ਧਰਮ ਸੰਕਟ - ਤਰਸੇਮ ਬਸ਼ਰ

ਪਿੰਡ 'ਚ ਫੱਜੀ ਇੱਕ ਬੁੱਧੀਜੀਵੀ ਦੇ ਤੌਰ ਤੇ ਜਾਣਿਆ ਜਾਂਦਾ ਸੀ । ਪੰਜਾਹ ਨੂੰ ਪਹੁੰਚਿਆ ਫੱਜੀ ਅਖਬਾਰ ਦਾ ਸ਼ੌਕੀਨ ਸੀ ਤੇ ਲੋਕਾਂ ਨੂੰ ਵੀ ਬਦਲਦੇ ਹਾਲਾਤਾਂ ਤੋਂ ਜਾਣੂ ਕਰਾਉਣ ਦਾ ਸ਼ੌਕੀਨ ਵੀ ।ਵੋਟਾਂ ਦੇ ਦਿਨਾਂ ਵਿੱਚ ਤਨਦੇਹੀ ਨਾਲ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਅਹਿਮੀਅਤ ਬਾਰੇ ਦੱਸਦਾ ।ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਦੱਸਦਾ ਜਿਵੇਂ ਉਹ ਹੁਣ ਵੀ ਕੋਈ ਜੰਗ ਲੜ੍ਹ ਰਿਹਾ ਹੋਵੇ ।
        ਵੋਟਾਂ ਦਾ ਦਿਨ ਆਇਆ ਤਾਂ ਉਹ ਆਪ ਤਨਾਅ ਵਿੱਚ ਸੀ । ਵੋਟ ਮਹਿਜ ਉਸ ਲਈ ਇੱਕ ਰਸਮੀ ਕਾਰਵਾਈ ਨਹੀਂ ਸੀ ਪਰ ਉਹ ਪਾਵੇ ਕਿਸ ਨੂੰ ।ਉਹ ਵੋਟ ਨੂੰ ਸਮਾਜ ਅਤੇ ਦੇਸ਼ ਦੀ ਤਕਰੀਰ ਨਾਲ ਜੋੜ ਕੇ ਦੇਖਦਾ ਸੀ । ਟਾਇਮ ਬੀਤਣ ਲੱਗਿਆ ਤਾਂ ਉਸ ਦਾ ਤਨਾਅ ਵੱਧਦਾ ਜਾ ਰਿਹਾ ਸੀ ।ਛੜਾ ਛਾਂਟ ਸੀ , ਇਕੱਲੀ ਵੋਟ ਸੀ ਪਰ ਬਟਨ ਦੱਬਣ ਦੇ ਖਿਆਲ ਨਾਲ ਉਹ ਪਸੀਨੇ ਨਾਲ ਤਰ-ਬ-ਤਰ ਹੋਇਆ ਪਿਆ ਸੀ । ਉਸ ਦੇ ਸਾਹਮਣੇ ਦੋ  ਉਮੀਦਵਾਰ ਸਨ । ਇੱਕ ਉਮੀਦਵਾਰ ਨੂੰ ਉਹ ਪਸੰਦ ਕਰਦਾ ਸੀ ਪਰ ਉਸ ਦੀ ਪਾਰਟੀ ਦੀਆਂ ਨੀਤੀਆਂ ਠੀਕ ਨਹੀਂ ਸਨ ਜਾਪਦੀਆਂ ।ਦੂਜੀ ਪਾਰਟੀ ਼ਉਹ ਸੀ ਜਿਸ ਨੂੰ ਉਹ ਸ਼ੁਰੂ ਤੋਂ ਵੋਟ ਪਾਉਂਦਾ ਆਇਆ ਪਰ ਉਸਦਾ ਉਮੀਦਵਾਰ ੳਸ ਨੂੰ ਨਹੀਂ ਸੀ ਭਾਉਂਦਾ ਉਹ ਬਹੁਤ ਵੱਡਾ ਬੰਦਾ ਸੀ ਇੱਕ ਧਨਾਡ ।
                ਚਾਹ ਕੀਤੀ ਫਿਰ ਚਾਹ  ਪੀ ਕੇ ਮਨ ਬਣਾਉਣ ਲੱਗਿਆ  ਟਾਇਮ ਹੁੰਦਾ ਜਾ ਰਿਹਾ ਸੀ ।ਉਹ ਘਰੋ ਤੁਰਿਆ ਤਾਂ ਸੋਚਾਂ ਦੇ ਭੰਬਲ-ਭੂਸੇ ਵਿੱਚ ਉਸਨੂੰ ਵੋਟ ਪਾਉਣ ਤੋਂ ਬਿਨਾਂ ਚੈਨ ਨਹੀਂ ਸੀ ਆਉਣਾ ਤੇ ਉਹ ਇਹ ਵੀ ਨਹੀਂ ਸੀ ਚਾਹੁੰਦਾ ਕਿ ਉਹਦੀ ਵੋਟ ਕਿਸੇ ਗਲਤ ਪਾਰਟੀ ਦੇ ਬੰਦੇ ਨੂੰ ਪੈ ਜਾਵੇ । ਹੁਣ ਉਹ ਦਿਲੋਂ ਚਾਹੁੰਦਾ ਸੀ ਕਿ ਉਹ ਪਹੁੰਚੇ ਤੇ ਟਾਂਇਮ ਹੋ ਚੁੱਕਿਆ ਹੋਵੇ ਤੇ ਹੋਇਆ ਵੀ ਇਹੀ ।  ਉਹ ਪਹੁੰਚਿਆਂ ਤਾਂ ਸੱਚੀ ਵੋਟਾਂ ਪੈਣੀਆਂ ਬੰਦ ਹੋ ਚੁੱਕੀਆਂ ਸਨ । ਉਸਨੇ ਇੱਕ ਸੌਖਾ ਤੇ ਲੰਮਾ ਸਾਹ ਲਿਆ ਸੀ।  ਉਹ ਧਰਮ ਸੰਕਟ 'ਚੋਂ ਬਾਹਰ ਆ ਚੁੱਕਿਆ ਸੀ ............ਪਰ ਦੋ ਕੁ ਪਲਾਂ 'ਚ ਉਹ ਉਦਾਸ ਹੋ ਗਿਆ ਸੀ ਜਿਵੇਂ ਕੋਈ ਜੰਗ ਹਾਰ ਗਿਆ ਸੀ । ਉਸਦਾ ਤਣਿਆ ਹੋਇਆ ਜਿਸਮ ਥੋੜਾ ਢਿੱਲਾ ਪੈ ਗਿਆ ਸੀ ਤੇ ਦਹਿਕਦੀਆਂ ਮੁੱਛਾਂ ਨਾਲ ਸਜਿਆ ਚਿਹਰਾ ਝੁਕ ਗਿਆ ਸੀ ।

ਤਰਸੇਮ ਬਸ਼ਰ
 ਮੋਬਾ:---9915620944
ਈਮੇਲ :-bashartarsem@gmail.com