ਅਮ੍ਰਿਤਸਰ ਦਾ ਬੰਬ ਧਮਾਕਾ ਪੰਜਾਬ ਦੀ ਸਾਂਤਮਈ ਫਿਜ਼ਾ ਵਿੱਚ ਜਹਿਰ ਘੋਲਣ ਦੀ ਗਹਿਰੀ ਸਾਜਿਸ਼ - ਬਘੇਲ ਸਿੰਘ ਧਾਲੀਵਾਲ

ਕੈਪਟਨ ਸਰਕਾਰ ਪੰਜਾਬ ਦੀ ਇਸ ਬਰਬਾਦੀ ਵਾਲੀ ਖੇਡ ਨੂੰ ਗੰਭੀਰਤਾ ਨਾਲ ਲਵੇ

ਬੀਤੇ ਕੱਲ੍ਹ ਗੁਰੂ ਕੀ ਨਗਰੀ ਸ੍ਰੀ ਅਮ੍ਰਿਤਸਰ ਵਿੱਚ ਨਿਰੰਕਾਰੀ ਭਵਨ ਤੇ ਹੋਏ ਮਾਰੂ ਧਮਾਕੇ ਨੇ ਇੱਕ ਵਾਰ ਫਿਰ ਇਨਸਾਫ ਅਤੇ ਅਮਨ ਪਸੰਦ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। 1971;78,84  ਅਤੇ 92 ਦਾ ਦਰਦ ਹੱਡੀਂ ਹੰਢਾ ਚੁੱਕੇ ਪੰਜਾਬ ਦੇ ਲੋਕਾਂ ਲਈ ਇਹ ਬੇਹੱਦ ਹੀ ਸਦਮੇ ਵਾਲਾ ਵਰਤਾਰਾ ਹੈ।ਬੇਸ਼ੱਕ ਕੇਂਦਰ ਨੇ ਹਮੇਸਾਂ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਬਿਹਾਰ ਕੀਤਾ ਹੈ,ਪ੍ਰੰਤੂ ਇਸ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਤੇ ਪੰਜਾਬ ਦੀ ਅਮਨ ਸਾਂਤੀ ਨੂੰ ਲਾਂਬੂ ਲੱਗਿਆ ਨਹੀ ਦੇਖਣਾ ਚਾਹੁੰਦੇ।ਉਹਨਾਂ ਦੇ ਮਨਾਂ ਅੰਦਰ ਜਿੱਥੇ ਅਪਣੇ ਹੱਕ ਹਕੂਕਾਂ ਦੀ ਪਰਾਪਤੀ ਦੀ ਤਾਂਘ ਹੈ,ਓਥੇ ਊਹ ਕੇਂਦਰ ਦੀਆਂ ਉਹਨਾਂ ਮਾੜੀਆਂ ਭਾਵਨਾਵਾਂ ਨੂੰ ਵੀ ਚੰਗੀ ਤਰਾਂ ਸਮਝਦੇ ਹਨ,ਕਿ ਕਿਵੇਂ ਕੇਂਦਰੀ ਏਜੰਸੀਆਂ ਪੰਜਾਬ ਦੀ ਜੁਆਨੀ ਨੂੰ ਮੁੜ 1984 ਦੇ ਦਹਾਕੇ ਦੀ ਤਰਜ ਤੇ ਚੁਣ ਚੁਣ ਕੇ ਖਤਮ ਕਰਨ ਦੇ ਬਹਾਨੇ ਲੱਭ ਰਹੀਆਂ ਹਨ,ਇਸ ਲਈ ਪੰਜਾਬ ਦੇ ਲੋਕ ਅਜਿਹਾ ਕੋਈ ਵੀ ਕਦਮ ਹਰਗਿਜ ਵੀ ਨਹੀ ਪੁੱਟਣਗੇ,ਜਿਸ ਨਾਲ ਕੇਂਦਰੀ ਤਾਕਤਾਂ ਨੂੰ ਜੁਲਮ ਕਰਨ ਦਾ ਮੌਕਾ ਮਿਲ ਸਕੇ।ਪੰਜਾਬ ਦੇ ਲੋਕ ਬਦਲੇ ਹਾਲਾਤਾਂ ਦੇ ਮੱਦੇਨਜਰ ਆਪਣੇ ਹੱਕਾਂ ਦੀ ਅਵਾਜ ਨੂੰ ਸਾਂਤਮਈ ਤਰੀਕੇ ਨਾਲ ਉਠਾਉਂਦੇ ਹਨ।ਸ੍ਰੀ ਅਮ੍ਰਿਤਸਰ ਵਾਲਾ ਬੰਬ ਧਮਾਕਾ ਉਸ ਮੌਕੇ ਹੋਇਆ ਹੈ ਜਦੋ ਸਿੱਖ ਅਪਣੇ ਗੁਰੂ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਲਾਏ ਮੋਰਚੇ ਦੀ ਸਫਲਤਾ ਦੇ ਦੁਆਰ ਤੇ ਖੜੇ ਮਹਿਸੂਸ ਕਰਦੇ ਹਨ।ਇਹ ਧਮਾਕਾ ਸਪੱਸਟ ਕਰਦਾ ਹੈ ਕਿ ਪੰਜਾਬ ਵਿਰੋਧੀ ਤਾਕਤਾਂ ਪੰਜਾਬ ਦੇ ਅਮਨ ਅਮਾਨ ਨੂੰ ਲਾਂਬੂ ਲਾਉਣ ਲਈ ਕਿੰਨੀਆਂ ਕਾਹਲੀਆਂ ਹਨ।ਉਹਨਾਂ ਨੇ ਇਹ ਕਦਮ ਪੁੱਟਦਿਆਂ ਐਨੀ ਕੁ ਸਿਆਣਪ ਤੋ ਵੀ ਕੰਮ ਨਹੀ ਲਿਆ ਕਿ ਹੁਣ ਜਦੋ ਕਿਸੇ ਵੀ ਤਰਾਂ ਦਾ ਪੰਜਾਬ ਅੰਦਰ ਕੋਈ ਮਜਹਬੀ ਤੇ ਧਾਰਮਿਕ ਤਣਾਅ ਹੀ ਨਹੀ,ਫਿਰ ਅਜਿਹੇ ਧਮਾਕਿਆਂ ਨੂੰ ਕੀਹਦੇ ਖਾਤੇ ਵਿੱਚ ਪਾਇਆ ਜਾਵੇਗਾ।ਜੇਕਰ ਗੱਲ ਨਿਰੰਕਾਰੀਆਂ ਦੀ ਕੀਤੀ ਜਾਵੇ ਤਾਂ ਹੁਣ ਉਹਨਾਂ ਨਾਲ ਵੀ ਬੜੇ ਲੰਮੇ ਸਮੇ ਤੋਂ ਕਿਸੇ ਕਿਸਮ ਦਾ ਟਕਰਾਅ ਸਿੱਖਾਂ ਦਾ ਨਹੀ ਹੈ। ਕੇਂਦਰ ਦੀ ਮੋਦੀ ਸਰਕਾਰ ਦਾ ਸਮਾ ਬਹੁਤ ਥੋੜਾ ਰਹਿ ਗਿਆ ਹੈ।ਲੋਕ ਸਭਾ ਚੋਣਾਂ ਅਗਲੇ ਸਾਲ 2019 ਵਿੱਚ ਹੋਣ ਵਾਲੀਆਂ ਹਨ। ਸਿਆਸੀ ਸੂਝ ਰੱਖਣ ਵਾਲੇ ਫਿਕਰਮੰਦ ਲੋਕ ਇਸ ਧਮਾਕੇ ਨੂੰ ਆਉਣ ਵਾਲੀਆਂ ਚੋਣਾਂ ਲਈ ਖੇਡਿਆ ਗਿਆ ਮਾਰੂ ਪੱਤਾ ਹੋਣ ਦਾ ਖਦਸ਼ਾ ਵੀ ਜਾਹਰ ਕਰਦੇ ਹਨ,ਜਿਹੜਾ ਕਿਤੇ ਨਾ ਕਿਤੇ ਸੱਚ ਜਾਪਦਾ ਹੈ।ਬਿਨਾ ਸ਼ੱਕ ਮੋਦੀ ਸਰਕਾਰ ਦੀ ਕਾਰਗੁਜਾਰੀ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਬਹੁਤ ਹੀ ਮਾੜੀ ਰਹੀ ਹੈ।ਮੋਦੀ ਸਰਕਾਰ ਦਾ ਸਾਰਾ ਕਾਰਜਕਾਲ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਫਿਰਕੂ ਬਿਉਂਤਬੰਦੀ ਵਿੱਚ ਹੀ ਗੁਜਰਿਆ ਹੈ।ਜੇਕਰ ਮੋਦੀ ਦੇ ਪਿਛੋਕੜ ਵੱਲ ਝਾਤ ਮਾਰੀ ਜਾਵੇ ਤਾਂ ਉਹਨਾਂ ਦੀ ਰਾਜਨੀਤੀ ਗੁਜਰਾਤ ਵਿੱਚ ਫਿਰਕਾਪ੍ਰਸਤੀ ਦੇ ਦੁਆਲੇ ਹੀ ਕੇਂਦਰਿਤ ਰਹੀ ਹੈ,ਜਿਸ ਵਿੱਚ ਉਹ ਸਫਲ ਵੀ ਰਿਹਾ ਹੈ।ਗੁਜਰਾਤ ਵਿੱਚ 60,000 ਸਿੱਖ ਕਿਸਾਨਾਂ ਦਾ ਉਜਾੜਾ ਅਤੇ ਦੋ ਹਜਾਰ ਮੁਸਲਮਾਨਾਂ ਦਾ ਕਤਲਿਆਮ ਉਹਨਾਂ ਦੇ ਰਾਜ ਵਿੱਚ ਫਿਰਕਾਪ੍ਰਸਤੀ ਦੀ ਇੰਤਾਹ ਦੀਆਂ ਮਿਸ਼ਾਲਾਂ ਹਨ।ਉਹਨਾਂ ਦੀ ਅੰਤਾਂ ਦੀ ਫਿਰਕੂ ਰਾਜਨੀਤੀ ਦਾ ਹੀ ਫਲ ਸੀ ਕਿ 2014 ਵਿੱਚ ਭਾਰਤੀ ਜਨਤਾ ਪਾਰਟੀ ਨੇ ਮੋਦੀ ਦੀ ਅਗਵਾਈ ਵਿੱਚ ਭਾਰੀ ਬਹੁਮੱਤ ਨਾਲ ਕੇਂਦਰ ਵਿੱਚ ਸਰਕਾਰ ਬਣਾ ਲਈ।ਸੋ ਆ ਰਹੀਆਂ ਚੋਣਾਂ ਵਿੱਚ ਬਹੁਗਿਣਤੀ ਦੀ ਵੋਟ ਹਾਸਲ ਕਰਨ ਲਇ ਇਹ ਬੇਹੱਦ ਮਾੜੀ ਸਾਜਿਸ਼ ਰਚੀ ਹੋ ਸਕਦੀ ਹੈ,ਪਰੰਤੂ ਦੇਖਣਾ ਇਹ ਹੋਵੇਗਾ ਕਿ ਇਹ ਧਮਾਕੇ ਨਾਲ ਮੁਸਲਮਾਨ ਭਾਈਚਾਰੇ ਦੀ ਹੋਣੀ ਜੁੜਦੀ ਹੈ ਜਾ ਸਿੱਖਾਂ ਨੂੰ ਫਿਰ ਇੱਕ ਵਾਰੀ ਬਲਦੀ ਦੇ ਬੁੱਥੇ ਦਿੱਤਾ ਜਾਵੇਗਾ।ਜਿਹੜੇ ਵਰਗ ਤੇ ਜਬਰ ਢਾਹੁਣ ਨਾਲ ਵੋਟਾਂ ਵਿੱਚ ਭਾਰਤ ਪੱਧਰ ਤੇ ਜਿਆਦਾ ਲਾਭ ਮਿਲਣ ਦੀ ਸੰਭਾਵਨਾ ਹੋਵੇਗੀ,ਉਹਦੀ ਨਸਲਕੁਸ਼ੀ ਹੋਣ ਦੇ ਜਿਆਦਾ ਚਾਣਸ ਹੋਣਗੇ। ਕੁੱਝ ਵੀ ਹੋਵੇ ਇਹ ਸਾਰਾ ਵਰਤਾਰਾ ਪੰਜਾਬ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ।ਜਿੱਥੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਪੰਜਾਬ ਦੀ ਬਰਬਾਦੀ ਵਾਲੀ ਇਸ ਗੰਦੀ ਰਾਜਨੀਤੀ ਵਾਲੀ ਖੇਡ ਦਾ ਇੱਕਜੁਟਤਾ ਨਾਲ ਵਿਰੋਧ ਕਰਨਾ ਚਾਹੀਦਾ ਹੈ,ਓਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਅਪੀਲ ਕਰਨੀ ਸਾਡਾ ਨੈਤਿਕ ਫਰਜ ਬਣਦਾ ਹੈ,ਕਿ ਉਹ ਸਰਕਾਰ ਦੇ ਮੁਖੀ ਹੋਣ ਦੇ ਨਾਤੇ ਕੇਂਦਰ ਤੋਂ ਪਹਿਲਾਂ ਆਪਣੇ ਉਹਨਾਂ ਲੋਕਾਂ ਨਾਲ ਵਫਾਦਾਰੀ ਨਿਭਾਉਣ,ਜਿੰਨਾਂ ਨੇ ਉਹਨਾਂ ਨੂੰ ਇਸ ਕਾਬਲ ਬਣਾਇਆ ਹੈ। ਉਹਨਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਕੇਂਦਰੀ ਤਾਕਤਾਂ ਦੀ ਪੰਜਾਬ ਦੇ ਉਜਾੜੇ ਲਈ ਰਚੀ ਗਈ ਇਸ ਸਾਜਿਸ਼ ਨੂੰ ਗੰਭੀਰਤਾ ਨਾਲ ਲੈਣ ਲਈ ਸੁਹਿਰਦ ਪਹੁੰਚ ਅਪਨਾਉਣ।ਪੁਲਿਸ ਅਤੇ ਆਪਣੇ ਖੁਫੀਆ ਤੰਤਰ ਨੂੰ ਇਸ ਸਾਜਿਸ਼ ਦੀ ਤਹਿ ਤੱਕ ਜਾਣ ਲਈ ਸਖਤੀ ਨਾਲ ਹਦਾਇਤਾਂ ਕਰਨ,ਤਾਂ ਕਿ ਪੰਜਾਬ ਵਿਰੋਧੀ ਤਾਕਤਾਂ ਆਪਣੇ ਮਾੜੇ ਮਨਸੂਬਿਆਂ ਵਿੱਚ ਸਫਲ ਨਾ ਹੋ ਸਕਣ।

19 Nov. 2018