ਪੰਜਾਬੀ ਸਾਹਿਤ ਪੜ੍ਹਨ ਦਾ ਘਟ ਰਿਹਾ ਰੁਝਾਨ – ਇੱਕ ਚਿੰਤਾ ਦਾ ਵਿਸ਼ਾ - ਕੁਲਦੀਪ ਸਿੰਘ ਢਿੱਲੋਂ

ਕਿਤਾਬਾਂ ਸਾਡੀ ਜਿੰਦਗੀ ਵਿੱਚ ਬਹੁਤ ਅਹਿਮ ਥਾਂ ਰੱਖਦੀਆਂ ਹਨ। ਇਹ ਮਨੁੱਖ ਦੇ ਜੀਵਨ ਵਿੱਚ ਬਹੁਤ ਵੱਢੀਆਂ ਤਬਦੀਲੀਆਂ ਲਿਆ ਸਕਦੀਆਂ ਹਨ। ਜੇਕਰ ਕਿਸੇ ਵਿਗੜੇ ਹੋਏ ਬੰਦੇ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਦਿੱਤੀਆਂ ਜਾਣ ਤਾਂ ਉਹ ਬਹੁਤ ਤੇਜ਼ੀ ਨਾਲ ਉਹਨਾਂ ਦੇ ਪ੍ਰਭਾਵ ਹੇਠ ਆ ਕੇ ਸੁਧਰ ਸਕਦਾ ਹੈ। ਅੱਜ ਅਸੀਂ ਆਧੁਨਿਕਤਾ ਦੀ ਨਵੀਂ ਦੋੜ ਵਿੱਚ ਅੱਗੇ ਵੱਲ ਤਾਂ ਵੱਧਦੇ ਜਾ ਰਹੇ ਹਾਂ। ਪਰ ਪਿਛਲਾ ਸਭ ਕੁਝ ਵਿਸਾਰ ਰਹੇਂ ਹਾਂ। ਸਾਡਾ ਸੱਭਿਆਚਾਰ,ਸਾਡਾ ਰਹਿਣ-ਸਹਿਣ, ਗੱਲ ਕੀ ਹਰ ਚੀਜ਼ ਬਦਲ ਗਈ ਹੈ। 'ਅੱਗਾ ਦੋੜ,ਪਿੱਛਾ ਚੋੜ' ਵਾਲੀ ਕਹਾਵਤ ਇੱਥੇ ਲਾਗੂ ਹੁੰਦੀ ਹੈ।  
    ਪੰਜਾਬੀ ਸਾਡੇ ਪੰਜਾਬ ਦੀ ਮਾਂ-ਬੋਲੀ ਹੈ ਪਰ ਦਿਨੋ ਦਿਨ ਅਸੀਂ ਇਸ ਤੋਂ ਦੂਰ ਹੁੰਦੇ ਜਾ ਰਹੇ ਹਾਂ ਅੱਜ ਸਮਾਂ ਇਹ ਆ ਗਿਆ ਹੈ ਕਿ ਅਸੀਂ ਆਪਣੀ ਹੀ 'ਮਾਂ' ਨੂੰ ਅੱਖੋਂ ਪਰੋਖੇ ਕਰਦੇ ਜਾ ਰਹੇਂ ਹਾਂ। ਪੰਜਾਬੀ ਨੇ ਸਾਡੀ ਜੁਬਾਨ 'ਚੋਂ' ਤਾਂ ਗਾਇਬ ਹੋਣਾ ਹੀ ਸੀ, ਕਿਓਂ ਸਕੂਲਾਂ,ਕਾਲਜਾਂ 'ਚੋਂ' ਵੀ ਗਾਇਬ ਹੋ ਰਹੀ ਹੈ।ਪੰਜਾਬੀ ਭਾਸ਼ਾ ਨੂੰ ਦਿਨੋਂ ਦਿਨ ਅਸੀਂ ਖਤਮ ਕਰਦੇ ਜਾ ਰਹੇਂ ਹਾਂ। ਪੰਜਾਬੀ ਭਾਸ਼ਾ ਵਿੱਚ ਪਾਠਕਾਂ ਵਿੱਚ ਕਿਤਾਬਾਂ ਪੜ੍ਹਣ ਦੀ ਰੁਚੀ ਬਹੁਤ ਘੱਟ ਰਹੀ ਹੈ। ਇਹ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਪੜ੍ਹਨ ਦੀ ਰੁਚੀ ਬਚਪਨ ਵਿੱਚ ਹੀ ਪੈ ਜਾਵੇ ਤਾਂ ਬੜੀ ਚੰਗੀ ਗੱਲ ਹੈ,ਨਹੀਂ ਤਾਂ ਮੁੜ ਪੈਦਾ ਨਹੀਂ ਹੁੰਦੀ। ਇਸ ਵਾਸਤੇ ਮਾਪਿਆਂ ਤੇ ਅਧਿਆਪਕਾਂ ਨੂੰ ਮਿਹਨਤ ਕਰਨ ਦੀ ਲੋੜ ਹੁੰਦੀ ਹੈ। ਮੇਰੇ ਖਿਆਲ ਵਿੱਚ ਜੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੇ ਲਾਭ ਦੱਸੇ ਜਾਣ ਤਾਂ ਉਹਨਾਂ ਦੀ ਰੁਚੀ ਕਿਤਾਬਾਂ ਪੜ੍ਹਨ ਵੱਲ ਹੋ ਜਾਵੇਗੀ ਜੇ ਨਾਂ ਦੱਸੇ ਜਾਣ ਤਾਂ ਕਦੀ ਵੀ ਨਹੀਂ ਹੁੰਦੀ। ਸਕੂਲ ਦੇ ਪਾਠਕ੍ਰਮ ਵਿੱਚ ਵੀ ਹੁਣ ਕਿਤਾਬਾਂ ਦੀ ਘਾਟ ਹੈ। ਭਾਵੇਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਹਰੇਕ ਵਿਸ਼ੇ ਦੀਆਂ ਪਾਠ-ਪੁਸਤਕਾਂ ਤਾਂ ਦਿੱਤੀਆਂ ਜਾਂਦੀਆਂ ਹਨ, ਪਰ ਬੱਚਿਆਂ ਨੂੰ ਨਹੀਂ ਮਿਲ ਪਾਉਂਦੀਆਂ। ਕਈਆਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪਾਠ-ਪੁਸਤਕਾਂ ਦੀ ਕੋਈ ਜਾਣਕਾਰੀ ਨਹੀਂ ਹੁੰਦੀ ਤੇ ਦੁੱਖ ਦੀ ਗੱਲ ਤਾਂ ਇਹ ਹੈ ਕਿ ਉਹਨਾਂ ਦੇ ਅਧਿਆਪਕਾਂ ਨੇ ਵੀ ਉਹਨਾਂ ਨੂੰ (ਗਾਈਡਾਂ) ਪਾਠ ਪੁਸਤਕਾਂ ਜਾਂ ਪਾਠ-ਕੁੰਜੀਆਂ ਜਮਾਤਾਂ ਵਿੱਚ ਲਗਵਾ ਰੱਖੀਆਂ ਹੁੰਦੀਆਂ ਨੇ। ਗੱਲ ਕੀ,ਜਦੋਂ 'ਮੁੱਢ' ਨੂੰ ਹੀ ਸ਼ੌਂਕ ਨਹੀਂ ਕਿਤਾਬਾਂ ਦਾ ਤਾਂ ਬੱਚਿਆਂ ਦਾ ਕਿ ਦੋਸ਼ ਹੈ?
    ਯੁਵਕਾਂ ਵਿੱਚ ਮਾਪਿਆਂ ਤੇ ਅਧਿਆਪਕਾਂ ਦਾ ਪ੍ਰਭਾਵ ਗ੍ਰਹਿਣ ਕਰਨ ਦੀ ਉਮਰ 11 ਤੋਂ 18 ਸਾਲ ਦੀ ਮੰਨੀ ਜਾਂਦੀ ਹੈ। ਇਸੇ ਉਮਰ ਵਿੱਚ ਉਹਨਾਂ ਵਿੱਚ ਮੁਕਾਬਲੇ ਦੀ ਭਾਵਨਾ ਹੁੰਦੀ ਹੈ। ਚੰਗੀਆਂ ਕਿਤਾਬਾਂ ਦੀ ਹੋਂਦ ਹੋਰ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਦੀ ਹੈ। ਇਹ ਗੱਲਾਂ ਵਿਕਸਿਤ ਦੇਸ਼ਾਂ ਵਿੱਚ ਵੱਧ ਹਨ ਪ੍ਰੰਤੂ ਇਹਦੇ ਉਲਟ ਵਿਕਾਸ ਕਰ ਰਹੇ ਦੇਸ਼ਾਂ ਦੇ ਵਿਦਿਆਰਥੀ ਵਧੇਰੇ ਕਰਕੇ ਇਮਤਿਹਾਨ ਪਾਸ ਕਰਨ ਲਈ ਹੀ ਪੜ੍ਹਦੇ ਹਨ। 2003 ਦੇ ਇੱਕ ਅੰਤਰਰਾਸ਼ਟਰੀ ਸਰਵੇਖਣ ਅਨੁਸਾਰ ਜੇ ਬਰਤਾਨੀਆਂ ਦੇ ਬਹੁਤੇ ਨੌਜੁਆਨ ਮੋਜ ਮਸਤੀ ਲਈ ਪੜ੍ਹਦੇ ਸਨ ਤਾਂ ਵਿਕਾਸ ਕਰ ਰਹੇ ਦੇਸ਼ਾਂ ਦੇ ਵਿਦਿਆਰਥੀ ਕੇਵਲ ਇਮਤਿਹਾਨ ਵਿੱਚ ਚੰਗੇ ਨੰਬਰ ਲੈਣ ਲਈ। ਪ੍ਰੰਤੂ ਸਾਨੂੰ ਵਿਕਸਿਤ ਦੇਸ਼ਾਂ ਦੇ ਰਾਹ ਤੁਰਨ ਦੀ ਲੋੜ ਹੈ। ਮਾਪੇ ਅਤੇ ਅਧਿਆਪਕ ਪੰਜਾਬੀ ਪੁਸਤਕਾਂ ਜਾਂ ਪੰਜਾਬੀ ਸਾਹਿਤ ਪੜ੍ਹਨ ਵਿੱਚ ਬਹੁਤ ਬੱਚਿਆਂ ਦੀ ਬਹੁਤ ਮਦਦ ਕਰ ਸਕਦੇ ਹਨ। ਜਿੰਨਾਂ ਘਰਾਂ ਤੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਪ੍ਰੇਰਨਾਦਾਇਕ ਪੁਸਤਕਾਂ ਦਾ ਭੰਡਾਰ ਅਮੀਰ ਹੁੰਦਾ ਹੈ ਉਹਨਾਂ ਦੇ ਬੱਚੇ ਤੇ ਵਿਦਿਆਰਥੀ ਸਾਹਿਤ ਸਿਰਜਣਾ ਨਾਲ ਸੰਬੰਧਿਤ ਅਮਲਾਂ ਵਿੱਚ ਸਭ ਤੋਂ ਅੱਗੇ ਹੁੰਦੇ ਹਨ। ਅਸਲ ਵਿੱਚ ਪੜ੍ਹਨ ਦੀ ਆਦਤ ਘਰਦਿਆਂ ਦੀ ਪਾਈ ਜਾਦੀਂ ਹੈ ਤੇ ਸਕੂਲ ਵਿੱਚ ਜਾ ਕੇ ਪੱਕਦੀ ਐ ਬਾਕੀ ਦੇ ਜੀਵਨ ਵਿੱਚ ਲਾਭ ਦਿੰਦੀ ਹੈ। ਪੜੇ-ਲਿਖੇ ਪੰਜਾਬੀਆਂ ਨੂੰ ਇਹ ਗੱਲ ਗ੍ਰਹਿਣ ਕਰਨ ਦੀ ਲੋੜ ਹੈ ਕਿ ਪੜ੍ਹਨਾ-ਪੜ੍ਹਾਉਣਾ ਤੇ ਇਸਦੇ ਲਾਭਾਂ ਨੂੰ ਗ੍ਰਹਿਣ ਕਰਨਾ ਆਪਣੇ ਆਪ ਵਿੱਚ ਉੱਤਮ ਅਮਲ ਹੈ। ਇਹੀ ਪੁਸਤਕ ਸੱਭਿਆਚਾਰ ਹੈ।
ਦੁੱਖ ਦੀ ਗੱਲ ਇਹ ਹੈ ਕਿ ਸਾਰੀ ਦੁਨੀਆਂ ਵਿੱਚ ਹੀ ਰੁਝੇਵੇਂ ਵੱਧ ਹੋਣ ਕਾਰਨ ਕਿਤਾਬਾਂ ਪੜ੍ਹਨ ਦੀ ਆਦਤ ਦਿਨ-ਬ-ਦਿਨ ਘੱਟ ਰਹੀ ਹੈ। ਖਾਸ ਕਰਕੇ 22 ਤੋਂ 35 ਸਾਲ ਦੀ ਉਮਰ ਦੇ ਲੋਕਾਂ ਵਿੱਚ ਜਿਹੜੇ ਇਸਦੇ ਥੰਮ ਹੁੰਦੇ ਹਨ। ਇਸ ਘਾਟ ਦਾ ਜਿੰਮੇਵਾਰ ਬਿਜਲਈ ਮੀਡੀਆ ਤੇ ਇੱਕ ਦੂਜੇ ਨੂੰ ਪਛਾੜਨ ਵਿੱਚ ਲੱਗੀ ਹੌੜ ਦਾ ਹੋਣਾ ਹੈ। ਜਿਹੜਾ ਕਿ ਪੜ੍ਹਨ ਲਈ ਕੋਈ ਸਮਾਂ ਹੀ ਨਹੀਂ ਛੱਡਦਾ। ਇੱਕ ਗੱਲ ਇਹ ਵੀ ਹੈ ਕਿ ਮੌਜ ਮੇਲੇ ਲਈ ਪੰਜਾਬੀ ਦੀਆਂ ਕਿਤਾਬਾਂ ਹੀ ਕੰਮ ਆਉਂਦੀਆਂ ਨੇ ਤੇ ਦੂਜਿਆਂ ਭਾਸ਼ਾਵਾਂ ਦੀਆਂ ਕਿਤਾਬਾਂ ਦੀ ਵਾਰੀ ਬਾਅਦ 'ਚ' ਆਉਂਦੀ ਹੈ। ਪੰਜਾਬੀਆਂ ਦੀ ਦੂਜੀ ਪਸੰਦ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਹੈ। ਪ੍ਰੰਤੂ ਪੰਜਾਬੀ ਦੇ ਪਾਠਕਾਂ ਦੀ ਗਿਣਤੀ ਦਾ ਘਟਣਾ ਇੱਕ ਗੰਭੀਰ ਵਿਸ਼ਾ ਹੈ।
    ਵਿਚਾਰੀ ਸਾਡੀ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਮਾਰ ਪੰਜਾਬ ਦਾ ਦਾਇਰਾ ਛੋਟਾ ਹੋਣ ਕਾਰਨ ਪਈ ਤੇ ਦੂਜੀ ਪੰਜਾਬੀ ਪ੍ਰਤੀ ਪੈਦਾ ਹੋਈ ਨਿਰਮੋਹੀ ਬਿਰਤੀ ਸਦਕਾ। ਜਦੋਂ ਦੇਸ਼ ਵੰਡ ਬਾਅਦ ਏਧਰਲਾ ਪੰਜਾਬ, ਹਰਿਆਣਾ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਤਿੰਨ ਰਾਜਾਂ ਵਿੱਚ ਵੰਡਿਆਂ ਗਿਆ। ਜਿਹੜੀ ਪੰਜਾਬੀ 1966 ਤੱਕ ਤਿੰਨ ਦੇ ਤਿੰਨ ਰਾਜਾਂ ਵਿੱਚ ਪੜ੍ਹੀ ਜਾਂਦੀ ਸੀ ਉਹ ਅਜੋਕੇ ਪੰਜਾਬ ਤੱਕ ਸੀਮਤ ਹੋ ਕੇ ਰਹੀ ਗਈ। ਪੰਜਾਬ ਤੋਂ ਬਾਹਰ ਦੇ ਰਾਜਾਂ ਵਿੱਚ ਵੱਧ ਰਹੀ ਅਣਗਹਿਲੀ ਤਾਂ ਸਮਝ ਆਉਂਦੀ ਹੈ ਪਰ ਪੰਜਾਬ ਦੇ ਆਪਣੇ ਸ਼ਹਿਰਾਂ ਦੀ ਸਥਿਤੀ ਵੀ ਚੰਗੀ ਨਹੀਂ।  ਜਦੋਂ ਆਪਣੇ ਹੀ ਪੰਜਾਬੀ ਦੀ ਕਦਰ ਨਹੀਂ ਕਰਦੇ ਤਾਂ 'ਬੇਗਾਨੇ' ਕਿਉਂ ਕਰਨ। ਸਾਲ 2011, 26 ਫਰਵਰੀ ਨੂੰ ਪੰਜਾਬੀ ਭਵਨ 'ਦਿੱਲੀ' ਵਿਖੇ ਇਸ ਵਿਸ਼ੇ ਤੇ ਹੋਏ ਸੈਮੀਨਾਰ ਵਿੱਚ ਵੀ ਹਰੀਸ਼ ਚੰਦਰ ਜੀ ਜੋ ਕਿ ਬਹੁਤ ਉੱਘੇ ਪੰਜਾਬੀ ਪਾਠ-ਪੁਸਤਕਾਂ ਦੇ ਪ੍ਰਕਾਸ਼ਕ ਵੀ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਸੀ ਕਿ ਮਾਲਵਾ ਦੇ ਰਾਮਪੁਰਾ ਫੂਲ ਅਤੇ ਅਮ੍ਰਿਤਸਰ ਦੇ ਮਾਈ ਸੇਵਾਂ ਬਜ਼ਾਰ ਵਿੱਚ ਵੀ ਹੁਣ ਉਤਸ਼ਾਹ ਨਹੀਂ ਰਿਹਾ, ਜੋ ਕਿ ਆਪਣੇ ਸਮੇਂ ਵਿੱਚ ਸਿਖਰਾਂ ਤੇ ਹੁੰਦਾ ਸੀ। ਇਸ ਉਤਸ਼ਾਹ ਦੇ ਘਟਣ ਦਾ ਇੱਕ ਵੱਡਾ ਕਾਰਨ ਨੌਜੁਆਨ ਮੁੰਡੇ-ਕੁੜੀਆਂ ਦਾ ਟੀ.ਵੀ, ਮੋਬਾਇਲ ਕੰਪਿਊਟਰ ਵਰਗੇ ਹੋਰ ਮਨੋਰੰਜਨ ਦੇ ਸਾਧਨਾਂ ਵੱਲ ਖਿੱਚੇ ਜਾਣਾ ਹੈ।
ਸੱਚ ਪੁੱਛੋ ਤਾਂ 21ਵੀਂ ਸਦੀ ਦਾ ਆਰੰਭ ਪੁਸਤਕ ਤੇ ਪੜ੍ਹਨ ਸੱਭਿਆਚਾਰ ਲਈ ਉਹਨਾਂ ਹੀ ਮਾੜਾ ਸਿੱਧ ਹੋਇਆ ਹੈ ਜਿੰਨਾਂ 20ਵੀਂ ਸਦੀ ਦਾ ਆਰੰਭ ਚੰਗਾ ਸੀ। ਉਦੋਂ ਆਜ਼ਾਦੀ ਦੀ ਲੜਾਈ ਨੇ ਲੋਕ-ਮਨਾਂ ਵਿੱਚ ਨਵੀਂ ਜਾਗ੍ਰਿਤੀ ਤੇ ਚੇਤਨਾਂ ਨੂੰ ਜਨਮ ਦਿੱਤਾ ਸੀ। ਅਖਬਾਰਾਂ ਵੀ ਜਾਗ੍ਰਿਤ ਕਰਨ ਵਾਲੀਆਂ ਸਨ। ਸਾਨਫਰਾਂ ਸਿਸਕੋ ਤੋਂ ਨਿਕਲਣ ਵਾਲੇ 'ਗਦਰ' ਅਖਬਾਰ ਤੋਂ ਲੈ ਕੇ 1933 ਵਿੱਚ ਅਕਾਲੀ ਫੂਲਾ ਸਿੰਘ ਸਮਾਧ ਨੌਸ਼ਹਿਰਾ ਤੋਂ ਕੱਢੀ ਪ੍ਰੀਤਲੜੀ ਤੱਕ ਪਾਠਕਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਸਨ। ਇਹ ਕਿਰਤ 1947 ਤੱਕ ਜਿਓਂਦੀ ਰਹੀ। ਇਸ ਸਮੇਂ ਨੂੰ ਅਸੀਂ ਜੇ ਪੁਸਤਕਾਂ ਦਾ 'ਸੁਨਹਿਰੀ ਕੱਲ' ਕਹਿ ਦੇਈਏ ਤਾਂ ਗਲਤ ਨਹੀਂ ਹੋਵੇਗਾ ਜਿਸ ਵਿੱਚ ਦਵਿੰਦਰ ਸਤਿਆਰਥੀ ਵਲੋਂ ਇੱਕਠੇ ਕੀਤੇ ਲੋਕ ਗੀਤ ਵੇ ਧਾਰਮਿਕ ਗੁਟਕੇ ਪੜ੍ਹਨ ਵਾਲੀ ਭਾਵਨਾ ਨਾਲ ਪੜ੍ਹੇ ਜਾਂਦੇ ਸਨ। ਫਿਰ 21ਵੀਂ ਸਦੀ ਇਸਦੇ ਉਲਟ ਚੱਲ ਪਈ। ਹੁਣ ਤਾਂ ਲਿਖੀ ਜਾਣ ਵਾਲੀ ਭਾਸ਼ਾ ਵੀ ਉਹ ਨਹੀਂ ਰਹੀ, ਜਿਹੜੀ ਲੋਕ ਮੂੰਹੋਂ ਬੋਲਦੇ ਹਨ। ਇੱਕ ਗੱਲ ਹੋਰ ਕਿ ਸ਼ਹਿਰੀਆਂ ਦੀ ਥਾਂ ਪੇਂਡੂਆਂ ਵਿੱਚ ਕੁਝ ਹੱਦ ਤੱਕ ਅਜੇ ਵੀ ਪੰਜਾਬੀ ਪੜ੍ਹਨ ਦੀ ਰੀਝ ਬਾਕੀ ਹੈ।
ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਵਿੱਚ ਪੜ੍ਹਾਈ ਦਾ ਯੋਗਦਾਨ ਬਹੁਤ ਮਹੱਤਵ ਰੱਖਦਾ ਹੈ ਇਸ ਬਾਰੇ ਸ਼ਿਕਾਗੋ ਵਿੱਚ 2005 ਵਿੱਚ ਹੋਈ ਅਮਰੀਕਨ ਲਾਇਬ੍ਰੇਰੀ ਐਸੋਸੀਏਸ਼ਨ ਸਮੇਂ ਰਾਸ਼ਟਰਪਤੀ ਬੈਰਾਕ ਉਬਾਮਾ ਨੇ ਕਿਹਾ "ਪੜ੍ਹਨਾ ਪ੍ਰਤਿਭਾ ਦੇ ਸਮੁੱਚੇ ਵਿਕਾਸ ਦਾ ਮੁੱਖ ਦੁਆਰ ਹੈ। ਇਹ ਦੁਨੀਆਂ ਦੇ ਗੁੰਝਲਦਾਰ ਮਸਲਿਆਂ ਤੇ ਵਿਗਿਆਨਿਕ ਪ੍ਰਗਤੀ ਦੇ ਸੰਦਰਭ ਵਿੱਚ ਅਪਣਾਈ ਜਾਣ ਵਾਲੀ ਇਤਿਹਾਸਿਕ ਪਹੁੰਚ ਦੀ ਕੁੰਜੀ ਹੈ ਜੋ ਕਿਸੇ ਵੀ ਖਿੱਤੇ ਦੇ ਸਮੁੱਚੇ ਵਿਕਾਸ ਦਾ ਆਧਾਰ ਬਣਦੀ ਹੈ।"
ਇਸ ਕਰਕੇ ਅੱਜ ਪੰਜਾਬੀ ਸਾਹਿਤ ਦੇ ਡਿੱਗ ਰਹੇ ਮਿਆਰ ਦਾ ਅਸਲ ਕਾਰਨ ਪੰਜਾਬੀ ਵਿੱਚ ਪਾਠਕਾਂ ਦੀ ਘਟ ਰਹੀ ਗਿਣਤੀ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਜੇਕਰ ਪੰਜਾਬੀ ਭਾਸ਼ਾ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣਾ ਹੈ ਤਾਂ ਪੰਜਾਬੀ ਪੁਸਤਕਾਂ ਪੜ੍ਹਨ ਲਈ ਸਮਾਂ ਕੱਢਣਾ ਪਵੇਗਾ ਅਤੇ ਅੱਜ ਦੀ ਪੰਜਾਬੀ ਸਾਹਿਤ ਨਾਲੋਂ ਟੁੱਟ ਰਹੀ ਨੌਜੁਆਨ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਣ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਅੱਗੇ ਆਉਣਾ ਹੀ ਪਵੇਗਾ। ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਭਾਸ਼ਾ ਨੂੰ ਜਿਉਂਦਾ ਰੱਖਿਆ ਜਾ ਸਕੇ ਨਹੀਂ ਤਾਂ ਦੁਨੀਆਂ ਦੀਆਂ 6 ਹਜ਼ਾਰ ਭਸ਼ਾਵਾਂ ਵਿੱਚੋਂ 11 ਵੇਂ ਥਾਂ ਤੇ ਆਉਣ ਵਾਲੀ ਸਾਡੀ ਮਾਂ ਬੋਲੀ ਕਿਤੇ ਖਤਮ ਨਾਂ ਹੋ ਜਾਵੇ।

ਕੁਲਦੀਪ ਸਿੰਘ ਢਿੱਲੋਂ
98559-64276
73476-00376

19 nOV. 2018