ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ - ਵਿਨੋਦ ਫ਼ਕੀਰਾ

ਅੱਜ ਅਰਸ਼ੋਂ ਨੂਰ ਹੈ ਬਰਸ ਦਾ, ਗੁਰੂ ਨਾਨਕ ਨਾਮ ਦੇ ਰਸ ਦਾ ,
ਨਨਕਾਣਾ ਸਾਹਿਬ ਆਖ਼ਦਾ, ਮੈਂ ਗੁਰੂ ਨਾਨਕ ਕਰਕੇ ਹੀ ਵਸਦਾ।
ਅੱਜ ਅਰਸ਼ੋਂ ਨੂਰ ਹੈ ਬਰਸ ਦਾ, ਗੁਰੂ ਨਾਨਕ ਨਾਮ ਦੇ ਰਸ ਦਾ ।

ਉਦਾਸੀਆਂ ਕਰਕੇ ਭੁੱਲਿਆਂ ਨੂੰ, ਰਾਹ ਸੱਚ ਦੇ ਪਾ ਆਏ,
ਵਹਿਮਾਂ ਭਰਮਾਂ ਤੇ ਜਾਤ ਪਾਤ ਤੋਂ ਸਭ ਨੂੰ ਮੁੱਕਤ ਕਰਾ ਆਏ,
ਨਦੀਆਂ ਕੰਢੇ ਤੇ ਪਹਾੜਾਂ ਵਿੱਚ ਹਰ ਥਾਂ ਰੱਬੀ ਸੰਦੇਸ਼ ਪਹੁੰਚਾ ਆਏ।
ਸਤਿਗੁਰੂ ਦੀਆਂ ਰਹਿਮਤਾਂ ਦੀ ਸਮਾਂ ਗਵਾਹੀ ਭਰਦਾ ।
ਅੱਜ ਅਰਸ਼ੋਂ ਨੂਰ ਹੈ ਬਰਸ ਦਾ, ਗੁਰੂ ਨਾਨਕ ਨਾਮ ਦੇ ਰਸ ਦਾ ।

ਕੌਡੇ ਰਾਕਸ਼ਸ਼ ਨੂੰ ਤਾਰਿਆ, ਭਾਈ ਲਾਲੋ ਨੂੰ ਸਤਿਕਾਰਿਆ ,
ਬਲੀ ਕੰਧਾਰੀ ਹੰਕਾਰੀ ਦੇ ਮਾਰੇ ਪੱਥਰ ਨੂੰ ਪੰਜੇ ਦੇ ਨਾਲ ਸਹਾਰਿਆ,
ਦਰਸ਼ਨ ਹਰ ਥਾਂ ਉਨ੍ਹਾਂ ਨੂੰ ਦਿੱਤੇ, ਜਿਨ੍ਹਾਂ ਸੱਚੇ ਮੰਨੋ ਪੁਕਾਰਿਆ,
ਕੱਟੀ ਜਾਏ ਚੋਰਾਸੀ ਉਸ ਦੀ, ਜੋ ਦਿਲ ਲਾ ਕੇ ਬਾਣੀ ਨੂੰ ਪੜਦਾ ।
ਅੱਜ ਅਰਸ਼ੋਂ ਨੂਰ ਹੈ ਬਰਸ ਦਾ, ਗੁਰੂ ਨਾਨਕ ਨਾਮ ਦੇ ਰਸ ਦਾ ।

ਬਾਣੀ ਰਜ਼ਾ'ਚ ਰਹਿਣਾ ਦੱਸਦੀ, ਕੁੱਦਰਤ ਦੇ ਨਾਲ ਜੋੜ ਰਹੀ,
ਮਿਹਨਤ ਨਾਲ ਜੋ ਕਰਨ ਕਮਾਈ ਉਸ'ਚ ਬਰਕਤਾਂ ਪਾ ਰਹੀ ,
ਜੀਵਨ ਸਫ਼ਲ ਬਣਾਉਣ ਲਈ ਗੁਰਬਾਣੀ ਸੱਚੇ ਮਾਰਗ ਪਾ ਰਹੀ,
'ਫ਼ਕੀਰਾ' ਫ਼ਸ ਕੇ ਵਿੱਚ ਵਿਕਾਰਾਂ ਰਹਿ ਨਾ ਜਾਵੀਂ ਭੱਟਕ ਦਾ,
ਅੱਜ ਅਰਸ਼ੋਂ ਨੂਰ ਹੈ ਬਰਸ ਦਾ, ਗੁਰੂ ਨਾਨਕ ਨਾਮ ਦੇ ਰਸ ਦਾ ।

ਨਨਕਾਣਾ ਸਾਹਿਬ ਆਖ਼ਦਾ, ਮੈਂ ਗੁਰੂ ਨਾਨਕ ਕਰਕੇ ਹੀ ਵਸਦਾ।
ਅੱਜ ਅਰਸ਼ੋਂ ਨੂਰ ਹੈ ਬਰਸ ਦਾ, ਗੁਰੂ ਨਾਨਕ ਨਾਮ ਦੇ ਰਸ ਦਾ ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਮੋ.098721 97326
vinodfaqira8@gmial.com