ਡੰਗ ਅਤੇ ਚੋਭਾਂ - ਗੁਰਮੀਤ ਪਲਾਹੀ

ਛਤਰੀ ਉਤੇ ਹੈ ਅਸਾਂ ਬਹਾ ਰੱਖਿਆ,
ਆਪ ਯਾਰੋ ਕਬੂਤਰਾਂ ਗੋਲਿਆਂ ਨੂੰ।

ਖ਼ਬਰ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਛੱਤੀਸਗੜ੍ਹ ਚੋਣਾਂ 'ਚ ਕਾਂਗਰਸ ਸਟਾਰ ਪ੍ਰਚਾਰਕ ਦੇ ਤੌਰ ਤੇ ਰਾਏਪੁਰ ਵਿਖੇ ਭਾਸ਼ਨ ਦਿੰਦਿਆਂ, ਰਾਫੇਲ ਸੌਦੇ ਅਤੇ ਪੈਸੇ ਲੈਕੇ ਫਰਾਰ ਹੋਏ ਉਦਯੋਗਪਤੀਆਂ ਦੇ ਬਹਾਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਹਨਾ ਪ੍ਰਧਾਨ ਮੰਤਰੀ ਨੂੰ ਘੇਰਦਿਆਂ ਕਿਹਾ ''ਮੈਂ ਪਾਕਿਸਤਾਨ ਦੇ ਸੈਨਾ ਮੁੱਖੀ ਨੂੰ ਦੋ ਮਿੰਟ ਗਲੇ ਲਗਾਕੇ ਕੀ ਰਾਫੇਲ ਸੌਦਾ ਕਰ ਲਿਆ ਹੈ? ਉਹਨਾ ਨੇ ਇਹ ਵੀ ਕਿਹਾ ਕਿ ਉਹ ਆਪਣੀ ਦੇਸ਼ ਭਗਤੀ ਉਹਨਾ ਨੂੰ ਸਾਬਤ ਨਹੀਂ ਕਰਨਗੇ, ਜਿਹਨਾ ਨੇ ਗੋਧਰਾ ਕਰਵਾਇਆ, ਜਿਸ ਵਿੱਚ ਸੈਂਕੜੇ ਘੱਟ ਗਿਣਤੀ ਲੋਕ ਦੰਗਿਆਂ 'ਚ ਮਾਰ ਦਿੱਤੇ ਗਏ ਸਨ ਅਤੇ ਉਸ ਵੇਲੇ ਨਰੇਂਦਰ ਮੋਦੀ ਗੁਜਰਾਤ ਦੇ ਮੁੱਖਮੰਤਰੀ ਸਨ। (ਗੋਧਰਾ, ਗੁਜਰਾਤ ਵਿੱਚ ਸਥਿਤ ਹੈ)
ਪੀਰਾਂ, ਫਕੀਰਾਂ, ਗੁਰੂਆਂ, ਸੰਤਾਂ ਦੀ ਧਰਤੀ ਆ ਭਾਰਤ। ਹਿੰਦੂਆਂ, ਈਸਾਈਆਂ, ਬੋਧੀਆਂ, ਯਹੂਦੀਆਂ, ਮੁਸਲਮਾਨਾਂ ਆਦਿ ਦੀ ਧਰਤੀ ਹੈ ਇੰਡੀਆ! ਪਰ ਕੁਝ ਸਿਆਣੇ ਆਖਦੇ ਆ, ਅਸਲ ਜਾਣੋ ਹਿੰਦੂਆਂ ਦੀ ਧਰਤੀ ਹੈ ਹਿੰਦੋਸਤਾਨ, ਜਿਥੇ ਹਿੰਦੀ ਹੈ, ਜਿਥੇ ਹਿੰਦੂ ਹੈ ਜਿਹੜਾ ਸਤਿਕਾਰ ਦਾ ਹੱਕਦਾਰ ਹੈ। ਸਿਆਸਤਦਾਨਾਂ ਦੀ ਕਿਰਪਾ ਦਾ ਪਾਤਰ ਹੈ। ਹੈ ਕਿ ਨਹੀਂ? ਜਿਹਨਾ ਦੇ ਇੱਕ ਇਸ਼ਾਰੇ 'ਤੇ 84 ਦੇ ਕਤਲੇਆਮ ਹੋ ਸਕਦੇ ਹਨ। ਜਿਹਨਾ ਦੇ ਇੱਕ ਇਸ਼ਾਰੇ ਤੇ ਅਯੁੱਧਿਆ ਦੀ ਮਸਜਿਦ ਢੈਅ-ਢੇਰੀ ਹੋ ਸਕਦੀ ਹੈ। ਜਿਹਨਾ ਦੇ ਇੱਕ ਇਸ਼ਾਰੇ ਤੇ ਭੀੜ ਤੰਤਰ ''ਰੋਸ਼ਨ ਦਿਮਾਗ'' ਲੋਕਾਂ ਨੂੰ ਮੌਤ ਦੀ ਨੀਂਦ ਸੁਆ ਸਕਦਾ ਹੈ। ਗਊ ਦੀ ਹੱਤਿਆ ਦੇ ਬਦਲੇ ''ਮਨੁੱਖ ਦੀ ਹੱਤਿਆ'' ਦਾ ਹੁਕਮ ਸੁਣਾ ਸਕਦਾ ਆ। ਇਹ ਸਭ ਭਾਈ ਰਾਜਨੇਤਾਵਾਂ, ਮਹੰਤਾਂ, ਸਮਗਲਰਾਂ ਦੀ ਇੱਕ-ਜੁੱਟਤਾ ਅਤੇ ਈਮਾਨਦਾਰ ਅਫ਼ਸਰਾਂ ਦੀ ਬੇਬਸੀ ਦੀ ਉਪਜ ਆ ਭਾਈ।
ਦੇਸ਼ ਉਤੇ ਵਿਨਾਸ਼ਕਾਰੀ ਪ੍ਰਵਿਰਤੀ ਵਾਲੇ, ਮੌਕਾਪ੍ਰਸਤਾਂ ਦਾ ਕਬਜ਼ਾ ਆ ਅਤੇ ਬੇਬਸ ਜਨਤਾ ਲੁੱਟੀ ਜਾ ਰਹੀ ਹੈ, ਕੁੱਟੀ ਜਾ ਰਹੀ ਹੈ। ਪਰ ਇਸਦਾ ਕਸੂਰਵਾਰ ਕੌਣ ਆ? ਕਦੇ ਸੋਚਿਆ? ਕਵੀ ਵਾਚ ਸੁਣੋ, ''ਛੱਤਰੀ ਉਤੇ ਹੈ ਅਸਾਂ ਬਹਾ ਰੱਖਿਆ, ਆਪ ਯਾਰੋ ਕਬੂਤਰਾਂ ਗੋਲਿਆਂ ਨੂੰ''।

ਜਿਵੇਂ ਜਿਵੇਂ ਹੈ ਗਰਮੀ ਜਾਂ ਸੀਤ ਵੱਧਦੀ,
ਚੜ੍ਹਦਾ ਡਿੱਗਦਾ ਇਸ ਤਰ੍ਹਾਂ ਰਹੇ ਪਾਰਾ।

ਖ਼ਬਰ ਹੈ ਕਿ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਵੇਂ ਨਾ ਕਿਵੇਂ ਬਾਦਲਾਂ ਨੂੰ ਅੰਦਰ ਕਰਨਾ ਚਾਹੁੰਦਾ ਹੈ ਪਰ ਨਾ ਮੈਂ ਜੇਲ੍ਹ ਤੋਂ ਡਰਦਾ ਹਾਂ ਤੇ ਨਾ ਹੀ ਮੌਤ ਤੋਂ। ਬਹਿਬਾਲ ਕਲਾਂ ਗੋਲੀਕਾਂਡ ਦੀ ਜਾਂਚ ਲਈ ਬਣਾਈ ਕਮੇਟੀ ਵਲੋਂ ਪੁਛਗਿੱਛ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਐਸ ਆਈ ਟੀ ਦੀ ਰਿਪੋਰਟ ਉਹ ਹੀ ਹੋਵੇਗੀ ਜੋ ਕੈਪਟਨ ਸਰਕਾਰ ਚਾਹੇਗੀ। ਉਧਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐਸ ਆਈ ਟੀ ਆਜ਼ਾਦ ਹੈ ਤੇ ਸਰਕਾਰ ਦਾ ਉਸ ਉਤੇ ਕੋਈ ਦਬਾਅ ਨਹੀਂ ਹੈ।ਉਹਨਾ ਇਹ ਵੀ ਕਿਹਾ ਕਿ ਬਾਦਲ ਸਾਹਿਬ ਦੀ ਸਰਕਾਰ ਵੇਲੇ ਉਹਨਾ ਤੋਂ ਵੀ ਪੁੱਛਗਿੱਛ ਹੋਈ ਸੀ। ਕਾਂਗਰਸ ਪ੍ਰਧਾਨ ਜਾਖੜ ਨੇ ਬਾਦਲ ਤੋਂ ਪੁੱਛਿਆ ਕਿ ਜੇਕਰ ਉਹਨਾ ਗੋਲੀ ਚਲਾਉਣ ਲਈ ਨਹੀਂ ਕਿਹਾ ਤਾਂ ਉਹਨਾ ਦੋਸ਼ੀਆਂ ਵਿਰੁੱਧ ਆਪਣੀ ਸਰਕਾਰ ਵੇਲੇ ਕਾਰਵਾਈ ਕਿਉਂ ਨਹੀਂ ਕੀਤੀ? ਉਧਰ ਕਾਂਗਰਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣ ਦੀ ਘਟਨਾ ਨੂੰ ਜੇਕਰ ਬਾਦਲ ਸਰਕਾਰ ਨੇ ਹੱਲ ਕਰ ਲਿਆ ਹੁੰਦਾ ਤਾਂ ਬਾਅਦ 'ਚ ਵਾਪਰੀਆਂ ਦੁੱਖਦਾਈ ਘਟਨਾਵਾਂ ਨੂੰ ਟਾਲਿਆ ਜਾ ਸਕਦਾ ਸੀ।
ਕੀ ਕਰੀਏ ਭਾਈ ਨੇਤਾ ਜੋ ਚਾਹੁੰਦੇ ਨੇ ਬੋਲੀ ਜਾਂਦੇ ਨੇ। ਆਪਣੇ ਰੰਗ, ਆਪੇ ਘੋਲੀ ਜਾਂਦੇ ਨੇ। ਕੀ ਕਰੀਏ ਭਾਈ ਨੇਤਾਵਾਂ ਨੂੰ ਫਿਕਰ ਦੋਸ਼ੀ ਲੱਭਣ ਦਾ ਨਹੀਂ, ਵੋਟਾਂ ਲੱਭਣ ਦਾ ਆ। ਕੀ ਕਰੀਏ ਭਾਈ ਨੇਤਾਵਾਂ ਨੂੰ ਫਿਕਰ ਸੱਚ ਲੋਕਾਂ ਸਾਹਮਣੇ ਲਿਆਉਣ ਦਾ ਨਹੀਂ, ਇੱਕ ਦੂਜੇ ਨੂੰ ''ਸੇਕ'' ਲਗਣੋ ਬਚਾਉਣ ਦਾ ਆ।
ਰਾਮ ਰਹੀਮ ਦੀਆਂ ਵੋਟਾਂ ਲੈਣੇ ਦਾ ਰੌਲਾ ਸੀ। ਰਾਮ ਰਹੀਮ ਨਾਲ ਅੰਦਰੋਗਤੀ ਗਿੱਟ ਮਿੱਟ ਹੋਈ, ਸਾਰੇ ਦੋਸ਼ ਰੱਦ, ਮੁਆਫੀ ਕਬੂਲ। ਰਹੀਮ ਨਾਲ ਅੰਦਰੋਗਤੀ ਲੈਣ ਦੇਣ ਹੋਇਆ। ਵੋਟਾਂ ਆਹ, ਬਾਬਿਆਂ ਦੀ ਤਜ਼ੌਰੀ 'ਚ ਆ ਡਿਗੀਆਂ, ਪੰਜ ਸਾਲ ਲਈ ਗੱਦੀ ਮਿਲ ਗਈ। ਉਂਜ ਭਾਈ ਹਰਿਆਣਾ 'ਚ ਭਾਜਪਾ ਲਈ ਜਾਂ ਪੰਜਾਬ 'ਚ ਕਾਂਗਰਸ ਲਈ ਰਾਮ ਰਹੀਮ ਦੀ ਕਿਰਪਾ ਕਿਹੜਾ ਘੱਟ ਹੋਈ ਸੀ? ਜਿਹੜਾ ਗਿਆ ਉਹਦੇ ਦੁਆਰ ਕਿਰਪਾ ਦਾ ਪਾਤਰ ਬਣਿਆ। ਹੈ ਕਿ ਨਹੀਂ? ਨੇਤਾ ਲੋਕ ਵੇਖੋ ਨਾ ਬਲਾਤਕਾਰੀ 'ਆਸਾ' ਦੇ ਕੋਲ ਵੀ ਜਾਂਦੇ ਰਹੇ, ਮੰਨ ਆਈਆਂ ਮੁਰਾਦਾਂ ਪਾਂਦੇ ਰਹੇ। ਭਾਈ ਬਾਬਿਆਂ ਦੀ, ਸੰਤਾਂ ਦੀ, ਮਹੰਤਾਂ ਦੀ, ਪੰਜਾਬ ਤੇ ਵਾਹਵਾ ਕਿਰਪਾ ਆ ਅਤੇ ਆਹ ਪਾਰਟੀਆਂ ਦੇ ਨੇਤਾ ਵੀ ਭਾਈ ਕਿਸੇ ਸੰਤ ਮਹੰਤ ਤੋਂ ਘੱਟ ਨਹੀਂ, ਜਿਹਨਾ ਦੇ ਚੇਲੇ-ਚਾਟੜੇ ਉਹਨਾ ਨੂੰ ਚੜ੍ਹਾਵੇ ਚਾੜ੍ਹਦੇ ਆ, ਪੈਰਾਂ ਨੂੰ ਹੱਥ ਲਾਉਂਦੇ ਆ ਅਤੇ ਉਹਨਾ ਦੀ ਕਿਰਪਾ ਦੇ ਪਾਤਰ ਬਣ, ਕੁਝ ਆਪਣੇ ਲਈ ਕੁਝ ਨੇਤਾਵਾਂ ਲਈ ਧੰਨ ਦੇ ਅੰਬਾਰ ਲਾਉਂਦੇ ਆ। ਅਤੇ ਜਦੋਂ ਭਾਈ ਕੋਈ ਘਟਨਾ ਵਾਪਰਦੀ ਆ, ਹੱਲਾ-ਗੁੱਲਾ ਹੁੰਦਾ ਹੈ, ਰੌਲਾ-ਰੱਪਾ ਪੈਂਦਾ ਆ, ਇਹ ਨੇਤਾ ਲੋਕ ਘੁਰਨਿਆਂ ਤੋਂ ਬਾਹਰ ਨਿਕਲ, ਲੋਕਾਂ ਦਾ ਗੁੱਸਾ ਠੰਡਾ ਕਰਨ ਲਈ ਬਿਆਨਾਂ ਦੀ ਝੜੀ ਲਾਉਂਦੇ ਆ, ਤਦੇ ਕਵੀ ਲਿਖਦਾ ਆ, ਜਿਵੇਂ ਜਿਵੇਂ ਹੈ ਗਰਮੀ ਜਾਂ ਸੀਤ ਵੱਧਦੀ, ਚੜ੍ਹਦਾ ਡਿੱਗਦਾ ਇਸ ਤਰ੍ਹਾਂ ਰਹੇ ਪਾਰਾ''।

ਘੋਟ-ਘੋਟ ਕੇ ਕਰੇ ਜੋ ਢੇਰ ਗੱਲਾਂ, ਬਗ਼ਲਾ ਭਗਤ, ਉਹ ਸਿਰੇ ਦਾ ਠੱਗ ਹੋਵੇ।

ਖ਼ਬਰ ਹੈ ਕਿ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਦੇ ਮੁੱਖ ਦੋਸ਼ੀ ਮੇਹੁਲ ਚੋਕਸੀ ਨੇ ਭਾਰਤ ਨਾ ਆਉਣ ਦਾ ਨਵਾਂ ਬਹਾਨਾ ਬਣਾਇਆ ਹੈ। ਉਸਨੇ ਕਿਹਾ ਹੈ ਕਿ ਉਹ ਤਿੰਨ ਮਹੀਨੇ ਤੱਕ ਭਾਰਤ ਨਹੀਂ ਆ ਸਕਦਾ। ਉਸਦੇ ਵਕੀਲ ਨੇ ਕਿਹਾ ਹੈ ਕਿ ਚੋਕਸੀ ਯਾਤਰਾ ਕਰਨ ਲਈ ਪੂਰੀ ਤਰ੍ਹਾਂ ਸਿਹਤਮੰਦ ਨਹੀਂ। ਅਸਲ 'ਚ ਈ ਡੀ ਨੇ ਅਦਾਲਤ ਨੂੰ ਚੋਕਸੀ ਨੂੰ ਭਗੋੜਾ ਐਲਾਨ ਕਰਨ ਦੀ ਬੇਨਤੀ ਕੀਤੀ ਸੀ। ਯਾਦ ਰਹੇ ਕਿ ਈ ਡੀ ਨੇ 13000 ਕਰੋੜ ਦੇ ਕਰਜ਼ੇ ਦੀ ਧੋਖਾਧੜੀ ਮਾਮਲੇ ਦੀ ਜਾਂਚ ਦੌਰਾਨ ਉਸਦੀ 218 ਕਰੋੜ ਦੀ ਸੰਪਤੀ ਜਬਤ ਕੀਤੀ ਸੀ, ਜਿਸ 'ਚ ਹੀਰੇ ਅਤੇ ਵਿਦੇਸ਼ 'ਚ ਫਲੈਟ ਸ਼ਾਮਲ ਹਨ।
ਰਿਫੈਲ 'ਚ 58000 ਕਰੋੜ ਦੀ ਠੱਗੀ ਵੱਜ ਸਕਦੀ ਆ। ਪੰਜਾਬ ਨੈਸ਼ਨਲ ਬੈਂਕ 'ਚ 13600 ਕਰੋੜ ਰੁਪਏ ਨੀਰਵ ਮੋਦੀ, ਨਿਸ਼ਚਲ ਮੋਦੀ, ਮੇਹੁਲ ਚੋਕਸੀ ਇਧਰੋਂ-ਉਧਰ ਕਰ ਸਕਦੇ ਆ। ਕਾਮਨ ਵੈਲਥ ਖੇਡਾਂ ਵਿੱਚ 70000 ਕਰੋੜ ਸੁਰੇਸ਼ ਕਲਮਾਦੀ ਹੜੱਪ ਸਕਦਾ ਆ। ਟੂ-ਜੀ ਮਾਮਲੇ 'ਚ 1,76,000 ਕਰੋੜ ਰੁਪਏ ਏ ਰਾਜਾ, ਕਾਨਾਮੋਜੀ ਅੱਖ ਦੇ ਫੋਰ 'ਚ ਉਡਾ ਸਕਦੇ ਆ। ਇਹ ਸਭ ਕੁਝ ਵੱਡੇ ਘਰਾਂ ਦੇ ਕਾਕੇ ਹੀ ਕਰ ਸਕਦੇ ਆ, ਜਿਹਨਾ ਨੂੰ ਸਿਆਸੀ ਪੁਸ਼ਤ ਪਨਾਹੀ ਹੁੰਦੀ ਆ! ਹੈ ਕਿ ਨਾ?
ਵੇਖੋ ਨਾ ਤੇਲਗੀ ਕਰੋੜਾਂ ਦੇ ਜਾਅਲੀ ਅਸ਼ਟਾਮ ਵੇਚਦਾ ਰਿਹਾ। ਲਾਲੂ 950 ਕਰੋੜ ਦਾ ਚਾਰਾ ਇੱਕਲਾ ਹੀ ਖਾ ਗਿਆ ਪਰ ਬਹੁਤੇ ਛੋਟੇ ਘੁਟਾਲੇ, ਤਾਂ ਸਾਹਮਣੇ ਆਉਂਦੇ ਹੀ ਨਹੀਂ, ਜਿਹੜੇ ਗੱਲਾਂ-ਗੱਲਾਂ ਕਰਦਿਆਂ, ਹੱਥਾਂ ਤੇ ਹੱਥ ਮਾਰਦਿਆਂ, ਚਤੁਰ ਲੋਕਾਂ ਉਵੇਂ ਹੀ ਕਰ ਲਏ, ਜਿਹਨਾ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਆਹ, ਵੇਖੋ ਨਾ, ਵਿਚਾਰੇ ਪ੍ਰਵਾਸੀਆਂ ਨੂੰ ਉਹਨਾ ਦੇ ਚਤੁਰ ਰਿਸ਼ਤੇਦਾਰ ਅਸ਼ਟਾਮ ਉਤੇ ਮਾਸੜ, ਚਾਚਾ, ਮਾਮਾ ਆਖ ਦਸਤਖਤ ਅੰਗੂਠਾ ਕਰਵਾ ਲੈਂਦੇ ਆ ਅਤੇ ਮੁੜ ਪੁਲਿਸ ਨੂੰ ਚਾਰ ਛਿਲੜ ਦੇਕੇ ਉਸ ਤੋਂ ਵਰੰਟ ਕਢਵਾਕੇ ਦੇਸ਼ ਆਉਣ ਜੋਗਾ ਵੀ ਨਹੀਂਓ ਛੱਡਦੇ। ਇਹ ਭਾਈ ਸਭ ਗੱਲਾਂ ਦੀ ਕਰਾਮਾਤ ਆ। ਠੱਗ ਹੋਵੇ ਵੱਡਾ ਤੇ ਚਾਹੇ ਹੋਵੇ ਛੋਟਾ, ਹੈ ਤਾਂ ਠੱਗ ਹੀ। ਤਾਂ ਹੀ ਤਾਂ ਕਹੀਦਾ, ''ਘੋਟ-ਘੋਟ ਕੇ ਕਰੇ ਜੋ ਢੇਰ ਗੱਲਾਂ, ਬਗ਼ਲਾ ਭਗਤ, ਉਹ ਸਿਰੇ ਦਾ ਠੱਗ ਹੋਵੇ''।  

ਨਹੀਂ ਰੀਸਾਂ ਦੇਸ਼ ਮਹਾਨ ਦੀਆਂ

ਸਰਕਾਰ ਵਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਦਿੱਤੇ ਇੱਕ ਹਲਫਨਾਮੇ ਵਿੱਚ ਕਿਹਾ ਹੈ ਕਿ 2013 ਵਿੱਚ ਦੇਸ਼ ਕੋਲ 411 ਅਰਬ ਘਣ ਮੀਟਰ ਧਰਤੀ ਹੇਠਲਾ ਪਾਣੀ ਬਚਿਆ ਹੈ। ਸਾਲ 2009 ਵਿੱਚ ਦੇਸ਼ ਕੋਲ 2700 ਅਰਬ ਘਣ ਮੀਟਰ ਧਰਤੀ ਹੇਠਲਾ ਪਾਣੀ ਸੀ।

ਇੱਕ ਵਿਚਾਰ

ਨੈਤਿਕਤਾ ਚੀਜਾਂ ਦਾ ਆਧਾਰ ਹੈ ਅਤੇ ਸੱਚਾਈ ਸਾਰੀ ਨੈਤਿਕਤਾ ਦਾ ਤੱਤ ਹੈ- ਮਹਾਤਮਾ ਗਾਂਧੀ

ਗੁਰਮੀਤ ਪਲਾਹੀ
9815802070 

19 Nov. 2018