ਹਲਾਤ - ਸੁੱਖਵੰਤ ਬਾਸੀ

ਹਾਲਤ ਹਲਾਤ ਬਣਾ ਦਿੰਦੇ,
ਕਿਸੇ ਦੇ ਹਾਲ ਤੇ ਨਾ ਹੱਸੀਏ,
ਕੋਈ ਹੱਲ ਹੋਵੇ ਤਾਂ ਦੱਸੀਏ!
"ਅੱਜ ਤੇਰੇ ਨਾਲ, ਕੱਲ ਮੇਰੇ ਨਾਲ ਵੀ ਹੋ ਸਕਦਾ"
ਜੇ ਸੋਚੇ ਬੰਦਾ, ਤਾਂ ਦੁੱਖ ਕਿਸੇ ਨੂੰ ਦੇ ਨਹੀਂ ਸਕਦਾ!
ਤਾਂ ਹੀਂ ਤਾਂ ਲੋਕੀ ਕਹਿੰਦੇ :
"ਦਿਨ ਹਮੇਸ਼ਾ ਇਕੋ ਜਿਹੇ ਨਹੀਂ ਰਹਿੰਦੇ!"

ਕਹਿੰਦੇ ਸੁੱਖ ਵੰਡਣ ਨਾਲ ਹੁੰਦਾ ਵਾਧਾ,
ਦੁੱਖ ਵੰਡਣ ਨਾਲ ਦੁੱਖ ਘੱਟਦਾ।
ਪਰ ਦੁੱਖ ਹਰ ਕਿਸੇ ਨੂੰ ਦੱਸਿਆ ਜਾ ਨਹੀਂ ਸਕਦਾ,
ਕਿਉਂਕੀ ਕਈ ਕਮਜੋਰੀ ਨੂੰ ਬਣਾਕੇ ਹੱਥਿਆਰ, ਫਿਰ ਕਰਦੇ ਵਾਰ!
ਭੁੱਲ ਜਾਂਦੇ ਉਹ, ਉਨ੍ਹਾਂ ਦੇ ਹੱਥ ਵੱਸ ਸਭ ਨਹੀਂ ਹੁੰਦਾ!
ਸਾਰੇ ਕਹਿੰਦੇ : "ਰੱਬ ਜਾਣਦਾ, ਰੱਬ ਦੇਖਦਾ",
ਫਿਰ ਵੀ ਉਸ ਦਾ ਡਰ ਨਹੀਂ ਹੁੰਦਾ!

ਕਿਸੇ ਦੀ ਸੋਚ ਤੇ ਲਾ ਨਹੀਂ ਸਕਦੇ ਤਾਲਾ,
ਪਰ ਸੋਚ ਸਮਝਕੇ ਤਾਂ ਬੋਲ ਸਕਦਾ, ਬੋਲਣ ਵਾਲਾ!
ਕੋਈ ਚੰਗਾ ਸੋਚੇ, ਕੋਈ ਸੋਚੇ ਮਾੜਾ,
ਕੀ ਸੋਚਦਾ, ਕੋਈ ਬੋਲਕੇ ਦੱਸੇ ਤਾਂ ਪਤਾ ਲੱਗਦਾ!
ਪਰ ਉਸਨੂੰ ਬੋਲਕੇ ਦੱਸਣ ਦੀ ਲੋੜ ਨਹੀਂ,
ਉਹ ਆਪੇ ਜਾਣਦਾ, ਦਿਲਾਂ ਦੀਆਂ ਜਾਣਨ ਵਾਲਾ!

ਅੱਖਾਂ ਰੋਂਦੀਆਂ ਦਿਖ ਜਾਂਦੀਆਂ,
ਦਿਲ ਰੋਂਦਾ, ਕਿਸੇ ਨੂੰ ਦਿਖਾ ਨਹੀਂ ਹੁੰਦਾ!
ਜ਼ਖਮ ਹੋਵੇ ਤਾਂ ਦਿਖ ਜਾਂਦਾ,
ਦਰਦ ਕੋਈ ਕਿਸੇ ਨੂੰ ਦਿਖਾ ਨਹੀਂ ਸਕਦਾ!
ਜੇ ਚਾਹੇ ਦੁੱਖ ਵੰਡਾ ਸਕਦਾ ਬੰਦਾ,
ਦਰਦ ਕੋਈ ਕਿਸੇ ਦਾ ਵੰਡਾ ਨਹੀਂ ਸਕਦਾ!
ਦੇਖਿਆ ਸੁਣਿਆ ਸਭ ਸੱਚ ਨਹੀਂ ਹੁੰਦਾ!
ਹਰ ਹੱਸਣ ਵਾਲਾ ਬੰਦਾ ਖੁਸ਼ ਨਹੀਂ ਹੁੰਦਾ!

ਰੱਬਾ, ਹੋਵੇ ਸਭਨਾਂ ਦੀ ਤੰਦਰੁਸਤੀ,
ਨਾ ਹੋਵੇ ਬੇਇਨਸਾਫੀ, ਝੂਠ, ਚਲਾਕੀ, ਚੁਸਤੀ!
ਚੁਸਤ ਚਲਾਕਾਂ ਦੇ ਹੁੰਦੇ ਬੜੇ ਯਾਰ,
ਭਲੇ ਮਾਣਸ ਬੰਦਿਆਂ ਦਾ ਹੁੰਦਾ ਕਰਤਾਰ!
ਚੰਗੇ ਮੰਦੇ, ਤੇਰੇ ਬੰਦੇ, ਤੂੰ ਦਾਤਾ ਦਾਤਾਰ,
ਵੰਤ ਮੰਗੇ : "ਸੁੱਖੀ ਵਸੇ ਸਾਰਾ ਸੰਸਾਰ!"

ਸੁੱਖਵੰਤ ਬਾਸੀ, ਫਰਾਂਸ