ਪੰਜਾਬੀ ਲੋਕ ਨਾਟਕ ਪਰੰਪਰਾ ਦਾ ਸਹਿਜ ਰੂਪ ਪੁਆਧੀ ਅਖਾੜਾ ਸੰਭਾਲੋ। ਗੁਰਭਜਨ ਗਿੱਲ - ਗੁਰਭਿੰਦਰ ਗੁਰੀ

ਪੁਆਧ ਪੁਰਾਣਾ ਅੰਬਾਲਾ ਜ਼ਿਲ੍ਹਾ ਸੀ। ਪੰਜਾਬ ਦਾo ਪੂਰਬ ਅਰਧ ਭਾਵ ਪੁਆਧ। ਚੰਡੀਗੜ੍ਹ ਜਿਸ ਥਾਂ ਤੇ ਵੱਸਿਆ ਇਥੇ ਲਗਪਗ 50-60 ਪਿੰਡ ਹੁੰਦੇ ਸਨ।
ਇਨ੍ਹਾਂ ਇਲਾਕੇ ਨੂੰ ਪਹਾੜਾਂ ਦੀ ਪੰਜੇਬ ਹੋਣ ਦਾ ਵੀ ਮਾਣ ਹਾਸਲ ਹੈ। ਹਿਮਾਲੀਆ ਦੇ ਗਲ ਦਾ ਕੈਂਠਾ।
ਇਥੋਂ ਦੀ ਜ਼ਿੰਦਗੀ ਚ ਕਾਹਲ ਨਹੀਂ , ਸਹਿਜ ਤੇ ਸੁਹਜ ਹੈ। ਗੀਤ ਸੰਗੀਤ ਵੀ ਸ਼ੋਰੀਲਾ ਨਹੀਂ, ਧੀਮਾ ਹੈ ਚਸ਼ਮਿਆਂ ਜਿਹਾ। ਤੁਪਕਾ ਤੁਪਕਾ ਰੂਹ ਤੇ ਟਪਕਦਾ।
1933 ਚ ਸੁਰਗਵਾਸ ਹੋਏ ਭਗਤ ਆਸਾ ਰਾਮ ਬੈਦਵਾਨ ਸੋਹਾਣੇ ਵਾਲਿਆਂ ਨੇ ਆਪਣੀ ਰੂਹ ਚ ਸੰਗੀਤ ਨਾਟਕ ਤੇ ਕਥਾ ਨੂੰ ਸਮੋਇਆ। ਸੁਮੇਲ ਕਰਕੇ ਪੁਆਧੀ ਅਖਾੜੇ ਦੀ ਨੀਂਹ ਉੱਤੇ ਮਮਟੀਆਂ ਉਸਾਰ ਦਿੱਤੀਆਂ।
ਪੂਰੇ ਪੁਆਧ ਨੂੰ ਰਾਮਾਇਣ, ਮਹਾਂਭਾਰਤ, ਲੋਕ ਗਾਥਾਵਾਂ ਸਿੱਖ ਇਤਿਹਾਸ ਤੇ ਲੋਕ ਪਰੰਪਰਾ ਨੂੰ ਅਖਾੜੇ ਰਾਹੀਂ ਸਿੱਖਿਅਤ ਕੀਤਾ।
ਉਸ ਦੀ ਪਰੰਪਰਾ ਨੂੰ ਗੁਰਦੇਵ ਸਿੰਘ ਕੁੰਭੜਾ , ਚਰਨ ਸਿੰਘ ਸਲਾਹਕਪੁਰ ਤੇ ਸਮਰਜੀਤ ਸਿੰਘ ਸੰਮੀ ਬੜੀ ਤਨਦੇਹੀ ਨਾਲ ਸਿੰਜਦੇ ਆ ਰਹੇ ਹਨ।
ਭਗਤ ਆਸਾ ਰਾਮ ਬੈਦਵਾਨ ਕਿਰਤੀ ਕਿਸਾਨ ਸੀ। ਅਖਾੜੇ ਦੀ ਕੋਈ ਫੀਸ ਨਹੀਂ ਸੀ ਲੈਂਦਾ। ਨਿਸ਼ਕਾਮ ਟੀਮ ਸੀ।
ਇਸ ਪੁਆਧੀ ਅਖਾੜੇ ਵਿਚ ਸਾਰੰਗੀ, ਢੋਲਕੀ, ਡਫਲੀ, ਖੜਤਾਲਾਂ ਤੇ ਹੋਰ ਲੋਕ ਸਾਜ਼ ਵੱਜਦੇ ਹਨ।
ਸਿਰਫ਼ ਇੱਕੋ ਇਸਤਰੀ ਪਾਤਰ ਹੁੰਦਾ ਹੈ ਜੋ ਆਪਣੀਆਂ ਦਿਲਕਸ਼ ਅਦਾਵਾਂ ਨਾਲ ਗੀਤ ਸੰਗੀਤ ਨੂੰ ਆਪਣੇ ਨਾਚ  ਨਾਲ ਅੱਗੇ ਤੋਰਦਾ ਹੈ।
ਪੁਆਧੀ ਅਖਾੜੇ ਦੀਆਂ ਪੇਸ਼ਕਾਰੀਆਂ ਵਿੱਚ ਇਹ ਨਚਾਰ ਆਪਣੀ ਇਕਲੌਤੀ ਪੇਸ਼ਕਾਰੀ ਕਾਰਨ ਕੇਂਦਰੀ ਧੁਰਾ ਹੁੰਦਾ ਹੈ।
ਚਰਨ ਸਿੰਘ ਦਾ ਗਰੁੱਪ ਪੁਆਧ ਚ ਸਭ ਤੋਂ ਪੁਰਾਣਾ ਹੈ। ਉਹ ਭਗਤ ਆਸਾ ਰਾਮ ਬੈਦਵਾਨ ਦੇ ਸ਼ਾਗਿਰਦ ਪੂਰਨ ਚੰਦ ਦਾ ਅੱਗਿਓਂ ਸ਼ਾਗਿਰਦ ਹੈ।  ਉਹ ਆਪਣੇ  ਨੌਂ ਦਸ ਸਾਥੀਆਂ ਸਮੇਤ ਪੁਆਧੀ ਅਖਾੜਾ ਪੇਸ਼ ਕਰਦਾ ਹੈ। ਲੰਮੇ ਕਿੱਸੇ ਕਹਾਣੀਆਂ ਉਸ ਨੂੰ ਕੰਠ ਹਨ।
ਇਸ ਦੇ ਸਾਜ਼ ਤੇ ਸੰਗੀਤ ਵਿੱਚ ਸਮਤੋਲ ਹੈ। ਲਿਗਦੈ ਦਰਿਆ ਆਪਣੀ ਤੋਰ ਵਹਿ ਰਿਹੈ।
ਉਸ ਦੇ ਗਰੁੱਪ ਚ ਪਿਛਲੇਦਸ ਬਾਰਾਂ ਸਾਲ ਤੋਂ ਨਾਚ ਦਾ ਕੰਮ ਹਰਿਆਣਾ ਦੇ ਕਸਬਾ ਬਰਾੜਾ ਦਾ ਬੇਹੱਦ ਲਚਕੀਲਾ ਨੌਜਵਾਨ ਰਾਕੇਸ਼ ਕਾਜਲ ਕਰਦਾ ਹੈ। ਉਸ ਦੀ ਅੱਡੀ ਚ ਲੋਹੜੇ ਦਾ ਜ਼ੋਰ ਹੈ ਤੇ ਸਰੀਰ ਲਚਕੀਲਾ। ਸਿਰ ਤੇ ਚੁੰਨੀ ਲੈ ਕੇ ਨੱਚਦਾ ਰਾਕੇਸ਼ ਨੱਚਾਰ ਨਹੀਂ , ਪੂਰੀ ਤਰ੍ਹਾਂ ਨਾਲ ਰਕਾਨ ਵਰਗੀ ਮੁਟਿਆਰ ਲੱਗਦਾ ਹੈ। ਪੁਆਧੀ ਅਖਾੜੇ ਨੂੰ ਪੂਰੀ ਤਰ੍ਹਾਂ ਸਮਰਪਿਤ ਇਹ ਕਲਾਕਾਰ ਹਰ ਪੱਖੋਂ ਸੰਪੂਰਨ ਅਦਾਕਾਰ ਹੈ। ਕੱਥਕ ਕਲਾਕਾਰਾਂ ਵਾਂਗ ਸਰੀਰਕ ਮੁਦਰਾਵਾਂ ਨਾਲ ਕਥਾ ਕਹਿੰਦਾ ਹੈ।
ਪੁਆਧੀ ਅਖਾੜੇ ਦੇ ਇੱਕ ਹੋਰ  ਵੱਡੇ ਪੇਸ਼ਕਾਰ ਸਮਰਜੀਤ  ਸਿੰਘ ਸੰਮੀ ਦੇ ਗਰੁੱਪ ਚ ਬਹੁਤ ਹੀ ਵਧੀਆ ਸਾਜ਼ਿੰਦੇ ਹਨ। ਉਸ ਦੀ ਆਵਾਜ਼ ਵੀ ਕੀਲਣ ਵਾਲੀ ਹੈ।
ਉਸ ਦੇ ਗਰੁੱਪ ਚ ਇਸਤਰੀ ਰੂਪ ਦੀ ਅਦਾਕਾਰੀ ਕਰਨ ਵਾਲਾ ਕਲਾਕਾਰ ਸੁਨਾਮ ਦਾ ਕਮਲ ਪ੍ਰੀਤ ਸਿੰਘ ਹੈ। ਉਸ ਦੀਆਂ ਸ਼ੋਖ਼ ਨਾਚ ਅਦਾਵਾਂ ਪੁਆਧੀ ਅਖਾੜੇ ਨੂੰ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ।
ਕਮਲਪ੍ਰੀਤ ਸਿੱਖਿਅਤ ਕਲਾਕਾਰ ਹੈ ਜਿਸ ਨੂੰ ਅੱਗੇ ਵਧਣ ਦੀ ਰੀਝ ਹੈ। ਉਸ ਕੋਲ ਵੀ ਛੀਟਕਾ ਲਚਕੀਲਾ ਜਿਸਮ ਹੈ, ਨਾਚ ਦੀਆਂ ਬਾਰੀਕੀਆਂ ਹਨ। ਉਸ ਨੂੰ ਲਾਜ਼ਮੀ ਵਕਤ ਸਲਾਮ ਕਹੇਗਾ। ਉਸ ਨੂੰ ਪੰਜਾਬੀ ਫਿਲਮਾਂ ਵਾਲੇ ਵੀ ਸੰਪਰਕ ਕਰਦੇ ਹਨ ਪਰ ਅਜੇ ਉਹ ਹੋਰ ਪਰਪੱਕ ਹੋਣਾ ਚਾਹੁੰਦਾ ਹੈ।
ਚਰਨ ਸਿੰਘ ਤੇ ਸਮਰਜੀਤ ਸਿੰਘ ਸੰਮੀ ਦੱਸਦੇ ਹਨ ਕਿ ਕਿ ਪੁਆਧੀ ਅਖਾੜਾ ਕੋਈ ਰੁਜ਼ਗਾਰ ਨਹੀਂ, ਅਰਾਧਨਾ ਹੈ, ਧਰਤੀ ਦੀ ਮਰਯਾਦਾ ਦੀ।
ਪੁਆਧੀ ਅਖਾੜੇ ਦੇ ਕਲਾਕਾਰ ਚਰਨ ਸਿੰਘ ਨੂੰ ਭਾਗੋਮਾਜਰਾ ਵਿਖੇ 18 ਨਵੰਬਰ ਨੂੰ ਅੱਜ ਪੁਆਧੀ ਸੱਥ ਵੱਲੋਂ ਮਨਮੋਹਨ ਸਿੰਘ ਦਾਊਂ ਤੇ ਸਾਥੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਵੀ ਗੱਲਾਂ ਹੋਈਆਂ ਕਿ ਭਗਤ ਆਸਾ ਰਾਮ ਬੈਦਵਾਨ ਦੀਆਂ ਲਿਖਤਾਂ ਤੇ ਜੀਵਨ ਬਾਰੇ ਪੰਜਾਬੀ ਯੂਨੀਵਰਸਿਟੀ ਵੱਲੋਂ ਪੁਸਤਕ ਛਾਪੀ ਜਾ ਚੁਕੀ ਹੈ।
ਦੂਰਦਰਸ਼ਨ ਨੂੰ ਇਸ ਮਹਾਨ ਲੋਕ ਨਾਟਕ ਪਰੰਪਰਾ ਬਾਰੇ ਫਿਲਮ ਤਿਆਰ ਕਰਨੀ ਚਾਹੀਦੀ ਹੈ।
ਮੈਂ ਵੀ ਇਸ ਸਮਾਗਮ ਚ ਸ਼ਾਮਿਲ ਹੋ ਕੇ ਪੁਆਧੀ ਮਹਿਕ ਨੂੰ ਸਾਹੀਂ ਰਮਾਇਆ।
ਇਥੇ ਪੁਆਧੀ ਅਖਾੜੇ ਦੇ ਸਿਰਮੌਰ ਪੇਸ਼ਕਾਰ ਰੱਬੀ ਬੈਰੋਂਪੁਰੀ ਟਿਵਾਣਾ ਨੂੰ ਮਿਲਣਾ ਤੇ ਉਸ ਦੀ ਸ਼ਾਇਰੀ ਦੀ ਵੱਡ ਆਕਾਰੀ ਪੁਸਤਕ ਨੂੰ ਲੋਕ ਅਰਪਨ ਕਰਨਾ ਮੇਰਾ ਸੁਭਾਗ ਸੀ। ਉਸ ਤੋਂ ਪਤਾ ਲੱਗਾ ਕਿ ਉਹ ਵੀ ਮੇਰਾ ਪਾਠਕ ਹੈ।
ਪੁਆਧੀ ਅਖਾੜੇ ਨੂੰ ਅਗਲੀ ਪੀੜ੍ਹੀ ਤੀਕ ਪਹੁੰਚਾਉਣ ਲਈ ਸੰਗੀਤ ਨਾਟਕ ਅਕੈਡਮੀ ਪੰਜਾਬ ਤੇ ਨਾਰਥ ਜ਼ੋਨ ਕਲਚਰਲ ਸੈਂਟਰ ਨੂੰ ਰੱਬੀ ਬੈਰੋਂਪੁਰੀ ਟਿਵਾਣਾ,ਚਰਨ ਸਿੰਘ ਤੇ ਸਮਰਜੀਤ ਸਿੰਘ ਸੰਮੀ ਪਾਸੋਂ ਸਿਖਲਾਈ ਕੈਂਪ ਲਗਵਾਉਣੇ ਚਾਹੀਦੇ ਹਨ।
ਮਲਵਈ ਗਿੱਧੇ ਵਾਂਗ ਇਹ ਲੋਕ ਸੰਗੀਤ ਨਾਟ ਸਰੂਪ ਵੀ ਸੰਭਾਲਣ ਦੀ ਸਖ਼ਤ ਲੋੜ ਹੈ। ਪੁਆਧੀ ਸੱਥ ਦੇ ਹਿੰਮਤੀ ਤੇ ਕਰਮਸ਼ੀਲ ਪ੍ਰਧਾਨ ਸ: ਮਨਮੋਹਨ ਸਿੰਘ ਦਾਊਂ ਲਾਜ਼ਮੀ ਇਹ ਕਾਰਜ ਕਰ ਕਰਵਾ ਸਕਦੇ ਹਨ।

ਗੁਰਭਿੰਦਰ ਗੁਰੀ
99157-27311