ਸਲਮਾਂ - ਜਸਵੀਰ ਸਿੱਧੂ ਬੁਰਜ ਸੇਮਾਂ

ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਸਾਰਾ ਪੰਜਾਬ ਹੀ ਤਾਂ ਸੀ।ਵੱਖ ਵੱਖ ਧਰਮਾਂ ਦੇ ਲੋਕ ਵੱਖ ਵੱਖ ਜਾਤਾਂ ਦੇ ਲੋਕ ਇੱਕੱਠੇ ਹੀ ਤਾਂ ਰਹਿੰਦੇ ਸਨ।ਕਿਸੇ ਮਨ ਵਿੱਚ ਵੀ ਕਿਸੇ ਦੇ ਪ੍ਰਤੀ ਮਲੀਨ ਭਾਵਨਾਂ ਨਹੀ ਸੀ।ਸਭ ਇ    ੱਕ ਦੂਸਰੇ ਦੇ ਨਾਲ ਆਪਣਾਂ ਦੁੱਖ ਸੁੱਖ ਸਾਂਝਾਂ ਕਰਦੇ ਸਨ।ਵਿਆਹਾਂ ਸਾਦੀਆਂ ਅਤੇ ਗਮੀਆਂ ਵਿੱਚ ਦੁੱਖ ਸੁੱਖ ਮਨਾਉਣ ਜਾਦੇ ਸਨ।ਸਮੇਂ ਦੇ ਨਾਲ ਕੀ ਬਦਲਾਅ ਹੋਣੇ ਹੁੰਦੇ ਹਨ।ਇਹਨਾਂ ਗੱਲਾਂ ਦਾ ਕਿਸੇ ਨੂੰ ਵੀ ਇਲਮ ਤੱਕ  ਨਹੀ ਹੁੰਦਾ।ਸਾਡੇ ਪਿੰਡ ਕੋਠੇ ਪੰਜਾਬ ਸਿੰਘ ਦੀ ਤਿੰਨ ਕੁ ਹਜਾਰ ਦੇ ਕਰੀਬ ਵੋਟ ਸੀ।ਜਿੱਥੇ ਜੱਟਾਂ ਜਿਮੀਦਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਰਮਾਂ ਦੇ ਲੋਕ ਪਿੰਡ ਵਿੱਚ ਮੌਜੂਦ ਸਨ।ਖਾਸਕਰ  ਮੁਸਲਮਾਨ ਭਾਈਚਾਰੇ ਦੇ ਘਰ ਵੀ ਕਾਫੀ ਮੌਜੂਦ ਸਨ ।ਪਿੰਡ ਦੀ ਬਾਹਰ ਵਾਲੀ ਫਿਰਨੀ ਤੇ ਛੱਪੜ ਦੇ ਨਾਲ ਵਾਲੀ ਗਲੀ ਵਿੱਚ ਸਾਰੇ ਘਰ ਮੁਸਲਮਾਨ ਵੀਰਾਂ ਦੇ ਹੀ ਤਾਂ ਸਨ।ਜਿਹੜੇ ਬਿਨਾਂ ਕਿਸੇ ਭੇਦ ਭਾਵ ਤੋਂ ਸਾਰਿਆਂ ਨਾਲ ਰਲ ਮਿਲ ਕੇ ਰਹਿ ਰਹੇ ਸਨ। ਸਾਰੇ ਪਿੰਡ ਵਿੱਚ ਵਧੀਆਂ ਭਾਈਚਾਰਾਂ ਕਾਇਮ ਸੀ।
ਗਿੰਦਰ ਦਾ ਮੁੰਡਾ ਤ੍ਰਿਲੋਚਨ ਭਰ ਜਵਾਨੀ ਵਿੱਚ ਸੀ ।ਗੁੰਦਵੇਂ ਸਰੀਰ ਦਾ ਤ੍ਰਿਲੋਚਨ ਜਿਥੋਂ ਦੀ ਲੰਗਦਾ ਸੀ।ਲੋਕ ਉਸਦੀਆਂ ਸਿਫਤਾਂ ਕਰਦੇ ਥੱਕਦੇ ਨਹੀ ਸਨ ।ਉਸਦੇ ਹਾਣ ਦੀਆਂ ਕੁੜੀਆਂ ਵੀ ਉਸ ਤੋਂ ਜਾਨ ਵਾਰਦੀਆਂ ਸਨ ।ਪਰ ਤ੍ਰਿਲੋਚਨ ਕਿਸੇ ਨੂੰ ਵੀ ਆਪਣੀ ਬਾਂਹ ਨਹੀ ਫੜਾਉਂਦਾ ਸੀ।ਉਹ ਤਾਂ ਆਪਣੀ ਜਵਾਨੀ ਵਿੱਚ ਹੀ ਮਸਤ ਰਹਿੰਦਾ ਸੀ।ਡੰਡ ਮਾਰਨੇ ਮੁਗਦਰ ਚੁੱਕਣੇ ,ਸਵੇਰ ਦੌੜ ਲਗਾ ਕੇ ਆਉਣੀ ਸਾਰਾ ਦਿਨ ਉਸਨੂੰ ਸਰੀਰ ਬਣਾਉਣ ਦਾ ਹੀ ਸਰੂਰ ਚੜਿਆਂ ਰਹਿੰਦਾ ਸੀ।ਨਾਲ ਦੇ ਮੁੰਡਿਆਂ ਨਾਲ ਪੰਗੇ ਲਈ ਜਾਣੇ ਕਈ ਤਾਂ ਉਸਦੀ ਵਸ ਕਰਾ ਦਿੰਦੇ ਸਨ ਤੇ ਕਈਆਂ ਨੂੰ ਉਹ ਕੁੱਕੜ ਵਾਂਗ ਮਰੌੜ ਲੈਦਾਂਂ ਸੀ। ਉਸਦਾ ਸਾਰਾ ਦਿਨ ਇਹਨਾਂ ਕੰਮਾਂ ਵਿੱਚ ਹੀ ਲੰਘ ਜਾਦਾ ਸੀ।
ਅੱਜ ਬਾਪੂ ਨੇ ਉਸਨੂੰ ਪੱਠੇ ਲਿਆਉਣ ਲਈ ਕਿਹਾ ਤਾਂ ਉਹ ਟਾਲਾ ਜਾ ਵੱਟ ਰਿਹਾ ਸੀ।ਜਦੋ ਬਾਪੂ ਨੇ ਉਸਨੂੰ ਕੋਰੜਾ ਛੰਦ ਸੁਣਾਏ ਤਾਂ ਉਸਨੇ ਪੱਠੇ ਲਿਆਉਣ ਲਈ ਬਲਦ ਰੇੜੀ ਖੇਤ ਨੂੰ ਹੱਕ ਲਈ ਸੀ ।ਉਹ ਬਾਪੂ ਦੇ ਅੜਬ ਸੁਵਾ ਨੂੰ ਚੰਗੀ ਤਰਾਂ ਜਾਣਦਾ ਸੀ।ਭਾਵੇ ਉਹ ਅੱਜ ਜਵਾਨ ਹੋ ਗਿਆ ਸੀ ।ਬਾਪੂ ਤੋਂ ਵੀ ਦੋ ਚਾਰ ਇੰਚ ਉੱਚਾ ਹੀ ਲਗਦਾ ਪਰ ਬਾਪੂ ਜਦੋ ਗੁੱਸੇ ਵਿੱਚ ਹੁੰਦਾ ਸੀ ਤਾਂ ਉਸ ਤੇ ਛਿਤਰੌਲ ਫੇਰ ਦਿੰਦਾ ਸੀ।ਤ੍ਰਿਲੋਚਨ ਕਦੇ ਵੀ ਬਾਪੂ ਅੱਗੇ ਬੋਲਿਆ ਨਹੀ ਸੀ। ਉਹ ਜਾਣਦਾ ਸੀ ਬਾਪੂ ਨੇ ਆਪਣੀ ਚੜਦੀ ਉਮਰੇ ਸਿਰ ਤੋੜ ਮਿਹਨਤ ਕੀਤੀ ਸੀ।ਜਿਸ ਕਰਕੇ ਤ੍ਰਿਲੋਚਨ ਨੂੰ ਵਿਹਲਾ ਦੇਖ ਕੇ ਉਸਨੂੰ ਬਹੁਤ ਗੁੱਸਾ ਆਉੰਂਦਾ ਸੀ।
ਤ੍ਰਿਲੋਚਨ ਪੱਠੇ ਵੱਡ ਕੇ ਬਲਦ ਰੇਹੜੀ ਤੇ ਘਰ ਨੂੰ ਵਾਪਿਸ ਆ ਰਿਹਾ ਸੀ।ਜਦੋ ਬਲਦ ਰੇਹੜੀ ਮੁਸਲਮਾਨਾਂ ਦੇ ਘਰ ਕੋਲ ਦੀ ਲੰਘੀ ਤਾਂ ਕੀ ਦੇਖਦਾ ,ਉਹਨਾਂ ਦੀ ਇੱਕ ਕੁੜੀ ਨਲਕੇ ਤੋਂ ਪਾਣੀ ਭਰ ਰਹੀ ਸੀ।ਉਸਦਾ ਰੂਪ ਦੇਖ ਕੇ  ਉਹ ਮਦਹੋਸ ਹੀ ਤਾਂ ਹੋ ਗਿਆ ਸੀ।ਝੀਲ ਵਰਗੀਆਂ ਅੱਖਾਂ ਉਸਦੀ ਜਾਨ ਹੀ ਤਾਂ ਕੱਢ ਕੇ ਲੈ ਗਈਆਂ ਸਨ।ਮੁਸਲਮਾਨੀ ਲਿਵਾਸ ਵਿੱਚ ਉਹ ਇੱਕ ਪਲ ਲਈ ਤਾਂ ਉਸਨੂੰ ਦੁਨੀਆਂ ਦੀ ਸਭ ਤੋਂ ਖੂਫਸੂਰਤ ਕੁੜੀ ਲੱਗੀ ਸੀ।ਇੱਕ ਪਲ ਵਿੱਚ ਹੀ ਉਹ ਹਜਾਰਾਂ ਗੱਲਾਂ ਸੋਚ ਗਿਆਂ ਸੀ।ਉਸਨੂੰ ਲੱਗਾ ਸੀ ਉਹ ਕੁੜੀ ਰੱਬ ਨੇ ਸਿਰਫ ਉਸ ਲਈ ਹੀ ਬਣਾਈ ਹੈ। ਹੋਰ ਕਿਸੇ ਦਾ ਇਸਤੇ ਹੱਕ ਨਹੀ ਹੋ ਸਕਦਾ ।ਅਚਾਨਕ ਉਹ ਕੁੜੀ ਵੀ ਉਸ ਵੱਲ ਦੇਖਣ ਲੱਗ ਪਈ ਸੀ ।ਓਪਰਾ ਮੁੰਡਾ ਉਸ ਵੱਲ ਵੇਖ ਰਿਹਾ ਸੀ।ਫੇਰ ਉਸ ਵਿੱਚੋਂ ਨਿਗਾਹ ਹੀ ਨਹੀ ਕੱਢ ਰਿਹਾ ਸੀ।ਤ੍ਰਿਲੋਚਨ ਦਾ ਧਿਆਨ ਉਸ ਵੱਲ ਹੋਣ ਕਾਰਣ ਬਲਦ ਰੇਹੜੀ ਬੇ ਕਾਬੂ ਹੋ ਕੇ ਖੰਭੇ ਨਾਲ ਜਾ ਟਕਰਾਈ ਸੀ।ਉਹ ਅਚਾਨਕ ਰੇਹੜੀ ਤੋਂ ਡਿੱਗ ਪਿਆ ਸੀ ।ਫੇਰ ਉਸਨੇ ਜਲਦੀ ਹੀ ਰੱਸਾ ਫੜਕੇ ਬਲਦ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਸੀ।ਇਹ ਘਟਣਾਂ ਵਾਪਰਨ ਕਾਰਣ ਉਹ ਕੁੜੀ ਉਸ ਵੱਲ ਦੇਖ ਕੇ ਉੱਚੀ ਉੱਚੀ ਹੱਸਣ ਲੱਗ ਪਈ ਸੀ।ਉਹ ਕਿੰਨਾਂ ਹੀ ਚਿਰ ਹਸਦੀ ਰਹੀ ਸੀ ।ਉਸਦਾ ਹਾਸਾ ਤ੍ਰਿਲੋਚਨ ਦੀ ਜਾਨ ਕੱਢ ਕੇ ਲੈ ਗਿਆ ਸੀ।ਐਨੇ ਵਿੱਚ ਬਲਦ ਰੇਹੜੀ ਦੇ ਅੱਗੇ ਤੂੜੀ ਖਾਣਿਆਂ ਦੇ ਘਰ ਦੀ ਕੰਧ ਆਉਣ ਕਾਰਣ ਓਹਲਾ ਹੋ ਗਿਆ ਸੀ ।ਤੂੜੀ ਖਾਣਿਆਂ ਦੇ ਘਰ ਦੀ ਕੱਚੀ ਕੰਧ ਉਸਨੂੰ ਵਿਹੂ ਵਾਂਗ ਲੱੱਗੀ ਸੀ ਉਸਦਾ ਦਿਲ ਕੀਤਾ ਕੰਧ ਨੂੰ ਹੁੱਝ ਮਾਰ ਕੇ ਢਾਹ ਦੇਵੇ।ਘਰੇ ਆ ਕੇ ਵੀ ਉਸਦਾ ਦਿਲ ਨਹੀ ਲੱਗਾ ਸੀ।ਪੱਠੇ ਵੀ ਉਸਨੇ ਅੱਧੈ ਜੇ ਮਨ ਨਾਲ ਕੁਤਰੇ ਸਨ ਫੇਰ ਘਰੋ ਬਾਹਰ ਵੱਲ ਨੂੰ ਚਲਾ ਗਿਆ  ਸੀ।
ਆਪਣੇ ਦਿਲ ਦੇ ਵਿਹੜੇ ਵਿੱਚ ਚੱਲ ਰਹੀ ਇਸਕ ਦੀ ਕਹਾਣੀ ਉਸਨੇ ਆਪਣੇ ਜੁੰਡੀ ਦੇ ਬਿੰਦੀ ਨਾਲ ਸਾਝੀ ਕੀਤੀ ਸੀ ।ਅੱਜ ਖੱਤੋਂ ਆਉਂਦੇ ਸਮੇਂ ਵਾਪਰੀ ਸਾਰੀ ਘਟਣਾਂ ਉਸਨੇ ਬਿੰਦੀ ਨੂੰ ਸੁਣਾਂ ਦਿੱਤੀ ਸੀ ।ਬਿੰਦੀ ਉਸਦੀਗੱਲ ਸੁਣਕੇ ਸੰਜੀਦਾ ਹੋ ਗਿਆ ਸੀ। ਕਿਉਂ ਕੇ ਉਹ ਵੀ ਤਾਂ ਇਹਨਾਂ ਗੱਲਾਂ ਤੋਂ ਅਣਜਾਣ ਹੀ ਸੀ।ਉਸਨੇ ਕਿਹਾ ਯਾਰ ਮੈਂ ਤਾਂ ਇਹਨਾਂ ਗੱਲਾਂ ਤੋਂ ਜਵਾਂ ਈ ਅਣਜਾਣ ਹਾਂ ।ਮੇਰੀ ਤਾਂ ਕਿਸੇ ਕੁੜੀ ਨਾਲ ਨੇੜਤਾ ਹੀ ਨਹੀ ਹੈ।ਜਿਸ ਕਰਕੇ ਮੈਂ ਤੈਂਨੂੰ ਇਸ ਸਬੰਧੀ ਕੀ ਰਾਏ ਦੇ ਸਕਦਾ ਹਾਂ। ।ਹਾਂ ਇੱਕ ਗੱਲ ਦਾ ਮੈਨੂੰ ਪੱਕਾ ਪਤਾ।ਅਵਲ ਤਾਂ ਮੁਸਲਮਾਨਾਂ ਦੀਆਂ ਕੁੜੀਆਂ ਕਿਸੇ ਨਾਲ ਸਾਠ ਗਾਠ ਕਰਦੀਆਂ ਹੀ ਨਹੀ ਹਨ। ਜੇਕਰ ਕਿਸੇ ਨਾਲ ਇਹਨਾਂ ਦਾ ਆਟਾ- ਸਾਟਾ ਹੋ ਵੀ ਜਾਵੇ ਫੇਰ ਇਹ ਕਿਸੇ ਵੀ ਕੌਲ ਪਿੱਛਾ ਨਹੀ ਦਿੰਦੀਆਂ ।ਜਾਨ ਵਾਰ ਦਿੰਦੀਆਂ ਆਪਣੇ ਆਸਕ ਤੋਂ ਪਰ ਇੱਕ ਵਾਰੀ ਵੀ ਪਿਛੇ ਮੁੜ ਕੇ ਨਹੀ ਦੇਖਦੀਆਂ ਹਨ।ਮਾੜੇ ਬੰਦੇ ਨਾਲ ਇਹ ਵਾਹ ਨਹੀ ਪਾਉਂਦੀਆਂ।ਹਾਂ ਆਪਣੀ ਜਾਤ ਬਰਾਦਰੀ ਤੋਂ ਬਿਨਾਂ ਤਾਂ ਇਹ ਕਿਸੇ ਨਾਲ ਗੱਲ ਵੀ ਨਹੀ ਕਰਦੀਆਂ।ਬਿੰਦੀ ਨੇ ਉਸਨੂੰ ਸਾਰੀ ਹੀਰ ਖੋਲ ਕੇ ਸੁਣਾ ਦਿੱਤੀ ਸੀ।ਮਸਲਮਾਨਣੀਆਂ ਦੀ ਪੱਕੀ ਯਾਰੀ ਵਾਲੀ ਗੱਲ ਤਾਂ ਉੇਸਨੂੰ ਚੰਗੀ ਲੱਗੀ ਸੀ। ਪਰ ਇਹ ਹੋਰ ਜਾਤ ਬਰਾਦਰੀ ਦੇ ਲੋਕਾਂ ਨਾਲ ਗੱਲ ਨਹੀ ਕਰਦੀਆਂ ਇਹ ਗੱਲ ਸੱਪ ਦੇ ਡੱਸਣ ਵਾਂਗ ਲੱਗੀ ਸੀ । ਮੁਸਲਮਾਨੀ ਲਿਵਾਸ ਵਿੱਚ ਕੁੜੀ ਉਸਦੀ ਜਿੰਦ ਕੱਢਕੇ ਲੈ ਗਈ ਸੀ।ਤ੍ਰਿਲੋਚਨ ਉਸ ਤੋਂ ਜਾਨ ਵਾਰਨ ਲਈ ਤਿਆਰ ਸੀ ਮਰ ਜਾਨ ਲਈ ਤਿਆਰ ਸੀ। ਸਾਰੇ ਪਿੰਡ ਨਾਲ ਵੈਰ ਲੈਣ ਲਈ ਤਿਆਰ ਸੀ।ਵਸ ਇੱਕ ਵਾਰ ਉਸ ਕੁੜੀ ਦੀ ਹਾਂ ਚਾਹੀਦੀ ਸੀ।
ਜਿੰੰਦ ਨਾਂ ਲਗਵਾ ਦਿਆਂ ਤੇਰੇ
ਤੂੰ ਇੱਕ ਵਾਰੀ ਹਾਂ ਕਰਦੇ
ਉਸਨੇ ਬਿੰਦੀ ਨਾਲ ਰਲ ਕੇ ਸਕੀਮ ਲਾਈ ਸੀ।ਅੱਜ ਆਪਾਂ ਉੱਥੋਂ ਦੀ ਗੇੜਾ ਕੱਢ ਕੇ ਆਉਂਦੇ  ਹਾਂ ।ਖੋਰੇ ਕੋਈ ਗੱਲ ਬਣ ਹੀ ਜਾਵੇ ।ਦੋਵੇਂ ਉਹਨਾਂ ਦੇ ਘਰਾਂ ਵੱਲ ਦੀ ਹੋ ਤੁਰੇ ਸਨ।ਉਹਨਾਂ ਦੇ ਘਰ ਦੇ ਬਰਾਬਰ ਦੀ ਦੀ ਹੋਕੇ ਜਦ ਉਹ ਲੰਘੇ ਤਾਂ ਉਹੀ ਕੂੜੀ ਸਾਗ ਚੀਰ ਰਹੀ ਸੀ।ਤ੍ਰਿਲੋਚਨ ਨੇ ਦਿਲ ਜਾ ਕਰੜਾ ਉਸਨੂੰ ਇਸਾਰਾ ਕਰ ਦਿੱਤਾ ਸੀ । ਕੁੜੀ ਉਸਦੇ ਇਸਾਰੇ ਨੂੰ ਨੂੰ ਦੇਖ ਕਿੰਨਾਂ ਹੀ ਚਿਰ ਮੁਸਕਰਾਉਂਦੀ ਰਹੀ ਸੀ।ਜਿੰਨਾਂ ਚਿਰ ਉਹ ਅੱਖਾਂ ਤੋਂ ਓਜਲ ਨਾਂ ਹੋਈ ਉਹ ਉਹਨਾਂ ਵੱਲ ਦੇਖ ਦੇਖ ਕੇ ਖੁਸੀ ਨਾਲ ਖੀਵੀ ਹੁੰਦੀ ਰਹੀ ਸੀ।। ਅੱਗੇ ਲੰਘ ਕੇ ਦੋਹਾਂ ਨੇ ਖੁਸੀ ਵਿੱਚ ਹੱਥ ਮਿਲਾਇਆ ਤੇ ਇੱਕ ਦੂਸਰੇ ਨੂੰ ਜੱਫੀ ਪਾ ਲਈ ਸੀ ।ਲੈ ਬਈ ਜੱਟਾ ਮੈਨੂੰ ਤਾਂ ਇੰਝ ਲਗਦਾ ਬਈ ਤੇਰੀ ਗੱਲ ਛੇਤੀ ਹੀ ਸਿਰੇ ਚੜ ਜਾਉੰਗੀ ਫਿਰ ਪਾਰਟੀ ਆਪਾਂ ਨੇ ਪੱਕੀ ਲੈਣੀ ਆ,ਓ ਯਾਰ ਪਾਰਟੀ ਦੀਆਂ ਕੀ ਗੱਲਾਂ ਕਰਦਾ ਗੱਲ ਬਣੇ ਸਹੀ ਤੇਰੇ ਤੋਂ ਹਜਾਰ ਪਾਰਟੀਆਂ ਕੁਰਬਾਨ ਕਰ ਦਿਆਂਗਾਂ।
ਸਾਂਮ ਜੇ ਨੂੰ ਤ੍ਰਿਲੋਚਨ ਨੇ ਬਿੰਦੀ ਨੂੰ ਜਾ ਬੋਲ ਮਾਰਿਆਂ, ਬਿੰਦੀ ਵੀ ਗਹਾਂ ਘਰ ਹੀ ਸੀ।ਦੋਵੇਂ ਸਕੀਮ ਬਣਾ ਕੇ ਠੇਕੇ ਵੱਲ ਚੱਲ ਪਏ ਸਨ। ।ਬਿੰਦੀ ਕਹਿ ਰਿਹਾ ਸੀ ਹੁਣ ਬੋਤਲ ਹੀ ਲੈ ਲੈ ਫਿਰ ਕਿੱਥੇ ਵਾਰ ਵਾਰ ਆਉਂਦੇ ਫਿਰਾਂਗੇ। ਅਧੀਆਂ ਅਧੀਆਂ ਕਰਦਿਆਂ ਨੇ ਬੋਤਲ ਹੀ ਲੈ ਲਈ ਸੀ ।ਗੰਢੇ ਤ੍ਰਿਲੋਚਨ ਅੱਖ ਜੀ ਬਚਾ ਕੇ ਘਰੋ ਹੀ ਚੁੱਕ ਲਿਆਇਆ ਸੀ।ਭੁਜਿਆ ਉਹ ਪਹਿਲਾ ਹੀ ਗੀਝੇ ਵਿੱਚ ਤੁੰਨੀ ਫਿਰਦਾ ਸੀ।ਦੋਵੇ ਪਿੰਡ ਕੋਲ ਦੀ ਲੰਘਦੀ ਵੱਡੀ ਨਹਿਰ ਦੇ ਇੱਕ ਕਿਨਾਰੇ ਤੇ ਜਾ ਬੈਠੇ ਸਨ।ਤ੍ਰਿਲੋਚਨ ਸਰਾਬ ਨੂੰ ਬਹੁਤ ਮਾੜੀ ਸਮਝਦਾ ਸੀ।ਪਰ ਅੱਜ ਉਸਦਾ ਮਨ ਦੁਖੀ ਜਾ ਹੋਇਆ ਪਿਆ ਸੀ।ਉਹ ਸਰਾਬ ਪੀ ਕੇ ਮਨ ਹੌਲਾ ਕਰਨਾਂ ਚਾਹੁੰਦਾ ਸੀ।ਬਿੰਦੀ ਨਾਲ ਦਿਲ ਦੀਆਂ ਗੱਲਾਂ ਸਾਝੀਆ ਕਰਨਾਂ ਚਾਹੰਦਾ ਸੀ।ਦੋ ਦੋ ਪੈੱਗ ਲਾ ਕੇ ਉਹ ਦੋਵੇਂ ਸਰੂਰ ਜੇ ਵਿੱਚ ਆ ਗਏ ਸਨ।ਤ੍ਰਿਲੋਚਨ ਜਿਹੜੀ ਗੱਲ ਆਪਣੇ ਦਿਲ ਵਿੱਚ ਦੱਬੀ ਬੈਠਾ ਸੀ ਉਸਨੂੰ ਪੈੱਗ ਦੇ ਨਸ਼ੇ  ਵਿੱਚ ਬਾਹਰ ਕੱਢਣਾਂ ਚਾਹੰਦਾ ਸੀ ।ਉਸਨੇ ਇੱਕ ਪੈੱਗ ਹੋਰ ਲਾਇਆ ਤੇ ਜਦੋ ਉਹ ਸਰੂਰ ਜੇ ਵਿੱਚ ਆ ਗਿਆ ਤਾਂ ਉਸਨੇ ਗੱਲ ਸੁਰੂ ਕੀਤੀ।ਦੇਖ ਵੀ ਬਿੰਦੀ ਆਪਣਾਂ ਤਾਂ ਜਮਾਂ ਨੀ ਸਰਦਾ ਹੁਣ ਉਹਦੇ ਬਿਨਾਂ ,ਜਿੰਨਾਂ ਚਿਰ ਉਸ ਪਤੰਦਰਨੀ ਨੂੰ ਦੇਖ ਨਾਂ ਲਵਾਂ ਉਹਨਾਂ ਚਿਰ ਮਨ ਨੂੰ ਸਕੂਨ ਨਹੀ ਮਿਲਦਾ। ਹੁਣ ਇਹ ਕੋਈ ਮੇਰੇ ਸਾਰੇ ਦੀ ਗੱਲ ਤਾਂ ਹੈਨੀ ਹਨਾਂ।ਇਹਨੀ ਗੱਲ ਕਰ ਕੇ ਉਹ ਚੁੱਪ ਕਰ ਗਿਆ ਸੀ ।ਉਹ ਬਿੰਦੀ ਦਾ ਪੱਖ ਜਾਨਣਾਂ ਚਾਹੁੰਦਾ ਸੀ। ਬਿੰਦੀ ਨੇ ਵੱਡਾ ਸਾਰਾ ਪੈੱਗ ਲਗਾ ਕੇ ਭੁਜਿਆ ਖਾਦਾ ਤੇ ਕੁੜਤੇ ਦੀ ਬਾਂਹ ਦੇ ਨਾਲ ਆਪਣਾਂ ਗਿੱਲਾ ਮੂੰਹ ਪੂਝਦਿਆਂ  ਕਿਹਾ,ਹੂੰ......ਗੱਲ ਤਾਂ ਤੇਰੀ ਠੀਕ ਆ  ਪਰ ਇਹ ਜਿਹੜੀਆਂ ਮੁਸਲਮਾਨਣੀਆਂ ਹੁੰਦੀਆਂ ਨੇ ਨਾਂ ਇਹ ਕਿਸੇ ਬਾਹਰਲੇ ਬੰਦੇ ਨਾਲ ਅੱਖ ਨੀ ਮਿਲਾਉਂਦੀਆਂ  ।ਨਾਂ ਮੈਨੂੰ ਆਏ ਦੱਸ ਵੀ ਜੇ ਤੇਰੀ ਗੱਲ ਹੋ ਵੀ ਗਈ ਜੱਟਾ ਬਿੰਦੀ ਉਸਨੂੰ ਹਮੇਸਾਂ ਜੱਟਾ ਕਹਿ ਕੇ ਹੀ ਸੰਬੋਧਨ ਕਰਦਾ ਸੀ। ਫੇਰ ਤੂੰ ਕਿਹੜਾ ਉਹਦੇ ਨਾਲ ਲਾਵਾਂ ਲੈ ਲਏਗਾ।ਤੂੰ ਕੋਈ ਚੱਜ ਦੀ ਰਾਏ ਨਹੀ ਦੇ ਸਕਦਾ।ਵਿਆਹ ਨਾਂ ਸਹੀ ਮਿਰਜੇ ਵਾਂਗ ਕੱਢ ਕੇ ਤਾਂ ਲੈ ਹੀ ਜਾਊ ,ਤ੍ਰਿਲੋਚਨ ਜੱਟਾਂ ਵਾਲੀ ਅੜੀ ਤੇ ਆਇਆ ਖੜਾ ਸੀ।ਰੋਕੂ ਕਿਹੜਾ ਸਾਲਾ ਪੈੱਗ ਲਾਕੇ ਉਹ ਨਸ਼ੇ ਦੀ ਲੋਰ ਵਿੱਚ ਹੀ ਬੋਲੀ ਜਾ ਰਿਹਾ ਸੀ।ਬਸ ਇੱਕ ਬਾਰੀ ਉਹਦੇ ਨਾਲ ਗੱਲ ਜੀ ਸਿਰੇ ਚੜਜੇ ਫੇਰ ਭਾਵੇ ਜੱਟ ਦੇ ਸਾਰਾ ਪਿੰਡ ਖਿਲਾਫ ਹੋਜੇ ਤ੍ਰਿਲੋਚਨ ਮਿਰਜਾ ਬਣਿਆ ਖੜਿਆਂ ਸੀ।ਵੱਡੇ ਵੱਡੇ ਪੈੱਗ ਲਾ ਦੋਨੇ ਬੇਸੁਰਤ ਜੇ ਹੋ ਗਏ ਸਨ।ਅੱਧੀ ਰਾਤ ਦੋਵੇ ਡਿਗਦੇ ਢਹਿੰਦੇ ਘਰ ਆ ਕੇ ਮੰਜਿਆ ਤੇ ਸੌ ਗਏ ਸਨ।ਸੌ ਕਿਹੜਾ ਲੁਟਕ ਹੀ ਗਏ ਸਨ।
ਅੱਜ ਕੱਲ ਤ੍ਰਿਲੋਚਨ ਤੇ ਬਿੰਦੀ ਦੇ ਗੇੜੇ ਮੁਸਲਮਾਨਾਂ ਦੇ ਘਰਾਂ ਵੱਲ ਬਹੁਤੇ ਹੀ ਵਧ ਗਏ ਸਨ।ਪਰ ਉਹਨਾਂ ਨੇ ਗੱਲ ਦੀ ਕਿਸੇ ਤੱਕ ਭਾਫ ਤੱਕ ਨਹੀ ਕੱਢੀ ਸੀ।ਕੇ ਉਹ ਕਿਹੜਾ ਸਿਕਾਰ ਸਿੱਟਣ ਦੀ ਤਾਕ ਵਿੱਚ ਹਨ।ਉਸ ਕੁੜੀ ਨੂੰ ਵੀ ਤ੍ਰਿਲੋਚਨ ਦਾ ਵਾਰ 2 ਆਉਣਾਂ ਚੰਗਾਂ ਲੱਗਣ ਲੱਗ ਪਿਆ ਸੀ।ਉਹ ਉਸਨੂੰ ਇਸਾਰੇ ਕਰਕੇ ਘਰੋ ਬਾਹਰ ਨਾਂ ਆਉਣ ਦੀ ਮਜਬੂਰੀ ਦਸਦੀ ਰਹਿੰਦੀ ਸੀ।ਇੱਕ ਦੋ ਵਾਰੀ ਬਹਾਨਾ ਜਾ ਬਣਾਂ ਕੇ ਇੱਕ ਦੂਸਰੇ ਦੇ ਕੋਲ ਦੀ ਵੀ ਲੰਘੇ ਸੀ ।ਪਰ ਕੋਈ ਨਾਂ ਕੋਈ ਗਲੀ ਵਿੱਚ ਆ ਜਾਦਾ ਸੀ ।ਜਿਸ ਕਰਕੇ ਗੱਲ ਸਿਰੇ ਨਹੀ ਚੜਦੀ ਸੀ।ਦੋਹਾਂ ਦੇ ਦਿਲਾਂ ਵਿੱਚ ਇੱਕ ਦੂਜੇ ਦੇ ਪ੍ਰਤੀ ਪਿਆਰ ਦੀ ਤੜਫ ਵਧਦੀ ਹੀ ਜਾਦੀ ਸੀ।ਇੱਕ ਦੂਜੇ ਨੂੰ ਮਿਲਣ ਲਈ ਦੋਵੇ ਉਤਾਵਲੇ ਹੋਏ ਪਏ ਸਨ।ਕਈ ਵਾਰੀ ਦੁਖੀ ਹੋਇਆ ਤ੍ਰਿਲੋਚਨ ਬਿੰਦੀ ਬਾਈ ਕੋਲ ਗੱਲ ਕਰਦਾ ਸੀ।ਬਾਈ ਜਾਰ ਆ ਜਿਹੜਾ ਸਾਡਾ ਸਮਾਜ ਆ ਨਾਂ ਇਹ ਵੀ ਬੜਾ ਬੇਦਰਦ ਹੈ।ਜੇ ਕੋਈ ਆਸ਼ਕ ਆਪਣੀ ਮਹਿਬੂਬਾ ਨੂੰ ਮਿਲ ਲਏ ਇਹਨਾਂ ਦਾ ਕੀ ਜਾਦਾ ਇਹਨਾਂ ਦੇ ਕਿਹੜਾ ਆਪਾਂ ਮਾਂਹ ਮਾਰੇ ਨੇ ,ਸਾਡਾ ਸਮਾਜ ਪਤਾ ਨਹੀ ਕਦੋ ਬਦਲਗੇ ਜਦੋ ਸੱਚੇ ਆਸਕਾਂ ਨੂੰ ਆਪਣੇ ਮਹਿਬੂਬ ਨੂੰ ਅਜਾਦੀ ਨਾਲ ਮਿਲਣ ਦੇ ਹੱਕ ਮਿਲਣਗੇ।ਬਿੰਦੀ ਮੁਸਕਰਾ ਕੇ ਚੁੱਪ ਕਰ ਜਾਦਾ ਸੀ ਬੋਲਦਾ ਕੁੱਝ ਨਾਂ,ਉਹ ਆਪਣੇ ਸਮਾਜ ਦੇ ਸਾਰ ਰੀਤੀ ਰਿਵਾਜਾਂ ਨੂੰ ਚੰਗੀ ਤਰਾਂ ਜਾਣਦਾ ਸੀ।ਉਹ ਇਹ ਗੱਲ ਵੀ ਚੰਗੀ ਤਰਾਂ ਸਮਝਦਾ ਸੀ ਤ੍ਰਿਲੋਚਨ ਭਾਵੁਕ ਹੋਇਆ ਬੋਲ ਰਿਹਾ ਹੈ।
ਅੱਜ ਸਵੇਰੇ ਸਵੇਰ ਹੀ ਰੱਬ ਨੇ ਉਸਦੀ ਸੁਣ ਲਈ ਸੀ।ਜਦੋ ਉਹ ਮੁਸਮਾਨਾਂ ਦੇ ਘਰਾਂ ਕੋਲ ਦੀ ਲੰਘਿਆ ਤਾਂ ਕੁੜੀ ਨੇ ਉਸਨੂੰ ਅੱਜ ਭਾਣੇ ਵਾਲੀ ਛੱਪੜੀ ਕੋਲ ਮਿਲਣ ਦਾ ਇਸਾਰਾ ਦੇ ਦਿੱਤਾ ਸੀ।ਟਾਈਮ ਵੀ ਇਸਾਰੇ ਨਾਲ ਹੀ ਤਹਿ ਕਰ ਦਿੱਤਾ ਸੀ।ਤ੍ਰਿਲੋਚਨ ਦਾ ਸਮਾਂ ਲੰਗਾਇਆ ਨਹੀ ਲੰਘ ਰਿਹਾ ਸੀ।ਉਹ ਬੜੀ ਬੇ ਸਬਰੀ ਨਾਲ ਉਸਦੀ ਉਡੀਕ ਕਰ ਰਿਹਾ ਸੀ ।ਉਸਨੂੰ ਘਬਰਾਹਟ ਹੋ ਰਹੀ ਸੀ ਕੇ ਗੱਲ ਕਿਸ ਤਰਾਂ ਕਰੇਗਾ।ਉਹ ਤਾਂ ਹਾਲੇ ਤੱਕ ਉਸਦਾ ਨਾਮ ਤੱਕ ਵੀ ਨਹੀ ਜਾਣਦਾ ਸੀ।ਕੋਸਿਸ ਕਰਨ ਤੇ ਵੀ ਉਸਨੂੰ ਆਪਣੇ ਸੁਪਨਿਆਂ ਦੀ ਮਲਿਕਾ ਦਾ ਨਾਮ ਤੱਕ ਨਹੀ ਪਤਾ ਲੱਗ ਸਕਿਆ ਸੀ।ਮਿਲਣ ਦਾ ਟਾਇਮ ਨਜਦੀਕ ਹੁੰਦਾ ਜਾ ਰਿਹਾ ਸੀ ।ਉਸਦਾ ਕਾਂਬਾਂ ਵੀ ਤੇਜ ਹੁੰਦਾ ਜਾ ਰਿਹਾ ਸੀ ।ਤ੍ਰਿਲੋਚਨ ਨੂੰ ਬੁਖਾਰ ਚੜਨ ਵਾਲਾ ਹੋਇਆ ਪਿਆ ਸੀ।ਪਰ ਸਾਰਾ ਕੁੱਝ ਉਸਦੀਆਂ ਸੋਚਾਂ ਤੋਂ ਉਲਟ ਹੋਇਆ ਸੀ ।ਇਸਕ ਦੀ ਅੱਗ ਦੂਸਰੇ ਪਾਸੇ ਵੀ ਬਰਾਬਰ ਧੁਖ ਰਹੀ ਸੀ।ਕੁੜੀ ਨੇ ਆਉਣ ਸਾਰਾ ਹੀ ਉਸਨੂੰ ਜੱਫੀ ਪਾ ਲਈ ਸੀ।ਸਾਰਾ ਸੰਸਾਰ ਸਿਮਟ ਕੇ ਮੁੱਠੀ ਵਿੱਚ ਆ ਗਿਆ ਸੀ ਸਾਰੇ ਧਰਮ ਇੱਕ ਹੋ ਗਏ ਸਨ।ਦੋਹਾਂ ਦੀ ਗਲਵੱਕੜੀ ਸਖਤ ਹੋ ਗਈ ਸੀ।ਸੱਚੇ ਪ੍ਰੇਮੀਆਂ ਦੀ ਰੱਬ ਨੇ ਸੁਣ ਲਈ ਸੀ।ਉਹਨਾਂ ਦਾ ਦਿਲ ਵੱਖ ਹੋਣ ਨੂੰ ਨਹੀ ਕਰ ਰਿਹਾ ਸੀ।ਤ੍ਰਿਲੋਚਨ ਦਾ ਦਿਲ ਕਰ ਰਿਹਾ ਸੀ।ਸਾਰੀ ਜਿੰਦਗੀ ਉਸਨੂੰ ਆਪਣੀਆਂ ਬਾਹਾਂ ਵਿੱਚ ਸਮਾਈ ਰੱਖੇ  ਉਸਨੂੰ ਦੁਨੀਆਂ ਦੀ ਤੱਤੀ ਵਾਅ ਵੀ ਨਾਂ ਲੱਗਣ ਦੇਵੇ।ਜੱਫੀ ਢਿੱਲੀ ਹੋਈ ਤਾਂ ਕੁੜੀ ਸਰਮਾਂ ਕੇ ਦੂਰ ਹੋ ਗਈ ਸੀ।ਤ੍ਰਿਲੋਚਨ ਨੇ ਉਸਦਾ ਹੱਥ ਆਪਣੇ ਹੱਥਾਂ ਵਿੱਚ ਫੜ ਲਿਆ ਸੀ।ਸੰਗ ਸੰਗ ਜੀ ਵਿੱਚ ਤ੍ਰਿਲੋਚਨ ਨੇ ਆਪਣਾਂ  ਨਾਮ ਦੱਸ ਕੇ ਉਸਦਾ ਨਾਮ ਪੁੱਛਿਆਂ ਤਾਂ ਉਸਨੇ ਆਪਣਾਂ ਨਾਲ ਸਲਮਾਂ ਦੱਸਿਆ ਤ੍ਰਿਲੋਚਨ ਨੂੰ ਉਸਦਾ ਨਾਮ ਬੜਾ ਪਿਆਰਾ ਲੱਗਿਆ ਸੀ।ਸਲਮਾਂ ਮੈ ਹੁਣ ਤੇਰੇ ਬਗੈਰ ਨਹੀ ਰਹਿ ਸਕਾਂਗਾ ।ਤੈਨੂੰ ਇੱਕ ਵਾਰੀ ਦੇਖੇ ਬਿਨਾਂ ਤਾਂ ਮੈਨੂੰ ਨੀਂਦ ਨਹੀ ਆਉਂਦੀ ਫਿਰ ਭਲਾਂ ਮੈਂ ਤੇਰੇ ਤੋਂ ਬਿਨਾਂ ਆਪਣੀ ਜਿੰਦਗੀ ਕਿਵੇਂ ਗੁਜਾਰ ਲਵਾਂਗਾਂ।ਤੂੰ ਮੇਰੀ ਪਹਿਲੀ ਤੇ ਆਖਰੀ ਮੁੱਹਬਤ ਹੈ। ਤੇਰੇ ਤੋਂ ਪਹਿਲਾਂ ਕੋਈ ਨਹੀ ਸੀ ਤੇਰੇ ਤੋਂ ਬਾਅਦ ਵੀ ਕੋਈ ਨਹੀ ਹੋਵੇਗਾ ।ਉਹ ਆਪਣੇ ਪਿਆਰ ਦਾ ਇਜਹਾਰ ਇੱਕੋ ਸਾਹੇ ਹੀ ਕਰ ਗਿਆ ਸੀ।ਸਲਮਾਂ ਨੇ ਵੱਸ ਐਨਾਂ ਹੀ ਕਿਹਾ ਸੀ।ਮੈਂ ਤੈਨੂੰ ਆਪਣੀ ਰੂਹ ਅੰਦਰ ਵਸਾ ਲਿਆ ਹੈ।ਤੂੰ ਮੇਰੀ ਰੂਹ ਦਾ ਹਾਣੀ ਹੈ।ਮੇਰੀ ਜਿੰਦਗੀ ਵਿੱਚ ਵੀ ਪਹਿਲਾ ਤੇ ਆਖਰੀ ਮਰਦ ਤੂੰ ਹੀ ਹੈ। ਇੱਕ ਵਾਰੀ ਫੇਰ ਦੋਹਾਂ ਨੇ ਇੱਕ ਦੂਸਰੇ ਨੂੰ ਜੱਫੀ ਪਾ ਲਈ ਸੀ।ਦੂਸਰੀ ਵਾਰ ਮਿਲਣ ਦਾ ਟਾਇਮ ਲੈ ਕੇ ਦੋਵੇਂ ਇੱਕ ਦੂਸਰੇ ਤੋਂ ਅਲੱਗ ਹੋ ਗਏ ਸਨ।
ਤ੍ਰਿਲੋਚਨ ਨੇ ਆ ਕੇ ਸਾਰੀ ਗੱਲ ਆਪਣੇ ਯਾਰ ਬਿੰਦੀ ਨੂੰ ਦੱਸੀ ਸੀ। ਬਿੰਦੀ ਨੇ ਆਪਣੇ ਯਾਰ ਨੂੰ ਬਾਹਾਂ ਵਿੱਚ ਘੁੱਟ ਲਿਆ ਸੀ।ਉਸਨੂੰ ਵੀ ਤ੍ਰਿਲੋਚਨ ਦੀਆਂ ਬਾਹਾਂ ਵਿੱਚੋਂ ਸੱਜਰੇ ਪਿਆਰ ਦੇ ਨਿੱਘ ਦਾ ਅਹਿਸਾਸ ਹੋਇਆ ਸੀ। ਅੱਜ ਸਾਾਂਮ ਨੂੰ ਹੋ ਜਾਏ ਫਿਰ ਤੂੰ ਬਾਈ ਮੈ ਬਾਈ ਕਹਿ ਕੇ ਦੋਵੇ ਠਹਾਕਾ ਮਾਰ ਕੇ ਹੱਸ ਪਏ ਸਨ  ਜਦੋ ਵੀ ਉਹ ਕਈ ਬਾਰੀ ਜਿਆਦਾ ਪੈੱਗ ਲਾ ਲੈਦੈਂ ਫਿਰ ਇੱਕ ਦੂਸਰੇ ਇਹ ਕਹਿ ਕੇ ਸੰਬੋਧਨ ਕਰਦੇ ਸਨ ਤੂੰ ਮੇਰਾ ਬਾਈ ਮੈਂ ਤੇਰਾ ਬਾਈ,ਅੱਧੀ ਰਾਤ ਤੱਕ ਉਹ ਸਰਾਬ ਪੀਦੇਂ ਰਹੇ ਸਨ।ਤ੍ਰਿਲੋਚਨ ਨੇ ਉਸਨੂੰ ਆਪਣੀ ਮਹਿਬੂਬਾ ਦਾ ਨਾਮ ਦੱਸਿਆ ਸੀ।ਸਰਾਬੀ ਹੋਇਆ ਬਿੰਦੀ ਹੱਥ ਹਿਲਾ ਹਿਲਾ ਉਸਨੂੰ ਸੁਬਾਂਹ ਅੱਲਾ ਸੁਬਾਂਹ ਕਹਿ ਰਿਹਾ ਸੀ।ਬਿੰਦੀ ਨੂੰ ਵੀ ਅੱਜ ਸਰਾਬ ਦੇ ਨਸ਼ੇ ਵਿੱਚ ਊਟ ਪਟਾਂਗ ਹੀ ਬੋਲੀ ਜਾ ਰਿਹਾ ਸੀ।ਤ੍ਰਿਲੋਚਨ ਦੀ ਪਹਿਲੀ ਮਿਲਣੀ ਸਫਲ ਹੋਣ ਤੇ ਅੱਜ ਦੋਵਾਂ ਨੇ ਰੱਜ ਕੇ ਖੁਸੀ ਮਨਾਈ ਸੀ।ਜਦੋ ਉਹ ਸਰਾਬ ਪੀ ਕੇ ਫੁੱਲ ਹੋ ਗਏ ਤਾਂ ਡਿਗਦੇ ਢਹਿੰਦੇ ਆਪੋ ਆਪਣੇ ਘਰ ਆ ਕੇ ਮੰਜਿਆਂ ਤੇ ਮੁਧੇ ਹੋ ਗਏ ਸਨ।
ਪਿਛਲੇ ਦਿਨਾਂ ਤੋਂ ਦੋਹਾਂ ਦੀਆਂ ਮਿਲਣੀਆਂ ਆਮ ਗੱਲ ਹੋ ਗਈਆਂ ਸਨ ।ਇੱਕ ਦੂਸਰੇ ਬਿਨਾਂ ਉਹਨਾਂ ਨੂੰ ਇੱਕ ਪਲ ਵੀ ਨਹੀ ਸਰਦਾ ਸੀ।ਜਾਂਤਾਂ ਪਾਤਾ ਦਾ ਪਾੜਾ ਮਿਟ ਗਿਆ ਸੀ। ਸੱਚੀ ਮੁੱਹਬਤ ਉਹਨਾਂ ਦੀ ਰੂਹ ਅੰਦਰ ਸਮਾਂ ਗਈ ਸੀ।ਦੋ ਦਿਲ ਇੱਕ ਹੋ ਗਏ ਸਨ।ਪਰ ਚੰਦਰੇ ਸਮਾਜ ਦੀਆਂ ਨਜਰਾਂ ਤੋਂ ਬਚ ਨਾਂ ਸਕੇ । ਪਿੰਡ ਦੀਆਂ ਬੁੜੀਆਂ ਨੇ ਉਹਨਾਂ ਨੂੰ ਕਈ ਵਾਰ ਵੈਲੀਆਂ ਦੇ ਘਰਾਂ ਦੀ ਭੀੜੀ ਗਲੀ ਵਿੱਚ ਆਪਸ ਵਿੱਚ ਗੱਲਾਂ ਕਰਦਿਆਂ ਦੇਖ ਲਿਆ ਸੀ।ਜਿਸ ਤੋਂ ਗੱਲ ਵਧਦੀ ਵਧਦੀ ਪਿੰਡ ਦੇ ਲੋਕਾਂ ਤੱਕ ਚਲੀ ਗਈ  ਸੀ।ਅੱਜ ਕੱਲ ਤਾਂ ਉਹਨਾਂ ਦੇ ਪਿਆਰ ਦੇ ਚਰਚੇ ਖੁੰਡ ਚਰਚਾ ਬਣ ਗਏ ਸਨ।ਅੱਜ ਕੱਲ ਗਲੀ ਮੁਹੱਲੇ ਵਿੱਚ ਲੋਕਾ ਦੀ ਜੁਬਾਨ ਤੇ ਤ੍ਰਿਲੋਚਨ ਅਤੇ ਸਲਮਾਂ ਦੇ ਇਸ਼ਕ ਦੇ ਹੀ ਚਰਚੇ  ਸਨ।ਲੋਕਾਂ ਨੂੰ ਤਾਂ ਗੱਲ ਮਿਲ ਗਈ ਸੀ ਜਿਸ ਦਾ ਉਹਨਾਂ ਨੇ ਕਚੂਮਰ ਕੱਢ ਕੇ ਛੱਡਣਾਂ ਸੀ।ਨਿਚੋੜ ਕੇ ਛੱਡਣਾਂ ਸੀ।ਇਹ ਗ    ਲ ਤ੍ਰਿਲੋਚਨ ਅਤੇ ਸਲਮਾਂ ਦੇ ਵੀ ਕੰਨੀ ਪੈ ਗਈ ਸੀ ਉਹਨਾਂ ਨੇ ਦਿਨ ਦਿਹਾੜੇ ਮਿਲਣਾਂ ਛੱਡ ਦਿੱਤਾ ਸੀ।ਤਾਂ ਕੇ ਲੋਕਾਂ ਦੀ ਦੀਆਂ ਚੰਦਰੀਆਂ ਨਜਰਾਂ ਤੋਂ ਬਚਿਆ ਜਾ ਸਕੇ।ਹੁਣ ਦੋਨੋ ਰਾਤ ਦੇ ਹਨੇਰੇ ਵਿੱਚ ਮਿਲਣ ਲੱਗ ਪਏ ਸਨ।ਬਿੰਦੀ ਉਹਨਾਂ ਦੀ ਰਾਖੀ ਕਰਦਾ ਤੇ ਉਹ ਬੇ ਫਿਕਰ ਹੋ ਕੇ ਮਿਲਦੇ ਸਨ।ਕੁੱਝ ਪਲਾਂ ਲਈ ਦੋ ਪਾਕ ਪਵਿੱਤਰ ਰੂਹਾਂ ਇੱਕ ਹੋ ਜਾਦੀਆਂ ਸਨ।ਅੱਜ ਵੀ ਉਹ ਰਾਤ ਦੇ ਹਨੇਰੇ ਵਿੱਚ ਛੱਪੜ ਦੇ ਕੋਲ ਵੱਡੇ ਪਿੱਪਲ ਥੱਲੇ ਮਿਲੇ ਸਨ।ਇਹ ਥਾਂ ਮਿਲਣ ਲਈ ਪੂਰੀ ਵਧੀਆਂ ਸੀ ।ਜਿੱਥੇ ਰਾਤ ਨੂੰ ਪਰਿੰਦਾ ਤੱਕ ਵੀ ਪਰ ਨਹੀ ਮਾਰਦਾ ਸੀ। ਲੋਕਾਂ ਦਾ ਇਸ ਪਾਸੇ ਵੱਲ ਬਿਲਕੁੱਲ ਵੀ ਆਉਣਾਂ ਜਾਣਾਂ ਨਹੀ ਸੀ।ਇਸ ਕਾਰਣ ਦੋਵੇਂ ਇੱਕ ਦੂਸਰੇ ਨੂੰ ਬੇ ਫਿਕਰ ਹੋ ਕੇ ਮਿਲਦੇ ਸਨ।ਆਪਣੇ ਦਿਲ ਦੀਆਂ ਗੱਲਾਂ ਸਾਝੀਆਂ ਕਰਦੇ ਸਨ।
ਸਲਮਾਂ  ......
ਹੂੰ.........
ਮੈਨੂੰ ਇੱਕ ਗੱਲ ਦਾ ਡਰ ਬਹੁਤ ਸਤਾ ਰਿਹਾ ਹੈ ।ਪਿੰਡ ਵਿੱਚ ਹਰੇਕ ਬੰਦੇ ਹਰੇਕ ਔਰਤ ਦੀ ਜੁਬਾਨ ਤੇ ਆਪਣਾਂ ਹੀ ਨਾਮ ਬੋਲ ਰਿਹਾ ਜੇ ਕਿਧਰੇ ਆਪਣੇ ਘਰੇ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਅਨਰਥ ਹੋ ਜਾਵੇਗਾ ।ਫੇਰ ਆਪਾਂ ਮਿਲ ਨਹੀ ਸਕਾਂਗੇ।ਤੇਰੇ ਤੋਂ ਵਿਛੜਨਾਂ ਮੇਰੇ ਲਈ ਜਿਉਂਦੇ ਜੀਅ ਮੌਤ ਸਮਾਨ ਹੈ।
ਤ੍ਰਿਲੋਚਨ ਜੇਕਰ ਮੇਰੇ ਮਾ- ਬਾਪ ਨੂੰ ਪਤਾ ਲੱਗ ਗਿਆ ਤਾਂ ਉਹ ਆਪਾਂ ਨੂੰ ਜਿਉਂਦਾ ਨਹੀ ਛੱਡਣਗੇ।ਇਹ ਗੱਲ ਆਪਣੇ ਲਈ ਮੁਸੀਬਤ ਬਣ ਸਕਦੀ ਹੈ।
ਤ੍ਰਿਲੋਚਨ ਨੇ ਉਸਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਸਿਰ ਹਿਲਾਇਆ ਸੀ।
ਯਾ ਅੱਲਾ ਸਾਡਾ ਪਿਆਰ ਸਦਾ ਲਈ ਬਣਾਈ ਰੱਖੀ।ਉਸਨੇ ਲੰਮਾਂ ਹੌਕਾ ਲਿਆ ਸੀ।
ਤ੍ਰਿਲੋਚਨ ਨੇ ਵਾਹਿਗੁਰੂ ਅੱਗੇ ਅਪਣੇ ਪਿਆਰ ਨੂੰ ਬਚਾਈ ਰੱਖਣ ਲਈ ਅਰਦਾਸ ਕੀਤੀ ਸੀ।
ਇੱਕ ਗੱਲ ਹੋਰ ਸਲਮਾਂ ਨੂੰ ਵੱਢ ਵੱਢ  ਖਾ ਰਹੀ ਸੀ ਜਿਹੜੀ ਉਸਨੇ ਤ੍ਰਿਲੋਚਨ ਨਾਲ ਸਾਝੀ ਕੀਤੀ ਸੀ।ਕੱਲ ਰੇਡੀਓ ਤੇ ਆਇਆ ਸੀ ਵੀ ਦੋ ਵੱਖਰੇ ਮੁਲਕ ਬਣ ਸਕਦੇ ਹਨ।ਜੇਕਰ ਦੋ ਵੱਖਰੇ ਮੁਲਕ ਬਣ ਗਏ ਤਾਂ ਆਪਾਂ ਵੀ ਅਲੱਗ ਅਲੱਗ ਹੋ ਸਕਦੇ ਸਨ।ਮੈ ਤੇਰੇ ਤੋਂ ਅਲੱਗ ਹੇੋੇ ਇੱਕ ਪਲ ਵੀ ਨਹੀ ਰਹਿ ਸਕਦੀ ।ਗੱਲ ਕਰਦਿਆਂ ਉਸਦਾ ਗਲ ਭਰ ਆਇਆ ਸੀ।ਤ੍ਰਿਲੋਚਨ ਨੇ ਉਸਨੂੰ ਸੀਨੇ ਨਾਲ ਲਾ ਲਿਆ ਸੀ।ਸਲਮਾਂ ਦੇਸ ਦੀ ਵੰਡ ਦਾ ਇਹ ਬਹੁਤ ਵੱਡਾ ਮਸਲਾ ਹੈ।ਜਿਸਨੂੰ ਸਮਝਣਾਂ ਆਪਣੇ ਵਸ ਦੀ ਗੱਲ ਨਹੀ ਹੈ।ਇਹ ਸਰਕਾਰਾਂ ਦੇ ਕੰਮ ਹਨ।ਨਾਲੇ ਦੇਸ ਦੀ ਵੰਡ ਦਾ ਮਸਲਾ ਬਹੁਤ ਵੱਡਾ ਹੈ।ਜਿਹੜਾ ਐਨੀ ਛੇਤੀ ਹੱਲ ਹੋਣ ਵਾਲਾ ਨਹੀ ਹੈ।ਇੱਕ ਮੁਲਕ ਦੇ ਦੋ ਵੱਖਰੇ ਵੱਖਰੇ ਮੁਲਕ ਬਣਾ ਦੇਣੇ ਕੋਈ ਸੌਖਾ ਕੰਮ ਨਹੀ ਹੈ।ਸਲਮਾਂ ਤੂੰ ਵਾਲੀ ਚਿੰਤਾਂ ਨਾ ਕਰਿਆ ਕਰ,ਆਪਾਂ ਇੱਕ ਦੂਸਰੇ ਤੌਂ ਕਦੇ ਵੀ ਅਲੱਗ ਨਹੀ ਹੋਵਾਂਗੇ।ਗੱਲਾਂ ਕਰਦਿਆਂ ਕਰਦਿਆਂ ਪਤਾ ਹੀ ਨਹੀ ਕਦ ਸਵੇਰ ਦੇ ਚਾਰ ਵੱਜ ਗਏ ਸਨ। ਉਹ ਅਗਲੀ ਵਾਰ ਮਿਲਣ ਦਾ ਟਾਇਮ ਲੈ ਕੇ ਇੱਕ ਦੂਸਰੇ ਤੋਂ ਭਰੇ ਮਨ ਨਾਲ ਵਿਦਾ ਹੋ ਗਏ ਸਨ।ਸਲਮਾਂ ਨਾਲ ਕੀਤੀਆਂ ਗੱਲਾਂ ਉਹ ਆਪਣੇ ਯਾਰ ਬਿੰਦੀ ਨਾਲ ਗੱਲਾਂ ਸਾਝੀਆਂ ਕਰਦਾ ਘਰ ਵੱਲ ਨੂੰ ਆ ਗਿਆ ਸੀ। ਘਰ ਕੋਲ ਆ ਕੇ ਦੋਵੇਂ ਵੱਖ ਹੋ ਗਏ ਸਨ।
ਜਦੋ ਦੀ ਉਸਨੇ ਵੰਡ ਵਾਲੀ ਗੱਲ ਸੁਣੀ ਸੀ। ਉਦੋਂ ਦਾ ਸਲਮਾਂ ਦਾ ਅੰਦਰ ਵਲੂਧਰਿਆਂ ਪਿਆ ਸੀ।ਤੜਫ ਰਿਹਾ ਸੀ।ਉਸਦੀ ਆਤਮਾਂ ਕੁਰਲਾ ਉੱਠੀ ਸੀ।ਉਹ ਜਾਣਦੀ ਸੀ ਕੇ ਦੇਸ ਦੀ ਵੰਡ ਨਾਲ ਧਰਤੀ ਦੀ ਹਿੱਕ ਸਦਾ ਲਈ ਚੀਰ ਦਿੱਤੀ ਜਾਵੇਗੀ।ਤੇ ਉਸਦੀ ਲੀਰੋ ਲੀਰ ਹੋਈ ਆਤਮਾਂ ਸਦਾ ਲਈ ਕੁਰਲਾਉਂਦੀ ਰਹੇਗੀ।ਤੇ ਕਰੋਧ ਵਿੱਚ ਆਇਆ ਮਨੁੱਖ ਉਸਦੀ ਆਤਮਾਂ ਦੀ ਅਵਾਜ ਨਹੀ ਸੁਣ ਸਕੇਗਾ।ਸਭ ਇੱਕ ਦੂਸਰੇ ਦੇ ਵੈਰੀ ਬਣ ਜਾਣਗੇ।ਰੱਬ ਇੱਕ ਹੈ ਪਰ ਸਾਰੇ ਧਰਮਾਂ ਦੇ ਲੋਕ ਅਪਾਣੇ ਧਰਮ ਨੂੰ ਬਚਾਉਣ ਲਈ ਇਨਸਾਨੀਅਤ ਦਾ ਕਤਲ ਕਰਨਗੇ ।ਸਭ ਨੇ ਆਪਣੇ ਆਪਣੇ ਰੱਬ ਬਣਾ ਰੱਖੇ ਹਨ।ਪਰ ਉਸਦੀ ਹੋਂਦ ਨੂੰ ਸਵਿਕਾਰ ਕਰਨ ਲਈ ਕੋਈ ਵੀ ਤਿਆਰ ਨਹੀ ਹੈ। ਉਸਦੇ ਬਣਾਏ ਇਨਸਾਨਾਂ ਨੂੰ ਪਿਆਰ ਕਰਨ ਵਾਲਾ ਕੋਈ ਵੀ ਤਾਂ ਨਹੀ ਹੈ।ਸਭ ਆਪੋ ਧਾਮੀ ਵਿੱਚ ਪਏ ਹੋਏ ਹਨ।ਇੱਕ ਦਿਨ ਸਭ ਨੇ ਮਰਨਾਂ ਹੈ ਇਹ ਗੱਲ ਕਿਸੇ ਦੇ ਵੀ ਯਾਦ ਨਹੀ ਹੈ। ਉਹ ਸੋਚ ਰਹੀ ਸੀ ਕੇ ਅੱਜ ਦੇ ਮਤਲਵੀ ਮਨੁੱਖ ਦਾ ਇੱਕੋ ਹੀ ਮਕਸਦ ਹੈ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ ਦੂਸਰਿਆਂ ਨੂੰ ਕਤਲ ਕਰ ਦੇਣਾਂ ,ਖਤਮ ਕਰ ਦੇਣਾਂ ਹੈ।ਮਨੁੱਖ ਦੀ ਹੋਂਦ ਲਈ ਮਨੁੱਖ ਹੀ ਸਭ ਤੋਂ ਵੱਡਾ ਖਤਰਾ ਹੈ।ਇੱਕ ਮਨੁੱੰਖ ਹੀ ਦੂਸਰੇ ਮਨੁੱਖ ਨੂੰ ਦੇਖ ਕੇ ਰਾਜੀ ਨਹੀ ਹੈ ਕੇ ਉਹ ਸੌਖੀ ਰੋਟੀ ਖਾਦਾ ਹੈ ।ਫਿਰ ਦੇਸ ਦੇ ਲੀਡਰ ਤਾਂ ਭਲਾਂ ਲੀਡਰ ਹਨ ਉਹ ਇਹਨਾਂ ਗੱਲਾਂ ਨੂੰ ਕਿਵੇਂ ਬਰਦਾਸਤ ਕਰ ਸਕਦੇ ਹਨ।ਅਖੀਰ ਇੱਕ ਦੇਸ ਦੀ ਦੋ ਟੁਕੜਿਆਂ ਵਿੱਚ ਵੰਡ ਹੋ ਜਾਵੇਗੀ।ਉਹ ਸੋਚ ਰਹੀ ਸੀ।ਸਰਕਾਰਾਂ ਤਾਂ ਇਸ ਗੱਲ ਦਾ ਲਾਹਾਂ ਲੈਦੀਆਂ ਹਨ।ਪਰ ਦੇਸ ਦੀ ਵੰਡ ਤੋਂ ਬਾਅਦ ਆਮ ਲੋਕ ਵਿੱਚ ਜੋ ਪਿਆਰ ਤੇ ਭਾਈਚਾਰਾ ਹੈ।ਉਹ ਕਦੇ ਵੀ ਇੱਕ ਦੂਸਰੇ ਨੂੰ ਮਿਲ ਨਹੀ ਸੱਕਣਗੇ।ਉਹ ਸਦਾ ਲਈ ਇੱਕ ਦੂਸਰੇ ਦੀਆਂ ਨਜਰਾਂ ਤੋਂ ਦੂਰ ਹੋ ਜਾਣਗੇ।ਓਜਲ ਹੋ ਜਾਣਗੇ ।ਇਸ ਵੰਡ ਵਿੱਚ ਮਨੁੱਖੀ ਕਦਰਾਂ ਕੀਮਤਾਂ ਦਾ ਭਾਣ ਹੋ ਜਾਵੇਗਾ।
ਮੇਰਾ ਤ੍ਰਿਲੋਚਨ ਮੇਰੇ ਤੋਂ ਸਦਾ ਲਈ ਵੱਖ ਕਰ ਦਿੱਤਾ ਜਾਵੇਗਾ।ਹਾਏ ਉਸਦੇ ਦਿਲ ਵਿੱਚੋਂ ਇੱਕ ਡੂੰਗੀ ਆਹ ਨਿਕਲੀ ਤੇ ਉਹ ਰਾਤ ਦੇ ਹਨੇਰੇ ਵਿੱਚ ਪਿੱਪਲ ਦੀ ਜੜ ਨਾਲ ਲੱਗ ਕੇ ਬੈਠ ਗਈ।ਤੇਜ ਹਵਾ ਦੇ ਬੁੱਲੇ ਨਾਲ ਪਿੱਪਲ ਦੇ ਸੁੱਕੇ ਪੱਤੇ ਖੜ ਖੜ ਕਰਕੇ ਇਸ ਤਰਾਂ ਗਿਰੇ ............
ਜਿਵੇ ? ਆਉਣ ਵਾਲੇ ਸਮੇ ਦਾ ਮਾਤਮ ਮਨਾ ਰਹੇ ਹੋਣ ............
ਸਲਮਾਂ ਦੇ ਅੰਦਰੋ ਇੱਕ ਟੀਸ ਉੱਠੀ  ਤੇ ਉਹ ਧਾਹਾਂ ਮਾਰ ਕੇ ਰੋਣ ਲੱਗ ਪਈ ਸੀ।
ਤ੍ਰਿਲੋਚਨ ਨੇ ਆ ਕੇ ਉਸਦੇ ਮੋਢੇ ਤੇ ਹੱਥ ਧਰਿਆ ਹੀ ਸੀ ਕੇ ਸਲਮਾਂ ਉਸਦੀਆਂ ਬਾਂਹਾਂ ਵਿੱਚ ਫੁੱਟ ਫੁੱਟ ਕੇ ਰੋਣ ਲੱਗ ਪਈ ਸੀ।ਤ੍ਰਿਲੋਚਨ ਸਭ ਕੁੱਝ ਜਾਣਦਾ ਹੋਇਆ ਵੀ ਉਸਨੂੰ ਸਮਝਾ ਰਿਹਾ ਸੀ।ਸਲਮਾਂ ਤੂੰ ਫਿਕਰ ਨਾਂ ਕਰ ਸਭ ਕੁੱਝ ਠੀਕ ਹੋ ਜਾਵੇਗਾ।ਆਪਾਂ ਕਦੇ ਵੀ ਵੱਖ ਨਹੀ ਹੋਵਾਂਗੇ।ਆਪਾ ਦੋ ਸਰੀਰ ਇੱਕ ਜਾਨ ਹਾਂ।ਆਪਾਂ ਨੂੰ ਕਦੇ ਕੋਈ ਵੀ ਵੱਖ ਨਹੀ ਕਰ ਸਕਦਾ।ਰਹੀ ਗੱਲ ਦੇਸ ਦੀ ਵੰਡ ਦੀ ਜਦੋ ਵੰਡ ਹੋਵੇਗੀ।ਉੱਦੋਂ ਸਾਰੇ ਮੁਸਲਮਾਨ ਲੋਕ ਪਾਕਿਸਤਾਨ ਨਹੀ ਚਲੇ ਜਾਣਗੇ ।ਬਹੁਤੇ ਲੋਕ ਲੁਕ- ਸਿਪ ਕੇ ਦੇਸ ਦੇ ਅੰਦਰ ਹੀ ਰਹਿ ਜਾਣਗੇ।ਜਿੰਨਾਂ ਲੋਕਾਂ ਦਾ ਪਿਆਰ ਇੱਥੋਂ ਦੇ ਲੋਕਾਂ ਨਾਲ ਹੈ ਉਹ ਭਲਾਂ ਕਿਵੇਂ ਉਹਨਾਂ ਨੂੰ ਇੱਥੋਂ ਜਾਣ ਦੇ ਦੇਣਗੇ।ਰੱਬ ਕਰੇ ਦੇਸ ਦੀ ਵੰਡ ਨਾਂ ਹੋਵੇ ।ਸਲਮਾਂ ਜੇਕਰ ਵੰਡ ਹੋਈ ਵੀ ਤਾਂ ਮੈਂ ਤੈਨੂੰ ਐਹੋ ਜੇ ਥਾਂ ਤੇ ਲਕੋ ਕੇ ਰੱਖਾਂਗਾ ਜਿੰਨਾਂ ਚਿਰ ਮਸਲਾ ਠੰਡਾਂ ਨਹੀ ਹੋ ਜਾਦਾ ।ਕਿਸੇੇ ਨੂੰ ਤੇਰੇ ਐਥੇ ਹੋਣ ਦੀ ਭਾਫ ਤੱਕ ਨਾਂ ਨਿਕਲੇ।ਸਮਾਂ ਪਾ ਕੇ ਤਾਂ ਵੱਡੇ ਵੱਡੇ ਮਸਲੇ ਸਾਂਤ ਹੋ ਜਾਦੇ ਹਨ ਇਹ ਵੰਡ ਵਾਲਾ ਮਸਲਾ ਵੀ ਸਾਂਤ ਹੋ ਜਾਵੇਗਾ।ਫੇਰ ਤੈਨੂੰ ਇੱਥੇ ਰਹਿਣ ਵਾਸਤੇ ਕੋਈ ਡਰ -ਡੁੱਕਰ ਨਹੀ ਰਹੇਗਾ।ਫੇਰ ਆਪਾਂ ਨੂੰ ਕੋਈ ਵੀ ਇੱਕ ਦੂਸਰੇ ਤੋਂ ਵੱਖ ਨਹੀ ਕਰ ਸਕੇਗਾ।
ਪ੍ਰੰਤੂ ਸੱਚ ਇਹ ਸੀ ਕੇ ਤ੍ਰਿਲੋਚਨ ਖੁਦ ਵੀ ਅੰਦਰੋ ਹਿੱਲਿਆ ਪਿਆ ਸੀ।ਟੁੱਟ ਚੁੱਕਿਆ ਸੀ।ਉਸਨੂੰ ਸਭ  ਪਾਸੇ ਕੁੱਪ ਹਨੇਰਾ ਹੀ ਨਜਰ ਆ ਰਿਹਾ ਸੀ।ਉਸਦਾ ਦਿਲ ਡੁੱਬ ਮਰਨ ਨੂੰ ਕਰਦਾ ਸੀ।ਭੁੱਬਾਂ ਮਾਰ ਕੇ ਰੋਣ ਨੂੰ ਕਰਦਾ ਸੀ।ਅਣ ਦੱਸੀ ਥਾਂ ਤੇ ਭੱਜ ਜਾਣ ਨੂੰ ਕਰਦਾ ਸੀ।ਪ੍ਰੰਤੂ ਉਸਨੂੰ ਪਤਾ ਸੀ। ਕੇ ਜੇਕਰ ਉਸਨੇ ਇਸ ਤਰਾਂ ਕੀਤਾ ਤਾਂ ਸਲਮਾਂ ਅੰਦਰੋ ਟੁੱਟ ਜਾਵੇਗੀ।ਜੱਫੀ ਵਿੱਚ ਸਲਮਾਂ ਨੂੰ ਉਸਨੇ ਹੋਰ ਵੀ ਘੁੱਟ ਲਿਆ ਸੀ।
ਤ੍ਰਿਲੋਚਨ ਕੀ ਇਹ ਵੰਡ ਹੋਣੋ ਰੁਕ ਨਹੀ ਸਕਦੀ।
ਸਾਇਦ ਨਹੀ"
ਕਿਉਂ?
ਕਿਉਂ ਕਿ ਇਹਨਾਂ ਦੇ ਦਿਲਾਂ ਵਿੱਚ ਦਰਾੜਾਂ ਪੈ ਚੁੱਕੀਆਂ ਨੇ.........
ਮਨੁੱਖ ਨੂੰ ਮਨੁੱਖ ਦੀ ਕੋਈ ਪਰਖ ਨਹੀ ਰਹੀ।ਇਨਸਾਨੀਅਤ ਖਤਮ ਹੋ ਚੁੱਕੀ ਹੈ।ਇਸ ਲਈ ਵੰਡ ਯਕੀਨੀ ਏ,
ਤ੍ਰਿਲੋਚਨ ਮੈਨੂੰ ਭੁੱਲ ਨਾਂ ਜਾਵੀਂ ......
ਮੈ ਤਾਂ ਕਦੇ ਵੀ ਤੈਨੂੰ ਭੁੱਲ ਨਹੀ ਸਕਾਂਗੀ।
ਹੁਣ ਤਾਂ ਸਾਇਦ ਅਗਲੇ ਜਨਮ ਵਿੱਚ ਹੀ ਮੇਲੇ ਹੋਣਗੇ।
ਇਹਨਾਂ ਕਹਿ ਕੇ ਸਲਮਾਂ ਹੁੱਬਕੀ ਹੁੱਬਕੀ ਰੋਣ ਲੱਗ ਪਈ ਸੀ।ਤੇ ਫੇਰ ਕਿੰਨਾਂ ਹੀ ਚਿਰ ਚੁੱਪ ਵਰਤੀ ਰਹੀ ਸੀ।ਦਰੱਖਤਾਂ ਉੱਪਰ ਬੈਠੇ ਜਾਨਵਰ ਖਾਮੋਸ਼ ਹੋ ਗਏ ਸਨ।ਪਾਣੀ ਖਾਮੋਸ ਸੀ।ਅਕਾਸ਼ ਖਾਮੋਸ ਸੀ।ਜਿਵੇਂ? ਸਭ ਮਾਤਮ ਮਨਾ ਰਹੇ ਹੋਣ ਉਹਨਾਂ ਦੇ ਵਿਛੜਨ ਦਾ ......
ਅਚਾਨਕ ਕਿੱਕਰ ਦੇ ਸੁੱਕੇ ਰੁੱਖ ਤੋਂ ਕੋਂਚਰੀ ਬੋਲੀ ਸੀ।ਤੇ ਕਿਸੇ ਦੂਰ ਟਿੱਪ ਚੋਂ ਗਿੱਦੜ ਦੇ ਹੁਆਂਕਣ ਦੀ ਅਵਾਜ ਆਈ ਸੀ।ਸਲਮਾਂ ਨੇ ਭਿਆਨਕ ਅਵਾਜ ਸੁਣਕੇ ਤ੍ਰਿਲੋਚਨ ਨੂੰ ਆਪਣੀਆ ਬਾਂਹਾਂ ਵਿੱਚ ਘੁੱਟ ਲਿਆ ਸੀ।ਤੇ ਫੇਰ ਕਿੰਨਾਂ ਹੀ ਚਿਰ ਰੋਦੀ ਰਹੀ ਸੀ।
ਤ੍ਰਿਲੋਚਨ ਨੇ ਉਸਨੂੰ ਦਿਲਾਸਾ ਦੇ ਰਿਹਾ ਸੀ। ਸਲਮਾਂ ਭਾਵੇਂ ਚਾਰੇ ਪਾਸੇ ਅੱਗ ਮੱਚੀ ਹੋਈ ਹੈ।ਇਹ ਵੰਡ ਐਨੀ ਛੇਤੀ ਹੋਣ ਵਾਲਾ ਮਸਲਾ ਨਹੀ ਹੈ।ਇਸਨੂੰ ਤਾਂ ਵਰੇ ਲੱਗ ਜਾਣੇ ਨੇ, ਉੱਦੋਂ ਨੂੰ ਪਤਾ ਨਹੀ ਕਿਹੜੇ ਰਾਜੇ ਦੀ ਪਰਜਾ ਆਊਗੀ। ਇਸ ਗੱਲ ਨੂੰ ਲੈ ਕੇ ਤੂੰ ਆਪਣਾਂ ਮਨ ਨਾਂ ਹੌਲਾ ਕਰਿਆ ਕਰ, ਬਾਕੀ ਹੋਣਾਂ ਉਹੀ ਹੈ ਜੋ ਪ੍ਰਮਾਤਮਾਂ ਨੂੰ ਮਨਜੁਰ ਹੈ।
ਅਚਾਨਕ ਹੀ ਦੇਸ ਦੀ ਵੰਡ ਦਾ ਮਸਲਾ ਭਖ ਗਿਆ ਸੀ।ਰੇਡੀਓ ਤੇ ਵਾਰ ਵਾਰ ਪ੍ਰਸਾਰਿਤ ਕੀਤਾ ਜਾ ਰਿਹਾ ਸੀ।ਆਪਸੀ ਭਾਈਚਾਰੇ ਨੂੰ ਬਣਾ ਕੇ ਰੱਖਿਆ ਜਾਵੇ ।ਤਾਂ ਜੋ ਮਾਹੌਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ ਕਈ ਥਾਵਾਂ ਤੇ ਸਰਾਰਤੀ ਅਨਸਰਾਂ ਵੱਲੋਂ ਮਾਰ ਧਾੜ ਦੀਆਂ ਖਬਰਾਂ ਵੀ ਪ੍ਰਸਾਰਿਤ ਹੋ ਰਹੀਆਂ ਸਨ ।ਗੁੰਢਾ ਅਨਸਰਾਂ ਵੱਲੋਂ ਇਸ ਮਾੜੇ ਮਾਹੌਲ ਦਾ ਫਾਇਦਾ ਉਠਾ ਕੇ ਲੜਕੀਆਂ ਅਤੇ ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤੇ ਜਾ ਰਹੇ ਸਨ ।ਦਿਨ ਬ ਦਿਨ ਮਾਹੌਲ  ਖਰਾਬ ਹੋ ਰਿਹਾ ਸੀ। ਸਰਕਾਰਾਂ ਦੇ ਹੱਥ ਬਸ ਵੀ ਬਹੁਤਾ ਕੁੱਝ ਨਹੀ ਰਿਹਾ ਸੀ। ਧੀਆਂ ਭੈਣਾਂ ਦੀ ਸਰੇ ਆਮ ਬੇ ਪਤੀ ਹੋ ਰਹੀ ਸੀ।ਮੁਸਲਮਾਨਾਂ ਨੂੰ ਦੇਸ ਵਿੱਚੋਂ ਬਾਹਰ ਜਾਣ ਦੇ ਆਦੇਸ਼ ਦੇ ਦਿੱਤੇ ਗਏ ਸਨ।ਪਰ ਐਨੀ ਛੇਤੀ ਕੋਈ ਪ੍ਰਬੰਧ ਵੀ ਤਾਂ ਨਹੀ ਹੋ ਰਿਹਾ ਸੀ।ਉਹਨਾਂ ਨੂੰ ਹਿਫਾਜਤ ਨਾਲ ਕੈਂਪਾ ਵਿੱਚ ਭੇਜਣ ਦਾ ਸਰਕਾਰ ਵੱਲੋਂ ਹੁਕਮ ਵੀ ਜਾਰੀ ਕਰ ਦਿੱਤਾ ਗਿਆ ਸੀ।ਤਾਂ ਜੋ ਉਹਨਾਂ ਨੂੰ ਸੁਰੱਖਿਅਤ ਆਪਣੇ ਮੁਲਕ ਵਿੱਚਣ ਭੇਜਿਆ ਜਾ ਸਕੇ।ਚਾਰੇ ਪਾਸੇ ਅੱਗ ਲੱਗੀ ਹੋਈ ਸੀ।ਕਿਸੇ ਨੂੰ ਵੀ ਕੁੱਝ ਪਤਾ ਨਹੀ ਲੱਗ ਰਿਹਾ ਸੀ।ਚਾਰੇ ਪਾਸੇ ਲੜਾਈ,ਅੱਗਾਂ ਲੱਗਣ ,ਵੱਢਾ ਕੱਟੀ ਅਤੇ ਸਮੂਹਿਕ ਬਲਾਤਕਾਰਾਂ ਦੀਆਂ ਹੀ ਖਬਰਾਂ ਆ ਰਹੀਆਂ ਸਨ।ਔਰਤਾਂ ਲਈ ਇਹ ਸਮਾਂ ਖਾਸ ਕਰ ਨਰਕਾਂ ਭਰਿਆ ਸੀ।ਜਿੰਨਾਂ ਦੀ ਜਿੰਦਗੀ ਬਿਨਾਂ ਕਸੂਰ ਤੋਂ ਬਲਾਤਕਾਰਾਂ ਦੀ ਭੇਟ ਚੜ ਗਈ ਸੀ।ਭਾਈਚਾਰਾ ਖਤਮ ਹੋ ਗਿਆ ਸੀ।ਇਨਸਾਨਿਅਤ ਦਾ ਘਾਣ ਹੋ ਰਿਹਾ ਸੀ।ਸਰਕਾਰ ਵੱਲੋਂ ਜਦੋ ਗੱਲ ਕਾਬੂ ਤੋਂ ਬਾਹਰ ਹੋ ਗਈ ਸੀ।ਤਾਂ ਕਰਫਿਊ ਦੇ ਆਦੇਸ ਜਾਰੀ ਕਰ ਦਿੱਤੇ ਗਏ ਸਨ।ਤਾਂ ਜੋ ਹਰ ਹੀਲੇ ਸਾਂਤੀ ਬਣਾਈ ਜਾ ਸਕੇ ਡਰ ਦਾ ਮਾਰਿਆ ਕੋਈ ਬਾਹਰ ਨਹੀ ਨਿਕਲ ਰਿਹਾ ਸੀ।ਤ੍ਰਿਲੋਚਨ ਆਪਣਾਂ ਆਪ ਗੁਆਈ ਬੈਠਾ ਸੀ। ਪਿੰਡ ਦੇ ਲੋਕਾਂ ਤੋਂ ਬਚਨ ਦੀਆਂ ਕੋਸਿਸਾਂ ਕਰਦੇ ਕਰਦੇ ਆ ਨਵੀ ਬਲਾ ਗਲ ਪੈ ਗਈ ਸੀ। ਡਰ ਅਤੇ ਚਿੰਤਾਂ ਨਾਲ ਉਸਦਾ ਬੁਰਾ ਹਾਲ ਸੀ। ਉਹ ਸੋਚ ਰਿਹਾ ਸੀ ਪਤਾ ਨਹੀ ਕੀ ਬਣੇਗਾ। ਸਲਮਾਂ ਕਿਸ ਹਾਲ ਵਿੱਚ ਹੋਵੇਗੀ । ਹੁਣ ਤਾਂ ਰੋਲ਼ੇ ਕਾਰਣ ਉਹ ਕਈ ਦਿਨਾਂ ਦਾ ਉਸ ਨੂੰ ਮਿਲ ਵੀ ਨਹੀ ਸਕਿਆ ਸੀ। ਪਿੰਡ ਵਿੱਚ ਕਰਫਿਊ ਲੱਗਾ ਹੋਣ  ਕਾਰਣ ਉਹ ਵੀ ਕਈ ਦਿਨਾਂ ਦਾ ਘਰੋ ਬਾਹਰ ਹੀ ਨਹੀ ਨਿਕਲਿਆ ਸੀ। ਅੱਜ ਪਿੰਡ ਦੇ ਲੋਕਾਂ ਨੂੰ ਸਮਾਨ ਖਰੀਦਣ ਲਈ ਦੋ ਘੰਟਿਆਂ ਦੀ ਖੁੱਲ ਦਿੱਤੀ ਗਈ ਸੀ।ਤ੍ਰਿਲੋਚਨ ਬਿੰਦੀ ਨੂੰ ਨਾਲ ਲੈ ਕੇ ਮੁਸਲਮਾਨਾਂ ਦੇ ਘਰਾਂ ਵੱਲ ਗਿਆ ਸੀ।ਰਾਸਤੇ ਵਿੱਚ ਉਹ ਸੁੱਖਾਂ ਹੀ ਸੁੱਖਦਾ ਜਾ ਰਿਹਾ ਸੀ।ਰੱਬ ਕਰੇ ਕੋਈ ਮਾੜੀ ਘਟਣਾਂ ਨਾਂ ਵਾਪਰੀ ਹੋਵੇ ।ਓ ਰੱਬਾ ਸਲਮਾਂ ਸਲਾਮਤ ਹੋਵੇ।ਗੱਲਾਂ ਕਰਦੇ ਕਰਦੇ ਹੀ ਉਹ ਮੁਸਮਾਨਾਂ ਦੇ ਘਰਾਂ ਕੋਲ  ਜਾ ਪਹੁੰਚੇ ਸਨ।ਘਰ ਉਜਾੜ ਬਣੇ ਪਏ ਸਨ ਤਖਤੇ ਟੁੱਟੇ ਪਏ ਸਨ।ਸਭ ਕੁੱਝ ਖਿਲਰਿਆ ਪਿਆ ਸੀ।ਪਸੂ ਡੰਗਰ ਵੀ ਤੜਾ ਤੜਾ ਪਤਾ ਨਹੀ ਕਿਧਰ ਚਲੇ ਗਏ ਸਨ।ਜਾਂ ਉਹ ਖੁਦ ਹੀ ਨਾਲ ਲੈ ਗਏ ਸਨ ।ਰੱਬ ਹੀ ਜਾਣੇ......    ਇਹ ਕੀ ਭਾਣਾਂ ਵਰਤ ਗਿਆ ਸੀ।
ਰੱਬਾ ਮੈਂ ਹੁਣ ਉਸਨੂੰ ਕਿੱਥੌਂ ਲੱਭਾਗਾਂ।ਤ੍ਰਿਲੋਚਨ ਤਾਂ ਉੱਥੇ ਹੀ ਬੈਠ ਕੇ ਬੁੜੀਆਂ ਵਾਂਗ ਵੈਂਣ ਪਾਉਣ ਲੱਗ ਪਿਆ ਸੀ। ਬਿੰਦੀ ਨੇ ਉਸਨੂੰ ਉਠਾਉਂਿਦਆਂ ਕਿਹਾ ਚੱਲ ਆਪਾਂ ਉਹਨਾਂ ਦੀ ਭਾਲ ਕਰੀਏ ਖੋਰੇ ਕੋਈ ਥੌਹ ਪਤਾ ਲੱਗ ਹੀ ਜਾਵੇ। ਦੋ ਘੰਟੇ ਉਹ ਸਲਮਾਂ ਤੇ ਉਸਦੇ ਪਰਿਵਾਰ ਭਾਲ ਵਿੱਚ ਅੱਕੀ ਪਲਾਹੀ ਹੱਥ ਮਾਰਦੇ ਰਹੇ ਪਰ ਉਹਨਾਂ ਦੇ ਹੱਥ ਪੱਲੇ ਸਿਵਾਏ ਮਾਜੂਸੀ ਦੇ ਕੁੱਝ ਵੀ ਨਹੀ ਲੱਗਾ ਸੀ।ਥੱਕ ਹਾਰ ਕੇ ਉਹ ਕਰਫਿਊ ਤੌਂ ਪਹਿਲਾਂ ਘਰ ਆ ਗਏ ਸਨ।ਬਹੁਤ ਲੰਮਾਂ ਸਮਾਂ ਚੱਲਿਆ ਇਹ ਵੰਡ ਦਾ ਮਸਲਾ ਹੁਣ ਸਾਂਤ ਹੋ ਗਿਆ ਸੀ।ਤ੍ਰਿਲੋਚਨ ਹਰ ਰੋਜ ਕੈਂਪਾ ਵਿੱਚ ਰਹਿ ਰਹੇ ਮੁੁਸਲਮਾਨਾਂ ਨੂੰ ਪਾਕਿਸਤਾਨ ਪਹਿਚਾਉਣ ਦੀਆਂ ਖਬਰਾਂ ਵੀ ਰੇਡੀਓ ਤੇ ਸੁਣਦਾ ਸੀ।ਪਰ ਸਲਮਾਂ ਤੇ ਉਸਦੇ ਪਰਿਵਾਰ ਦਾ ਉਸਨੂੰ ਕਦੇ ਵੀ ਕੋਈ ਥਹੁ ਪਤਾ ਨਹੀ ਲੱਗਾ ਸੀ।ਦੋਹਾਂ ਦੇਸ਼ਾਂ ਦੀ ਵੰਡ ਹੋ ਚੁੱਕੀ ਸੀ।ਲੜਾਈਆਂ ਅਤੇ ਵੱਢਾ ਟੁੱਕੀ ਦੀਆਂ ਵਾਰਦਾਤਾਂ ਵਾਲਾ ਮਸਲਾ ਵੀ ਹੁਣ ਤੱਕ ਜਮਾਂ ਈ ਸਾਂਤ ਹੋ ਚੁੱਕਾ ਸੀ। ਹੁਣ ਤਾਂ ਉਹ ਥੱਕ ਹਾਰ ਕੇ ਹੌਸਲਾਂ ਹੀ ਢਾਹ ਬੈਠਾ ਸੀ।ਸਲਮਾਂ ਦੀ ਕਹਾਣੀ ਤਾਂ ਉਸ ਲਈ ਹੁਣ ਉਹ ਗੱਲ ਹੋ ਗਈ ਸੀ।
ਰਾਤ ਗਈ ਬਾਤ ਗਈ।ਸਲਮਾਂ ਨੂੰ ਯਾਦ ਕਰਕੇ ਉਹ ਬੁੜੀਆਂ ਵਾਂਗ ਵੈਂਣ ਪਾ ਪਾ ਕੇ ਖੇਤ ਇਕੱਲਾ ਬੈਠ ਕੇ ਰੋਦਾਂ ਰਹਿੰਦਾ ਸੀ।ਉਹ ਸਮਝ ਗਿਆ ਸੀ ।ਉਸਦੀ ਜਿੰਦਗੀ ਦੀ ਪਹਿਲੀ ਤੇ ਆਖਰੀ ਆਸ ਖਤਮ ਹੋ ਗਈ ਸੀ ।ਮੁੱਕ ਗਈ ਸੀ।ਸਲਮਾਂ ਦੇ ਨਾਲ ਬਿਤਾਏ ਦਿਨ ਯਾਦ ਕਰਕੇ ਉਹ ਧਾਹਾਂ ਮਾਰ ਮਾਰ ਕੇ ਰੋਦਾਂ  ਸੀ।ਪਰ ਬੀਤਿਆਂ ਸਮਾਂ ਵਾਪਿਸ ਨਹੀ ਆ ਸਕਦਾ ਸੀ।ਸਲਮਾਂ ਉਸਦੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਕਿਸੇ ਹੋਰ ਦੁਨੀਆਂ ਕਿਸੇ ਹੋਰ ਦੇਸ ਚਲੀ ਗਈ ਸੀ।ਜਿਸ ਦੀ ਯਾਦ ਵਿੱਚ ਉਸਨੇ ਵਿਆਹ ਵੀ ਨਹੀ ਕਰਵਾਇਆ ਸੀ।ਉਸਨੇ ਸਾਰੀ ਉਮਰ ਉਸ ਦੀਆਂ ਯਾਦਾਂ ਦੇ ਸਹਾਰੇ ਜਿਉਣ ਦਾ ਫੈਸਲਾ ਕਰ ਲਿਆ ਸੀ।ਸਮਾਂ ਆਪਣੀ ਚਾਲੇ ਚਲਦਾ ਰਿਹਾ ਸੀ।
ਉਮਰ ਬੀਤ ਗਈ ਬੀਬਾ ਉਸਦੀ ਉਡੀਕ ਵਿੱਚ ਪਰ ਸਲਮਾ ਨੇ ਕਿੱਥੋਂ ਆਉਣਾਂ ਸੀ।ਪਾਕਿਸਤਾਨ ਵਿੱਚ ਪਤਾ ਨਹੀ ਕਿੱਥੇ ਕਿਸ ਹਾਲਤ ਵਿੱਚ ਹੋਵੇਗੀ।ਕਿਸ ਪਿੰਡ ਵਿੱਚ ਹੋਵੇਗੀ ਕੀ ਕਰਦੀ ਹੋਵੇਗੀ।ਜਿਉਂਦੀ ਹੈ ਜਾਂ ਮਰਗੀ ਇਹ ਸਭ ਤਾਂ ਅੱਲਾ ਹੀ ਜਾਣਦਾ?
ਅੱਲਾ ਉਸਦੀ ਉਮਰ ਦਰਾਜ ਕਰੇ।ਇਸ ਚੰਦਰੇ ਸਮਾਜ ਦੀ ਪਤਾ ਨਹੀ ਕਿੰਨੇ ਪ੍ਰੇਮੀ ਭੇਟ ਚੜ ਚੁੱਕੇ ਨੇ ਕੋਈ ਨਹੀ ਜਾਣਦਾ ਬੀਬਾ.........
ਇਹਨਾਂ ਕਹਿ ਕੇ ਬਾਬਾ ਅੱਖਾਂ ਭਰ ਆਇਆ ਸੀ।ਤੇ ਧੂਣੀ ਤੋਂ ਉਠਦਿਆਂ ਬਾਬੇ ਨੇ ਖੇਸ ਦੀ ਬੁੱਕਲ ਮਾਰੀ ਤੇ ਕੁੱਝ ਸਬਦ ਗੁਣਗਣਾਉਂਦਾ ਹੋਇਆ ਘਰ ਵੱਲ ਤੁਰ ਪਿਆ।
ਕਿਹੜੇ ਯੁੱਗ ਵਿੱਚ ਹੋਣਗੇ ਵਿਛੜਿਆਂ ਦੇ ਮੇਲੇ
ਵਿਛੜਿਆਂ ਦੇ ਮੇਲੇ ਓ ਰੱਬਾ ਵਿਛੜਿਆਂ ਦੇ ਮੇਲੇ
ਠੰਡ ਬਹੁਤ ਹੋ ਚੁੱਕੀ ਸੀ।ਧੂਣੀ ਤੇ ਬੈਠੇ ਸਾਰੇ ਮੁੰਡਿਆਂ ਦਾ ਬਜੁਰਗ ਬਾਬੇ ਦੀ ਕਹਾਣੀ ਸੁਣਕੇ ਮਨ ਭਰ ਅਾਇਆ ਸੀ।ਚਾਰੇ ਪਾਸੇ ਸਮਸਾਨ ਜਿਹੀ ਚੁੱਪ ਪਸਰ ਗਈ ਸੀ।ਬਾਬਾ ਆਪਣੇ ਦਰਦ ਦੀ ਦਾਸਤਾਨ ਦੱਸ ਕੇ ਆਪਣਾਂ ਮਨ ਤਾਂ ਹੌਲਾ ਕਰ ਗਿਆ ਸੀ।ਪ੍ਰੰਤੂ ਸਾਨੂੰ ਸਦਾ ਲਈ ਇੱਕ ਡੂੰਗੀ ਟੀਸ ਵੀ ਦੇ ਗਿਆ ਸੀ।ਜੋ ਸਦਾ ਸਾਡੇ ਦਿਲਾਂ ਤੇ ਛਾਈ ਰਹੇਗੀ।ਕੇ ਬਾਬੇ ਨਾਲ ਬਹੁਤ ਮਾੜਾ ਹੋਇਆ ਸੀ।ਵੰਡ ਨੂੰ ਪੈਂਹਟ ਸਾਲ ਹੋ ਗਏ ਸਨ ਬਾਬਾ ਅੱਜ ਵੀ ਸਲਮਾਂ ਦੀ ਯਾਦ ਨੂੰ ਆਪਣੀ ਰੂਹ ਅੰਦਰ ਵਸਾਈ ਬੈਠਾ ਸੀ।ਰਾਤ ਕਾਫੀ ਬੀਤ ਚੁੱਕੀ ਸੀ।
ਅਕਾਸ ਸਾਫ ਸੀ।ਮੈ ਅੱਗ ਫੋਲਕੇ ਦੇਖੀ ਕੋਈ ਕੋਈ ਕੋਇਲਾ ਹੀ ਗਰਮ ਸੀ।ਭਰੇ ਹੋਏ ਮਨ ਨਾਲ ਸਾਰੇ ਧੂਣੀ ਤੋਂ ਉੱਠੇ ਕੋਈ ਵੀ ਕਿਸੇ ਨਾਲ ਨਹੀ ਬੋਲਿਆ ਸੀ।ਖੇਸਾਂ ਦੀਆਂ ਬੁੱਕਲਾਂ ਮਾਰੀ ਆਪੋ ਆਪਣੇ ਰਸਤੇ ਪੈ ਗਏ।ਤੇ ਹਨੇਰੇ ਵਿੱਚ ਗੁੰਮ ਹੋ ਗਏ।
ਮੈਂ ਘਰ ਆ ਕੇ ਕਾਫੀ ਦੇਰ ਤੱਕ ਬਾਬੇ ਬਾਰੇ ਸੋਚਦਾ ਰਿਹਾ ਸੀ।ਤੇ ਫੇਰ ਪਤਾ ਨਹੀ ਕਦੋ ਮੇਰੀ ਅੱਖ ਲੱਗ ਗਈ ਸੀ।

ਜਸਵੀਰ ਸਿੱਧੂ ਬੁਰਜ ਸੇਮਾਂ
ਮੋਬ  98558 11260