ਬਾਦਲਾਂ ਦੇ ਬਾਅਦ ਨਵੀਂ ਸਰਕਾਰ ਵੇਲੇ ਵੀ ਸਰਗਰਮ ਹੁੰਦਾ ਫਿਰਦਾ ਹੈ 'ਚੁਗੱਤਿਆਂ ਦਾ ਲਸ਼ਕਰ' -ਜਤਿੰਦਰ ਪਨੂੰ

ਪਾਠਕਾਂ ਦੇ ਹੱਥ ਇਹ ਲਿਖਤ ਜਾਣ ਤੱਕ ਪੰਜਾਬ ਦੀ ਨਵੀਂ ਸਰਕਾਰ ਡੇਢ ਮਹੀਨਾ ਪੂਰਾ ਕਰ ਲਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ ਸੌ ਦਿਨਾਂ ਵਿੱਚ 'ਅੱਛੇ ਦਿਨ' ਲਿਆਉਣ ਦਾ ਵਾਅਦਾ ਕੀਤਾ ਸੀ ਤੇ ਡੇਢ ਸੌ ਹਫਤੇ ਗੁਜ਼ਾਰ ਕੇ ਵੀ ਨਹੀਂ ਸਨ ਲਿਆ ਸਕੇ। ਜਿਹੜੇ ਲੋਕ ਅਜੇ ਵੀ ਨਰਿੰਦਰ ਮੋਦੀ ਉੱਤੇ ਭਰੋਸਾ ਰੱਖਣ ਵਾਲਾ ਹੋਕਾ ਦੇਈ ਜਾਂਦੇ ਹਨ, ਉਹ ਪੰਜਾਬ ਦੀ ਨਵੀਂ ਸਰਕਾਰ ਤੋਂ ਡੇਢ ਮਹੀਨੇ ਵਿੱਚ ਕੰਮਾਂ ਦੀ ਰਿਪੋਰਟ ਪੁੱਛਣ ਲੱਗੇ ਹਨ। ਅਸੀਂ ਉਨ੍ਹਾਂ ਦੇ ਇਸ ਕਾਹਲੇਪਣ ਦੇ ਪਿੱਛੇ ਲੁਕੀ ਸਿਆਸੀ ਚੁਸਤੀ ਵੇਖ ਸਕਦੇ ਹਾਂ ਅਤੇ ਏਸੇ ਲਈ ਇਸ ਨੂੰ ਬਹੁਤਾ ਮਹੱਤਵ ਦੇਣ ਦੀ ਲੋੜ ਨਹੀਂ ਸਮਝਦੇ। ਫਿਰ ਵੀ ਸਰਕਾਰ ਨੂੰ ਲੋਕਾਂ ਵਿੱਚ ਫੈਲ ਰਹੇ ਵਿਸਵਿਸੇ ਦੂਰ ਕਰਨੇ ਚਾਹੀਦੇ ਹਨ।
ਅਕਾਲੀ-ਭਾਜਪਾ ਦੇ ਪਿਛਲੇ ਦਸ ਸਾਲਾਂ ਦੇ ਰਾਜ ਨੂੰ ਆਮ ਲੋਕ 'ਚੁਗੱਤਿਆਂ ਦਾ ਦੌਰ' ਕਹਿਣੋਂ ਸੰਕੋਚ ਨਹੀਂ ਸਨ ਕਰਦੇ। ਚੁਗਤਾਈ ਕਬੀਲਿਆਂ ਤੋਂ ਆਏ ਮੁਗਲਾਂ ਦੇ ਇੱਕ ਹਿੱਸੇ ਨੂੰ 'ਚੁਗੱਤੇ' ਕਿਹਾ ਜਾਣ ਲੱਗ ਪਿਆ ਸੀ। ਉਹ ਲੋਕ ਭਾਰਤ ਵਿੱਚ ਟਿਕਣ ਵਾਲੇ ਮੁਸਲਮਾਨਾਂ ਤੋਂ ਵੱਖਰੇ ਸਨ। ਕੋਈ ਵੀ ਹਮਲਾਵਰ ਆਉਂਦਾ ਵੇਖ ਕੇ ਉਸ ਨਾਲ ਇਹੋ ਜਿਹਾ ਲਸ਼ਕਰ ਜੁੜ ਜਾਂਦਾ ਤੇ ਲੁੱਟ-ਮਾਰ ਕਰਨ ਦੇ ਬਾਅਦ ਕਿਸੇ ਹੋਰ ਹਮਲਾਵਰ ਧਿਰ ਨਾਲ ਜਾ ਜੁੜਦਾ ਸੀ। ਉਂਜ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਚੁਗਤਾਈ ਕਬੀਲੇ ਦੇ ਸਾਰੇ ਲੋਕ ਵੀ ਇਹੋ ਜਿਹੇ ਨਹੀਂ ਸਨ, ਸਿਰਫ ਇੱਕ ਖਾਸ ਵਰਗ ਏਦਾਂ ਦਾ ਸੀ, ਜਿਸ ਦੀ ਬਦਨਾਮੀ ਉਸ ਦੀ ਲੁੱਟ-ਮਾਰ ਦੇ ਕਾਰਨ ਹੁੰਦੀ ਸੀ। ਓਦੋਂ ਤੋਂ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਜਦੋਂ ਕਿਸੇ ਰਾਜ ਵਿੱਚ ਵੱਡੀ ਲੁੱਟ-ਖੋਹ ਦਾ ਦੌਰ ਭੁਗਤਣਾ ਪਿਆ ਤਾਂ ਉਨ੍ਹਾਂ ਨੇ ਉਸ ਦੌਰ ਨੂੰ ਏਸੇ ਨਾਂਅ ਨਾਲ ਜੋੜ ਕੇ ਗੱਲ ਕੀਤੀ ਹੈ, ਤੇ ਸ਼ਾਇਦ ਅੱਗੋਂ ਵੀ ਇਹ ਚਰਚਾ ਏਸੇ ਤਰ੍ਹਾਂ ਕਰਦੇ ਜਾਣਗੇ।
ਜਦੋਂ ਚੌਥੀ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੇ ਮੋਹਰੀ ਵਜੋਂ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਅੱਗੇ ਕਰਨਾ ਸ਼ੁਰੂ ਕੀਤਾ ਤਾਂ ਮੁੱਢ ਵਿੱਚ ਹੀ ਪੁੱਤਰ ਨਾਲ ਇਹੋ ਜਿਹੇ ਲੋਕ ਜੁੜਨੇ ਸ਼ੁਰੂ ਹੋ ਗਏ ਸਨ, ਜਿਹੜੇ ਪਿਛਲੀਆਂ ਸਭ ਕਾਂਗਰਸੀ ਤੇ ਅਕਾਲੀ ਸਰਕਾਰਾਂ ਵੇਲੇ ਹਕੂਮਤੀ ਗਲਿਆਰਿਆਂ ਵਿੱਚ ਦਲਾਲੀਆਂ ਕਰਦੇ ਰਹੇ ਸਨ। ਬਦਲਦੇ ਮੌਸਮ ਦੀ ਸੋਝੀ ਅਗੇਤੀ ਰੱਖਦੇ ਇਹ ਲੋਕ ਉਸ ਦੌਰ ਵਿੱਚ ਅੱਗੇ ਆ ਗਏ ਤਾਂ ਅਗਲੇ ਦਸ ਸਾਲ ਸਾਰੇ ਪੁੱਠੇ ਕੰਮਾਂ ਵਿੱਚ ਉਨ੍ਹਾਂ ਦਾ ਨਾਂਅ ਵੱਜਦਾ ਰਿਹਾ ਤੇ ਸੁਖਬੀਰ ਸਿੰਘ ਬਾਦਲ ਦੀ ਟੀਮ ਉਨ੍ਹਾਂ ਦੇ ਬਚਾਅ ਲਈ ਕਾਨੂੰਨੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੀ ਸਿਖਰ ਤੱਕ ਚਲੀ ਜਾਂਦੀ ਰਹੀ। ਰਾਤ-ਦਿਨ ਪ੍ਰਛਾਵੇਂ ਵਾਂਗ ਨਾਲ ਰਹਿਣ ਕਾਰਨ ਇਹ ਲੋਕ ਅਕਾਲੀ-ਭਾਜਪਾ 'ਰਾਜ ਦਰਬਾਰ' ਵਾਲੇ ਏਨੇ ਔਗੁਣ ਜਾਣਦੇ ਸਨ ਕਿ ਇਨ੍ਹਾਂ ਦਾ ਸਾਥ ਛੱਡਣ ਤੋਂ ਆਪਣੇ ਆਖਰੀ ਸਮੇਂ ਵਿੱਚ ਅਕਾਲੀ ਦਲ ਦੀ 'ਧੜੱਲੇਦਾਰ' ਕਹੀ ਜਾਂਦੀ ਲੀਡਰਸ਼ਿਪ ਵੀ ਤ੍ਰਹਿਕਣ ਲੱਗ ਪਈ ਸੀ।
ਜਿਹੜੀ ਗੱਲ ਅਸੀਂ ਕਹਿ ਰਹੇ ਹਾਂ, ਪੰਜਾਬ ਦੇ ਨਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ। ਉਨ੍ਹਾ ਦੀ ਪਿਛਲੀ ਸਰਕਾਰ ਦਾ ਪਹਿਲਾ ਸਾਲ ਸਾਫ-ਸੁਥਰਾ ਲੰਘਣ ਪਿੱਛੋਂ ਦੂਸਰੇ ਸਾਲ ਦੇ ਸ਼ੁਰੂ ਹੁੰਦਿਆਂ ਸਾਰ 'ਚੁਗੱਤਿਆਂ ਦਾ ਲਸ਼ਕਰ' ਉਨ੍ਹਾਂ ਨੇੜੇ ਜਾ ਲੱਗਾ ਸੀ ਤੇ ਫਿਰ ਉਸ ਸਰਕਾਰ ਦੇ ਅੰਦਰਲੇ ਉਹ ਕਿੱਸੇ ਲੋਕਾਂ ਵਿੱਚ ਚਰਚਿਤ ਹੋਣ ਲੱਗ ਪਏ ਸਨ, ਜਿਨ੍ਹਾਂ ਨੇ ਭੱਠਾ ਬਿਠਾਉਣ ਵਿੱਚ ਹਿੱਸਾ ਪਾਇਆ ਸੀ। 'ਚੁਗੱਤੇ' ਕਿਸੇ ਦੇ ਮਿੱਤ ਨਹੀਂ ਹੋ ਸਕਦੇ, ਇਸ ਲਈ ਜਦੋਂ ਉਨ੍ਹਾਂ ਰਾਜ ਬਦਲਦਾ ਵੇਖਿਆ ਤਾਂ ਅਕਾਲੀ ਲੀਡਰਸ਼ਿਪ ਵਿੱਚ ਉੱਭਰ ਰਹੇ ਨਵੇਂ ਚਿਹਰਿਆਂ ਅਤੇ ਉਨ੍ਹਾਂ ਚਿਹਰਿਆਂ ਪਿੱਛੇ ਦਿਖਾਈ ਦੇਂਦੇ ਗੈਰ-ਵਿਧਾਨਕ ਸੱਤਾ ਕੇਂਦਰਾਂ ਨਾਲ ਜੁੜਨ ਦੇ ਰਾਹ ਪੈ ਗਏ ਸਨ। ਇਹੋ ਜਿਹੇ ਉਸ ਦੌਰ ਦੇ ਮੁੱਢਲੇ ਦਿਨਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਕਈ ਵਾਰੀ ਅੰਦਰ-ਖਾਤੇ ਤੇ ਕਈ ਵਾਰੀ ਜਨਤਕ ਸਟੇਜਾਂ ਤੋਂ ਵੀ ਹਾਸੇ-ਮਜ਼ਾਕ ਵਿੱਚ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਦੀ ਗੱਲ ਅਣਗੌਲੀ ਕੀਤੀ ਗਈ ਸੀ। ਬਾਅਦ ਵਿੱਚ ਉਹ ਕਿਸੇ ਗੱਲ ਵਿੱਚ ਦਖਲ ਦੇਣ ਦੀ ਸਥਿਤੀ ਵਿੱਚ ਹੀ ਨਹੀਂ ਸੀ ਰਹੇ ਤੇ ਮਾੜੇ-ਚੰਗੇ ਕਾਫਲੇ ਦੇ ਨਾਲ ਤੁਰਦੇ ਰਹਿਣ ਲਈ ਮਜਬੂਰ ਹੋ ਗਏ ਸਨ। ਓਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਾਥੀ ਕਿਹਾ ਕਰਦੇ ਸਨ ਕਿ ਬਜ਼ੁਰਗ ਦੀ ਏਨੀ ਬੇਵੱਸੀ ਹੈ ਕਿ ਆਪਣੇ ਮਨ ਦੀ ਗੱਲ ਕਹਿ ਵੀ ਨਹੀਂ ਸਕਦਾ ਤੇ ਜੋ ਕੁਝ ਅੱਖਾਂ ਸਾਹਮਣੇ ਹੋ ਰਿਹਾ ਹੈ, ਉਸ ਨੂੰ ਸਹਿ ਵੀ ਨਹੀਂ ਸਕਦਾ, ਬਾਹਲਾ ਦੁਖੀ ਸੁਣੀਂਦਾ ਹੈ।
ਹੁਣ ਸਥਿਤੀ ਬਦਲ ਚੁੱਕੀ ਹੈ। ਵੱਡਾ ਬਾਦਲ ਉਸ ਸਥਿਤੀ ਵਿੱਚ ਨਹੀਂ ਰਹਿ ਗਿਆ ਕਿ ਪਾਰਟੀ ਦੇ ਭਵਿੱਖ ਦੀ ਕਿਸੇ ਗੱਲ ਬਾਰੇ ਕੋਈ ਦਖਲ ਦੇ ਸਕੇ। ਇਸ ਲਈ ਆਮ ਕਰ ਕੇ ਚੁੱਪ ਰਹਿੰਦਾ ਹੈ। ਜਿਹੜਾ 'ਚੁਗੱਤਿਆਂ ਦਾ ਲਸ਼ਕਰ' ਉਸ ਰਾਜ ਦੀ ਬੇੜੀ ਡੋਬਣ ਵਿੱਚ ਭਾਈਵਾਲ ਸੀ, ਉਸ ਦੇ ਕਈ ਲੋਕ ਹੁਣ ਨਵੀਂ ਸਰਕਾਰ ਦੇ ਨਾਲ ਜੁੜਦੇ ਸੁਣੇ ਜਾਣ ਲੱਗ ਪਏ ਹਨ। ਇਹ ਸਥਿਤੀ ਨਵੇਂ ਮੁੱਖ ਮੰਤਰੀ ਨੂੰ ਵਕਤ ਰਹਿੰਦਿਆਂ ਸਮਝਣੀ ਤੇ ਸੰਭਾਲਣੀ ਪਵੇਗੀ।
ਪਿਛਲੇ ਹਫਤੇ ਜਿਹੜੀ ਖਬਰ ਸਾਬਕਾ ਮੁੱਖ ਮੰਤਰੀ ਬਾਦਲ ਦੇ ਜ਼ਿਲ੍ਹੇ ਵਿਚਲੇ ਇੱਕ ਪੱਤਰਕਾਰ ਨਾਲ ਬੇਹੂਦਗੀ ਕੀਤੇ ਜਾਣ ਬਾਰੇ ਆਈ ਹੈ, ਉਸ ਨੂੰ ਖਬਰ ਨਹੀਂ, ਖਬਰਾਂ ਦੀ ਲੜੀ ਦਾ ਹਿੱਸਾ ਮੰਨਣਾ ਪਵੇਗਾ। ਜਿਸ ਦਿਨ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਹੋਈ, ਪਹਿਲੀ ਖਬਰ ਉਸ ਤੋਂ ਅਗਲੇ ਦਿਨ ਹੀ ਆ ਗਈ ਸੀ ਕਿ ਕਾਂਗਰਸ ਦੀ ਜਿੱਤ ਹੁੰਦੇ ਸਾਰ ਕਈ ਥਾਂਈਂ ਟਰੱਕ ਯੂਨੀਅਨਾਂ ਵਿੱਚ ਲੀਡਰਸ਼ਿਪ ਦੇ ਰਾਜ-ਪਲਟੇ ਹੋ ਗਏ ਹਨ ਤੇ ਅਕਾਲੀ ਆਗੂਆਂ ਦੇ ਚਾਟੜੇ ਭੱਜ ਗਏ ਜਾਂ ਭਜਾ ਦਿੱਤੇ ਗਏ ਹਨ। ਮਾਲਵੇ ਦੇ ਇੱਕ ਸ਼ਹਿਰ ਵਿੱਚ ਉਸ ਪਹਿਲੇ ਦਿਨ ਹੀ ਕਾਂਗਰਸ ਦੇ ਦੋ ਧੜਿਆਂ ਦਾ ਆਪਸੀ ਟਕਰਾਅ ਵੀ ਟਰੱਕ ਯੂਨੀਅਨ ਉੱਤੇ ਕਬਜ਼ੇ ਲਈ ਹੋ ਗਿਆ ਸੀ। ਇਸ ਤੋਂ ਸਾਨੂੰ ਲੁਧਿਆਣੇ ਦੀ ਸਬਜ਼ੀ ਮੰਡੀ ਵਿੱਚ ਪਿਛਲੇ ਸਾਲ ਹੋਏ ਇੱਕ ਯੂਥ ਅਕਾਲੀ ਆਗੂ ਦੇ ਕਤਲ ਦੀ ਕਹਾਣੀ ਯਾਦ ਆ ਗਈ ਸੀ। ਸਬਜ਼ੀ ਮੰਡੀ ਵਿੱਚ ਹਫਤਾ ਵਸੂਲੀ ਦਾ ਕੰਮ ਦੋ ਧਿਰਾਂ ਕਰਦੀਆਂ ਸਨ, ਦੋਵਾਂ ਦੀ ਸਰਪ੍ਰਸਤੀ ਅਕਾਲੀ ਦਲ ਦੇ ਇੱਕੋ ਮੰਤਰੀ ਕੋਲ ਸੀ ਤੇ ਉਸ ਨੇ ਦੋਵਾਂ ਨੂੰ ਕੰਮ ਵੰਡ ਕੇ ਇੱਕ ਧਿਰ ਨੂੰ ਮੰਡੀ ਦੇ ਅੰਦਰ ਤੇ ਦੂਸਰੀ ਨੂੰ ਮੰਡੀ ਦੇ ਬਾਹਰ ਵਸੂਲੀ ਦੀ ਹੱਦਬੰਦੀ ਕਰਵਾ ਦਿੱਤੀ ਸੀ। ਬਾਹਰਲਿਆਂ ਨੂੰ ਹਿੱਸਾ ਦੇਂਦਾ ਰੇੜ੍ਹੀ ਵਾਲਾ ਅੰਦਰ ਗਿਆ ਤਾਂ ਅੰਦਰਲੇ ਉਸ ਤੋਂ ਹਫਤਾ ਮੰਗਣ ਲੱਗ ਪਏ। ਇਸ ਗੱਲ ਦੇ ਝਗੜੇ ਵਿੱਚ ਇੱਕ ਅਕਾਲੀ ਧੜੇ ਨੇ ਦੂਸਰੇ ਅਕਾਲੀ ਧੜੇ ਦਾ ਆਗੂ ਮਾਰ ਸੁੱਟਿਆ। ਟਰੱਕ ਯੂਨੀਅਨ ਦੀ ਚੌਧਰ ਲਈ ਦੋ ਕਾਂਗਰਸੀ ਧੜਿਆਂ ਦਾ ਟਕਰਾਅ ਵੀ ਇੱਕ ਦਿਨ ਓਥੇ ਜਾਣਾ ਹੈ।
ਸਰਕਾਰ ਬਦਲਣ ਪਿੱਛੋਂ ਹੋਏ ਜਿਹੜੇ ਦਰਜਨ ਦੇ ਕਰੀਬ ਕਤਲਾਂ ਨੂੰ ਸਿਆਸੀ ਰੰਗ ਵਾਲੇ ਮੰਨਿਆ ਜਾ ਸਕਦਾ ਹੈ, ਉਨ੍ਹਾਂ ਵਿੱਚ ਸੱਠ-ਚਾਲੀ ਦਾ ਅਨੁਪਾਤ ਬਣਦਾ ਹੈ। ਸੱਤ ਜਾਂ ਅੱਠ ਕਤਲ ਕਾਂਗਰਸੀ ਆਗੂਆਂ ਨੇ ਕੀਤੇ-ਕਰਾਏ ਤੇ ਚਾਰ-ਪੰਜ ਅਕਾਲੀ ਦਲ ਦੇ ਬੰਦਿਆਂ ਨੇ ਕੀਤੇ ਹਨ। ਇਹ ਹਾਲੇ ਸ਼ੁਰੂਆਤ ਹੈ। ਬਾਅਦ ਵਿੱਚ ਜਦੋਂ ਪੁਲਸ ਵੀ ਨਵੇਂ ਮਾਲਕਾਂ ਨੂੰ ਪਛਾਨਣ ਲੱਗ ਪਈ ਤੇ ਉਨ੍ਹਾਂ ਨਾਲ ਅੱਖ ਮਿਲ ਗਈ, ਓਦੋਂ ਕਾਂਗਰਸੀਆਂ ਦੀ ਬਦਨਾਮੀ ਵਾਲੇ ਜੁਰਮ ਹੋਰ ਵਧ ਸਕਦੇ ਹਨ। ਇਹ ਵਰਤਾਰਾ ਮੁੱਢ ਵਿੱਚ ਨਾ ਰੋਕਿਆ ਤਾਂ ਰੁਕਣਾ ਨਹੀਂ। ਗਿੱਦੜਬਾਹੇ ਦੇ ਪੱਤਰਕਾਰ ਨਾਲ ਜਿਹੜੀ ਬਦ-ਸਲੂਕੀ ਦੀ ਸਿਖਰ ਕੀਤੀ ਗਈ, ਅਸੀਂ ਉਸ ਪੱਤਰਕਾਰ ਬਾਰੇ ਨਹੀਂ ਜਾਣਦੇ, ਫਿਰ ਵੀ ਇਹ ਸਮਝਦੇ ਹਾਂ ਕਿ ਇਸ ਬਦ-ਸਲੂਕੀ ਤੋਂ ਉਸ ਖੇਤਰ ਦੇ ਇੱਕ ਚਾਂਭਲੇ ਹੋਏ ਕਾਂਗਰਸੀ ਵਿਧਾਇਕ ਛੋਕਰੇ ਦੇ ਥਾਪੜੇ ਦੀ ਝਲਕ ਸਾਫ ਦਿਖਾਈ ਦੇ ਜਾਂਦੀ ਹੈ। ਕਾਰਵਾਈ ਹੋਣੀ ਚਾਹੀਦੀ ਹੈ, ਪਰ ਇਹ ਕਾਰਵਾਈ ਸਿਰਫ ਦੋਸ਼ੀਆਂ ਦੇ ਖਿਲਾਫ ਨਹੀਂ, ਉਨ੍ਹਾਂ ਨੂੰ ਥਾਪੜਾ ਦੇ ਕੇ ਇਹੋ ਜਿਹੇ ਜੁਰਮ ਕਰਨ ਲਈ ਤੋਰਨ ਵਾਲੇ ਵਿਧਾਇਕ ਦੇ ਖਿਲਾਫ ਵੀ ਕਰਨ ਦੀ ਲੋੜ ਹੈ, ਕਿਉਂਕਿ ਪਿੰਡਾਂ ਵਿੱਚ ਕਹਿੰਦੇ ਹਨ ਕਿ ਖੰਘੂਰਾ ਮਾਰਨ ਵਾਲਾ ਵੀ ਕਤਲ ਦਾ ਬਰਾਬਰ ਦਾ ਦੋਸ਼ੀ ਹੁੰਦਾ ਹੈ।
ਤਾਜ਼ਾ ਖਬਰ ਬਠਿੰਡੇ ਤੋਂ ਇੱਕ ਕਾਂਗਰਸੀ ਆਗੂ ਵੱਲੋਂ ਟਰੱਕਾਂ ਤੇ ਟਰਾਲਿਆਂ ਵਾਲਿਆਂ ਤੋਂ ਮਹੀਨਾ ਵਸੂਲੀ ਦੀ ਆਈ ਹੈ। ਦੋਸ਼ ਲਾਉਣ ਵਾਲੇ ਵੀ ਕਾਂਗਰਸੀ ਹਨ। ਜਿਸ ਬੰਦੇ ਉੱਤੇ ਦੋਸ਼ ਲਾਇਆ ਗਿਆ, ਉਹ ਪਿਛਲੇ ਮਹੀਨੇ ਆਏ ਨਤੀਜਿਆਂ ਵਿੱਚ ਕਾਂਗਰਸੀ ਟਿਕਟ ਉੱਤੇ ਵਿਧਾਇਕ ਬਣਨੋਂ ਰਹਿ ਗਿਆ ਹੈ। ਅਜੇ ਉਹ ਵਿਧਾਇਕ ਨਹੀਂ ਬਣਿਆ ਤੇ ਇਹ ਹਾਲ ਹੈ, ਜੇ ਭਲਾ ਉਹ ਵਿਧਾਇਕ ਚੁਣਿਆ ਗਿਆ ਹੁੰਦਾ ਤਾਂ ਜਿੱਦਾਂ ਦਾ ਭਾਣਾ ਗਿੱਦੜਬਾਹੇ ਵਿੱਚ ਵਾਪਰਿਆ ਹੈ, ਬਠਿੰਡੇ ਵਿੱਚ ਉਸ ਦੀ ਖਬਰ ਦੇਣ ਵਾਲੇ ਪੱਤਰਕਾਰ ਨਾਲ ਉਸ ਤੋਂ ਘੱਟ ਨਹੀਂ ਸੀ ਹੋਣੀ। ਖਬਰ ਛਪ ਜਾਣ ਦੇ ਬਾਅਦ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਗਿੱਦੜਬਾਹੇ ਦੀ ਵਾਰਦਾਤ ਖਬਰ ਨਾ ਹੋ ਕੇ ਖਬਰਾਂ ਦੀ ਲੜੀ ਦਾ ਹਿੱਸਾ ਇਸੇ ਲਈ ਕਹੀ ਗਈ ਸੀ। ਉਹ ਲੜੀ ਅੱਗੇ ਵਧ ਰਹੀ ਹੈ। ਪੰਜਾਬ ਵਿੱਚ ਅਖਾਣ ਹੈ ਕਿ 'ਲੜਨ ਫੌਜਾਂ ਤੇ ਮਾਣ ਸਰਦਾਰਾਂ ਦਾ'। ਇਸ ਅਖਾਣ ਨੂੰ ਉਲਟਾ ਕਰ ਕੇ ਸੋਚਿਆ ਜਾਵੇ ਤਾਂ ਇਸ ਦਾ ਅਰਥ ਇਹ ਵੀ ਨਿਕਲਦਾ ਹੈ ਕਿ ਪੁੱਠੇ ਕੰਮ ਜਦੋਂ ਫੌਜਾਂ ਕਰਨਗੀਆਂ ਤਾਂ ਇਸ ਨਾਲ ਬਦਨਾਮੀ ਫੌਜਾਂ ਦੇ ਸਰਦਾਰ ਜਾਂ ਉਨ੍ਹਾਂ ਪਿੱਛੇ ਖੜੀ ਹੋਈ ਸਰਕਾਰ ਦੀ ਹੋਣੀ ਹੁੰਦੀ ਹੈ। ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਸੋਚਣਾ ਪਵੇਗਾ।
ਅਸੀਂ ਇਹ ਫਿਰ ਕਹਿ ਦੇਈਏ ਕਿ ਇਸ ਸਰਕਾਰ ਦੇ ਮੁੱਢਲੇ ਕਦਮ ਆਮ ਲੋਕਾਂ ਦਾ ਭਰੋਸਾ ਬੰਨ੍ਹਾਉਣ ਵਾਲੇ ਕਹੇ ਜਾ ਸਕਦੇ ਹਨ, ਪਰ ਜਿਹੜਾ ਅਕਸ ਸਰਕਾਰ ਦਾ ਮੁਖੀ ਬਣਾਉਣਾ ਚਾਹੁੰਦਾ ਹੈ, ਉਸ ਅਕਸ ਨੂੰ ਬਣਾਉਣ ਨਾਲੋਂ ਵੱਧ ਧਿਆਨ ਪੁਰਾਣੀ ਇਨਫੈਕਸ਼ਨ ਤੋਂ ਬਚਾਉਣ ਵੱਲ ਦੇਣਾ ਹੋਵੇਗਾ। 'ਚੁਗੱਤਿਆਂ ਦੇ ਲਸ਼ਕਰ' ਦੀ ਨਵੇਂ ਸਿਰਿਓਂ ਹੋ ਰਹੀ ਉਠਾਣ ਨੂੰ ਵੇਲੇ ਸਿਰ ਰੋਕਣਾ ਪਵੇਗਾ, ਨਹੀਂ ਤਾਂ ਉਨ੍ਹਾਂ ਨੇ ਰੋਕਣ ਜੋਗੇ ਛੱਡਣਾ ਹੀ ਨਹੀਂ।

30 April 2017