ਮੇਰੀ ਇੱਛਾ ਤੇਰੀ ਇੱਛਾ-ਕਹਾਣੀ - ਸੰਦੀਪ ਕੁਮਾਰ ਨਰ ਬਲਾਚੌਰ

ਅਜਿਹਾ ਗੋਰਾ, ਉੱਚਾ, ਜਵਾਨ ਮੁੰਡਾ; ਇੰਨਾ ਮੰਨ ਲਓ ੨੦-੨੫ ਲੋਕਾਂ ਦੇ ਕੋਲ ਖੜਾ ਹੋਵੇ ਤਾਂ ਵੱਖਰਾ ਹੀ ਨਜ਼ਰ ਆ ਜਾਵੇ। ਜਸਵੰਤ ਦਾ ਮਨ ਪੜ੍ਹਾਈ ਵਿੱਚ ਘੱਟ, ਉਸਦਾ ਤਾਂ ਧਿਆਨ ਸਿਰਫ ਫੁੱਟਬਾਲ ਖੇਡਣ ਵਿੱਚ ਹੀ ਲੱਗਦਾ ਸੀ ।ਉਸ ਦੇ ਪਿੰਡ ਵਿੱਚ ਲੋਕ ਫੁਟਬਾਲ ਨੂੰ ਹੀ ਪਹਿਲ ਦਿੰਦੇ ਸਨ । ਉਹ ਕਦੇ-ਕਦੇ ਕਾਲਜਾਂ ਦੇ ਵੱਲੋਂ ਸਟੇਟ ਲੈਵਲ ਉੱਤੇ ਖੇਡਣ ਜਾਂਦਾ।
ਉਸ ਨੂੰ ਸ਼ਹਿਰ ਵਿੱਚ ਹਰਦੀਪ ਨਾਂ ਦਾ ਇੱਕ ਵਿਅਕਤੀ ਮਿਲਿਆ । ਉਸ ਨੂੰ ਕਹਿਣ ਲਗਾ, "ਜਸਵੰਤ ਤੂੰ ਪੜ੍ਹ੍ਹਾਈ ਉੱਤੇ ਧਿਆਨ ਦਿੱਤੈ ਕਦੇ," ਜਸਵੰਤ ਨੇ ਅੱਗੋਂ ਇੱਜਤ ਨਾਲ ਕਿਹਾ, "ਚਾਚਾ ਜੇਕਰ ਮੈ ਪੜ੍ਹਾਈ ਵਿੱਚ ਜ਼ਿਆਦਾ ਚੰਗਾ ਨਹੀਂ ਹਾਂ ਤਾਂ ਮੇਰੀ ਪੜ੍ਹਾਈ ਇੰਨੀ ਘੱਟ ਵੀ ਨਹੀਂ ਹੈ , ਤੁਸੀਂ ਮੇਰਾ ਕਦੇ ਫੁਟਬਾਲ ਦਾ ਮੈਚ ਵੇਖਿਆ ਨਹੀ ਹੋਵੇਗਾ ।" ਹਰਦੀਪ ਨੇ ਕਿਹਾ, "ਅਜਿਹੀ ਗੱਲ ਨਹੀਂ ਹੈ, ਅਸੀਂ ਕਈ ਵਾਰ ਤੇਰਾ ਮੈਚ ਵੇਖਿਆ ਹੈ, ਤੇਰੇ ਅੱਗੇ ਤਾਂ ਦਸ ਖਿਡਾਰੀ ਨਹੀਂ ਟਿਕਦੇ, ਤੂੰ ਤਾਂ ਮੈਦਾਨ ਵਿੱਚ ਦੂਸਰੀ ਟੀਮ ਦੇ ਛੱਕੇ ਛੁਡਾ ਦਿੰਦਾ ਏਂ, ਮੈਂ ਕਈ ਵਾਰ ਵੇਖਿਆ ਹੈ ।
ਹੁਣ ਜਸਵੰਤ ੧੨ਵੀਂ ਜਮਾਤ ਪਾਸ ਕਰ ਚੁੱਕਿਆ ਸੀ।ਸ਼ਹਿਰ ਦੇ ਕਾਲਜ ਵਿੱਚ ਦਾਖਲ ਹੋ ਚੁੱਕਿਆ ਸੀ।ਸ਼ਹਿਰ ਦੇ ਟੂਰਨਾਮੈਂਟ ਵਿੱਚ ਭਾਗ ਲੈਂਦਾ, ਉਨ੍ਹਾਂ ਦੀ ਟੀਮ ਪਹਿਲਾ ਸਥਾਨ ਹਾਸਲ ਕਰ ਲੈਂਦੀ।ਪਿਤਾ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ।ਇੱਕ ਦਿਨ ਅਚਾਨਕ ਉਸ ਦੇ ਪਿਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।ਹੁਣ ਜਸਬੰਤ ਅਤੇ ਉਸਦੀ ਮਾਂ ਇਕੱਲੇ ਰਹਿ ਗਏ।ਜਸਬੰਤ ਨੇ ਪੜ੍ਹਾਈ ਛੱਡ ਦਿੱਤੀ।ਉਹ ਘਰ ਰਹਿਣ ਲੱਗਾ ਅਤੇ ਆਪਣੇ ਖੇਤਾਂ ਦੀ ਦੇਖਭਾਲ ਕਰਨ ਲਗਾ।
ਮਹਿਕ ਨਾਂ ਦੀ ਕੁੜੀ ਅਕਸਰ ਉਨ੍ਹਾਂ ਦੇ ਘਰ ਆਉਂਦੀ ਜਾਂਦੀ ਸੀ।ਗੁਆਂਢੀ ਹੋਣ ਦੇ ਕਾਰਨ ਕਦੇ - ਕਦੇ ਥੋੜ੍ਹੀਆਂ ਬਹੁਤ ਚੀਜਾਂ ਮੰਗ ਕੇ ਲੈ ਜਾਂਦੀ।ਮਹਿਕ ਜਸਬੰਤ ਦੀ ਮਾਂ ਦੇ ਨਾਲ ਖੇਤੀ ਦਾ ਕੰਮ ਕਰਵਾ ਜਾਂਦੀ । ਉਨ੍ਹਾਂ ਦੇ ਖੇਤਾਂ ਵਿੱਚ ਅੰਬ ਦੇ ਲੱਗਭੱਗ ਦਸ ਦਰਖਤ ਖੜੇ ਸਨ।ਜਦੋਂ ਮੌਸਮ ਆਉਂਦਾ ਉਹ ਅੰਬ ਦੇ ਖੜੇ ਦਰੱਖਤਾਂ ਨੂੰ ਵਪਾਰੀ ਨੂੰ ਵੇਚ ਦਿੰਦੇ ।ਜਿਨ੍ਹਾਂ ਦੀ ਆਮਦਨੀ ਨਾਲ ਘਰ ਦਾ ਗੁਜਾਰਾ ਚੰਗਾ ਚੱਲਦਾ ।
ਇੱਕ ਦਿਨ ਜਸਬੰਤ ਕਿਸੇ ਮਿੱਤਰ ਦੇ ਵਿਆਹ ਵਿੱਚ ਗਿਆ ਸੀ।ਉਸਦੇ ਦੋਸਤਾਂ ਨੇ ਉਸ ਦੇ ਮਨ੍ਹਾ ਕਰਨ ਤੇ ਵੀ ਇੱਕ ਦੋ ਪੈਗ ਸ਼ਰਾਬ ਦੇ ਲਵਾ ਦਿੱਤੇ।ਜਸਬੰਤ ਨੇ ਉਸ ਦਿਨ ਪਹਿਲੀ ਵਾਰ ਸ਼ਰਾਬ ਪੀਤੀ ਸੀ।ਕੁੱਝ ਸਮਾਂ ਉੱਥੇ ਗੁਜਾਰਨ ਤੋ ਬਾਅਦ,ਉਹ ਰਾਤ ਹੁੰਦੇ ਹੀ ਘਰ ਵਾਪਸ ਪਰਤ ਆਇਆ ਅਤੇ ਜਦੋਂ ਉਹ ਸਵੇਰੇ ਉੱਠਿਆ, ਉਸਦਾ ਸਿਰ ਬਹੁਤ ਜ਼ਿਆਦਾ ਦਰਦ ਕਰਨ ਲਗਾ।ਉਸਨੇ ਆਪਣੇ ਆਪ ਨੂੰ ਕਿਹਾ, "ਸ਼ਰਾਬ ਕਿੰਨੀ ਬੁਰੀ ਚੀਜ ਹੈ, ਪੀ ਲਓ ਤਾਂ ਆਰਾਮ, ਜਦੋਂ ਉੱਤਰ ਜਾਵੇ ਤਾਂ ਆਦਮੀ ਬੇਚੈਨ ਕਰਦੀ ਹੈ ।"
ਮਹਿਕ ਨੇ ਬੀ.ਏ. ਪਾਸ ਕਰ ਲਈ। ਪਰ ਉਸ ਨੇ ਕੋਈ ਨੌਕਰੀ ਨਹੀਂ ਕੀਤੀ। ਜਸਬੰਤ ਦੇ ਪਿੰਡ ਮਹਿਕ ਦੀ ਰਿਸ਼ਤੇਦਾਰੀ ਹੋਣ ਕਰਕੇ ਛੁੱਟੀਆਂ ਦਾ ਜਿਆਦਾ ਸਮਾਂ ਜਸਬੰਤ ਦੇ ਪਿੰਡ ਗੁਜਾਰਦੀ।ਹੁਣ ਉਹ ਜਸਬੰਤ ਦੇ ਘਰ ਜ਼ਿਆਦਾ-ਆਉਣ ਜਾਣ ਲੱਗੀ।ਜਸਬੰਤ ਅਤੇ ਮਹਿਕ ਜਦੋਂ ਇੱਕ ਦੂਜੇ ਨੂੰ ਵੇਖਦੇ, ਉਨ੍ਹਾਂ ਵਿੱਚ ਪਿਆਰ ਕਰਨ ਦੀ ਇੱਛਾ ਜਾਗ ਪੈਂਦੀ ਅਤੇ ਮਹਿਕ ਕੁੱਝ ਕਹੇ ਬਿਨਾਂ ਹੀ ਆਪਣੇ ਘਰ ਮੁੜ ਆਉਂਦੀ।
ਇੱਕ ਦਿਨ ਜਸਬੰਤ ਦੀ ਮਾਂ ਗੁਆਂਢ ਘਰ ਵਿੱਚ ਗਈ ਹੋਈ ਸੀ।ਉਨ੍ਹਾਂ ਦੀ ਖੁਲ੍ਹਮ-ਖੁਲ੍ਹਾ ਮੁਲਾਕਾਤ ਹੋ ਗਈ । ਉਸ ਦਿਨ ਦੇ ਬਾਅਦ ਮਹਿਕ ਉਸ ਨੂੰ ਜਦੋ ਵੀ ਮਿਲਦੀ ਕਹਿੰਦੀ, "ਜਸਬੰਤ ਵਿਆਹ ਤਾਂ ਮੈ ਤੇਰੀ ਨਾਲ ਹੀ ਕਰਾਵਾਂਗੀ, ਮੈਂ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਤੈਨੂੰ ।" ਹੌਲੀ-ਹੌਲੀ ਉਨ੍ਹਾਂ ਦਾ ਪਿਆਰ ਸਾਰੀਆਂ ਹੱਦਾਂ ਪਾਰ ਕਰਨ ਲੱਗਾ। ਇੱਕ ਸਮਾਂ ਅਜਿਹਾ ਆਇਆ,ਉਨ੍ਹਾਂ ਦੇ ਪਿਆਰ ਦੀਆਂ ਗੱਲਾਂ ਪਿੰਡ ਦੇ ਲੋਕ ਕਰਨ ਲੱਗੇ।ਜਸਬੰਤ ਦੀ ਮਾਂ ਨੂੰ ਵੀ ਪਤਾ ਚੱਲ ਗਿਆ।ਉਸਦੀ ਮਾਂ ਨੇ ਜਸਬੰਤ ਨੂੰ ਕਿਹਾ, "ਪਿੰਡ ਵਿੱਚ ਤੇਰੇ ਪਿਤਾ ਦੀ ਕਿੰਨੀ ਇੱਜਤ ਹੈ, ਜੇਕਰ ਤੂੰ ਉਹ ਕੁੜੀ ਦੇ ਨਾਲ ਵਿਆਹ ਕਰੇਗਾ, ਉਹ ਇੱਕ ਗਰੀਬ ਘਰ ਦੀ ਕੁੜੀ ਹੈ , ਅਤੇ ਤੂੰ ਆਪਣੇ ਪਿਤਾ ਦੇ ਬਾਰੇ ਵਿੱਚ ਸੋਚ ਉਨ੍ਹਾਂ ਦੀ ਕਿੰਨੀ ਇੱਜਤ ਸੀ, ਮੈਂ ਤੇਰਾ ਵਿਆਹ ਅਮੀਰ ਘਰ ਵਿੱਚ ਹੀ ਕਰਾਂਗੀ, ਮੇਰੀ ਇਹ ਇੱਛਾ ਹੈ ਤੂੰ ਇਸ ਕੁੜੀ ਨਾਲ ਵਿਆਹ ਨਹੀਂ ਕਰੇਂਗਾ, ਤੈਨੂੰ ਤਾਂ ਕੋਈ ਵੀ ਕੁੜੀ ਦੇ ਦੇਵੇਗਾ ।" ਇਹ ਗੱਲ ਸੁਣ ਕੇ ਜਸਬੰਤ ਸੋਚ ਵਿੱਚ ਪੈ ਗਿਆ....
ਉੱਧਰ ਮਾਹਿਕ ਨੇ ਵੀ ਆਪਣੀ ਮਾਂ ਨੂੰ ਕਹਿ ਦਿੱਤਾ, "ਮੈਂ ਵਿਆਹ ਕਰਾਂਗੀ ਤਾਂ ਸਿਰਫ ਜਸਬੰਤ ਨਾਲ ਹੀ, ਨਹੀਂ ਤੇ ਜਾਨ ਦੇ ਦੇਵਾਂਗੀ ।" ਮਹਿਕ ਨੇ ਮਾਂ ਨੂੰ ਤਾਂ ਮਨਾਂ ਲਿਆ ਪਰ ਉਹ ਆਪਣੇ ਪਿਤਾ ਨੂੰ ਤੇ ਭਰਾ ਨੂੰ ਨਹੀਂ ਮਨਾ ਸਕੀ। ਉਨ੍ਹਾਂ ਦੇ ਘਰ ਵਿੱਚ ਲੜਾਈ ਦਾ ਮਾਹੌਲ ਬਣ ਗਿਆ। ਮਹਿਕ ਦੀ ਮਾਂ ਨੇ ਪਿਤਾ ਨੂੰ ਤਾਂ ਮਨਾ ਲਿਆ ਪਰ ਭਰਾ ਨੂੰ ਨਹੀਂ ਮਨਾ ਸਕੀ ।ਇਹ ਸਾਰੀਆਂ ਗੱਲਾਂ ਉਸ ਨੇ ਜਾ ਕੇ ਦੂਜੇ ਦਿਨ ਜਸਬੰਤ ਨੂੰ ਦੱਸੀਆਂ ।ਜਸਬੰਤ ਨੇ ਸਾਰੀ ਗੱਲ ਸੁਣਕੇ ਇੱਕ ਹੀ ਗੱਲ ਕਹੀ, "ਮੇਰੀ ਮਾਂ ਦੀ ਇੱਛਾ ਹੈ ਸਾਡਾ ਵਿਆਹ ਨਹੀਂ ਹੋ ਸਕਦਾ ।"
ਮਹਿਕ ਬਿਨਾਂ ਕੁੱਝ ਬੋਲੇ ਵਾਪਸ ਆ ਗਈ।ਉਹ ਸੋਚਦੀ ਰਹਿ ਗਈ ਕਿ ਜਸਬੰਤ ਉਸਨੂੰ ਕਿਵੇਂ ਧੋਖਾ ਦੇ ਸਕਦਾ ਹੈ।ਉਸਦੀ ਮਾਂ ਨੇ ਤਾਂ ਮੇਰੇ ਨਾਲ ਅਜਿਹੀ ਕਦੇ ਕੋਈ ਗੱਲ ਨਹੀ ਕੀਤੀ। ਮਹਿਕ ਉਦਾਸ ਰਹਿਣ ਲੱਗੀ । ਉਸ ਨੇ ਪਿਤਾ ਨੂੰ ਕਿਹਾ, "ਜਿੱਥੇਂ ਤੁਸੀ ਚਾਹੁੰਦੇ ਹੋ ਉੱਥੇ ਵਿਆਹ ਕਰ ਦੇਵੋ ਮੇਰਾ ।""
ਕੁੱਝ ਸਮੇਂ ਬਾਅਦ ਮਹਿਕ ਉਹਨਾਂ ਦੇ ਘਰ ਆਉਣੋਂ ਬੰਦ ਹੋ ਗਈ, ਜਸਬੰਤ ਅਤੇ ਉਸਦੀ ਮਾਂ ਦੇ ਵਿੱਚ ਛੋਟੀ ਮੋਟੀ ਗੱਲ ਉੱਤੇ ਤਕਰਾਰ ਹੋਣ ਲੱਗੀ।
ਮਹਿਕ ਦੇ ਪਿਤਾ ਦੇ ਕਹਿਣ ਉੱਤੇ ਰਿਸ਼ਤੇਦਾਰਾਂ ਨੇ ਮਹਿਕ ਦਾ ਵਿਆਹ ਕਰ ਦਿੱਤਾ।ਜਸਬੰਤ ਦੀ ਮਾਂ ਨੂੰ ਤਾਂ ਪਤਾ ਸੀ ਕਿ ਮਹਿਕ ਦਾ ਵਿਆਹ ਕਰਨ ਜਾ ਰਹੇ ਹਨ।ਪਰ ਜਸਬੰਤ ਨੂੰ ਇਹ ਗੱਲ ਪਤਾ ਨਹੀਂ ਲੱਗੀ।ਜਸਬੰਤ ਦੀ ਮਾਂ ਨੇ ਵਿਆਹ ਤੋਂ ਪਹਿਲਾਂ ਹੀ ਉਸ ਨੂੰ ਬਾਹਰ ਭੇਜ ਦਿੱਤਾ।ਜਸਬੰਤ ਸੋਚ ਵੀ ਨਹੀਂ ਸਕਦਾ ਸੀ, ਮਹਿਕ ਅਜਿਹਾ ਫੈਸਲਾ ਲੈ ਸਕਦੀ ਹੈ।ਜਸਬੰਤ ਦੇ ਮਨ ਵਿੱਚ ਸੀ, ਮਹਿਕ ਆਪੇ ਮੇਰੀ ਮਾਂ ਨੂੰ ਮਨਾ ਲਵੇਗੀ।
ਜਦੋਂ ਜਸਬੰਤ ਨੂੰ ਮਹਿਕ ਦੇ ਵਿਆਹ ਦੀ ਗੱਲ ਪਤਾ ਚੱਲੀ, ਉਹ ਬੁਰੀ ਤਰ੍ਹਾਂ ਟੁੱਟ ਗਿਆ।ਉਹ ਹੁਣ ਘਰੋਂ ਬਾਹਰ ਰਹਿਣ ਲੱਗਾ।ਆਪਣੇ ਦੋਸਤਾਂ ਨੂੰ ਮਹਿਕ ਦੀਆਂ ਗੱਲਾਂ ਦੱਸਦਾ। ਉਹ ਹੌਲੀ-ਹੌਲੀ  ਖੂਬ ਨਸ਼ਾ ਕਰਣ ਲੱਗਾ, ਮਹਿਕ ਨੂੰ ਭਲਾਉਣ ਲਈ। ਉਸ ਕੋਲ ਸ਼ਰਾਬ ਖਰੀਦਣ ਲਈ ਜਦੋ ਕਦੇ ਪੈਸਿਆਂ ਦੀ ਤੰਗੀ ਹੁੰਦੀ ਇੱਕ-ਇੱਕ ਕਰਕੇ ਖੇਤ ਵੀ ਗਹਿਣੇ ਰੱਖ ਦਿੰਦਾ।ਉਨ੍ਹਾਂ ਪੈਸਿਆਂ ਦਾ ਨਸ਼ਾ ਕਰ ਲੈਂਦਾ।ਉਸ ਦੀ ਨਸ਼ੇ ਦੀ ਆਦਤ ਵੱਧ ਚੁੱਕੀ ਸੀ।ਉਸ ਨੂੰ ਕਦੇ-ਕਦੇ ਪਿੰਡ ਦੇ ਲੋਕ ਉਸਦੀ ਖ਼ਰਾਬ ਹਾਲਤ ਹੋਣ ਦੇ ਕਾਰਨ, ਨਸ਼ੇ ਦੀ ਹਾਲਤ ਵਿੱਚ ਹਸਪਤਾਲ ਵਿੱਚ ਲੈ ਜਾਂਦੇ। ਉਹ ਦਵਾਈਆਂ ਨਾਲ ਠੀਕ ਤਾਂ ਹੋ ਜਾਂਦਾ, ਪਰੰਤੂ ਫਿਰ ਨਸ਼ਾ ਲੈ ਲੈਂਦਾ। ਉਹ ਹੁਣ ਸਮੇਂ ਦੇ ਨਾਲ, ਗਰੀਬ ਹੋ ਗਿਆ।ਉਸਦੀ ਮਾਂ ਵੀ ਬੁੱਢੀ ਹੋ ਗਈ। ਉਹ ਉਸ ਦੀ ਹਾਲਤ ਵੇਖ ਕੇ ਬਿਮਾਰ ਰਹਿਣ ਲੱਗੀ।ਇੱਕ ਦਿਨ ਉਸਦੀ ਮਾਂ ਵੀ ਮਰ ਗਈ। ਜਸਬੰਤ ਆਪਣੀ ਮਾਂ ਦੀ ਜਲਦੀ ਚਿਤਾ ਦੇ ਕੋਲ ਬੈਠਾ ਕਹਿ ਰਿਹਾ ਸੀ, "ਮਾਂ, ਇਹ ਤੇਰੀ ਇੱਛਾ ਸੀ, ਤੂੰ ਉਸ ਕੁੜੀ ਨਾਲ ਵਿਆਹ ਨਹੀਂ ਕਰੇਂਗਾ, ਮਾਂ, ਇਹ ਮੇਰੀ ਇੱਛਾ ਸੀ, ਕਿ ਮੈਂ ਉਸ ਕੁੜੀ ਨਾਲ ਹੀ ਵਿਆਹ ਕਰਾਂਗਾ ।"
ਜਸਬੰਤ ਆਪਣੀ ਮਾਂ ਦਾ ਸਸਕਾਰ ਕਰ ਚੁੱਕਿਆ ਸੀ। ਹੁਣ ਜਸਬੰਤ ਅਤੇ ਬੋਤਲ ਘਰ ਵਿੱਚ ਦੋਵੇਂ ਰਹਿ ਗਏ.....
ਮਹਿਕ ਉਸਦਾ ਇੱਕ ਖੁਆਬ ਹੀ ਬਣ ਕੇ ਰਹਿ ਗਈ....