ਅਜੋਕੇ ਹਾਲਾਤ ਤੇ ਸਆਦਤ ਹਸਨ ਮੰਟੋ - ਤਰਸੇਮ ਬਸ਼ਰ

ਮੌਬ ਲਿੰਚਿੰਗ..........ਬੱਚਾ ਚੋਰੀ ਕਰਨ ਦੇ ਸ਼ੱਕ ਵਿੱਚ ,ਅਫ਼ਵਾਹਾਂ ਫੈਲਣ ਕਾਰਨ ਉਨਮਾਦੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤੇ ਦੋ ਬੇਗੁਨਾਹ..........।
    '' ਇਹ ਪਾਗਲਖਾਨੇ ,ਇਸ ਵੱਡੇ ਪਾਗਲਖਾਨੇ'' (ਨਫ਼ਰਤ ਭਰਿਆ ਸਮਾਜ ) ਤੋਂ ਕਿਤੇ ਮਹਿਫੂਜ਼ ਤੇ ਸ਼ਾਤ ਥਾਵਾਂ ਨੇ । ਉੱਥੇ ਇੰਨੀਆਂ ਖਤਰਨਾਕ ਸੋਚਾਂ ਵਾਲੇ ਲੋਕ ਨਹੀਂ ਰਹਿੰਦੇ।ਉਹ ਬਹੁਤਾ ਦਿਮਾਗ ਨਹੀਂ ਚਲਾਉਂਦੇ ।''ਇਹ ਸ਼ਬਦ ਸਆਦਤ ਹਸਨ ਮੰਟੋ ਨੇ ਆਪਣੀ ਪਤਨੀ ਨੂੰ ਉਦੋਂ ਕਹੇ ਜਦੋਂ ਇਹ ਮਹਾਨ ਸਾਹਿਤਕਾਰ ਪਾਗਲਖਾਨੇ ਵਿੱਚ ਦਾਖਲ ਸੀ ਬਾਹਰ ਦੇਸ਼ ਦੀ ਵੰਡ ਕਾਰਨ ਮਨੁੱਖਤਾ ਲਹੂ-ਲੁਹਾਨ ਸੀ । ਸਆਦਤ ਹਸਨ ਮੰਟੋ ਦੇ ਕਹੇ ਸ਼ਬਦ ਉਦੋਂ ਵੀ ਸੱਚ ਸਨ ਤੇ ਅੱਜ ਵੀ ਸੱਚ ਹਨ । ਦੇਸ਼ ਦੀ ਵੰਡ ਕਾਰਨ ਸਮਾਜ ਵਿੱਚ ਘੁਲੀ ਨਫ਼ਰਤ , ਹੋਈ ਕਤਲੋ-ਗਾਰਤ ਦੇ ਹਾਲਾਤਾਂ ਨੇ ਉਰਦੂ ਦੇ ਇਸ ਮਹਾਨ ਲੇਖਕ ਦੀ ਸੋਚ ਤੇ ਡੂੰਘਾ ਅਸਰ ਪਾਇਆ ਸੀ ।ਮਾਨਸਿਕ ਤਵਾਜਨ ਡੋਲਿਆ ,ਮਾਨਸਿਕ ਟੁੱਟ-ਭੱਜ ਹੋਈ ਤੇ ਮੰਟੋ ਨੂੰ ਪਾਗਲਖਾਨੇ ਵਿੱਚ ਦਾਖਲ ਰਹਿਣਾ ਪਿਆ ਸੀ ।ਖੰਡਿਤ ਤੇ ਜ਼ਖਮੀ ਮਾਨਸਿਕ ਬਿਰਤੀ ਦੇ ਇਸੇ ਦੌਰ ਵਿੱਚੋਂ ਕਈ ਮਹਾਨ ਕਹਾਣੀਆਂ ਨੇ ਜਨਮ ਲਿਆ ਸੀ । ਵੰਡ ਵੇਲੇ ਲੋਕ ਕਿਵੇਂ ਧਰਮ ਦੀ ਆੜ੍ਹ ਵਿੱਚ ਇਨਸਾਨ ਤੋਂ ਹੈਵਾਨ ਬਣੇ ਤੇ ਆਪਣੇ-ਆਪ ਹੀ ਆਪਣੀ ਹੈਵਾਨੀਅਤ ਨੂੰ ਬਦਲੇ ਦੇ ਰੂਪ ਵਿੱਚ ਕੀਤੀ ਕਾਰਵਾਈ ਕਹਿ ਕੇ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਤਾਂ ਮੰਟੋ ਬੇਚੈਨ ਹੋ ਹੋ ਕੇ ਉਠਦੇ ,ਉਹ ਹੈਰਾਨ ਹੋ ਜਾਂਦੇ ਸਨ ਕਿ ਇਨਸਾਨ ਕਿਵੇਂ ਬਦਲ ਜਾਂਦਾ ਹੈ, ਕਿਵੇਂ ਇਨਸਾਨ ਵਿੱਚੋਂ ਇਨਸਾਨੀਅਤ ਮਨਫੀ ਹੋ ਜਾਂਦੀ ਹੈ ।
      ਰਾਜਨੀਤੀ ਵੱਲੋਂ ਪੈਦਾ ਕੀਤੇ ਗਏ ਹਾਲਾਤ ਸਿੱਧੇ ਤੌਰ ਤੇ ਸਮਾਜਿਕ ਤਾਣੇ-ਬਾਣੇ ਤੇ ਅਸਰ ਪਾਉਂਦੇ ਰਹੇ  ਹਨ ਤੇ ਇਹਦੇ ਸਿੱਟੇ ਕਦੇ ਵੀ ਚੰਗੇ ਨਹੀਂ ਨਿੱਕਲੇ ।ਦੇਸ਼ ਦੀ ਵੰਡ ਵੀ ਇੱਕ ਅਜਿਹਾ ਹੀ ਨਤੀਜਾ ਸੀ । ਇਹ ਕੋਈ ਅਚਾਨਕ ਵਾਪਰਿਆ ਘਟਨਾਕ੍ਰਮ ਨਹੀ ਸੀ ਰਾਜਨੀਤੀ ਨੇ ਕਈ ਦਹਾਕੇ ਪਹਿਲਾਂ ਇਸ ਦੀ ਬਿਸਾਤ ਵਿਛਾ ਦਿੱਤੀ ਸੀ ਤੇ ਹੌਲ਼ੀ-ਹੌਲ਼ੀ ਅਜਿਹੇ ਹਾਲਾਤ ਪੈਦਾ ਕੀਤੇ ਗਏ ਸਨ ਕਿ ਇਹ ਅਣਮਨੁੱਖੀ ਵਰਤਾਰਾ ਬਹੁਤ ਹੀ ਭਿਆਨਕ ਰੂਪ ਵਿੱਚ ਸਭ ਦੇ ਸਾਹਮਣੇ ਆਇਆ ਸੀ ।  ਸਆਦਤ ਹਸਨ ਮੰਟੋ ਨੇ ਆਪਣੀ ਕਹਾਣੀ ''ਟੋਬਾ ਟੇਕ ਸਿੰਘ ''ਵਿੱਚ ਇਸ ਅਣਮਨੁੱਖੀ ਵੰਡ ਤੇ ਗਹਿਰਾ ਵਿਅੰਗ ਕੀਤਾ ਹੈ ।ਉਹ ਕਹਿੰਦੇ ਹਨ ਕਿ ਆਮ ਲੋਕਾਂ ਨੇ ਵੰਡ ਨੂੰ ਤਸਲੀਮ ਕਰ ਲਿਆ ਪਰ ਪਾਗਲਖਾਨੇ ਵਿੱਚ ਬੰਦ ਪਾਗਲ ਇਸ ਵੰਡ ਨੂੰ ਤਸਲੀਮ ਕਰਨ ਤੋਂ ਮੁਨਕਰ ਸਨ ਉਹ ਇਸ ਵੰਡ ਨੂੰ ਸਮਝ ਹੀ ਨਹੀਂ ਪਾ ਰਹੇ ਸਨ ।ਉਹ ਨਹੀਂ ਸਨ ਸਮਝ ਪਾ ਰਹੇ ਕਿ ਅਜਿਹਾ ਵੀ ਹੋ ਸਕਦਾ ਹੈ , ਕਿਵੇਂ ਹੋ ਸਕਦਾ ਹੈ ? 
     ਅੱਜ ਦੇਸ਼ ਵਿੱਚ ਮੌਬ ਲਿੰਚਿੰਗ ਦਾ ਬੋਲ-ਬਾਲਾ ਹੈ ।ਭੀੜ ਫੈਲੀਆਂ ਅਫਵਾਹਾਂ ਨੂੰ ਸੁਣ ਕੇ ਮੌਕੇ ਤੇ ਹੀ ਇਨਸਾਫ਼ ਕਰ ਦਿੰਦੀ ਹੈ । ਇਨਸਾਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਜਿੱਥੇ ਮੌਬ ਲਿੰਚਿੰਗ ਚਿੰਤਾਂ ਦਾ ਵਿਸ਼ਾ ਹੈ ,ਉੱਥੇ ਹੀ ਧਾਰਮਿਕ ਫਿਕਰਮੰਦੀਆਂ ਦਾ ਵੀ ਆਪਣਾ ਵਜੂਦ ਹੈ ।ਇਉਂ ਲਗਦਾ ਹੈ ਹਰ ਧਰਮ ਨੂੰ ਆਪਣੀ ਹੋਂਦ ਤੇ ਖਤਰਾ ਹੈ ,ਹਰ ਫਿਰਕਾ ਦੂਸਕੇ ਫਿਰਕੇ ਤੋਂ ਦੂਰ ਹੈ ,ਧਾਰਮਿਕ ਸਦਭਾਵਨਾ ਅਜਿਹੀ ਸ਼ਕਲ ਵਿੱਚ ਨਹੀਂ ਹੈ ਜੋ ਸੋਚੀ ਜਾਂਦੀ ਰਹੀ ਹੈ ਤੇ ਜੋ ਹੋਣੀ ਚਾਹੀਦੀ ਹੈ ।ਅੱਜ ਵੀ ,ਕੋਈ ਵੀ ਛੋਟੀ ਜਿਹੀ ਘਟਨਾ ਸਮਾਜ ਲਈ ਘਾਤਕ ਸਿੱਧ ਹੋ ਜਾਂਦੀ ਹੈ ਤੇ ਕਈ ਵਾਰ ਮਨੁੱਖੀ ਏਕਤਾ ਦੀ ਹਿੱਕ ਤੇ ਲਹੂ ਦੀ ਲਕੀਰ ਵੀ ਖਿੱਚ ਜਾਂਦੀ ਹੈ । 
       ਕਦੇ-ਕਦੇ ਸੋਚਦਾ ਹਾਂ ਕਿ ਇਹਨਾਂ ਖਬਰਾਂ ਦਾ। ਜੇਕਰ ਸਆਦਤ ਹਸਨ ਮੰਟੋ ਜਿੰਦਾ ਹੁੰਦੇ ਤਾਂ ਉਹਨਾਂ ਤੇ ਕਿਸ ਤਰਾ੍ਹਂ ਦਾ ਅਸਰ ਹੁੰਦਾ ।ਉਹ ਮਨੁੱਖੀ ਫ਼ਿਤਰਤ ਨੂੰ ਪੜ੍ਹਣ ਵਾਲੇ ਦਾਨੇਸ਼ਵਰ ਸਨ । ਇੱਕ ਅਫਵਾਹ ਦੇ ਆਧਾਰ ਤੇ ਹੀ ਲੋਕਾਂ ਨੇ ਕਿਸੇ ਮਨੁੱਖ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ,ਅਜਿਹੀਆਂ ਖ਼ਬਰਾ ਪੜ੍ਹ ਕੇ ਬੇਸ਼ੱਕ ਉਹ ਬਹੁਤ ਬੇਚੈਨ ਹੋ ਜਾਂਦੇ ।ਉਹ ਕਾਰਨ ਲੱਭਣ ਦੀ ਕੋਸ਼ਿਸ਼ ਕਰਦੇ ਕਿ ਕਿਉਂ ਭੀੜ ਨਾਲ ਜੁੜੇ ਇਨਸਾਨ ਕੁੱਝ ਪਲਾਂ ਵਿੱਚ ਹੀ ਅਜਿਹੇ ਹੋ ਜਾਂਦੇ ਹਨ ।ਸ਼ਾਇਦ ਜਲਦੀ ਹੀ ਉਹ ਕਿਸੇ ਸਿੱਟੇ ਤੇ ਵੀ ਪਹੁੰਚ ਜਾਂਦੇ ।ਜਰੂਰ ਕੋਈ ਮਹਾਨ ਕਹਾਣੀ ਜਨਮ ਲੈਂਦੀ । ਕਹਾਣੀ ਰਾਹੀਂ ਉਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਕਿ ਲੋਕ ਜਾਗਰੂਕ ਰਹਿਣ ,ਅਜਿਹੀ ਸੋਚ ਨੇ ਕਿਸੇ ਦਾ ਕੁੱਝ ਨਹੀਂ ਸਵਾਰਿਆ ।
         ਜਿੰਨਾਂ ਦਿਨਾਂ ਵਿੱਚ ਭੀੜ ਨੇ ਇਖ਼ਲਾਕ ਨੂੰ ਮਾਰਿਆ ,ਉਹਨਾਂ ਦਿਨਾਂ ਵਿੱਚ ਮੈਂ ਸਆਦਤ ਹਸਨ ਮੰਟੋ ਨੂੰ ਯਾਦ ਕੀਤਾ ਸੀ ।ਜੇ ਉਹ ਹੁੰਦੇ ਤਾਂ ਜਰੂਰ ਕੋਈ ਅਫ਼ਸਾਨਾ ਲਿਖਦੇ ਜਾਂ ਫਿਰ ਲਿਖਦੇ ਕਿ ਇਖ਼ਲਾਕ ਨਹੀਂ ਸੀ ਮਰਨਾ ਚਾਹੀਦਾ । ਨਾ ਤਾਂ ਇਨਸਾਨ ਦੇ ਰੂਪ ਵਿੱਚ ਤੇ ਨਾ ਹੀ ਇਨਸਾਨ ਦਾ ਵਿਅਕਤੀਗਤ ਇਖ਼ਲਾਕ ।ਅੱਜ ਇਖ਼ਲਾਕ ਹੀ ਨਹੀਂ ਮਰਿਆ ,ਦੋਵੇਂ ਮਰੇ ਨੇ ।

ਤਰਸੇਮ ਬਸ਼ਰ
99156-20944
ਈਮੇਲ bashartarsem@gmail.com