੇ ਰਹਿਣ?
       ਅੱਜ ਪੂਰਾ ਦੇਸ਼ ਜਦੋਂ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਤਾਂ ਲੋਕਾਂ ਦੀ ਆਮਦਨ ਦਾ ਵੱਡਾ ਹਿੱਸਾ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਹੋ ਰਿਹਾ ਹੈ। ਸ਼ਹਿਰੀ ਇਲਾਕਿਆਂ ਵਿਚ ਮੱਧਵਰਗੀ ਲੋਕਾਂ ਦੀ ਆਮਦਨ ਦਾ 40 ਫ਼ੀਸਦੀ ਹਿੱਸਾ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਹੋ ਰਿਹਾ ਹੈ। ਪ੍ਰਾਈਵੇਟ ਸਕੂਲਾਂ ਦੀ ਮਹਿੰਗੀ ਸਿੱਖਿਆ ਦੇਸ਼ ਵਿਚ ਇਕ ਵੱਡਾ ਮਸਲਾ ਬਣ ਰਹੀ ਹੈ। ਲੋਕ ਚਾਹੁੰਦੇ ਹਨ ਕਿ ਹਰ ਵਰਗ ਦੇ ਬੱਚਿਆਂ ਦੀ ਇਕਸਾਰ ਅਤੇ ਵਧੀਆ ਪੜ੍ਹਾਈ ਹੋਵੇ। ਇਸ ਸਥਿਤੀ ਵਿਚ ਲੋਕਾਂ ਦੁਆਰਾ ਚੁਣੀਆਂ ਸਰਕਾਰਾਂ ਅਧਿਆਪਕਾਂ ਨੂੰ ਨੌਕਰੀ ਦੇਣ ਦੀ ਬਜਾਏ ਉਨ੍ਹਾਂ ਦੀਆਂ ਤਨਖਾਹਾਂ ਘੱਟ ਕਰਨ ਲੱਗੀਆਂ ਹੋਈਆਂ ਹਨ। ਬੀ ਐਡ ਅਤੇ ਟੈਟ ਪਾਸ ਹਾਜ਼ਾਰਾਂ ਅਧਿਆਪਕ ਹਨ ਜੋ ਬੱਚਿਆਂ ਲਈ ਆਪਣੀਆਂ ਸੇਵਾਵਾਂ ਦੇਣੀਆਂ ਚਾਹੁੰਦੇ ਹਨ ਪਰ ਸਰਕਾਰਾਂ ਉਨ੍ਹਾਂ ਨੂੰ ਭਰਤੀ ਨਹੀਂ ਕਰ ਰਹੀਆਂ। ਸਗੋਂ ਇਸ ਦੇ ਉਲਟ ਕਈ ਸਾਲਾਂ ਤੋਂ ਵਿਭਾਗ ਵਿਚ ਕੰਮ ਕਰ ਰਹੇ ਅਧਿਆਪਕਾਂ ਨੂੰ ਪੱਕੇ ਕਰਨ ਲਈ ਉਨ੍ਹਾਂ ਨੂੰ ਘੱਟ ਤਨਖਾਹਾਂ 'ਤੇ ਕੰਮ ਕਰਨ ਲਈ ਕਹਿ ਰਹੀਆਂ ਹਨ। ਅਧਿਆਪਕ ਆਪਣੇ ਹੱਕ ਲੈਣ ਲਈ ਸੜਕਾਂ 'ਤੇ ਰੋਸ ਮੁਜ਼ਾਹਰੇ ਕਰ ਰਹੇ ਹਨ। ਭੁੱਖ ਹੜਤਾਲਾਂ ਕਰ ਰਹੇ ਹਨ। ਸਰਕਾਰਾਂ ਵਲੋਂ ਪੁਲਿਸ ਦੀ ਮਦਦ ਨਾਲ ਅਧਿਆਪਕਾਂ ਨੂੰ ਕੁੱਟਿਆ ਮਾਰਿਆ ਜਾਂਦਾ ਹੈ। ਪਿਛਲੇ ਕਈ ਸਾਲਾਂ ਤੋਂ ਕੁਝ ਅਧਿਆਪਕਾਂ ਨੇ ਰੋਜ਼ੀ-ਰੋਟੀ ਲਈ ਸੰਘਰਸ਼ ਕਰਦਿਆਂ ਆਪਣੀਆਂ ਜਾਨਾਂ ਵੀ ਗਵਾਈਆਂ ਹਨ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਅਧਿਆਪਕ ਜਿਸ ਨੇ ਸਮਾਜ ਪ੍ਰਤੀ ਉਪਰੋਕਤ ਕਹਾਣੀ ਵਿਚਲੇ ਮੁੱਖ ਪਾਤਰ ਵਾਲੀ ਭੂਮਿਕਾ ਨਿਭਾਉਣੀ ਹੁੰਦੀ ਹੈ ਆਪਣੇ ਕੋਲ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਨੂੰ ਕੀ ਸਿਖਾਵੇ? ਨਾਗਰਿਕ ਸ਼ਾਸਤਰ ਪੜ੍ਹਾਉਂਦਿਆਂ ਉਹ ਬੱਚਿਆਂ ਨੂੰ ਕਿਵੇਂ ਦੱਸੇ ਕਿ ਦੇਸ਼ ਦਾ ਸੰਵਿਧਾਨ ਅਤੇ ਤੁਹਾਡੇ ਦੁਆਰਾ ਚੁਣੀਆਂ ਸਰਕਾਰਾਂ ਤੁਹਾਡੀ ਜਾਨਮਾਲ ਦੀ ਰਾਖੀ ਕਰਨਗੀਆਂ? ਉਹ ਕਿਸ ਮੂੰਹ ਨਾਲ ਆਪਣੇ ਬੱਚਿਆਂ ਨੂੰ ਕਹੇ ਤਨ-ਮਨ ਲਾ ਕੇ ਪੜ੍ਹਾਈ ਕਰੋ ਅਤੇ ਪੜ੍ਹਨ ਉਪਰੰਤ ਇਸ ਪੜ੍ਹਾਈ ਦਾ ਬਹੁਤ ਵੱਡਾ ਮਹੱਤਵ ਹੈ। ਉਸ ਕਿਸ ਤਰ੍ਹਾਂ ਕਹੇ ਕਿ ਬੱਚਿਓ ਪੜ੍ਹ ਲਿਖ ਕੇ ਡਾਕਟਰ, ਇੰਜੀਨੀਅਰ ਅਤੇ ਅਧਿਆਪਕ ਬਣਕੇ ਦੇਸ਼ ਦੀ ਤਰੱਕੀ ਦੇ ਹਿੱਸੇਦਾਰ ਬਣੋ? ਉਹ ਪੜ੍ਹਨ ਵਾਲੇ ਬੱਚਿਆਂ ਨੂੰ ਕਿਸ ਤਰ੍ਹਾਂ ਕਹੇ ਸਾਡੇ ਮੁਲਕ ਵਿਚ ਸਾਡੀ ਇਸ ਪੜ੍ਹਾਈ ਦੀ ਬਹੁਤ ਕਦਰ ਹੈ। ਇਸ ਲਈ ਵੱਧ ਤੋਂ ਵੱਧ ਪੜੋ? ਇਹ ਸਵਾਲ ਸਾਡੇ ਸਮੇਂ ਦੀਆਂ ਸਰਕਾਰਾਂ 'ਤੇ ਹਨ, ਜਿਨ੍ਹਾਂ ਨੂੰ ਲੋਕਾਂ ਨੇ ਆਪ-ਆਪਣੇ ਲਈ ਚੁਣਿਆ ਹੈ।
      ਜਿਸ ਦੇਸ਼ ਵਿਚ ਸਾਡੇ ਭਵਿੱਖ ਦਾ ਨਿਰਮਾਤਾ ਆਪਣੇ ਹੱਕਾਂ ਲਈ ਪੁਲਿਸ ਦਾ ਜਬਰ ਸਹਿੰਦਾ ਹੋਵੇ, ਦੂਜੇ ਪਾਸੇ ਨੇਤਾ ਆਪਣੇ ਵਿਦੇਸ਼ੀ ਦੌਰਿਆਂ 'ਤੇ ਕਰੋੜਾਂ ਰੁਪਏ ਖ਼ਰਚ ਕਰ ਦੇਣ, ਜਿੱਥੇ ਬੁੱਤ ਬਣਾਉਣ ਲਈ ਸੈਂਕੜੇ ਕਰੋੜ ਖ਼ਰਚ ਕਰ ਦਿੱਤੇ ਜਾਣ, ਜਿਸ ਦੇਸ਼ ਵਿਚ ਵੋਟਾਂ ਦੁਆਲੇ ਵਲਗਣਾਂ ਖੜ੍ਹੀਆਂ ਕਰਨ ਲਈ ਧਰਮ ਅਸਥਾਨਾਂ, ਗਊਸ਼ਾਲਾਵਾਂ ਨੂੰ ਗਰਾਂਟਾਂ ਦਿੱਤੀਆਂ ਜਾਂਦੀਆਂ ਹੋਣ ਅਤੇ ਅਧਿਆਪਕਾਂ ਨੂੰ ਦਿਹਾੜੀਦਾਰ ਕਾਮੇ ਦੇ ਰੂਪ ਵਿਚ ਵੇਖਿਆ ਜਾਂਦਾ ਹੋਵੇ ਉਸ ਦੇਸ਼ ਦੇ ਲੋਕਾਂ ਦਾ ਭਵਿੱਖ ਕੀ ਹੋਵੇਗਾ ਇਸ ਦਾ ਅੰਦਾਜ਼ਾ ਸੌਖਿਆਂ ਹੀ ਲਾਇਆ ਜਾ ਸਕਦਾ ਹੈ।
        ਦੇਸ਼ ਦੇ ਹਕੀਕੀ ਵਿਕਾਸ ਲਈ ਇਹ ਬੜਾ ਜ਼ਰੂਰੀ ਹੈ ਕਿ ਅਧਿਆਪਕ ਦਾ ਸਨਮਾਨ ਹੋਵੇ। ਉਸ ਨੂੰ ਆਪਣੇ ਕੰਮ ਲਈ ਢੁੱਕਵੀਂ ਉਜਰਤ ਮਿਲੇ ਤੇ ਸੇਵਾ-ਮੁਕਤ ਹੋਣ ਉਪਰੰਤ ਪੈਨਸ਼ਨ ਮਿਲੇ। ਜਨਤਕ ਸਿੱਖਿਆ ਦੇ ਬਜਟ ਵਿਚ ਵਾਧਾ ਕੀਤਾ ਜਾਵੇ। ਪੂਰੇ ਮੁਲਕ ਵਿਚ ਸਿੱਖਿਆ ਦਾ ਨਿੱਜੀਕਰਨ ਰੋਕਿਆ ਜਾਵੇ। ਇਕਸਾਰ ਵਿਗਿਆਨਕ ਸੋਚ ਨੂੰ ਪ੍ਰਫੁੱਲਿਤ ਕਰਨ ਲਈ ਮਾਨਵਵਾਦੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾਵੇ। ਵਿਦਿਆਰਥੀਆਂ ਦੇ ਸਰਬਪੱਖੀ ਬੌਧਿਕ ਵਿਕਾਸ ਨੂੰ ਮੁੱਖ ਰੱਖ ਕੇ ਸਿੱਖਿਆ ਦੇ ਸਿਲੇਬਸ ਅਤੇ ਨੀਤੀਆਂ ਬਣਾਈਆਂ ਜਾਣ।

ਸੰਪਰਕ : 9855051099

18 Nov. 2018