ਬੂਟਾ - ਤਰਸੇਮ ਬਸ਼ਰ

     ਪਤਾ ਨਹੀਂ ਕਿਹੜੀ ਚੀਜ਼ ਹੈ ਂਜੋ ਮੈਨੂੰ ਉਸ ਛੋਟੀ ਜਿਹੀ ਸੜਕ ਤੇ ਲੈ ਜਾਂਦੀ ਹੈ ਂਜੋ ਰੇਲਵੇ ਸਟੇਸ਼ਨ ਦੇ ਨੇੜੇ ਬਣੀ ਬਾਬੇ ਦੀ ਦਰਗਾਹ ਤੋਂ ਸ਼ੁਰੂ ਹੁੰਦੀ ਹੈ ਤੇ ਕਿਲੋ ਕੁ ਮੀਟਰ ਅੱਗੇ ਜਾ ਕੇ ਖਤਮ ਹੋ ਜਾਂਦੀ ਹੈ । ਰੇਲਵੇ ਲਾਈਨਾਂ ਦੇ ਬਰਾਬਰ ਚਲਦੀ ਇਸ ਸੜਕ ਤੇ ਦਿਨੇ ਕੁੱਝ ਨਹੀਂ ਹੁੰਦਾ ਪਰ ਰਾਤ ਨੂੰ ਮਾਹੌਲ ਬਦਲਦਾ ਹੈ ਕਈ ਬਿਮਾਰ ,ਰਾਹਗੀਰ  ਭਿਖਾਰੀ ਤੇ ਗਰੀਬ ਪਰਿਵਾਰ ਇੱਥੇ ਰਾਤ ਕੱਟਣ ਆਉਂਦੇ ਹਨ । ਥੋੜੀ ਰੌਣਕ ਹੋ ਜਾਂਦੀ ਹੈ ।ਬੇਸ਼ੱਕ ਰੋਜ਼ ਨਵੇਂ ਚਿਹਰੇ ਜੁੜਦੇ ਹਨ ਪਰ ਅਜਿਹੇ ਵੀ ਹਨ ਕਈ ,ਜਿਵੇਂ ਉਹ ਇੱਥੋਂ ਦੇ ਪੱਕੇ ਵਸਨੀਕ ਹੋਣ ।ਇਹ ਰੇਲਵੇ ਸ਼ਟੇਸ਼ਨ ਦੇ ਪਲੇਟਫਾਰਮਾਂ ਤੇ ਰਾਤ ਕੱਟਣ ਵਾਲੇ ਲੋਕ ਨਹੀਂ ਹਨ । ਇੱਕ ਨੌਜੁਆਨ ਸਾਧੂ ਨੂੰ ਮੈਂ ਅਰਸੇ ਤੋਂ ਦੇਖਦਾ ਆ ਰਿਹਾ ਹਾਂ। ਪਹਿਲਾਂ ਉਹ ਇਕੱਲਾ ਹੁੰਦਾ ਸੀ ਫਿਰ ਛੋਟੀ ਜਿਹੀ ਤਰਪਾਲ ਵਾਲੀ ਉਸਦੀ ਝੁੱਗੀ ਵਿੱਚ  ਇੱਕ ਨੌਜੁਆਨ ਔਰਤ ਵੀ ਆ ਗਈ ਸੀ ਤੇ ਹੁਣ ਕੁੱਝ ਅਰਸੇ ਤੋਂ ਇੱਕ ਛੋਟਾ ਜਿਹਾ ਬੱਚਾ ਵੀ ਮੈਂ ਦੇਖਦਾ ਆ ਰਿਹਾ ਹਾਂ ।       
      ਜਿਸ ਚੀਜ਼ ਨੂੰ ਅਕਸਰ ਦੇਖਦੇ ਹੋਈਏ ਤੇ ਉਹ ਨਜ਼ਰ ਨਾ ਆਵੇ ਤਾਂ ਦਿਮਾਗ ਚੇਤੰਨ ਹੋ ਜਾਂਦਾ ਹੈ। ਸਾਉਣ ਦੀ ਇੱਕ ਸ਼ਾਮ ਜਦੋਂ ਉੱਥੋਂ ਦੀ ਗੁਜਰਿਆ ਤਾਂ ਦੇਖਿਆ ਉਹ ਨੌਜੁਆਨ ਸਾਧੂ ਦੀ ਆਰਜੀ ਕੁੱਲੀ ਦਾ ਨਾਂ ਨਿਸ਼ਾਨ  ਨਹੀਂ ਸੀ । ਉਸ ਜਗ੍ਹਾ ਤੇ ਇੱਟਾਂ ਬਿਖਰੀਆਂ ਪਈਆਂ ਸਨ ਤੇ ਨੇੜੇ ਹੀ ਇੱਕ ਬੂਟਾ ਲੱਗਿਆ ਹੋਇਆ ਸੀ ਜਿਸ ਦੀਆਂ ਜੜ੍ਹਾਂ ਵਿੱਚ ਪਈ ਮਿੱਟੀ ਦੀ ਤਾਸੀਰ ਤੋਂ ਪਤਾ ਲੱਗਦਾ ਸੀ ਕਿ ਬੂਟਾ ਕੁੱਝ ਕੁ ਦਿਨ ਪਹਿਲਾਂ ਦਾ ਹੀ ਲੱਗਿਆ ਹੈ । ਇਹ ਸਭ ਦੇਖ ਕੇ ਮੇਰੇ ਅੰਦਰ ਉਤਸੁਕਤਾ ਪੈਦਾ ਹੋ ਗਈ ਸੀ ਕਿ ਇਹ ਪਰਿਵਾਰ ਕਿੱਧਰ ਗਿਆ ਹੈ ? ਇਹ ਬੂਟਾ ਕਿਹਨੇ ਲਾਇਆ ਹੈ ? ਇਹਨਾਂ ਖਿੱਲਰੀਆਂ ਪਈਆਂ ਇੱਟਾਂ ਦਾ ਕੀ ਮਤਲਬ ਹੈ ? ਮੈਂ ਆਸ-ਪਾਸ ਨਿੱਗ੍ਹਾ ਦੌੜਾਈ ਰਾਤ ਕੱਟਣ ਵਾਲੇ ਲੋਕ ਆ ਗਏ ਸਨ। ਥੋੜੀ ਦੂਰ ਰੇਲਵੇ ਦੇ ਬਣੇ ਕਮਰਿਆਂ ਦੇ  ਬਰਾਡੇਂ ਵਿੱਚ ਇੱਕ ਬਜੁਰਗ ਬੈਠਾ ਸੀ । ਮੈਂ ਪਛਾਣਦਾ ਸੀ ਕਿ ਇਹ ਵੀ ਇੱਥੇ ਰਹਿੰਦਾ ਹੈ । ਮੈਂ ਝਕਦਾ-ਝਕਦਾ ਉਹਦੇ ਕੋਲ ਗਿਆ ।
   ''ਯਹਾਂ ਂਜੋ ਬਾਬਾ ਰਹਿਤਾ ਥਾ ਵੋਹ ਕਹਾਂ ਚਲੇ ਗਏ ।''
 ਬਜੁਰਗ ਨੇ ਬੇਰੁਖ਼ੀ ਨਾਲ ਮੇਰੇ ਵੱਲ ਤੱਕਿਆ ਸ਼ਾਇਦ ਉਹ ਗੱਲਬਾਤ ਕਰਨ ਦੇ ਰੋਂਅ 'ਚ ਨਹੀਂ ਸੀ ਪਰ ਬੋਲ ਪਿਆ ।
 ਉਹ ਪੰਜਾਬੀ ਵਿੱਚ ਬੋਲਿਆ ਸੀ ,''ਬਾਊ ਜੀ ਤੁਸੀਂ ਕੀ ਲੈਣੈ ''
''ਵੈਸੇ ਹੀ ,ਮੈਂ ਉਹਨੂੰ ਜਾਣਦਾ ਆਂ ''

 ''ਉਹ ਮੀਹਾਂ ਕਰਕੇ ਕਿਤੇ ਗਏ ਆ , ਪਹਿਲਾਂ ਤਾਂ ਕੱਲ੍ਹੇ ਹੁੰਦੇ ਸੀ ਮੀਹਾਂ ਦਾ ਟੈਮ ਇੱਥੇ ਹੀ ਕੱਢ ਲੈਦੇ ਸੀ ਪਰ ਹੁਣ ਛੋਟੇ ਬੱਚੇ ਕਰਕੇ ਔਖਿਆਈ ਸੀ ।''
  ''ਤੇ ਆਹ ਬੂਟਾ ''
''ਬੂਟਾ ਓਹੀ ਲਾ ਕੇ ਗਏ ਆ ,ਕਹਿੰਦਾ ਸੀ ਆਪੇ ਟੈਮ ਪਾ ਕੇ ਵੱਡਾ ਹੋ ਜੂ ਤੇ ਆਹ ਇੱਟਾਂ ਵੀ ਓਹੀ ਨਿਸ਼ਾਨੀ ਵਜੋਂ ਖਿਲਾਰ ਕੇ ਗਏ ਨੇ ''
   ''ਵਾਪਸ ਆਉਣਗੇ ''
  ''ਤੇ ਹੋਰ ਬਾਊਜੀ ਆਉਣਗੇ ਹੀ........ ਉਹਨਾਂ ਕਿੱਥੇ ਜਾਣੈ..........ਨਾਲੇ ਉਹਨਾਂ ਦਾ ਮੁੰਡਾ ਹੋਰ ਕਿਤੇ ਜੀ ਵੀ ਤਾਂ ਨਹੀਂ ਲਾਉਂਦਾ , ਜਿੱਦਣ  ਗਏ ਸੀ ਓਦਣ ਵੀ ਬਹੁਤ ਰੋਇਆ ਸ਼ੀ, ਆਹ ਬੂਟੇ ਨੂੰ ਦੇਖਦਾ ਹਾਂ ਤਾਂ ਮੈਨੂੰ ਵੀ ਛੋਰ ਦੀ ਬਹੁਤ ਯਾਦ ਆਉਦੀ ਐ ।''
       ਇਹ ਕਹਿ ਕਿ ਬਾਬਾ ਚੁੱਪ ਕਰ ਗਿਆ ਤੇ ਭਾਰੀ ਕਦਮਾਂ ਨਾਲ ਉੱਠ ਕੇ ਬੂਟੇ ਲਾਗੇ ਗਿਆ ਤੇ ਮਿੱਟੀ ਥਪਥਪਾਉਣ ਲੱਗਿਆ ਸੀ ।ਮੈਂ ਵਾਪਿਸ ਘਰ ਨੂੰ  ਪੈਦਲ ਚੱਲ ਪਿਆ ਮਨ ਵਿੱਚ ਕਦੇ ਉਹਨਾਂ ਦੇ ਬੱਚੇ ਦਾ ਮਾਸੂਮ ਚਿਹਰਾ ਦਸਤਕ ਦਿੰਦਾ ਤੇ ਕਦੇ ਬੂਟੇ ਦੇ ਚਮਕਦੇ ਹਰੇ ਪੱਤੇ ਤੇ ਕਦੇ ਬਜ਼ੁਰਗ ਦੇ ਕਹੇ ਇਹ ਸ਼ਬਦ ਗੂੰਜਦੇ ਰਹਿੰਦੇ ਨੇ ਕਿ ''ਉਹ ਕਿਤੇ ਹੋਰ ਜੀ ਵੀ ਤਾਂ ਨਹੀਂ  ਲਾਉਂਦਾ ।''ਮਾਸੂਮ ਦਾ ਜੀ ਵੀ ਕਿੱਥੇ ਲੱਗ ਗਿਆ ਸੀ !
ਹੁਣ ਵੀ ਕਈ ਵਾਰ ਓਧਰ ਗਿਆ ਹਾਂ ।ਬੂਟੇ ਨੂੰ ਦੇਖਦਾ ਹਾਂ ਤੇ ਫਿਰ ਸੋਚਦਾ ਹਾਂ ਕਾਹਦਾ ਬੂਟਾ ਲਾ ਕੇ ਗਏ ਸਨ ਉਹ ? ਆਸਾਂ-ਉਮੀਦਾਂ  ਦਾ ਜਾਂ ਫਿਰ ਕੁੱਝ ਵੀ ਨਾ ਬਦਲੇ ਜਾਣ ਦੀ ਨਾਉਮੀਦੀ ਦਾ ।

ਤਰਸੇਮ ਬਸ਼ਰ
ਮੋਬਾਇਲ ---9915620944
.ਈਮੇਲ ----bashartarsem@gmail.com