ਕਵਿਤਾ : ਪੁੰਨਿਆਂ ਦਾ ਚੰਨ - ਰਾਜਵਿੰਦਰ  ਕੌਰ ਰਾਜ

ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ।
ਅੱਜ ਵੀ ਤੈਨੂ ਯਾਦ ਕਰੇ, ਤੇਰੀ ਇਹ ਲੋਕਾਈ ।

ਹਰ ਪਾਸੇ ਦਾ ਤੂੰ ਰੱਬੀ ਨੂਰ ।
ਅੱਜ ਵੀ ਨਹੀਂ ਤੂੰ ਕਿਸੇ ਤੋਂ ਦੂਰ ।
ਬਣਕੇ ਚੰਨ ਪੁੰਨਿਆਂ ਦਾ, ਸਾਰੀ ਧਰਤ ਰੁਸ਼ਨਾਈ ।
               ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ।

ਸੱਚਾ ਸੌਦਾ ਕਰਨਾ, ਬਾਬਾ ਲੋਕਾਂ ਨੂੰ ਸਿਖਾਇਆ ।
ਇਸ ਸੰਸਾਰ ਨੂੰ ਤੂੰ ਦਾਤਾ ਚੰਗੇ ਪਾਸੇ ਲਾਇਆ ।
ਤਾਹੀਂ ਇਸ ਜੱਗ ਨੇ ਵੱਡੀ ਖੁਸ਼ੀ ਮਨਾਈ ।
                      ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ।

ਇੰਝ ਜਾਪੇ ਬਾਬਾ ਨਾਨਕ, ਫਿਰ ਧਰਤੀ 'ਤੇ ਆਇਆ ।
ਜਾਤ ਪਾਤ ਦਾ ਭਰਮ ਮਿਟਾਕੇ, ਏਕੇ ਨੂੰ ਅਪਣਾਇਆ ।
ਇਸ ਸੰਸਾਰ ਵਿੱਚ ਦਾਤਾ ਤੇਰੀ ਹੋ ਰਹੀ ਵਡਿਆਈ ।
                         ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ।

ਬੋਲਕੇ ਮਿੱਠੇ ਬੋਲ ਤੂੰ ਸਾਰੇ ਜੱਗ ਨੂੰ ਇਹ ਸਮਝਾਇਆ ।
ਵਹਿਮਾਂ ਭਰਮਾਂ ਵਿਚੋਂ ਕੱਢਕੇ ਸਭ ਨੂੰ ਸਿੱਧੇ ਰਸਤੇ ਪਾਇਆ ।
ਜੈ ਜੈ ਕਾਰ ਹੋ ਰਹੀ ਸਾਰੇ, ਤੇਰੀ ਰਹਿਮਤ ਹੈ ਰੁਸ਼ਨਾਈ ।
                         ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ।

ਸਭ ਨੂੰ ਬਾਬਾ ਸੱਚ ਦਾ ਉਪਦੇਸ਼ ਤੂੰ ਇੰਝ ਸੁਣਾਇਆ ।
''ਰਾਜ'' ਨੇ ਵੀ ਤੇਰੇ ਅੱਗੇ ਆਪਣਾ ਸੀਸ ਝੁਕਾਇਆ ।
ਧੰਨ ਧੰਨ ਬਾਬਾ ਨਾਨਕ ਜਿਸਨੇ ਤਾਰੀ ਕੁਲ ਲੋਕਾਈ ।
                        ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ।

ਰਾਜਵਿੰਦਰ  ਕੌਰ ਰਾਜ
(ਅੰਮ੍ਰਿਤਸਰ)

22 Nov. 2018